Articles Religion

ਮਾਖਿਓਂ ਮਿੱਠੀ ਬਾਣੀ ਦੇ ਰਚੇਤਾ ਬਾਬਾ ਸ਼ੇਖ ਫ਼ਰੀਦ ਜੀ !

ਲੇਖਕ: ਰਾਜਨਦੀਪ ਕੌਰ ਮਾਨ

ਬਾਬਾ ਫ਼ਰੀਦ ਜੀ ਸੂਫ਼ੀ ਸੰਤ ਤੇ ਮਹਾਨ ਫਕੀਰ ਸਨ। ਅਜਿਹੀਆਂ ਰੂਹਾਂ ਤੇ ਕਿਸੇ ਵੀ ਫ਼ਿਰਕੇ,ਧਰਮ ਦਾ ਕਬਜ਼ਾ ਨਹੀਂ ਹੋ ਸਕਦਾ ਹੁੰਦਾ,ਇਹ ਦਰਵੇਸ਼ ਲੋਕ ਸਮੁੱਚੀ ਲੋਕਾਈ ਦੇ ਸਾਂਝੇ ਹੁੰਦੇ ਹਨ।ਬਾਬਾ ਫ਼ਰੀਦ ਜੀ ਦਾ ਜਨਮ 1173 ਈਸਵੀ ਨੂੰ ਖੋਤਵਾਲ, ਜ਼ਿਲ੍ਹਾ ਮੁਲਤਾਨ ਵਿੱਚ ਜਮਾਲ ਉਦ ਦੀਨ ਸੁਲੇਮਾਨ ਅਤੇ ਸ਼ੇਖ ਵਜੀਹੁਦੀਨ ਖੋਜੇਂਦੀ ਦੀ ਧੀ ਕੁੱਲਸੂਮ ਬੀਬੀ ਦੀ ਕੁੱਖੋਂ ਹੋਇਆ।ਬਾਬਾ ਜੀ ਦੀ ਜਨਮ ਤਰੀਕ ਬਾਰੇ ਵਿਦਵਾਨਾਂ ਵਿਚ ਕਾਫੀ ਮਤਭੇਦ ਹਨ। ਬਾਬਾ ਫ਼ਰੀਦ ਜੀ ਦੇ ਪਿਤਾ ਜੀ ਬਹੁਤ ਜਲਦੀ ਗੁਜ਼ਰ ਗਏ ਸਨ। ਆਪ ਜੀ ਦੀ ਮਾਤਾ ਕੁਲਸੂਮ ਨੇ ਹੀ ਆਪ ਜੀ ਨੂੰ ਪਾਲ ਪੋਸ ਕੇ ਵੱਡਾ ਕੀਤਾ ਤੇ ਨਾਲ ਨਾਲ ਧਾਰਮਿਕ ਵਿੱਦਿਆ ਵੀ ਦਿੱਤੀ।ਆਪ ਦੀ ਮਾਤਾ ਦਾ ਆਪ ਨੂੰ ਰੱਬ ਨਾਲ ਜੋੜਨ ਵਿੱਚ ਬਹੁਤ ਵੱਡਾ ਯੋਗਦਾਨ ਹੈ।ਇਸ ਤੋਂ ਬਾਅਦ ਆਪ ਜੀ ਨੇ ਮੌਲਾਨਾ ਅਬੂ ਹਾਫ਼ਿਜ਼ ਕੋਲੋਂ ਬਕਾਇਦਾ ਕੁਰਾਨ ਮਜੀਦ ਦੀ ਸਿੱਖਿਆ ਹਾਸਿਲ ਕੀਤੀ। ਫਿਰ ਉਹ ਬਗਦਾਦ ਚਲੇ ਗਏ ,ਜਿੱਥੇ ਉਹਨਾਂ ਨੇ ਅਬਦੁਲ ਕਾਦਿਰ ਜਿਲਾਨੀ,ਸ਼ੇਖ ਸ਼ਿਰਾਬੂਦੀਨ ਸੁਹਰਾਵਰਦੀ ਅਤੇ ਖਵਾਜ਼ਾ ਮਾਈਉਦੀਨ ਚਿਸ਼ਤੀ ਆਦਿ ਦੀ ਸੰਗਤ ਤੋਂ ਲਾਭ ਲਿਆ ।

ਬਾਬਾ ਫ਼ਰੀਦ ਜੀ ਨੇ ਆਪਣੀ ਜ਼ਿੰਦਗੀ ਦੌਰਾਨ ਬਹੁਤ ਕਠਿਨ ਤਪੱਸਿਆ ਕੀਤੀ ਤੇ ਅਨੇਕਾਂ ਚਿੱਲੇ ਕੱਟੇ।ਆਪ ਜੀ ਨੇ ਬਹੁਤ ਸਾਰੀਆਂ ਧਾਰਮਿਕ ਯਾਤਰਾਵਾਂ ਕੀਤੀਆਂ।ਇਹਨਾਂ ਸਾਰੇ ਕਾਰਨਾਂ ਕਰਕੇ ਆਪ ਜੀ ਨੂੰ ਚਿਸ਼ਤੀ ਪੰਥ ਦੀ ਵਾਗਡੋਰ ਸੰਭਾਲਣ ਦਾ ਮਾਣ ਪ੍ਰਾਪਤ ਹੋਇਆ।ਬਾਬਾ ਜੀ ਦਾ ਦਿਹਾਂਤ 1280 ਈਸਵੀ ਨੂੰ ਪਾਕਪਟਨ ਵਿਖੇ ਹੋਇਆ ।ਉਥੇ ਵੀ ਇਹਨਾਂ ਦੀ ਯਾਦ ਵਿੱਚ ਦਰਗਾਹ ਬਣੀ ਹੋਈ ਹੈ।
ਪੰਜਾਬੀ ਸਾਹਿਤ ਵਿੱਚ ਬਾਬਾ ਫ਼ਰੀਦ ਜੀ ਨੂੰ ਪੰਜਾਬੀ ਦਾ ਪਹਿਲਾ ਕਵੀ ਵੀ ਮੰਨਿਆਂ ਜਾਂਦਾ ਹੈ। ਕਿਉਕਿ ਉਹਨਾਂ ਤੋਂ ਪਹਿਲਾਂ ਕਿਸੇ ਹੋਰ ਕਵੀ ਦੀਆਂ ਰਚਨਾਵਾਂ ਉਪਲਬਧ ਵੀ ਨਹੀਂ ਹਨ।ਬਾਬਾ ਜੀ ਦੀ ਬਾਣੀ ਦੀ ਉੱਤਮਤਾ ਨੂੰ ਦੇਖਦੇ ਹੋਏ ਹੀ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ੇਸ਼ ਸਥਾਨ ਦੇ ਕੇ ਦਰਜ਼ ਕੀਤਾ ਸੀ।
ਬਾਬਾ ਫ਼ਰੀਦ ਜੀ ਰਚਨਾ ਬਾਣੀ ਭਾਵੇਂ ਜਿਆਦਾ ਮਾਤਰਾ ਵਿੱਚ ਉਪਲਬਧ ਨਹੀਂ ਹੈ,ਪਰ ਕਾਵਿਕ ਗੁਣਾਂ , ਵਿਸ਼ੇ ਦੀ ਸ਼੍ਰੇਸ਼ਟਤਾ ਅਤੇ ਬੇਹੱਦ ਮਿਠਾਸ ਨਾਲ ਲਬਰੇਜ਼ ਹੋਣ ਕਰਕੇ ,ਆਪਣਾ ਖਾਸ ਸਥਾਨ ਰੱਖਦੀ ਹੈ।ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਜੀ ਦੇ 112 ਸਲੋਕ ਦਰਜ ਹਨ। ਉਨ੍ਹਾਂ ਦੀ ਬਾਣੀ ਵਿਚਲੀ ਰੱਬ ਨੂੰ ਮਿਲਣ ਦੀ ਤੜਫ਼,ਸਾਦਾਪਣ,ਨਿਮਰਤਾ ਅਤੇ ਮਿਠਾਸ ਕਰਕੇ ਉਹ ਲੋਕਾਂ ਵਿੱਚ ਬੇਹੱਦ ਹਰਮਨ ਪਿਆਰੇ ਸੂਫ਼ੀ ਸੰਤ ਹਨ।ਆਪ ਜੀ ਦੀ ਬਾਣੀ ਵਿੱਚ ਰੱਬ ਨੂੰ ਲੈਕੇ ਇੰਨਾ ਵੈਰਾਗ ਹੈ ਕਿ ਬਾਣੀ ਪੜ੍ਹਦੇ ਹੋਏ ਅੱਖਾਂ ਵਿਚੋਂ ਅੱਥਰੂ ਸਹਿਜੇ ਹੀ ਵਹਿ ਤੁਰਦੇ ਹਨ;
ਅਜੁ ਨ ਸੁਤੀ ਕੰਤ ਸਿਓ
ਅੰਗ ਮੁੜੇ ਮੁੜਿ ਜਾਇ।।
ਜਾਇ ਪੁਛਹੁ ਡੋਹਾਗਣੀ
ਤੁਮ ਕਿਉ ਰੈਣਿ ਵਿਹਾਇ।।
ਆਪ ਜੀ ਨੇ ਆਪਣੀ ਬਾਣੀ ਵਿੱਚ ਖਰੀਆਂ ਖਰੀਆਂ ਤੇ ਸੱਚੀਆਂ ਵੀ ਸੁਣਾਈਆਂ ਹਨ;
ਫਰੀਦਾ ਬੇ ਨਿਵਾਜਾ ਕੁੱਤਿਆ ਏਹ ਨ ਭਲੀ ਰੀਤਿ।।
ਕਬਹਿ ਚਲਿ ਨ ਆਇਆ ਪੰਜੇ ਵਖਤ ਮਸੀਤਿ।।
ਫਰੀਦਾ ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਵੇਸ।।
ਗੁਨਹੀ ਭਰਿਆ ਮੈ ਫਿਰਾ ਲੋਕ ਕਹੈ ਦਰਵੇਸੁ।।
ਆਪ ਜੀ ਦੀ ਬਾਣੀ ਵਿੱਚੋਂ ਅਥਾਹ ਨਿਮਰਤਾ ਤੇ ਸਬਰ ਸੰਤੋਖ ਦਾ ਉਪਦੇਸ਼ ਮਿਲਦਾ ਹੈ:
ਫਰੀਦਾ ਸਾਹਿਬ ਦੀ ਕਰ ਚਾਕਰੀ    ਦਿਲ ਦੀ ਲਾਹਿ ਭਰਾਂਦ।।
ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦ।।
ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹਿ।।
ਅਗੈ ਮੂਲ ਨਾ ਆਵਸੀ
ਦੋਜ਼ਖ਼ ਸੰਦੀ ਭਾਹਿ।।
ਇਹਨਾਂ ਦੇ ਨਾਮ ਤੇ ਹੀ ਫਰੀਦਕੋਟ ਸ਼ਹਿਰ ਦਾ ਨਾਮ ਰੱਖਿਆ ਗਿਆ ਸੀ।ਪਹਿਲਾਂ ਫਰੀਦਕੋਟ ਦਾ ਨਾਮ ਮੋਕਲਸਰ ਸੀ।ਇਥੇ ਹਰ ਸਾਲ ਅੱਸੂ ਮਹੀਨੇ ਬਾਬਾ ਫਰੀਦ ਜੀ ਦੀ ਯਾਦ ਵਿੱਚ ਆਗਮਨ ਪੁਰਬ ਮਨਾਇਆ ਜਾਂਦਾ ਹੈ,ਜਿਸ ਵਿੱਚ ਦੇਸ਼ ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ ਹਨ।ਪੂਰਾ ਫਰੀਦਕੋਟ ਸ਼ਹਿਰ ਇਸ ਮਹੀਨੇ ਇੱਕ ਖਾਸ ਤਰ੍ਹਾਂ ਦੇ ਸੂਫ਼ੀ ਰੰਗ ਵਿੱਚ ਰੰਗਿਆ ਹੋਇਆ ਦਿਖਾਈ ਦਿੰਦਾ ਹੈ।ਸਾਨੂੰ ਬਾਬਾ ਫ਼ਰੀਦ ਜੀ ਦੀ ਬਾਣੀ ਨੂੰ ਪੜ੍ਹ ਕੇ ਨਿਮਰਤਾ ,ਸਾਦਗੀ ਵਰਗੇ ਗੁਣਾਂ ਨੂੰ ਧਾਰਨ ਕਰਨ ਦਾ ਸੰਦੇਸ਼ ਮਿਲਦਾ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin