Story

ਸੁਹਾਗਣ ਜਾਂ ਅਭਾਗਣ !

Harkirat Kaur Sabhara
ਲੇਖਕ: ਹਰਕੀਰਤ ਕੌਰ, ਤਰਨਤਾਰਨ

ਤੇਰੇ ਕੋਲੋਂ ਸ਼ੀਟ ਤੇ ਹੇਠਾਂ ਹੋ ਕੇ ਨਹੀਂ ਬੈਠਾ ਜਾਂਦਾ ਕਿੱਢੀ ਸਿਰੀ ਕੱਢੀ ਬਾਹਰ। ਧੋਣ ਨੀਵੀਂ ਕਰਕੇ ਬਹਿ…. ਜੇਹੜੇ ਤੂੰ ਬੇਗਾਨੇ ਬੰਦੇ ਝਾਕਦੀ ਨਾ ਤੈਨੂੰ ਘਰ ਜਾ ਕੇ ਦੱਸਦਾ ਪਤਾ… ਕਿਵੇਂ ਬੈਠੀ ਦਾ ਮੋਟਰਸਾਈਕਲ ‘ਤੇ। ਏਨਾਂ ਸੁਣਦੇ ਹੀ ਹਰਵੰਤ ਦਾ ਕਾਲਜਾ ਕੰਬਣ ਲੱਗ ਗਿਆ। ਉਹ ਕੁਝ ਬੋਲ ਨਾ ਸਕੀ। ਬਸ ਜਿੰਨਾ ਸੁੰਗੜ ਕੇ ਬੈਠ ਸਕਦੀ ਸੀ, ਬੈਠ ਗਈ, ਤੁਰਦੇ ਗਏ ਤਾਂ ਅੱਗੇ ਫਾਟਕ ਬੰਦ ਸੀ … ਹਰਵੰਤ ਨੂੰ ਮੋਟਰਸਾਇਕਲ ‘ਤੇ ਸੁੰਗੜ ਕੇ ਬੈਠੀ ਨੂੰ ਵੇਖ ਲਾਗੇ ਖਲੋਤੇ ਲੋਕ ਹੱਸਣ ਜਿਹਾ ਲੱਗੇ। ਹੱਸਦੇ ਵੀ ਕਿਉਂ ਨਾ ਉਹ ਬੈਠੀ ਹੀ ਏਦਾਂ ਸੀ ਕਿ ਵੇਖਣ ਵਾਲੇ ਦਾ ਆਪ ਮੁਹਾਰੇ ਹਾਸਾ ਨਿਕਲ ਜਾਵੇ।

ਗੁਲਜ਼ਾਰ ਸਿੰਘ ਨੇ ਆਸਾ ਪਾਸਾ ਭਾਂਪ ਲਿਆ, ਏਨੇ ਨੂੰ ਰੇਲਗੱਡੀ ਆਈ ਤੇ ਸਾਰਿਆਂ ਨੇ ਪਹਿਲਾਂ ਈ ਆਪਣੇ ਆਪਣੇ ਵਾਹਨਾਂ ਨੂੰ ਰੇਸ ਦੇਣੀ ਸ਼ੁਰੂ ਕਰ ਦਿੱਤੀ, ਫਾਟਕ ਖੁੱਲ੍ਹ ਗਿਆ, ਸਾਰੇ ਰਾਹੀ ਇੱਕ ਦੂਜੇ ਤੋਂ ਪਹਿਲਾਂ ਲੰਘਣ ਦੀ ਆੜ ਵਿੱਚ ਸਨ, ਚਲੋ ਫਾਟਕ ਪਾਰ ਕੀਤਾ ਤੇ ਸਾਰੇ ਆਪੋ ਆਪਣੇ ਰਸਤੇ ਨੂੰ ਪੈ ਗਏ। ਪੱਧਰੇ ਰਸਤੇ ‘ਤੇ ਪੈਂਦਿਆਂ ਹੀ ਗੁਲਜ਼ਾਰ ਸਿੰਘ ਕਹਿਣ ਲੱਗਾ, ਜਿਹੜਾ ਤੂੰ ਲੋਕਾਂ ਨਾਲ ਮਸ਼ਕਰੀਆਂ ਵਿੱਚ ਹੱਸਦੀ ਏ ਨਾ, ਘਰ ਚੱਲ ਤੇਰੇ ਲੱਛਣ ਮੈਂ ਹਟਾਉਂਦਾ। ਘਰ ਪਹੁੰਚਦਿਆਂ ਹੀ ਉਸਨੇ ਤੂਤ ਦੀ ਛਮਕ ਫੜੀ ਤੇ ਉਸਦਾ ਸਾਰਾ ਪਿੰਡਾ ਆਲੂ ਵਾਂਗ ਛਿਲ ਦਿੱਤਾ।
ਹਰਵੰਤ ਇੱਕ ਬਹੁਤ ਭਲੀਮਾਣਸ ਜਨਾਨੀ ਸੀ, ਰੱਬ ਨੇ ਕਰਮਾਮਾਰੀ ਨੂੰ ਹੁਸਨ ਤਾਂ ਰੱਜ ਕੇ ਦਿੱਤਾ, ਪਰ ਹੁਸਨ ਹੰਢਾ ਸਕੇ ਉਹ ਕਿਸਮਤ ਦੇਣੀ, ਭੁੱਲ ਗਿਆ। ਉਸਦਾ ਰੰਗ ਚਿੱਟਾ ਦੁੱਧ ਸੀ, ਮਾਪਿਆਂ ਦੀ ਵੱਡੀ ਧੀ ਹੱਥ ਲਾਇਆਂ ਵੀ ਮੈਲੀ ਹੁੰਦੀ ਸੀ। ਪਤਲਾ ਪਤੰਗ ਸਰੀਰ ਤੇ ਤਿੱਖੇ ਨੈਣ ਨਕਸ਼, ਏਨੀ ਸਨੁੱਖੀ ਕਿ ਕਿਸੇ ਦੇ ਮੱਥੇ ਨਾ ਲੱਗਦੀ, ਜਿਹੜਾ ਆਉਂਦਾ ਹੱਸ ਕੇ ਹਰਵੰਤ ਦੀ ਮਾਂ ਨੂੰ ਕਹਿ ਜਾਂਦਾ, ਨੀ ਭੈਣਜੀ ਹਰਵੰਤ ਦਾ ਫਿਕਰ ਨਾ ਕਰਿਆ ਕਰ ਇਹਦੇ ਤੇ ਰੂਪ ਨੂੰ ਵੇਖ ਈ ਕੋਈ ਤਕੜਾ ਸਾਕ ਹੋ ਜਾਣਾ। ਲੋਕਾਂ ਦੀਆਂ ਗੱਲਾਂ ਸੁਣ ਹਰਵੰਤ ਦੀ ਮਾਂ ਵੀ ਖੁਸ਼ ਹੋ ਜਾਂਦੀ ਤੇ ਹਰਵੰਤ ਵੀ ਸੋਚਦੀ ਸ਼ਾਇਦ ਸੱਚੀ ਉਸ ਲਈ ਕੋਈ ਰਾਜਕੁਮਾਰ ਹੀ ਆਉ। ਹਰਵੰਤ ਦਾ ਘਰ ਬਾਰ ਏਨਾ ਖਾਸ ਤਾਂ ਨਹੀਂ ਸੀ , ਪਰ ਪਿਉ ਦੀ ਡੂਡ ਕੁ ਕਿੱਲਾ ਪੈਲੀ ਹੋਣ ਕਰਕੇ ਚੰਗਾ ਡੰਗ ਸਾਰੀ ਜਾਦੇਂ ਸਨ। ਬਾਰਵੀਂ ਤੋਂ ਬਾਅਦ ਹਰਵੰਤ ਪ੍ਰਾਈਵੇਟ ਬੀ. ਏ ਵੀ ਕਰੀ ਜਾਂਦੀ ਸੀ, ਆਪਣੀ ਪੜਾਈ ਦਾ ਖਰਚਾ ਉਹ ਟਿਊਸ਼ਨ ਪੜ੍ਹਾ ਕੇ ਕੱਢ ਲੈਂਦੀ, ਵਧੀਆ ਸਮਾਂ ਗੁਜ਼ਰ ਰਿਹਾ ਸੀ, ਅਚਾਨਕ ਹਰਵੰਤ ਦੇ ਪਿਤਾ ਦੀ ਸਿਹਤ ਬਹੁਤ ਖਰਾਬ ਹੋ ਗਈ, ਡਾਕਟਰਾਂ ਨੇ ਉਸਨੂੰ ਹਾਰਟ ਅਟੈਕ ਦੀ ਸ਼ਕਾਇਤ ਦੱਸੀ, ਹੁਣ ਘਰ ਦੇ ਖਰਚੇ ਦੇ ਨਾਲ ਨਾਲ ਪਿਉ ਦੀ ਬਿਮਾਰੀ ਦਾ ਖਰਚਾ ਵੀ ਸਿਰ ਆਣ ਪਿਆ। ਭਰਾ ਤੇ ਇੱਕ ਛੋਟੀ ਭੈਣ ਹਾਲੇ ਸਕੂਲ ਹੀ ਜਾਂਦੇ ਸਨ, ਘਰ ਵਿੱਚ ਕਾਫੀ ਤੰਗੀ ਆ ਗਈ, ਹਰਵੰਤ ਦਾ ਪਿਉ ਵੀ ਜਿਆਦਾ ਟਿੱਲਾ ਮੱਠਾ ਰਹਿਣ ਲੱਗਾ। ਜਿਹੜਾ ਵੀ ਭੈਣ ਭਰਾ ਹਰਵੰਤ ਦੇ ਪਿਉ ਦਾ ਪਤਾ ਲੈਣ ਆਉਂਦਾ, ਇਕੋ ਸਲਾਹ ਦਿੰਦਾ, ਵੇਖ ਭਾਈ ਰੱਬ ਤੈਨੂੰ ਤੰਦਰੁਸਤੀ ਬਖਸ਼ੇ, ਪਰ ਸਵਾਸਾਂ ਦਾ ਤਾਂ ਘੜੀ ਦਾ ਨਹੀਂ ਪਤਾ, ਜਵਾਨ ਧੀ ਏ, ਕੋਈ ਘਰ ਲੱਭ ਤੇ ਹਰਵੰਤ ਦਾ ਭਾਰ ਹੋਲਾ ਕਰ, ਪੜੀ ਲਿਖੀ ਏ ਸੋਹਣੀ ਸਨੁੱਖੀ ਵੀ ਰੱਜ ਕੇ ਏ ਹੱਸ ਕੇ ਕਿਸੇ ਵੀ ਸਾਕ ਲੈ ਜਾਣਾ। ਹਰਵੰਤ ਦੇ ਮਾਂ ਬਾਪ ਨੇ ਆਪਸ ਵਿੱਚ ਸਲਾਹ ਕੀਤੀ ਤੇ ਰਿਸ਼ਤੇਦਾਰਾਂ ਨੂੰ ਹਰਵੰਤ ਲਈ ਰਿਸ਼ਤਾ ਲੱਭਣ ਲਈ ਕਿਹਾ। ਇੱਕ ਦੋ ਥਾਂ ਦੱਸ ਪਈ, ਪਰ ਕਿਸੇ ਨੂੰ ਜਚਿਆ ਨਹੀਂ, ਫਿਰ ਇੱਕ ਦਿਨ ਹਰਵੰਤ ਦੀ ਦੂਰ ਦੀ ਮਾਸੀ ਇੱਕ ਰਿਸ਼ਤਾ ਲੈਕੇ ਆਈ, ਮੰਡਾ ਦੁਬਈ ਰਹਿੰਦਾ ਸੀ, ਅੱਠ ਕਿੱਲੇ ਜਮੀਨ ਦੇ ਵੀ ਸੀ, ਮੁੰਡਾ ਵੀ ਕੱਲਾ ਕੱਲਾ ਸੀ, ਘਰਦਿਆਂ ਨੂੰ ਘਰਬਾਰ ਤਾਂ ਠੀਕ ਲੱਗਾ, ਸੋਚਿਆ ਮੁੰਡੇ ਨੂੰ ਵੀ ਝਾਤੀ ਮਾਰ ਲਈਏ, ਮੁੰਡਾ ਵੇਖਣ ਗਏ ਤਾਂ ਮੁੰਡਾ ਪੱਕੇ ਰੰਗ ਸੀ, ਕੋਈ ਬਾਹਲੀ ਫੱਬਤ ਵੀ ਨਹੀਂ ਸੀ, ਹਰਵੰਤ ਦੇ ਪਿਉ ਨੂੰ ਮੁੰਡਾ ਨਾ ਜਚਿਆ। ਜਦੋਂ ਘਰ ਆਕੇ ਸਲਾਹ ਕੀਤੀ ਤਾਂ ਵਿਚੋਲਣ ਕਹਿਣ ਲੱਗੀ ” ਅੱਠ ਕਿੱਲੇ ਮੂੰਹ ਨਾ ਆਖਣੇ…. ਕੋਈ ਮਾਖੌਲ ਥੋੜੀ ਆ…. ਰੰਗ ਨੂੰ ਕੀ ਕਰਨਾ … ਕੁੜੀ ਸੁੱਖ ਭੋਗੂ। ਇਸ ਤਰ੍ਹਾਂ ਗੱਲਾਂ ਚ ਲਾ ਕੇ ਕੁੜੀ ਮੁੰਡੇ ਨੂੰ ਵਿਖਾਉਣ ਦਾ ਦਿਨ ਮਿਥਿਆ ਗਿਆ। ਜਦ ਹਰਵੰਤ ਨੇ ਪਹਿਲੀ ਵਾਰ ਗੁਲਜ਼ਾਰ ਨੂੰ ਵੇਖਿਆ ਤਾਂ ਵਿਆਹ ਨੂੰ ਲੈਕੇ ਸਜਾਏ ਸਾਰੇ ਸੁਪਨੇ ਬਿਖਰਦੇ ਜਿਹੇ ਨਜ਼ਰ ਆਏ। ਪਿਉ ਦੀ ਬਿਮਾਰੀ ਦੇ ਚਲਦਿਆਂ ਉਹ ਆਪਣੇ ਦਿਲ ਦੀ ਗੱਲ ਰੱਖ ਸਕੇ, ਉਸ ਲਈ ਦਿਲ ਨਹੀਂ ਸੀ ਮੰਨਦਾ। ਆਖਰਕਾਰ ਹਰਵੰਤ ਦਾ ਵਿਆਹ ਗੁਲਜ਼ਾਰ ਸਿੰਘ ਨਾਲ ਹੋ ਗਿਆ। ਕੋਈ ਏਡਾ ਵੱਡਾ ਵਿਆਹ ਨਹੀਂ ਸੀ, ਹਰਵੰਤ ਦੇੇ ਪਿਉ ਨੇ ਬਸ ਡੰਗ ਈ ਸਾਰਿਆਂ ਸੀ। ਅੱਜ ਹਰਵੰਤ ਦੇ ਵਿਆਹ ਦੀ ਪਹਿਲੀ ਰਾਤ ਸੀ, ਗੁਲਜ਼ਾਰ ਸ਼ਰਾਬ ਨਾਲ ਰੱਜਿਆ ਕਮਰੇ ਵਿੱਚ, ਸ਼ਰਾਬ ਦੀ ਬੋ ਨਾਲ ਹਰਵੰਤ ਦਾ ਸਾਹ ਨਹੀਂ ਸੀ ਨਿਕਲ ਰਿਹਾ। ਔਖੇ ਸੌਖੇ ਰਾਤ ਕੱਢੀ ਸਵੇਰੇ ਆਪਣਾ ਆਪ ਸਮੇਟਿਆ ਤੇ ਨਹਾ ਧੋ ਤਿਆਰ ਹੋ ਗਈ। ਅੱਜ ਦਾਜ ਦਾ ਵਖਾਲਾ ਪਾਉਣਾ ਸੀ, ਕੋਈ ਖਾਸ ਸੋਹਣਾ ਲੀੜਾ ਲੱਤਾ ਨਹੀਂ ਸੀ ਉਸ ਵਿੱਚ। ਹਰਵੰਤ ਦੀ ਸੱਸ ਮੂੰਹ ਨੱਕ ਜਿਹਾ ਮਰੋੜ ਦੀ, ਕਹਿੰਦੀ, ਗੋਰਾ ਚਮ ਈ ਏ ਪੱਲੇ ਕਰਤੂਤ ਨਹੀਂ ਕੋਈ। ਹੋਰ ਬੁਢੀਆਂ ਵਿੱਚ ਹਰਵੰਤ ਦਾ ਮਜ਼ਾਕ ਜਿਹਾ ਬਣਾ, ਸੱਸ ਸਾਰਿਆਂ ਨੂੰ ਭਾਜੀ ਦੇਣ ਸਬਾਤ ਵੱਲ ਹੋ ਤੁਰੀ। ਹਰਵੰਤ ਨੇ ਏਦਾਂ ਦਾ ਵਿਵਹਾਰ ਕਦੇ ਨਹੀਂ ਸੀ ਵੇਖਿਆ, ਉਸਨੂੰ ਸਾਰੇ ਬਹੁਤ ਰੁੱਖੇ ਰੁੱਖੇ ਲੱਗੇ । ਹਾਲੇ ਸੱਸ ਬੋਲ ਕੇ ਹਟੀ ਹੀ ਸੀ ਕਿ ਗੁਲਜ਼ਾਰ ਸਿੰਘ ਆ ਕੇ ਹਰਵੰਤ ਦੇ ਦੁਆਲੇ ਹੋ ਗਿਆ, ਅੱਠ ਕਿੱਲੇ ਆਉਂਦੇ ਮੈਨੂੰ ਇੱਕ ਕੜਾ ਵੀ ਨਾ ਸਰਿਆ ਫਕੀਰਾਂ ਕੋਲੋ। ਹਰਵੰਤ ਬੁੱਤ ਬਣੀ ਸਭ ਸੁਣੀ ਜਾ ਰਹੀ ਸੀ। ਅਗਲੇ ਦਿਨ ਹਰਵੰਤ ਨੇ ਫੇਰਾ ਪਾਉਣ ਜਾਣਾ ਸੀ।ਧੀਆਂ ਵਿਆਹ ਤੋਂ ਅਗਲੇ ਦਿਨ ਈ ਬਹੁਤ ਸਿਆਣੀਆਂ ਹੋ ਜਾਂਦੀਆਂ। ਹਰਵੰਤ ਨੇ ਵੀ ਸਾਰਾ ਕੁਝ ਢਿੱਡ ਵਿੱਚ ਪਾਇਆ ਤੇ ਹੱਸਦੀ ਹੱਸਦੀ ਪੇਕੇ ਫੇਰਾ ਪਾ ਆਈ। ਮਾਂ ਨੇ ਸਹੁਰੇ ਘਰ ਬਾਰੇ ਪੁੱਛਿਆ ਤਾਂ ਹਰਵੰਤ ਨੇ ਸ਼ਿਫਤਾਂ ਕਰਨ ਵਿੱਚ ਕੋਈ ਕਸਰ ਨਾ ਛੱਡੀ। ਧੀ ਦੀਆਂ ਗੱਲਾਂ ਸੁਣ ਮਾਂ ਪਿਉ ਦੇ ਕਾਲਜੇ ਠੰਡ ਪੈ ਗਈ। ਹੁਣ ਹਰਵੰਤ ਵਾਪਿਸ ਆਪਣੇ ਸਹੁਰੇ ਘਰ ਆ ਗਈ। ਆਉਂਦਿਆਂ ਹੀ ਉਸਨੂੰ ਰਸੋਈ ਚਾੜ੍ਹ ਦਿੱਤਾ ਗਿਆ। ਸਾਰਾ ਦਿਨ ਘਰ ਦਾ ਕੰਮ ਕਰਦੀ ਹਰਵੰਤ ਆਪਣੀ ਕਿਸਮਤ ਨੂੰ ਰੋਂਦੀ, ਰਾਤ ਨੂੰ ਗੁਲਜ਼ਾਰ ਆਪਣੀ ਹਵਸ਼ ਪੂਰੀ ਕਰਦਾ। ਸਾਲ ਦੇ ਅੰਦਰ ਅੰਦਰ ਹੀ ਹਰਵੰਤ ਦਾ ਪਿਤਾ ਅਕਾਲ ਚਲਾਣਾ ਕਰ ਗਿਆ, ਹਰਵੰਤ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਹੋਵੇ। ਉਹ ਪਿਉ ਦੀ ਬਿਮਾਰੀ ਤੇ ਘਰ ਦੇ ਹਾਲਾਤ ਵੇਖਦਿਆਂ ਕਦੇ ਆਪਣੇ ਦਿਲ ਦੀ ਗੱਲ ਕਿਸੇ ਨੂੰ ਨਾ ਦੱਸੀ। ਆਪਣੀ ਹੱਡੀ ਹੰਢਾਉਂਦੀ ਉਹ ਦਿਨ ਪੂਰੇ ਕਰ ਰਹੀ ਸੀ। ਹਾਲੇ ਪਿਉ ਦਾ ਸੰਸਕਾਰ ਹੀ ਹੋਇਆ ਤੇ ਗੁਲਜ਼ਾਰ ਸਿੰਘ ਨੇ ਘਰ ਜਾਣ ਦੀ ਕਾਹਲੀ ਪਾ ਦਿੱਤੀ। ਉਹ ਹਰਵੰਤ ਨੂੰ ਵੀ ਨਾਲ ਹੀ ਲੈਕੇ ਜਾਣ ਦੀ ਤਾਕ ਵਿੱਚ ਸੀ, ਪਰ ਲੋਕਾਂ ਦਾ ਭੈਅ ਰੱਖਦਾ ਕੁਝ ਕਹਿ ਨਾ ਸਕਿਆ। ਇੱਕ ਦੋ ਦਿਨ ਰੁਕਣ ਤੋਂ ਬਾਅਦ ਜਦੋਂ ਹਰਵੰਤ ਵਾਪਿਸ ਸਹੁਰੇ ਗਈ ਤਾਂ ਦੋਵੇਂ ਮਾਂ ਪੁੱਤਾਂ ਦੇ ਮੂੰਹ ਬਣੇ ਵੇਖ, ਹਰਵੰਤ ਸਮਝ ਗਈ ਕਿ ਉਹ ਇਸ ਨਾਲ ਪੇਕੇ ਰਹਿਣ ਕਰਕੇ ਗੁੱਸੇ ਹਨ। ਗੁਲਜ਼ਾਰ ਨੇ ਹਰਵੰਤ ਨੂੰ ਆਉਂਦਿਆਂ ਬਾਹੋਂ ਫੜਿਆ ਤੇ ਧੂੰਹ ਕੇ ਕੰਧ ਨਾਲ ਮਾਰਿਆ, ਹਰਵੰਤ ਦੀਆਂ ਚੀਕਾਂ ਲਾਗਲੇ ਗਲੀ ਗਵਾਂਢ ਵੀ ਸੁਣ ਗਈਆਂ, ਗੁਲਜ਼ਾਰ ਨੂੰ ਵੇਖ ਹਰਵੰਤ ਦੇ ਸੀਨੇ ‘ਤੇ ਭਾਬੜ ਮਚ ਰਹੇ ਸਨ, ਜਿਵੇਂ ਕਹਿ ਰਹੀ ਹੋਵੇ” ਵੇ ਕਸਾਈਆਂ ਆਪਣੇ ਪਿਉ ਵਰਗੇ ਸਹੁਰੇ ਦਾ ਸਿਵਾ ਤਾਂ ਠੰਡਾ ਹੋ ਲੈਣ ਦੇ, ਤੂੰ ਇਹਨਾਂ ਕਰਮਾਂ ਦਾ ਫਲ ਕਿੱਥੇ ਦੇਵੇਂਗਾ।
ਹਰਵੰਤ ਰੂਪੋ ਕਰੂਪ ਹੋ ਗਈ ਸੀ, ਤਰ੍ਹਾਂ ਤਰ੍ਹਾਂ ਦੀਆਂ ਦੂਸ਼ਣਬਾਜੀਆਂ ਸਹਿੰਦੀ, ਮਾਰ ਕੁੱਟ ਜਰਦੀ ਹਰਵੰਤ ਨੇ ਇੱਕ ਧੀ ਨੂੰ ਜਨਮ ਦਿੱਤਾ, ਜਿਸ ਕਰਕੇ ਉਸ ਨਾਲ ਹੋਰ ਵੀ ਬੁਰਾ ਵਿਵਹਾਰ ਹੋਣ ਲੱਗਾ। ਉਸ ਨੂੰ ਕੁਲਹੈਣੀ ਕਹਿ ਕੇ ਪੁਕਾਰਿਆ ਜਾਣ ਲੱਗਾ। ਇੱਕ ਦਿਨ ਏਦਾਂ ਦਾ ਵੀ ਆਇਆ ਕਿ ਗੁਲਜ਼ਾਰ ਨੇ ਸ਼ਰਾਬ ਦੇ ਨਸ਼ੇ ਵਿੱਚ ਆ ਕੇ ਆਪਣੀ ਨਿੱਕੀ ਜਿੰਨੀ ਜਵਾਕੜੀ ਨੂੰ ਮੰਜੇ ਤੋਂ ਥੱਲੇ ਭੁੰਆ ਕੇ ਮਾਰਿਆ, ਹਰਵੰਤ ਦੀ ਵੇਖਦੇ ਸਾਰ ਹੀ ਜਾਨ ਨਿਕਲ ਗਈ। ਹਰਵੰਤ ਨੂੰ ਗੁਲਜ਼ਾਰ ਇਨਸਾਨ ਨਹੀਂ ਹੈਵਾਨ ਲੱਗਦਾ ਸੀ। ਪਹਿਲਾਂ ਉਹ ਘਰੋਂ ਬਾਹਰ ਰਹਿ ਕੇ ਨਸ਼ਾ ਕਰਦਾ ਸੀ, ਪਰ ਹੁਣ ਉਹ ਆਪਣੇ ਸ਼ਰਾਬੀ ਯਾਰਾਂ ਨੂੰ ਘਰ ਲਿਆਉਣ ਲੱਗਾ, ਉਸਦੇ ਯਾਰ ਹਰਵੰਤ ਵੱਲ ਗੰਦੀ ਨਜ਼ਰ ਨਾਲ ਵੇਖਦੇ। ਹਰਵੰਤ ਜਦੋਂ ਕਦੇ ਸਬਜ਼ੀ ਭਾਜੀ ਫੜਾਉਣ ਜਾਂਦੀ ਤਾਂ ਉਸਦੇ ਯਾਰ ਉਸਦੇ ਹੱਥਾਂ ਨਾਲ ਛੇੜ ਛਾੜ ਕਰ ਜਾਂਦੇ। ਹਰਵੰਤ ਏ ਸਭ ਸਹਿਣ ਨਹੀਂ ਸੀ ਕਰ ਪਾ ਰਹੀ, ਇੱਕ ਦਿਨ ਉਸਨੇ ਹਾਰ ਕੇ ਗੁਲਜ਼ਾਰ ਨੂੰ ਇਹ ਗੱਲ ਦੱਸ ਹੀ ਦਿੱਤੀ ਕਿ ਉਸਦੇ ਯਾਰ ਮੇਰੇ ਉੱਤੇ ਗੰਦੀ ਨਜ਼ਰ ਰੱਖਦੇ ਹਨ, ਫਿਰ ਕੀ ਸੀ ਗੁਲਜ਼ਾਰ ਤੇ ਉਸਦੀ ਮਾਂ ਨੂੰ ਤਾਂ ਇੱਕ ਨਵਾਂ ਬਹਾਨਾ ਮਿਲ ਗਿਆ ਸੀ ਹਰਵੰਤ ਨੂੰ ਤੰਗ ਕਰਨ ਦਾ, ਹੁਣ ਗੁਲਜ਼ਾਰ ਰੋਜ ਲਾਹਣ ਡੱਫ ਕੇ ਆਪਣੇ ਯਾਰਾ ਦੇ ਸਾਹਮਣੇ ਹਰਵੰਤ ਦੀ ਮਾਰ ਕੁਟਾਈ ਕਰਦਾ। ਹਰਵੰਤ ਦੀ ਕੁੜੀ ਪੰਜਾਂ ਛੇਆਂ ਸਾਲਾਂ ਦੀ ਹੋ ਚੁੱਕੀ ਸੀ, ਉਹ ਅੰਦਰ ਦਰਵਾਜ਼ੇ ਵਿੱਚ ਲੁਕ ਕੇ ਸਭ ਵੇਖਦੀ ਰਹਿੰਦੀ। ਇੱਕ ਦਿਨ ਹਰਵੰਤ ਦੀ ਸੱਸ ਗੁਸਲਖਾਨੇ ਵਿਚੋਂ ਤਿਲਕ ਕੇ ਡਿੱਗ ਗਈ ਤੇ ਉਸਦੀ ਪੱਟ ਕੋਲੋ ਲੱਤ ਟੁੱਟ ਗਈ ਇੱਕ ਡਿਸਕ ਵੀ ਹਿੱਲ ਗਈ, ਉਹ ਹੁਣ ਮੰਜੇ ਵਸ ਹੋ ਗਈ, ਪਰ ਰੱਬ ਦੀ ਮੂਰਤ ਹਰਵੰਤ ਨੇ ਉਸਦੀ ਬਹੁਤ ਸੇਵਾ ਕਰਦੀ, ਹੁਣ ਵਿਚੋਂ ਵਿਚੋਂ ਸੱਸ ਨੂੰ ਆਪਣੇ ਕਰਮਾਂ ਤੇ ਪਛਚਾਤਾਪ ਹੋਣ ਲੱਗਾ, ਪਰ ਆਕੜ ਮਾਰੀ ਹਾਲੇ ਵੀ ਹਰਵੰਤ ਕੋਲੋਂ ਮੁਆਫ਼ੀ ਨਾ ਮੰਗਦੀ। ਮਾਂ ਦੀ ਦਿਨ ਰਾਤ ਸੇਵਾ ਕਰਦਾ ਵੇਖ ਵੀ ਗੁਲਜ਼ਾਰ ਦੇ ਵਿਵਹਾਰ ਵਿੱਚ ਰਤਾ ਫਰਕ ਨਾ ਪਿਆ। ਉਹ ਰੋਜ਼ ਆਉਂਦਾ ਤੇ ਹਰਵੰਤ ਦੇ ਹੱਡ ਸੇਕ ਫੇਰ ਈ ਰੋਟੀ ਖਾਂਦਾ। ਹਰਵੰਤ ਆਪਣੀ ਕਿਸਮਤ ਨੂੰ ਕੋਸਦੀ ਉਹਨਾਂ ਸੁੱਜੇ ਹੱਥਾਂ ਨਾਲ ਈਰਖਾ ਪਿੰਡੇ ਨੂੰ ਸੇਕ ਦਿੰਦੀ .. ਮਾਂ ਨੂੰ ਤੜਫ ਦਿਆਂ ਵੇਖ ਧੀ ਮਾਂ ਨੂੰ ਕਹਿ ਦਿੰਦੀ ਮਾਂ ਇਸ ਤੋਂ ਚੰਗਾ ਤੇ ਬਾਪੂ ਨਾ ਈ ਹੁੰਦਾ … ਏਨਾ ਸੁਣ ਹਰਵੰਤ ਧੀ ਨੂੰ ਫਿਰ ਕਹਿੰਦੀ ਨਾ ਪੁੱਤ ਤੇਰਾ ਬਾਪ ਏ ਮੈ ਉਸਦੀ ਸੁਹਾਗਣ ਆ … ਏਨਾ ਕਹਿ ਹਰਵੰਤ ਨੇ ਧੀ ਨੂੰ ਤਾਂ ਚੁੱਪ ਕਰਵਾ ਦਿੱਤਾ ਪਰ ਆਪ ਉਹ ਸਮਝ ਨਹੀਂ ਸੀ ਪਾ ਰਹੀ ਸੀ ਕਿ ਉਹ ਸੁਹਾਗਣ ਹੈ ਜਾਂ ਅਭਾਗਣ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin