Articles

ਹਵਾ ਪ੍ਰਦੂਸ਼ਣ ਬਨਾਮ ਭਵਿੱਖ

Harkirat Kaur Sabhara
ਲੇਖਕ: ਹਰਕੀਰਤ ਕੌਰ, ਤਰਨਤਾਰਨ

ਧਰਤੀ ਦੇ ਰਚਣਹਾਰੇ ਨੇ ਕਿੰਨੀ ਸੋਹਣੀ ਰਚਨਾ ਕੀਤੀ ਹੈ, ਕਿੰਨੇ ਸੋਹਣੇ ਪਹਾੜ, ਦਰੱਖਤ,ਝਿਲਮਿਲ ਕਰਦੇ ਪਾਣੀ ਦੇ ਝਰਨੇ, ਨਦੀਆਂ,ਦਰਿਆ , ਨੀਲੇ ਸਮੁੰਦਰ,ਹਜ਼ਾਰਾਂ ਕਿਸਮ ਦੇ ਜਲ ਤੇ ਥਲ ਉੱਤੇ ਰਹਿਣ ਵਾਲੇ ਜੀਵ ਜੰਤੂ , ਚਿਹਚਕਾਉਂਦੀਆ ਕਈ ਤਰ੍ਹਾਂ ਦੀਆਂ ਚਿੜੀਆਂ, ਦਿਲ ਟੁੰਬਵੀਂ ਅਵਾਜ਼ ਵਾਲੇ ਪੰਛੀ , ਪਤਾ ਨਹੀਂ ਕਿੰਨੀ ਤਰ੍ਹਾਂ ਦੇ ਫਲ ਤੇ ਰੰਗ ਬਿਰੰਗੇ ਫੁੱਲ ਜੋ ਚਾਰ ਚੁਫ਼ੇਰੇ ਮਹਿਕਾਂ ਬਿਖੇਰਦੇ ਹਨ । ਚੰਦ ਸੂਰਜ ਦੇ ਰੂਪ ਵਿੱਚ ਰੌਸ਼ਨੀ ਦੇ ਦੋ ਦੀਵੇ , ਕਿਤੇ ਬਰਫ਼ ਨਾਲ ਲੱਧੇ ਪਹਾੜ ਤੇ ਕਿਤੇ ਸੜਦੀ ਰੇਤਾ ਵਾਲਾ ਰੇਗਿਸਤਾਨ। ਇੱਕ ਅਜਿਹੀ ਰਚਨਾ ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ। ਮਨੁੱਖ ਨੂੰ ਇਸ ਧਰਤੀ ਦਾ ਸਰਵਸ਼ੇਸ਼੍ਟ ਜੀਵ ਮੰਨਿਆ ਜਾਂਦਾ ਹੈ , ਕਿਉਂ ਇਸ ਵਿੱਚ ਚੀਜ਼ਾਂ ਨੂੰ ਸਮਝਣ, ਵਰਤਣ ਦੀ ਪਰਖ ਹੋਰਨਾਂ ਜੀਵਾਂ ਨਾਲੋਂ ਜਿਆਦਾ ਹੈ। ਕਾਦਰ ਦੀ ਕੁਦਰਤ ਦੇ ਅਨੌਖੇ ਝਲਕਾਰਿਆ ਨੂੰ ਮਾਨਣਾ ਮਨੁੱਖ ਦੀ ਕੁਦਰਤ ਨਾਲ ਨੇੜਤਾ ਨੂੰ ਵਧਾਉਂਦਾ ਹੈ। ਕੁਦਰਤ, ਵਾਤਾਵਰਣ ਸਾਡੇ ਜੀਵਨ ਦਾ ਸਭ ਤੋਂ ਮਹੱਤਵਪੂਰਣ ਅੰਗ ਹਨ। ਅੱਜ ਮਨੁੱਖ ਨੇ ਏਨੀ ਤਰੱਕੀ ਕਰ ਲਈ ਹੈ ਕਿ ਮਨੁੱਖ ਧਰਤੀ ਤੋਂ ਇਲਾਵਾ ਹੋਰਨਾਂ ਗ੍ਰਹਿਾਂ ਤੇ ਵੀ ਜੀਵਨ ਨੂੰ ਸੰਭਵ ਬਣਾਉਣ ਵਿੱਚ ਜੁਟਿਆ ਹੈ। ਪਰ ਇਸ ਤਰੱਕੀ ਦੇ ਰਾਹ ਤੇ ਚੱਲਦਿਆਂ ਮਨੁੱਖ ਨੇ ਪਤਾ ਨਹੀਂ ਕਿੰਨੇ ਜੀਵਨਾਂ ਨੂੰ ਜੋਖਮ ਵਿੱਚ ਧਕੇਲ ਦਿੱਤਾ ਹੈ, ਮਨੁੱਖ ਦੀ ਤਰੱਕੀ ਦਾ ਰਾਹ ਕੁਦਰਤ ਦੀ ਨਿਖੇਧੀ ਦੇ ਰਸਤੇ ਵਿੱਚੋਂ ਹੋਕੇ ਗੁਜ਼ਰਿਆ ਹੈ। ਪਿਛਲੇ ਕੁਝ ਸਮੇਂ ਤੋਂ ਵਾਤਾਵਰਣ ਵਿੱਚ ਅਜਿਹੀਆਂ ਤਬਦੀਲੀਆਂ ਆਈਆਂ ਕਿ ਮਨੁੱਖੀ ਜਨਜੀਵਨ ਬੁਰੀ ਤਰ੍ਹਾਂ ਪ੍ਭਾਵਿਤ ਹੋਇਆ ਹੈ। ਜਿਸ ਦੀ ਸਭ ਤੋਂ ਵੱਡੀ ਉਦਹਾਰਣ ਹਵਾ, ਪਾਣੀ, ਮਿੱਟੀ ਪ੍ਰਦੂਸ਼ਣ ਕਰਕੇ ਵਧੀਆਂ ਲਾਇਲਾਜ਼ ਬਿਮਾਰੀਆਂ ਹਨ। ਜਦੋਂ ਅਸੀਂ ਕਿਸੇ ਆਪਣੇ ਕਿਸੇ ਨਜ਼ਦੀਕੀ ਦੀ ਬਿਮਾਰੀ ਜਾਂ ਮੌਤ ਬਾਰੇ ਸੁਣਦੇ ਹਾਂ ਤਾਂ ਅਸੀਂ ਬਹੁਤ ਭਾਵੁਕਤਾ ਨਾਲ ਭਰ ਜਾਂਦੇ ਹਾਂ ਪਰ ਜਦੋਂ ਹਜ਼ਾਰਾਂ ਲੋਕੀਂ ਵਾਤਾਵਰਣ ਪ੍ਰਦੂਸ਼ਣ ਨਾਲ ਬਿਮਾਰ ਤੇ ਅਪਾਹਿਜ ਹੁੰਦੇ ਹਨ ਤਾਂ ਸਾਡੇ ਮੱਥੇ ਤੇ ਸ਼ਿੰਕਨ ਘੱਟ ਹੀ ਵੇਖਣ ਨੂੰ ਮਿਲਦੀ ਹੈ। ਅਸੀਂ ਵਾਤਾਵਰਣ ਦੀ ਸਾਂਭ ਸੰਭਾਲ ਪ੍ਤੀ ਬਿਲਕੁਲ ਵੀ ਜਾਗਰੂਕ ਨਹੀਂ ਹਾਂ।

ਭਾਵੇਂ ਪ੍ਰਦੂਸ਼ਣ ਦੀ ਹਰ ਕਿਸਮ ਹਾਨੀਕਾਰਕ ਹੈ ਪਰ ਹਵਾ ਪ੍ਰਦੂਸ਼ਣ ਅੱਜ ਸਭ ਤੋਂ ਘਾਤਕ ਰੂਪ ਅਖ਼ਤਿਆਰ ਕਰ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ ਦੁਆਰਾ ਕੀਤੇ ਗਏ ਸਰਵੇਖਣਾਂ ਅਤੇ ਨੈਸ਼ਨਲ ਅਕੈਡਮੀ ਆਫ਼ ਸਾਈਂਸਿਜ਼’ ਵਿੱਚ ਪ੍ਰਕਾਸ਼ਿਤ ਅਧਿਐਨ ਮੁਤਾਬਕ “ਸਾਡੇ ਕੋਲ ਇਸ ਗੱਲ ਦਾ ਸਬੂਤ ਹੈ ਕਿ ਮੌਖਿਕ ਟੈਸਟਾਂ ‘ਤੇ ਹਵਾ ਦੇ ਪ੍ਰਦੂਸ਼ਣ ਦਾ ਅਸਰ ਉਮਰ ਵੱਧਣ ‘ਤੇ ਵਧੇਰੇ ਹੁੰਦਾ ਹੈ, ਖਾਸ ਤੌਰ ‘ਤੇ ਮਰਦਾਂ ਅਤੇ ਘੱਟ ਪੜ੍ਹੇ ਲਿਖੇ ਲੋਕਾਂ ‘ਉੱਪਰ” । ਅਧਿਐਨ ਮੁਤਾਬਕ ਪ੍ਰਦੂਸ਼ਣ ਅਲਜ਼ਾਈਮਰ ਅਤੇ ਡਿਮੇਨਸ਼ੀਆ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਵਧਾਉਂਦਾ ਹੈ।ਇਸ ਤੋਂ ਇਲਾਵਾ 2010-2014 ਵਿੱਚ ਲੜਕੇ ਅਤੇ ਲੜਕੀਆਂ ਉੱਪਰ ਕੀਤੇ ਇੱਕ ਸਰਵੇਖਣ ਤੋਂ ਪਤਾ ਲੱਗਾ ਕਿ ਪ੍ਰਦੂਸ਼ਣ ਦਾ ਵਿਦਿਆਰਥੀਆਂ ਦੀ ਸੋਚਣ-ਸਮਝਣ ਦੀ ਸ਼ਕਤੀ ‘ਤੇ ਮਾੜਾ ਅਸਰ ਪੈਂਦਾ ਹੈ। ਹਵਾ ਪ੍ਰਦੂਸ਼ਣ ਕਾਰਨ ਹਰ ਸਾਲ 7 ਮਿਲੀਅਨ ਲੋਕਾਂ ਦੀ ਮੌਤ ਹੁੰਦੀ ਹੈ। ਦੁਨੀਆ ਭਰ ਵਿੱਚ 2016 ਵਿੱਚ ਹਵਾ ਪ੍ਰਦੂਸ਼ਣ ਕਾਰਨ 4.2 ਮਿਲੀਅਨ ਮੌਤਾਂ ਹੋਈਆਂ। 91% ਦੁਨੀਆ ਦੀ ਆਬਾਦੀ ਅਜਿਹੇ ਵਾਤਾਵਰਨ ਵਿੱਚ ਰਹਿੰਦੀ ਹੈ ਜਿੱਥੇ ਹਵਾ ਦੀ ਗੁਣਵੱਤਾ ਵਿਸ਼ਵ ਸਿਹਤ ਸੰਗਠਨ ਦੇ ਤੈਅ ਮਾਪਦੰਡਾਂ ਤੋਂ ਵੱਧ ਹਨ। ਜੇਕਰ ਗਲ ਭਾਰਤ ਦੀ ਕੀਤੀ ਜਾਵੇ ਤਾਂ ਭਾਰਤ ਦੇ 14 ਸ਼ਹਿਰ ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਹਨ।ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਦੁਨੀਆ ਵਿੱਚ 10 ਵਿੱਚੋਂ 9 ਲੋਕ ਪ੍ਰਦੂਸ਼ਣ ਵਾਲੀ ਹਵਾ ਵਿੱਚ ਸਾਹ ਲੈਂਦੇ ਹਨ। ਇਹਨਾਂ ਕੁਝ ਸਰਵੇਖਣਾਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਹਵਾ ਪ੍ਰਦੂਸ਼ਣ ਨੂੰ ਤਬਦੀਲੀਯੋਗ ਖ਼ਤਰੇ ਵਜੋਂ ਦੇਖਿਆ ਜਾ ਸਕਦਾ ਹੈ।
ਜੇਕਰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤੋਂ ਅਗਵਾਈ ਲਈਏ ਤਾਂ ਗੁਰਬਾਣੀ ਨੇ ਬਨਸਪਤੀ ਦੀ ਸਾਂਭ ਸੰਭਾਲ ਦੀ ਖਾਸ ਤਾਕੀਦ ਕੀਤੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਆਦਾ ਬਾਣੀ ਵਿੱਚ ਕੁਦਰਤ, ਬਨਸਪਤੀ ਦਾ ਜ਼ਿਕਰ ਹੋਇਆ ਹੈ। ਗੁਰੂ ਸਾਹਿਬ ਨੇ ਹਵਾ, ਪਾਣੀ,ਧਰਤ ਨੂੰ ਗੁਰੂ, ਪਿਤਾ, ਮਾਤਾ ਖਾਸ ਰੁਤਬਿਆਂ ਨਾਲ ਨਿਵਾਜਿਆ ਹੈ । ਪਰ ਮਨੁੱਖ ਹੈ ਕਿ ਆਪਣੀ ਜਿੰਮੇਵਾਰੀ ਤੋਂ ਅਵੇਸਲਾ ਹੋਇਆ ਅੰਨ੍ਹੇਵਾਹ ਕੁਦਰਤ ਦਾ ਘਾਣ ਕਰ ਰਿਹਾ ਹੈ। ਸਾਡੀਆਂ ਕੁਦਰਤ ਦੀ ਸਾਂਭ ਸੰਭਾਲ ਨੂੰ ਲੈਕੇ ਇਹ ਅਣਗਹਿਲੀਆਂ ਸਾਡਾ ਅਤੇ ਆਉਣ ਵਾਲੀਆਂ ਹੋਰ ਪੀੜੀਆਂ ਦੇ ਜੀਵਨ ਨੂੰ ਵਿਨਾਸ਼ ਵੱਲ ਧਕੇਲ ਦੇਣਗੀਆਂ। ਅੱਜ ਅਸੀਂ ਪੱਥਰਾਂ ਦੇ ਘਰਾਂ , ਸ਼ਹਿਰਾਂ ਦੇ ਵਸਨੀਕ ਬਣ ਬਣਾਉਟੀ ਫੁੱਲਾਂ, ਗੁਸਦਸਤਿਆਂ ਵਿਚੋਂ ਮਹਿਕਾਂ ਲੱਭਣ ਵਿੱਚ ਜੁੱਟੇ ਹੋਏ ਹਾਂ ਅਤੇ ਕੁਦਰਤ ਦੀ ਅਹਿਮੀਅਤ ਨੂੰ ਅੱਖੋਂ ਪਰੋਖਾ ਕਰ ਰਹੇ ਹਾਂ।
ਅੱਜ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਣ ਬਣੇ ਡੀਜਲ ਤੋਂ ਚੱਲਦੇ ਵਾਹਨ, ਫੈਕਟਰੀਆਂ ਵਿਚੋਂ ਨਿਕਲਦਾ ਦੂਸ਼ਿਤ ਧੂੰਆਂ, ਫਸਲਾਂ ਦੀ ਰਹਿਦ ਖੂੰਹਦ ਨੂੰ ਲੱਗਦੀਆਂ ਅੱਗਾਂ ਤੇ ਅੰਨ੍ਹੇਵਾਹ ਹੋ ਰਹੀ ਰੁੱਖਾਂ ਦੀ ਕਟਾਈ ਹੈ। ਇੱਕ ਛੋਟਾ ਜਿਹਾ ਪੌਦਾ ਰੁੱਖ ਬਣਨ ਵਿੱਚ ਕਿੰਨੇ ਵਰ੍ਹੇ ਲੈਂਦਾ ਹੈ, ਪਰ ਸਾਡੀ ਅਖੌਤੀ ਤਰੱਕੀ ਦੇ ਨਾਮ ਤੇ ਲੋੜ ਪੈਣ ਤੇ ਕਿਸੇ ਨਵੀਂ ਇਮਾਰਤ ਨੂੰ ਬਣਾਉਣ ਲਈ ਜੇ. ਸੀ. ਬੀ ਦੇ ਜਬਾੜੇ ਵਿੱਚ ਰੁੱਖ ਨੂੰ ਪਾ ਦੁੱਧ ਚ ਪਈ ਮੱਖੀ ਵਾਂਗ ਪੁੱਟ ਕੇ ਸੁੱਟ ਦਿੱਤਾ ਜਾਂਦਾ ਹੈ।
ਹਾਲੇ ਵੀ ਸਮਾਂ ਹੈ, ਸਮੇਂ ਦੀ ਨਜ਼ਾਕਤ ਨੂੰ ਸਮਝੀਏ ਅਤੇ ਕੁਦਰਤੀ ਸਾਧਨਾਂ ਦੀ ਵਰਤੋਂ ਪ੍ਤੀ ਸੁਚੇਤ ਹੋਈਏ। ਹਵਾ, ਪਾਣੀ ਤੇ ਧਰਤ ਨੂੰ ਬਚਾ ਲਈਏ। ਸੁਗੰਧਾਂ ਭਰੀ ਠੰਡੀ ਹਵਾ, ਅੰਮਿ੍ਤ ਵਰਗਾ ਪਾਣੀ ਸਾਨੂੰ ਕੁਦਰਤ ਨੇ ਮੁਫ਼ਤ ਦਿੱਤਾ ਹੈ, ਇਸਦੀ ਕਦਰ ਕਰੀਏ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਦੂਸ਼ਿਤ ਹਵਾ ਵਿੱਚ ਸਾਹ ਲੈਣਾ ਮੁਸ਼ਕਲ ਹੋ ਜਾਵੇਗਾ ਅਤੇ ਉਹਨਾਂ ਦਾ ਜੀਵਨ ਦੁੱਭਰ ਹੋ ਜਾਵੇਗਾ ।ਕੁਝ ਜਿਆਦਾ ਨਹੀਂ ਤਾਂ ਹਰ ਘਰ ਵਿੱਚ ਜਿੰਨੇ ਪਰਿਵਾਰ ਦੇ ਮੈਂਬਰ ਹਨ , ਆਪਣੇ ਸਾਹ ਲੈਣ ਲਈ ਆਪਣੇ ਹਿੱਸੇ ਦਾ ਇੱਕ ਇੱਕ ਰੁੱਖ ਜਰੂਰ ਲਾਉਣ, ਕਿਉਂਕਿ ਰੁੱਖ ਹਵਾ ਨੂੰ ਸਾਫ਼ ਤੇ ਸ਼ੁੱਧ ਕਰਨ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੇ ਹਨ। ਬਨਸਪਤੀ ਨਾਲ ਪਿਆਰ ਤੇ ਇਸਦੀ ਸਾਂਭ ਸੰਭਾਲ ਹੀ ਸਾਡੇ ਕੋਲ ਇੱਕ ਮਾਤਰ ਰਸਤਾ ਹੈ ਜਿਸ ਨਾਲ ਅਸੀਂ ਆਉਣ ਵਾਲੀਆਂ ਪੀੜੀਆਂ ਦਾ ਜੀਵਨ ਬਚਾ ਸਕਦੇ ਹਾਂ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin