India

ਬੇਅਦਬੀ ਕਰਨ ਵਾਲੇ ਨੂੰ ਨਿਹੰਗ ਸਿੰਘਾਂ ਨੇ ਮਾਰਕੇ ਸਿੰਘੂ ਬਾਰਡਰ ‘ਤੇ ਟੰਗ ਦਿੱਤਾ !

ਨਵੀਂ ਦਿੱਲੀ – ਕਿਸਾਨਾਂ ਦੇ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਚਲਾਏ ਜਾ ਰਹੇ ਅੰਦੋਲਨ ਵਾਲੀ ਸਿੰਘੂ ਬਾਰਡਰ ‘ਤੇ ਸਟੇਜ ਦੇ ਨੇੜੇ ਅੱਜ ਸਵੇਰੇ ਤੜਕੇ ਇੱਕ ਹੱਥ ਕੱਟੇ ਹੋਏ ਨੌਜਵਾਨ ਦੀ ਲਟਕਦੀ ਹੋਈ ਲਾਸ਼ ਮਿਲੀ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਨੌਜਵਾਨ ਦੀ ਅੰਦੋਲਨ ਵਾਲੀ ਥਾਂ ਦੇ ਨੇੜੇ ਬੜੀ ਹੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਉਸਨੂੰ ਪਹਿਲਾਂ ਫੜਕੇ ਘੜੀਸਿਆ ਗਿਆ, ਇੱਕ ਹੱਥ ਕੱਟ ਦਿੱਤਾ ਗਿਆ ਅਤੇ ਲਾਸ਼ ਨੂੰ ਕਿਸਾਨ ਅੰਦੋਲਨ ਦੀ ਸਟੇਜ ਦੇ ਨੇੜੇ ਲਟਕਾ ਦਿੱਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਨੌਜਵਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਦੋਸ਼ ਹੈ। ਹਾਲਾਂਕਿ ਇਸ ਨੂੰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਵੀ ਕਿਹਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਨਿਹੰਗਾਂ ਸਿੰਘਾਂ ਉਪਰ ਦੋਸ਼ ਹੈ ਉਹਨਾਂ ਵੱਲੋਂ ਇੱਕ ਨੌਜਵਾਨ ਦਾ ਹੱਥ ਤੇ ਧੌਣ ਵੱਢਕੇ ਉਸਦੀ ਬੁਰੀ ਤਰ੍ਹਾਂ ਹੱਤਿਆ ਕਰਕੇ ਉਸਦੀ ਲਾਸ਼ ਨੂੰ ਕਿਸਾਨ ਅੰਦੋਲਨ ਦੀ ਸਟੇਜ ਦੇ ਨੇੜੇ ਟੰਗ ਦਿੱਤਾ। ਨਿਹੰਗ ਸਿੰਘਾਂ ਨੇ ਨੌਜਵਾਨ ‘ਤੇ ਦੋਸ਼ ਲਾਇਆ ਹੈ ਕਿ ਉਸਨੇ 30 ਹਜ਼ਾਰ ਰੁਪਏ ਲੈਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਨੌਜਵਾਨ ਨੇ ਇੱਥੇ ਅੱਜ ਸਵੇਰੇ ਤੜਕੇ 5 ਵਜੇ ਦੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ ਅਤੇ ਜਦੋਂ ਨਿਹੰਗਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਨੌਜਵਾਨ ਨੂੰ ਮੌਕੇ ‘ਤੇ ਫੜ ਲਿਆ ਅਤੇ ਪਹਿਲਾਂ ਉਸਨੂੰ ਫੜਕੇ ਘੜੀਸਿਆ ਗਿਆ ਅਤੇ ਫਿਰ ਉਸਦੇ ਹੱਥ ਤੇ ਧੌਣ ਵੱਢਕੇ ਬੁਰੀ ਤਰ੍ਹਾਂ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਟੰਗ ਦਿੱਤਾ। ਮ੍ਰਿਤਕ ਦੀ ਲਾਸ਼ ਸਵੇਰ ਦੇ 9 ਵਜੇ ਤੱਕ ਲਟਕਦੀ ਰਹੀ। ਇਸ ਘਟਨਾ ਤੋਂ ਬਾਅਦ ਕੁੱਝ ਲੋਕਾਂ ਨੇ ਲਾਸ਼ ਨੂੰ ਹੇਠਾਂ ਲਾਹੁਣ ਦੀ ਕੋਸ਼ਿਸ਼ ਕੀਤੀ ਪਰ ਨਿਹੰਗ ਸਿੰਘਾਂ ਨੇ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕੁੰਡਲੀ ਥਾਣੇ ਦੇ ਇੰਚਾਰਜ ਰਵੀ ਕੁਮਾਰ ਮੌਕੇ ‘ਤੇ ਪਹੁੰਚੇ ਪਰ ਨਿਹੰਗ ਸਿੰਘ ਉਹਨਾਂ ਨੂੰ ਵੀ ਨੇੜੇ ਨਹੀਂ ਆਉਣ ਦੇ ਰਹੇ ਸਨ। ਇਸੇ ਦੌਰਾਨ ਹਰਿਆਣੇ ਦੇ ਕਿਸਾਨ ਨੇਤਾ ਬਲਦੇਵ ਸਿਰਸਾ ਮੌਕੇ ‘ਤੇ ਪਹੁੰਚੇ ਅਤੇ ਉਹਨਾਂ ਨੇ ਵਿੱਚ-ਵਿਚਾਲੇ ਪੈ ਕੇ ਲਾਸ਼ ਨੂੰ ਹੇਠਾਂ ਉਤਾਰਨ ਦੇ ਵਿੱਚ ਪੁਲਿਸ ਦੀ ਮੱਦਦ ਕੀਤੀ। ਪੁਲਿਸ ਨੇ ਲਾਸ਼ ਨੂੰ ਕਬਜੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਪੁਲਿਸ ਨੇ ਇਸ ਘਟਨਾ ਸਬੰਧੀ ਹਾਲੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।

ਇਸੇ ਦੌਰਾਨ ਸਿੰਘੂ ਬਾਰਡਰ ‘ਤੇ ਵਾਪਰੀ ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨਿਹੰਗ ਸਿੰਘ ਕਹਿ ਰਿਹਾ ਹੈ ਕਿ, ਸਿੰਘੂ ਸਰਹੱਦ ‘ਤੇ ਇਸ ਪਾਪੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਖਾਲਸੇ ਦੀ ਫੌਜ ਨੇ ਉਸਦਾ ਹੱਥ ਅਤੇ ਲੱਤ ਵੀ ਕੱਟ ਦਿੱਤੀ। ਨਿਹੰਗ ਸਿੰਘ ਦੱਸਦਾ ਹੈ ਕਿ “ਇਹ ਨੌਜਵਾਨ ਰਾਤ ਦੇ ਸਮੇਂ ਉਸ ਤੰਬੂ ਵਿੱਚ ਆਇਆ ਸੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ। ਜਦੋਂ ਸਿੱਖੀ ਭੇਸ ਵਿੱਚ ਇੱਕ ਨੌਜਵਾਨ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਭੱਜਣ ਲੱਗਾ ਤਾਂ ਸੇਵਾਦਾਰਾਂ ਨੇ ਉਸਨੂੰ ਫੜ ਲਿਆ। ਜਦੋਂ ਉਸਦੀ ਤਲਾਸ਼ੀ ਲਈ ਗਈ ਪਤਾ ਲੱਦਾ ਕਿ ਉਸਦੇ ਸਿਰ ‘ਤੇ ਵਾਲ ਨਹੀਂ ਸਨ ਪਰ ਉਸਨੇ ਕਛਹਿਰਾ ਪਾਇਆ ਹੋਇਆ ਸੀ। ਨਿਹੰਗਾਂ ਨੇ ਉਸ ਤੋਂ ਪੁੱਛਗਿੱਛ ਕੀਤੀ। ਜਦੋਂ ਉਹ ਕੁੱਝ ਦੱਸਣ ਲਈ ਤਿਆਰ ਨਹੀਂ ਸੀ ਤਾਂ ਪਹਿਲਾਂ ਉਸਦੀ ਬਾਂਹ ਅਤੇ ਫਿਰ ਲੱਤ ਵੱਢ ਦਿੱਤੀ ਗਈ। ਇਸ ਤੋਂ ਬਾਅਦ ਉਸਦੀ ਮੌਤ ਹੋ ਗਈ।”

ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਕਿ ਮਰਨ ਤੋਂ ਪਹਿਲਾਂ ਖੂਨ ਨਾਲ ਲੱਥਪੱਥ ਇਹ ਨੌਜਵਾਨ ਰੋ ਰਿਹਾ ਹੈ ਅਤੇ ਲੋਕ ਉਸਦੀ ਵੀਡੀਓ ਬਣਾ ਰਹੇ ਹਨ। ਉਸ ਨੂੰ ਪੁੱਛਿਆ ਜਾ ਰਿਹਾ ਹੈ ਕਿ ਤੂੰ ਕੌਣ ਹੈ ਅਤੇ ਕਿੱਥੋਂ ਆਇਆ ਹੈ? ਉਸਨੂੰ ਇਹ ਮੰਨਣ ਲਈ ਕਿਹਾ ਜਾ ਰਿਹਾ ਹੈ ਕਿ ਉਸਨੇ ਬੇਅਦਬੀ ਕੀਤੀ ਹੈ, ਪਰ ਉਹ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਨਿਹੰਗਾਂ ਨੂੰ ਹੁਕਮ ਦੇਣ ਕਿ ਉਹ ਮੈਨੂੰ ਮਾਰ ਦੇਣ ਅਤੇ ਮੈਨੂੰ ਆਪਣੇ ਚਰਨਾਂ ਵਿੱਚ ਬਿਠਾਉਣ। ਮੈਂ ਇਕਰਾਰ ਕਰਦਾ ਹਾਂ। ਨਿਹੰਗਾਂ ਨੇ ਮੇਰਾ ਹੱਥ ਵੱਢਿਆ ਹੈ। ਨੌਜਵਾਨ ਕਹਿ ਰਿਹਾ ਹੈ ਕਿ ਉਸ ਦਾ ਸਿਰ ਵੱਢ ਦੇਣਾ ਚਾਹੀਦਾ ਹੈ ਤਾਂ ਜੋ ਦਰਦ ਤੋਂ ਰਾਹਤ ਮਿਲ ਸਕੇ। ਨੌਜਵਾਨ ਆਪਣਾ ਸਿਰ ਕਲਮ ਕਰਨ ਲਈ ਕਹਿੰਦਾ ਹੈ, ਨਿਹੰਗ ਕਹਿੰਦੇ ਹਨ ਨੇ ਕਿ, ਤੂੰ ਤੜਫ-ਤੜਫ਼ ਕੇ ਮਰੇਗਾ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕ ਪੁੱਛਦੇ ਹਨ, ਆਪਣਾ ਨਾਮ ਵੀ ਦੱਸ, ਕਿੱਥੋਂ ਆਇਆ ਹੈ, ਕਿਸਨੇ ਭੇਜਿਆ ਹੈ, ਕੀ ਕਰਤੂਤ ਕੀਤੀ ਹੈ। ਵੀਡੀਓ ਵਿੱਚ ਕੁਝ ਲੋਕ ਨਿਹੰਗਾਂ ਦਾ ਧੰਨਵਾਦ ਕਰਦੇ ਵੀ ਨਜ਼ਰ ਆ ਰਹੇ ਹਨ। ਉਹ ਕਹਿ ਰਹੇ ਹਨ ਕਿ ਪੰਜਾਬ ਵਿੱਚ ਤਾਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀ ਨਹੀਂ ਫੜੇ ਗਏ ਪਰ ਇੱਥੇ ਨਿਹੰਗਾਂ ਨੇ ਮੌਕੇ ‘ਤੇ ਕਾਰਵਾਈ ਕੀਤੀ।

ਮ੍ਰਿਤਕ 36 ਸਾਲਾ ਲਖਬੀਰ ਸਿੰਘ ਟੀਟੂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ ਦੇ ਵਿੱਚ ਸਿੰਘੂ ਬਾਰਡਰ ਉਪਰ ਨਿਹੰਗ ਸਿੰਘਾਂ ਦੇ ਵਲੋਂ ਮਾਰਕੇ ਟੰਗੇ ਗਏ ਵਿਅਕਤੀ ਦੀ ਪਛਾਣ ਹੋ ਗਈ ਹੈ। ਮ੍ਰਿਤਕ 36 ਸਾਲਾ ਲਖਬੀਰ ਸਿੰਘ ਟੀਟੂ ਪੰਜਾਬ ਦੇ ਤਰਨਤਾਰਨ ਜਿਲ੍ਹੇ ਦੇ ਪਿੰਡ ਚੀਮਾ ਦਾ ਰਹਿਣ ਵਾਲਾ ਹੈ ਅਤੇ ਉਹ ਨਸ਼ੱਈ ਸੀ। ਉਸਦੇ ਪਿਤਾ ਦਾ ਨਾਂ ਦਰਸ਼ਨ ਸਿੰਘ ਸੀ ਜਿਸਦੀ ਕਰੀਬ 6 ਸਾਲ ਪਹਿਲਾਂ ਮੌਤ ਹੋ ਗਈ ਸੀ।

ਕਿਸਾਨ ਅੰਦੋਲਨ ਵਾਲੀ ਥਾਂ ਸਿੰਘੂ ਉਪਰ ਵਾਪਰੀ ਇਹ ਘਟਨਾ ਵਾਲੀ ਥਾਂ ਦਿੱਲੀ-ਹਰਿਆਣਾ ਸਰਹੱਦ ਦੇ ਉਪਰ ਪੈਂਦੀ ਹੈ। ਇਸ ਘਟਨਾ ਦੇ ਸਬੰਧੀ ਇਸ ਸਬੰਧੀ ਰੋਹਤਕ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਸੰਦੀਪ ਖਿਰਵਾਰ ਨੇ ਦੱਸਿਆ ਕਿ, “ਕੁੰਡਲੀ ਪੁਲਿਸ ਸਟੇਸ਼ਨ ਨੂੰ ਸਵੇਰੇ 5 ਵਜੇ ਸੂਚਨਾ ਮਿਲੀ ਸੀ ਕਿ ਕਿਸਾਨਾਂ ਦੇ ਵਿਰੋਧ ਸਥਾਨ ਦੇ ਨੇੜੇ ਇੱਕ ਲਾਸ਼ ਮਿਲੀ ਹੈ। ਜਦੋਂ ਪੁਲਿਸ ਘਟਨਾ ਵਾਲੀ ਥਾਂ ਪਹੁੰਚੀ ਤਾਂ ਸ਼ੁਰੂ ਵਿੱਚ ਕੁੱਝ ਲੋਕਾਂ ਨੇ ਇਲਾਕੇ ਵਿੱਚ ਪੁਲਿਸ ਦੇ ਦਾਖਲੇ ਦਾ ਵਿਰੋਧ ਕੀਤਾ ਅਤੇ ਪੁਲਿਸ ਨੂੰ ਸਹਿਯੋਗ ਨਹੀਂ ਦਿੱਤਾ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਸੀਂ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਸੋਸ਼ਲ ਮੀਡੀਆ ‘ਤੇ ਚੱਲ ਰਹੇ ਵੀਡੀਓ ਬਾਰੇ ਪੁੱਛੇ ਜਾਣ’ ਤੇ ਸੋਨੀਪਤ ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸੋਨੀਪਤ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਪਿਛਲੇ ਪਾਸੇ ਨਿਹੰਗ ਸਿੰਘਾਂ ਦੇ ਡੇਰੇ ਹਨ। ਇਸਦੇ ਆਲੇ ਦੁਆਲੇ ਪੁਲਿਸ ਤਾਇਨਾਤ ਹੈ। ਪੁਲਿਸ ਦਾ ਖੁਫੀਆ ਵਿੰਗ ਘਟਨਾ ਨਾਲ ਜੁੜੇ ਸਾਰੇ ਵੀਡੀਓ ਇਕੱਠੇ ਕਰਨ ਵਿੱਚ ਰੁੱਝਿਆ ਹੋਇਆ ਹੈ ਤਾਂ ਜੋ ਕੋਈ ਸਬੂਤ ਮਿਲ ਸਕੇ।

ਸੰਯੁਕਤ ਮੋਰਚੇ ਵਲੋਂ ਇਸ ਘਟਨਾ ਦੀ ਨਿੰਦਾ

ਸੰਯੁਕਤ ਮੋਰਚੇ ਨੇ ਇਸ ਘਟਨਾ ਸਬੰਧੀ ਕਿਹਾ ਹੈ ਕਿ ਅਸੀਂ ਲਖਬੀਰ ਸਿੰਘ ਦੇ ਕਤਲ ਤੋਂ ਦੁਖੀ ਹਾਂ। ਮ੍ਰਿਤਕ ਕੁੱਝ ਸਮੇਂ ਤੋਂ ਨਿਹੰਗਾਂ ਦੇ ਨਾਲ ਹੀ ਰਹਿ ਰਿਹਾ ਸੀ ਜਿਹਨਾਂ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਮੋਰਚੇ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਵੀ ਵਿਰੁੱਧ ਹਾਂ। ਪਰ ਕਿਸੇ ਖਾਸ ਵਿਅਕਤੀ ਜਾਂ ਸਮੂਹ ਨੂੰ ਅਪਰਾਧ ਦੇ ਮਾਮਲੇ ਵਿੱਚ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੰਗ ਕਰਦੇ ਹਨ ਕਿ ਬੇਅਦਬੀ ਅਤੇ ਕਤਲ ਦੋਵਾਂ ਮਾਮਲਿਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

Related posts

ਕਰਨਾਟਕ: ਫ਼ਯਾਜ਼ ਨੇ ਨੇਹਾ ਨੂੰ 30 ਸੈਕਿੰਡ ’ਚ 14 ਵਾਰ ਚਾਕੂ ਮਾਰਿਆ

editor

ਸੁਪਰੀਮ ਕੋਰਟ ਨੇ 12ਵੀਂ ਕਲਾਸ ਤੋਂ ਬਾਅਦ 3-ਸਾਲਾ ਐਲ.ਐਲ.ਬੀ. ਕੋਰਸ ਕਰਨ ਦੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਕੀਤਾ ਇਨਕਾਰ

editor

ਲਖੀਮਪੁਰ ਖੀਰੀ ਹਿੰਸਾ ਮਾਮਲਾ ਜੇ ਆਸ਼ੀਸ਼ ਮਿਸ਼ਰਾ ਸਿਆਸੀ ਸਮਾਗਮਾਂ ’ਚ ਜਾ ਰਿਹੈ ਤਾਂ ਇਹ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਹੋਵੇਗੀ: ਸੁਪਰੀਮ ਕੋਰਟ

editor