Articles Sport

20ਵੀਂ ਸਦੀ ਦਾ ਮਹਾਨਤਮ ਖਿਡਾਰੀ ਵਿਸ਼ਵ ਚੈੰਪਿਅਨ ਮੁੱਕੇਬਾਜ਼ ਮੁਹੰਮਦ ਅਲੀ !

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਬੇਸ਼ੱਕ ਮੇਰੀ ਪ੍ਰੋਫੈਸ਼ਨਲ ਖੇਡ ਐਥੱਲੇਟਿਕ੍ਸ ਰਹੀ ਹੈ ਪਰ ਮੇਰੀ ਜਿੰਦਗੀ ਦਾ ਆਦਰਸ਼ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਰਿਹਾ ਹੈ। ਉਸਦੇ ਵੱਲੋਂ ਜਿੰਦਗੀ ਵਿੱਚ ਕੀਤੇ ਸੰਘਰਸ਼ਾਂ ਅਤੇ ਉਸਦੀਆਂ ਵਿਚਾਰਾਂ ਨੇ ਮੈਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਦੁਨੀਆ ਤੇ ਇੱਕ ਤੋਂ ਵੱਧਕੇ ਇੱਕ ਮਹਾਨ ਖ਼ਿਡਾਰੀ ਹੋਏ ਹਨ, ਪਰ  ਮੁੱਕੇਬਾਜ ਮੁਹੰਮਦ ਅਲੀ ਨੂੰ 1999 ਵਿੱਚ 20ਵੀਂ ਸਦੀ ਦਾ ਮਹਾਨਤਮ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਹੈ। ਅਲੀ ਤਿੰਨ ਵਾਰ ਲੇਨਿਅਲ ਚੈਂਪਿਅਨਸ਼ਿਪ ਜਿੱਤਣ ਵਾਲਾ ਸੰਸਾਰ ਦਾ ਇਕਲੌਤਾ ਹੈਵੀਵੇਟ ਚੈੰਪਿਅਨ ਅਤੇ ਮਹਾਨਤਮ ਮੁੱਕੇਬਾਜ਼ ਸੀ। ਉਸ ਨੇ ਇਹ ਖ਼ਿਤਾਬ 1964, 1974, ਅਤੇ 1978 ਵਿੱਚ ਜਿੱਤਿਆ। ਓਹ ਜਿਨ੍ਹਾਂ ਤੇਜ਼ ਤਰਾਰ ਬਾਕਸਿੰਗ ਰਿੰਗ ਦੇ ਅੰਦਰ ਸੀ ਉਹਨਾਂ ਹੀ ਐਕਟਿਵ ਓਹ ਰਿੰਗ ਦੇ ਬਾਹਰ ਵੀ ਸੀ। ਉਸਦਾ ਸੁਭਾਅ ਤਿੱਤਲੀ ਵਰਗਾ ਚੰਚਲ ਰਿਹਾ, ਪਰ ਰਿੰਗ ਅੰਦਰ ਉਸਦੇ ਮੁੱਕਿਆਂ ਦੀ ਤਾਕਤ ਮਧੂਮੱਖੀ ਦੇ ਡੰਗ ਤੋਂ ਘੱਟ ਨਹੀਂ ਸੀ ਜੋ ਚੰਗੇ ਭਲਿਆਂ ਦੇ ਚੌਖਟੇ ਸੂਜਾਕੇ ਰੱਖ ਦਿੰਦੀ ਸੀ। ਉਹ ਫਿਜ਼ਾ ਵਿੱਚ ਉੱਡਦੀ ਆਜ਼ਾਦ ਤਿੱਤਲੀ ਵਾਂਗੂ ਕਦੇ ਇੱਕ ਜਗ੍ਹਾ ਤੇ ਨਹੀਂ ਸੀ ਟਿਕਿਆ। ਅਲੀ ਜਿੰਦਗੀ ਨੂੰ ਵਹਿੰਦੇ ਪਾਣੀ ਦੀ ਤਰ੍ਹਾਂ ਜਿਉਣਾ ਚਾਹੁੰਦਾ ਸੀ। ਓਸਨੂੰ ਜਿੰਦਗੀ ਵਿੱਚ ਖੜੋਤ ਪਸੰਦ ਨਹੀਂ ਸੀ, ਉਸਦਾ ਮੰਨਣਾ ਸੀ ਜਿਹੜਾ ਵਿਅਕਤੀ 50 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਉਸੇ ਤਰ੍ਹਾਂ ਦੇਖਦਾ ਹੈ ਜਿਵੇਂ ਉਸਨੇ 20 ਸਾਲ ਦੀ ਉਮਰ ਵਿੱਚ ਦੇਖਿਆ ਸੀ, ਇਸ ਦਾ ਮਤਲਬ ਉਸਨੇ ਆਪਣੀ ਜ਼ਿੰਦਗੀ ਦੇ 30 ਸਾਲ ਬਰਬਾਦ ਕਰ ਦਿੱਤੇ ਹਨ। ਉਹ ਬੜਬੋਲਾ ਵੀ ਬਹੁਤ ਸੀ ਜਿਸ ਕਰਕੇ ਉਸ ਨੂੰ ਲੂਈਸਵਿਲੇ ਦਾ ‘ਲਿੱਪ’ ਕਿਹਾ ਜਾਂਦਾ ਸੀ।

ਕੈਸੀਅਸ ਮਾਰਸੇਲਸ ਕਲੇ ਜੂਨੀਅਰ ਦਾ ਜਨਮ 17 ਜਨਵਰੀ, 1942 ਨੂੰ ਲੂਇਸਵਿਲ, ਕੈਂਟਕੀ, ਅਮਰੀਕਾ ਵਿੱਚ ਹੋਇਆ ਸੀ।  ਉਸਦਾ ਨਾਮ ਉਸਦੇ ਪਿਤਾ, ਕੈਸੀਅਸ ਮਾਰਸੇਲਸ ਕਲੇ ਸੀਨੀਅਰ ਦੇ ਨਾਮ ਤੇ ਰੱਖਿਆ ਗਿਆ ਸੀ, ਓਹ ਜੰਮਦਾ ਹੀ ਭਲਵਾਨਾਂ ਦੀ ਮੁਦਗਲ ਵਰਗਾ ਸੀ। ਉਹ ਆਪਣੇ ਹਾਣ ਦਿਆਂ ਤੋਂ ਉਮਰਦਰਾਜ਼ ਲਗਦਾ ਸੀ ਜਿਸ ਕਾਰਣ ਅਕਸਰ ਹੀ ਮੁਹੰਮਦ ਅਲੀ ਦੇ ਮਾਪੇ ਚਾਈਲਡ ਕੰਸੇਸਸ਼ਨਲ ਟਿਕਟ ਪਿੱਛੇ ਬੱਸ ਕੰਡਕਟਰ ਨਾਲ ਬਹਿਸ ਕਰਦੇ ਰਹਿੰਦੇ ਸਨ।

ਕੈਸੀਅਸ ਕਲੇ ਨੂੰ ਸਭ ਤੋਂ ਪਹਿਲਾਂ ਲੁਈਸਵਿਲੇ ਦੇ ਇੱਕ ਪੁਲਿਸ ਅਧਿਕਾਰੀ ਅਤੇ ਮੁੱਕੇਬਾਜ਼ੀ ਕੋਚ ਜੋਅ ਮਾਰਟਿਨ, ਨੇ ਮੁੱਕੇਬਾਜ਼ੀ ਵੱਲ ਪ੍ਰੇਰਿਆ ਸੀ। ਉਸਨੇ 12 ਸਾਲ ਦੀ ਉਮਰ ਵਿੱਚ ਮੁੱਕੇਬਾਜ਼ ਵਜੋਂ ਸਿਖਲਾਈ ਲੈਣੀ ਸ਼ੁਰੂ ਕੀਤੀ। ਉਹਦਾ ਪਹਿਲਾ ਪ੍ਰੋਫੈਸ਼ਨਲ ਮੁਕਾਬਲਾ ਟੂਨੀ ਹੰਸੇਕਰ ਨਾਲ ਹੋਇਆ ਸੀ।18 ਸਾਲ ਦੀ ਉਮਰ ਵਿੱਚ, ਉਸਨੇ 1960 ਦੀਆਂ ਰੋਮ ਓਲੰਪਿਕਸ ਵਿਖ਼ੇ ਲਾਈਟ ਹੈਵੀਵੇਟ ਸ੍ਰੇਣੀ ਵਿੱਚ ਸੋਨ ਤਮਗਾ ਜਿੱਤਿਆ। ਪਰ ਨਸਲੀ ਵਿਤਕਰੇ ਦੇ ਚਲਦਿਆਂ ਗੁੱਸੇ ਵਿੱਚ ਆਏ ਕੈਸੀਅਸ ਕਲੇ ਨੇ ਆਪਣਾ ਓਲਿੰਪਿਕ੍ਸ ਸੋਨ ਤਮਗਾ ‘ਓਹੀਓ’ ਨਦੀ ਵਿੱਚ ਸੁੱਟ ਦਿੱਤਾ ਜਦੋਂ ਉਸਨੂੰ ਅਤੇ ਇੱਕ ਦੋਸਤ ਨੂੰ ‘ਰੰਗਭੇਦ’ ਦੇ ਕਾਰਣ ਇੱਕ ਰੈਸਟੋਰੈਂਟ ਨੇ ਡਿਨਰ ਪਰੋਸਨ ਤੋਂ ਇਨਕਾਰ ਕਰ ਦਿੱਤਾ ਸੀ। ਉਲੰਪਿਕ ਚੈਂਪੀਅਨ ਕੈਸੀਅਸ ਕਲੇ ਨੂੰ ਇਸ ਨਸਲੀ ਵਿਤਕਰੇ ਨੇ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਸੀ। ਨਸਲੀ ਵਿਤਕਰੇ ਦੀਆਂ ਮਾਨਸਿਕ ਚੋਟਾਂ ਕਾਰਣ ਉਸ ਨੇ ਇਸਲਾਮ ਧਰਮ ਨੂੰ ਕਬੂਲਿਆ ਅਤੇ ਓਹ ਮੁਸਲਮਾਨ ਬਣ ਗਿਆ।

ਕੈਸੀਅਸ ਕਲੇ ਨੇ ਆਪਣੇ ਜੀਵਨ ਦਾ ਪਹਿਲਾ ਹੈਵੀਵੇਟ ਮੈਚ ਮਹਿਜ਼ 22 ਸਾਲ ਦੀ ਉਮਰ ਵਿੱਚ ਸੋਨੀ ਲਿਸਟਨ ਖਿਲਾਫ਼ ਜਿੱਤਿਆ। ਇਹ ਮੈਚ 25 ਫਰਵਰੀ, 1964 ਨੂੰ ਮਿਆਮੀ, ਫਲੋਰੀਡਾ ਵਿਖ਼ੇ ਖੇਡਿਆ ਗਿਆ। 22 ਸਾਲਾ ਕੈਸੀਅਸ ਕਲੇ ਨੇ ਸੱਤਵੇਂ ਦੌਰ ਦੇ ਤਕਨੀਕੀ ਨਾਕਆਊਟ ਵਿੱਚ ਵਿਸ਼ਵ ਹੈਵੀਵੇਟ ਮੁੱਕੇਬਾਜ਼ੀ ਚੈਂਪੀਅਨ ਸੋਨੀ ਲਿਸਟਨ ਨੂੰ ਹਰਾ ਕੇ  ਵਾਲਿਆਂ ਨੂੰ ਹੈਰਾਨ ਕਰ ਦਿੱਤਾ। ਉਸੇ ਸਾਲ, ਉਸਨੇ ਆਪਣਾ ਮਾਪਿਆਂ ਦਾ ਦਿੱਤਾ ਨਾਮ ‘ਕੈਸੀਅਸ ਮਾਰਸੇਲਸ ਕਲੇ ਜੂਨੀਅਰ’ ਤਿਆਗ ਦਿੱਤਾ ਅਤੇ ਰਸਮੀ ਤੌਰ ‘ਤੇ ਮੁਹੰਮਦ ਅਲੀ ਦੇ ਰੂਪ ਵਿੱਚ ਜਾਣਿਆ ਜਾਣ ਲੱਗਾ।

ਆਪਣੇ ਮੁੱਕੇਬਾਜ਼ੀ ਸਫ਼ਰ ਵਿੱਚ ਮੁਹੰਮਦ ਅਲੀ ਅਤੇ ਕਲੀਵਲੈਂਡ ਵਿਲੀਅਮਜ਼ 14 ਨਵੰਬਰ, 1966 ਨੂੰ ਹਿਊਸਟਨ, ਟੈਕਸਾਸ ਵਿਖ਼ੇ ਹੋਏ ਇੱਕ ਮੁੱਕੇਬਾਜ਼ੀ ਮੈਚ ਵਿੱਚ ਇੱਕ ਦੂਜੇ ਨਾਲ ਭਿੜੇ। ਅਲੀ ਨੇ ਤੀਜੇ ਦੌਰ ਵਿੱਚ ਤਕਨੀਕੀ ਨਾਕਆਊਟ ਰਾਹੀਂ ਬਾਊਟ ਨੂੰ ਜਿੱਤਿਆ। ਮਾਈਕ ਟਾਇਸਨ ਸਮੇਤ ਕਈ ਮਾਹਰ ਅਤੇ ਮੁੱਕੇਬਾਜ਼ ਇਸ ਲੜਾਈ ਵਿਚ ਅਲੀ ਦੇ ਪ੍ਰਦਰਸ਼ਨ ਨੂੰ ਉਸ ਦੇ ਮੁੱਕੇਬਾਜ਼ੀ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਮੰਨਦੇ ਹਨ। ਇਹ ਉਹ ਮੁਕਾਬਲਾ ਵੀ ਸੀ ਜਿਸ ਵਿੱਚ ਅਲੀ ਨੇ ਆਪਣੇ ਮਸ਼ਹੂਰ ਫੁੱਟਵਰਕ “ਅਲੀ ਸ਼ਫਲ” ਨੂੰ ਇਜਾਦ ਕਰ ਦੁਨੀਆ ਦੇ ਨਾਮ ਕੀਤਾ ਸੀ।

ਵਿਸ਼ਵ ਦੇ ਇਸ ਮਹਾਨਤਮ ਮੁੱਕੇਬਾਜ਼ ਮੁਹੰਮਦ ਅਲੀ ਨੇ ਆਪਣੇ ਆਦਰਸ਼ਾਂ ਧਾਰਮਿਕ ਵਿਸ਼ਵਾਸਾਂ ਅਤੇ ਵੀਅਤਨਾਮ ਯੁੱਧ ਦੇ ਨੈਤਿਕ ਵਿਰੋਧ ਦੇ ਕਾਰਨ 1966 ਵਿੱਚ ਫੌਜ ਵਿੱਚ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ, ਜਿਸਦੇ ਚਲਦਿਆਂ ਓਸਨੂੰ ਦੇਸ਼ ਵਿਰੋਧੀ ਮੰਨਿਆ ਗਿਆ ਅਤੇ ਉਸਤੋਂ ਸਾਰੇ ਮੁੱਕੇਬਾਜ਼ੀ ਦੇ ਖਿਤਾਬ ਖੋਹ ਲਏ ਗਏ। ਉਹਦੇ ਵਿਰੁੱਧ ਮੁਕੱਦਮਾ ਚੱਲਿਆ ਤੇ ਅਦਾਲਤ ਨੇ ਉਸ ਨੂੰ ਪੰਜ ਸਾਲ ਲਈ ਜੇਲ ਵਿੱਚ ਡੱਕ ਦਿੱਤਾ। ਓਸਨੂੰ ਦਸ ਹਜ਼ਾਰ ਡਾਲਰ ਜੁਰਮਾਨਾ ਵੀ ਭਰਨਾ ਪਿਆ। ਇਸ ਸਜ਼ਾ ਨੇ ਚੜ੍ਹਦੀ ਜਵਾਨੀ ਦੇ ਗੋਲਡਨ ਪੀਰੀਅਡ ਵਿਚ ਅਲੀ ਨੂੰ ਪੰਜ ਸਾਲ ਬਾਕਸਿੰਗ ਦੇ ਰਿੰਗ ਤੋਂ ਦੂਰ ਰੱਖਿਆ। ਪਰ ਉਸਨੇ ਹਾਰ ਨਹੀਂ ਮੰਨੀ। 26 ਅਕਤੂਬਰ,1970 ਨੂੰ ਤੀਜੇ ਦੌਰ ਵਿੱਚ ਅਟਲਾਂਟਾ ਵਿੱਚ ਜੈਰੀ ਕੁਆਰੀ ਨੂੰ ਹਰਾ ਕੇ ਰਿੰਗ ਵਿੱਚ ਮੁੜ ਵਾਪਸੀ ਦਾ ਬਿਗੁਲ ਬਜਾਇਆ। ਪਰ 8 ਮਾਰਚ 1971 ਵਿੱਚ ਜੋਅ ਫਰੇਜ਼ਰ ਨੇ ਨਿਊਯੌਰਕ ਦੇ ਮੈਡੀਸਨ ਸਕੋਏਅਰ ਗਾਰਡਨ ਵਿਖ਼ੇ 15 ਰਾਉਂਡ ਤੱਕ ਚੱਲੀ ‘ਫ਼ਾਈਟ ਆਫ਼ ਦੀ ਸੈਂਚੂਰੀ’ ਵਿੱਚ ਮੁਹੰਮਦ ਅਲੀ ਨੂੰ ਪਹਿਲੀ ਵਾਰ ਹਰਾ ਉਲਟ ਫ਼ੇਰ ਕਰ ਦਿੱਤਾ।

ਅਲੀ ਦੇ ਮਸ਼ਹੂਰ ਹੈਵੀਵੇਟ ਮੁਕਾਬਲਿਆਂ ਵਿਚੋਂ ਇੱਕ ਮੁਕਾਬਲਾ 30 ਅਕਤੂਬਰ,1974 ਨੂੰ ਜਿਓਰਜ ਫੋਰਮੈਨ ਖਿਲਾਫ਼ ਹੋਇਆ। ਇਸ ਮੁਕਾਬਲੇ ਦਾ ਨਾਂ ‘ਰੰਬਲ ਇਨ ਦਾ ਜੰਗਲ’ ਰੱਖਿਆ ਗਿਆ। ਇਹ ਮੁਕਾਬਲਾ ਮੱਧ ਅਫ਼ਰੀਕਾ ਦੇ ਜ਼ਾਅਰੇ ਵਿੱਚ ਹੋਈ। ਅਲੀ ਜੋ ਉਸ ਸਮੇਂ 32 ਸਾਲਾਂ ਦਾ ਸੀ, ਰਿੰਗ ਵਿੱਚ ਪਿੱਛੇ ਹਟ ਡਿਫੈਂਸਿਵ ਖੇਡ ਰਿਹਾ ਸੀ, ਉਸਦੀ ਗਤੀ ਅਤੇ ਬਲੋਕਿੰਗ ਵੀ ਪਹਿਲਾਂ ਵਾਂਗ ਨਹੀਂ ਸੀ ਦਿਖ ਰਹੀ। ਦੂਜੇ ਪਾਸੇ ਜਿਓਰਜ ਫੋਰਮੈਨ ਮਹਾਨ ਹੈਵੀਵੇਟ ਮੁੱਕੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ, ਉਹ ਆਪਣੀ ਚੜ੍ਹਦੀ ਜਵਾਨੀ ਵਿੱਚ ਸੀ। ਫੋਰਮੈਨ ਜੋ ਜੋਅ ਫਰੇਜ਼ਰ ਅਤੇ ਕੇਨ ਨੌਰਟਨ ਦੇ ਖਿਲਾਫ ਕੇਵਲ 2 ਗੇੜਾਂ ਵਿੱਚ ਜਿੱਤ ਦਰਜ ਕਰਕੇ ਆਇਆ ਸੀ ਅਲੀ ਤੇ ਭਾਰੀ ਪੈਂਦਾ ਦਿੱਖ ਰਿਹਾ ਸੀ ਪਰ ਅਲੀ ਨੇ 8ਵੇਂ ਗੇੜ ਵਿੱਚ, ਉਸਨੂੰ ਹਰਾ ਦਿੱਤਾ ਅਤੇ ਇੱਕ ਵਾਰ ਫਿਰ ਵਿਸ਼ਵ ਦਾ ਹੈਵੀਵੇਟ ਚੈਂਪੀਅਨ ਬਣ ਗਿਆ। ਇਸ ਮੁਕਾਬਲੇ ਨੂੰ ਦੇਖਣ ਲਈ 60,000 ਲੋਕਾਂ ਨੇ ਹਾਜ਼ਰੀ ਭਰੀ ਸੀ।

‘ਥ੍ਰੀਲਾ ਇਨ ਮਨੀਲਾ’ ਸਮੋਕਿਨ ਜੋਅ ਫਰੇਜ਼ਰ ਦੇ ਖਿਲਾਫ ਤੀਜਾ ਅਤੇ ਆਖਰੀ ਮੁਕਾਬਲਾ ਸੀ ਜੋ 1 ਅਕਤੂਬਰ 1975 ਨੂੰ ਹੋਣਾ ਤੈਅ ਹੋਇਆ। ਅਲੀ ਨੇ ਫਰੇਜ਼ਰ ਦੇ ਹੱਥੋਂ 8 ਮਾਰਚ, 1971 ‘ਫਾਈਟ ਆਫ਼ ਦ ਸੈਂਚੁਰੀ’ ਵਿੱਚ ਆਪਣੀ ਪਹਿਲੀ ਹਾਰ ਦਾ ਸਵਾਦ ਚੱਖਿਆ ਹੋਇਆ ਸੀ, ਪਰ 28 ਜਨਵਰੀ 1974 ਨੂੰ ਨਿਊਯੌਰਕ ਦੇ ਮੈਡੀਸਨ ਸਕੋਏਅਰ ਗਾਰਡਨ ਵਿਖ਼ੇ ਹੋਏ ‘ਸੁਪਰ ਫਾਈਟ 2’ ਦੇ ਮੁਕਾਬਲੇ ਵਿੱਚ ਮਹਿਜ਼ 12 ਰਾਊਂਡਾਂ ਵਿੱਚ ਹੀ ਅਲੀ ਨੇ ਜੋਅ ਫਰੇਜ਼ਰ ਵੱਲੋਂ ਪਾਈ ਭਾਜੀ ਮੋੜ ਦਿੱਤੀ ਸੀ। ਇਹ ਦੇਖਣ ਲਈ ਕਿ ਕੌਣ ਬਿਹਤਰ ਹੈ, ‘ਥ੍ਰੀਲਾ ਇਨ ਮਨੀਲਾ’ ਤੀਸਰੀ ਅਤੇ ਆਖਰੀ ਲੜਾਈ ਸੀ। ਭਾਵੇਂ ਦੋਵੇਂ ਮੁੱਕੇਬਾਜ਼ ਦਾ ਫਿੱਟਨੈੱਸ ਲੈਵਲ ਪਹਿਲਾਂ ਵਰਗ਼ਾ ਨਹੀਂ ਸਨ, ਪਰ ਇਸ ਮੁਕਾਬਲੇ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਦੋਵਾਂ ਮੁੱਕੇਬਾਜ਼ਾਂ ਨੇ 14ਵੇਂ ਗੇੜ ਤੱਕ ਹਿੰਮਤ ਦਿਖਾਈ, ਪਰ ਅੰਤ ਵਿੱਚ ਜੋਅ ਫ਼ਰੇਜ਼ਰ ਨੇ ਹੱਥ ਖੜੇ ਕਰ ਦਿੱਤੇ। ਬਹੁਤ ਸਾਰੇ ਇਹ ਨਹੀਂ ਜਾਣਦੇ ਕਿ ਬੁਰੀ ਤਰ੍ਹਾਂ ਥਕਾਵਟ ਨਾਲ ਚੂਰ ਹੋਇਆ ਅਲੀ ਵੀ ਮੈਚ ਛੱਡਣ ਨੂੰ ਤਿਆਰ ਬੈਠਾ ਸੀ। ਪਰ ਕਿਸਮਤ ਵਜੋਂ ਜੋਅ ਨੇ ਕੁੱਝ ਸੈਕਿੰਡ ਪਹਿਲਾਂ ਹੀ ਢੇਰੀ ਢਾ ਲਈ। ਦੋਵੇਂ ਬਹੁਤ ਬਹਾਦਰੀ ਨਾਲ ਲੜੇ ਅਤੇ ਇਸ ਖ਼ੂਨੀ ਲੜਾਈ ਤੋਂ ਬਾਅਦ ਉਹਨਾਂ ਦੋਹਾਂ ਨੂੰ ਹਸਪਤਾਲ ਲਿਜਾਣਾ ਪਿਆ। ਇਸ ਮੁਕਾਬਲੇ ਨੇ ਅਲੀ ਦੇ ਮਹਾਨਤਮ ਮੁੱਕੇਬਾਜ਼ ਹੋਣ ਤੇ ਮੋਹਰ ਲਗਾ ਦਿੱਤੀ ਸੀ।

ਉਮਰ ਦੇ 36ਵੇਂ ਸਾਲ ਵਿੱਚ ਅਲੀ ਨੂੰ ਲਿਓਨ ਸਪਿੰਕਸ ਨੇ ਇੱਕ ਪੇਸ਼ੇਵਰ ਮੁੱਕੇਬਾਜ਼ੀ ਮੈਚ ਲਈ ਚੁਣੌਤੀ ਦਿੱਤੀ, ਜੋ ਅਲੀ ਨੇ ਖਿੜੇ ਮੱਥੇ ਸਵੀਕਾਰ ਕਰ ਲਈ। ਇਹ ਹੈਵੀਵੇਟ ਚੈਂਪੀਅਨਸ਼ਿਪ ਮੁਕਾਬਲਾ 15 ਫਰਵਰੀ 1978 ਨੂੰ ਲਾਸ ਵੇਗਾਸ, ਨੇਵਾਡਾ ਖੇਡਿਆ ਗਿਆ। ਜਿਸ ਨੂੰ ਲਿਓਨ ਸਪਿੰਕਸ ਨੇ ਆਪਣੇ ਨਾਮ ਕੀਤਾ। ਪਰ ਅਲੀ ਆਪਣੇ ਸੁਭਾਅ ਮੁਤਾਬਿਕ ਕਿਸੇ ਦੀ ਪਾਈ ਭਾਜੀ ਨੂੰ ਨਹੀਂ ਸੀ ਰੱਖਦਾ। ਅਲੀ ਨੇ ਲਿਓਨ ਸਪਿੰਕਸ ਨੂੰ 15 ਸਤੰਬਰ,1978, ਨਿਊ ਓਰਲੀਨਜ਼ ਵਿੱਚ ਹਰਾ ਆਪਣਾ ਦਬਦਬਾ ਕਾਇਮ ਰੱਖਿਆ। ਇਹ ਮੈਚ ਡਬਲਯੂ.ਬੀ.ਏ. ਅਤੇ ਲਾਈਨਲ ਹੈਵੀਵੇਟ ਚੈਂਪੀਅਨਸ਼ਿਪ ਲਈ ਖੇਡਿਆ ਗਿਆ ਸੀ।

ਮੁਹੰਮਦ ਅਲੀ ਨੇ ਪ੍ਰੋਫੈਸ਼ਨਲ ਮੁੱਕੇਬਾਜ਼ੀ ਨੂੰ 1981 ਵਿੱਚ ਅਲਵਿਦਾ ਆਖ ਦਿੱਤਾ ਸੀ। ਓਸ ਵੇਲ਼ੇ ਅਲੀ ਦੀ ਉਮਰ 39 ਸਾਲ ਦੀ ਸੀ। ਮੁੱਕੇਬਾਜ਼ੀ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਅਲੀ ਨੇ ਕਰੀਅਰ ਵਿੱਚ  61 ਮੈਚ ਖੇਡੇ ਜਿਸ ਵਿੱਚ 56 ਜਿੱਤਾਂ, 5 ਹਾਰਾਂ ਸ਼ਾਮਿਲ ਹਨ। ਅਲੀ ਨੇ 37 ਵਾਰ ਨਾਕਆਊਟ ਦੁਆਰਾ ਜਿੱਤ ਪ੍ਰਾਪਤ ਕਰ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ।

ਅਲੀ ਆਪਣੀ ਭੜਕਾਊ ਬਿਆਨਬਾਜ਼ੀ ਲਈ ਮਸ਼ਹੂਰ ਸੀ। ਓਹ ਆਪਣੇ ਬਿਆਨਾ ਵਿੱਚ ਤੁੱਕਬੰਦੀ ਕਰਦਾ ਅਤੇ ਸ਼ਾਇਰਾਨਾ ਅੰਦਾਜ ਵਿੱਚ ਗੱਲਬਾਤ ਕਰਿਆ ਕਰਦਾ ਸੀ। ਓਹ ਆਪਣੇ ਆਪ ਨੂੰ ਮਹਾਨਤਮ ਦੱਸਦਾ ਅਤੇ ਓਸ ਵੱਲੋਂ ਅਕਸਰ ਭਵਿੱਖਬਾਣੀ ਕੀਤੀ ਜਾਂਦੀ ਸੀ ਕਿ ਉਹ ਕਿਸ ਰਾਊਂਡ ਵਿੱਚ ਆਪਣੇ ਵਿਰੋਧੀ ਨੂੰ ਨਾਕਆਊਟ ਕਰੇਗਾ। ਓਸ ਵੱਲੋਂ ਕਹੀਆਂ ਗੱਲਾਂ ਅੱਜ ਵੀ ਉਭਰਦੇ ਖ਼ਿਡਾਰੀਆਂ ਵਿੱਚ ਨਵੀਂ ਊਰਜਾ ਦਾ ਸੰਚਾਰ ਕਰ ਰਹੀਆਂ ਹਨ।

ਮੁੱਕੇਬਾਜ਼ੀ ਤੋਂ ਹਟਕੇ, ਅਲੀ ਨੇ ਦੋ ਸਟੂਡੀਓ ਐਲਬਮਾਂ ਵੀ ਬਣਾਈਆਂ ਸਨ। ਪਹਿਲੀ ‘ਆਈ ਐਮ ਦੀ ਗ੍ਰੇਟੈਸਟ’..!! (1963) ਅਤੇ ‘ਦ ਐਡਵੈਂਚਰਜ਼ ਆਫ ਅਲੀ ਐਂਡ ਹਿਜ਼ ਗੈਂਗ ਬਨਾਮ ਮਿਸਟਰ ਟੂਥ ਡਿਕੇ’..!! (1976)। ਦੋਵਾਂ ਐਲਬਮਾਂ ਨੂੰ ਗ੍ਰੈਮੀ ਅਵਾਰਡ ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਉਸਨੇ ਇੱਕ ਅਭਿਨੇਤਾ ਅਤੇ ਲੇਖਕ ਵਜੋਂ ਵੀ ਯੋਗਦਾਨ ਪਾਇਆ। ਓਸ ਦੁਆਰਾ ਦੋ ਸਵੈ-ਜੀਵਨੀਆਂ ਵੀ ਲਿਖੀਆਂ ਗਈਆਂ। ਅਲੀ ਨੇ 1981 ਵਿੱਚ ਮੁੱਕੇਬਾਜ਼ੀ ਤੋਂ ਸੰਨਿਆਸ ਲੈਣ ਤੋਂ ਬਾਅਦ ਧਰਮ, ਪਰਉਪਕਾਰ ਅਤੇ ਮਨੁੱਖਤਾ ਦੀ ਸੇਵਾ ਵੱਲ ਧਿਆਨ ਕੇਂਦਰਿਤ ਕੀਤਾ। ਉਸਦਾ ਕਹਿਣਾ ਸੀ “ਜੋ ਸੇਵਾ ਤੁਸੀਂ ਦੂਜਿਆਂ ਲਈ ਕਰਦੇ ਹੋ, ਉਹ ਕਿਰਾਇਆ ਹੈ ਜੋ ਤੁਸੀਂ ਧਰਤੀ ‘ਤੇ ਆਪਣੇ ਸਵਰਗਾਂ ਵਿੱਚਲੇ ਕਮਰੇ ਲਈ ਅਦਾ ਕਰਦੇ ਹੋ।” 1984 ਵਿੱਚ ਉਹ ਬਦਕਿਸਮਤੀ ਨਾਲ ਪਾਰਕਿੰਸਨ’ਸ ਸਿੰਡਰੋਮ ਦਾ ਸ਼ਿਕਾਰ ਬਣਿਆ। ਪਾਰਕਿੰਸਨ’ਸ ਦੀ ਬਿਮਾਰੀ ਨਾਲ ਜੂਝਦੇ ਅਲੀ 2 ਜੂਨ 2016 ਨੂੰ ਸਕਾਟਸਡੇਲ, ਐਰੀਜ਼ੋਨਾ ਵਿਖ਼ੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਸਨੇ ਸੈਪਟਿਕ ਸਟ੍ਰੋਕ ਦੇ ਚਲਦਿਆਂ ਆਪਣੇ ਅੰਤਿਮ ਸਾਹ ਲਏ।

ਮੁਹੰਮਦ ਅਲੀ ਅਲੀ ਇੱਕ ਮਹਾਨ ਮੁੱਕੇਬਾਜ਼ ਹੋਣ ਦੇ ਨਾਤੇ ਇੱਕ ਚੰਗਾ ਇਨਸਾਨ ਵੀ ਸੀ, ਜਿਸ ਕਰਕੇ ਓਹ ਲੱਖਾਂ ਲੋਕਾਂ ਦਾ ਆਦਰਸ਼ ਬਣਿਆ ਅੱਲਾ ਪਾਕ ਮਹਿਰੂਮ ਮੁਹੰਮਦ ਅਲੀ ਦੀ ਪਾਕ ਪਵਿੱਤਰ ਰੂਹ ਨੂੰ ਜੰਨਤ ਅਤਾ ਫਰਮਾਏ….!!

 

Related posts

ਵਿਰਾਟ ਕੋਹਲੀ ਨੂੰ ਅੰਪਾਇਰ ਨਾਲ ਬਹਿਸ ਕਰਨਾ ਪਿਆ ਮਹਿੰਗਾ, ਲੱਗਿਆ ਮੈਚ ਫ਼ੀਸ ਦਾ 50% ਜੁਰਮਾਨਾ

editor

ਟੈਨਿਸ ਸਟਾਰ ਗਾਰਬਾਈਨ ਮੁਗੁਰੂਜ਼ਾ ਵੱਲੋਂ ਸੰਨਿਆਸ ਦਾ ਐਲਾਨ

editor

ਵਿਨੇਸ਼, ਰਿਤਿਕਾ ਤੇ ਅੰਸ਼ੂ ਪੈਰਿਸ ਉਲੰਪਿਕਸ ਲਈ ਕੁਆਲੀਫ਼ਾਈ ਕਰਨ ਦੇ ਨੇੜੇ

editor