Articles

ਭਾਈ ਜਿੰਦਾ ਤੇ ਸੁੱਖਾ ਦੇ ਸਾਥੀ ਭਾਈ ਰਣਜੀਤ ਸਿੰਘ ਕੁੱਕੀ ਗਿੱਲ

ਲੇਖਕ: ਕੁਲਵੰਤ ਸਿੰਘ ਢੇਸੀ, ਯੂ ਕੇ

ਅੰਗਾਰੇ ਮਾਂਗਨੇ ਆਏ ਥੇ ਰੌਸ਼ਨੀ ਕੀ ਭੀਖ, ਅਪਨਾ ਘਰ ਨਾ ਜਲਾਤੇ ਤੋ ਕਿਆ ਕਰਤੇ !

ਲਲਿਤ ਮਾਕਨ ਅਤੇ ਉਸ ਦੀ ਪਤਨੀ ਗੀਤਾਂਜਲੀ ਦੇ ਕਤਲ ਕੇਸ ਵਿਚ ਭਾਈ ਕੁੱਕੀ 14 ਸਾਲ ਅਮਰੀਕਾ ਦੀ ਜਿਹਲ ਵਿਚ ਅਤੇ 4 ਸਾਲ ਭਾਰਤ ਦੀ ਤਿਹਾੜ ਜਿਹਲ ਵਿਚ ਰਹੇ । ਪਿਛਲੇ ਕੁਝ ਸਮੇਂ ਮੀਡੀਏ ਦੇ ਵੱਖ ਵੱਖ ਸਰੋਤਾਂ ‘ਤੇ ਭਾਈ ਕੁੱਕੀ ਦੇ ਵਿਚਾਰ ਪੜ੍ਹਨ ਸੁਣਨ ਦਾ ਮੌਕਾ ਮਿਲਦਾ ਰਿਹਾ ਹੈ। ਅਸੀਂ ਧੰਨਵਾਦ ਸਹਿਤ ਕੁਝ ਸਰੋਤਾਂ ਤੋਂ ਮਿਲੀ ਭਾਈ ਕੁੱਕੀ ਦੇ ਜੀਵਨ ਦੀ ਜਾਣਕਾਰੀ ਇਥੇ ਦੇ ਰਹੇ ਹਾਂ। ਭਾਈ ਕੁੱਕੀ ਦੇ ਕੇਸ ਅਤੇ ਸਜਾ ਨਾਲ ਭਾਰਤ ਦੇ ਨਿਆਂ ਪ੍ਰਬੰਧ ਅਤੇ ਅਮਨ ਕਾਨੂੰਨ ਨੂੰ ਸਮਝਣ ਦੇ ਨਾਲ ਨਾਲ ਪੰਜਾਬ ਦੇ ਵੱਖ ਵੱਖ ਰਾਜਨੀਤਕ ਗੁੱਟਾਂ ਬਾਰੇ ਭਾਈ ਕੁੱਕੀ ਦੇ ਨਿੱਜੀ ਵਿਚਾਰ ਜਾਣੇ ਜਾ ਸਕਦੇ ਹਨ।

ਪਿਛੋਕੜ: ਭਾਈ ਕੁੱਕੀ ਡਾ: ਖੇਮ ਸਿੰਘ ਗਿੱਲ ਦੇ ਸਪੁੱਤਰ ਹਨ ਜੋ ਕਿ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ  ਅਤੇ ਉਹ ਵਿਗਿਆਨ ਦੇ ਖੇਤਰ ਵਿਚ ਪਦਮ ਭੂਸ਼ਨ ਨਾਲ ਸਨਮਾਨਤ ਹਸਤੀ ਸਨ। ਤਿੰਨਾਂ ਭੈਣਾ ਭਰਾਵਾਂ ਵਿਚੋਂ ਕੁੱਕੀ ਸਭ ਤੋਂ ਛੋਟੇ ਹਨ। ਉਹ ਬੀ ਐਸ ਸੀ ਐਗਰੀਕਲਚਰ ਅਤੇ ਐਮ ਐਸ ਸੀ ਜੈਨੇਟਿਕਸ ਹਨ ਜਦ ਕਿ ਉਸ ਦਾ ਭਰਾ ਅਮਰੀਕਾ ਵਿਚ ਡਾਕਟਰ ਹੈ।

ਉਸ ਦਾ ਕਹਿਣਾ ਹੈ, ‘ਸੰਨ 1984 ਵਿਚ ਜਦੋਂ ਦਰਬਾਰ ਸਾਹਿਬ ‘ਤੇ ਭਾਰਤੀ ਸਰਕਾਰ ਨੇ ਹਮਲਾ ਕੀਤਾ ਤਾਂ ਜ਼ਿੰਦਗੀ ਦਾ ਮਕਸਦ ਹੀ ਬਦਲ ਗਿਆ। ਮਹਿਸੂਸ ਹੋਇਆ ਕਿ ਸਰਕਾਰ ਨੇ ਨਾ ਕੇਵਲ ਸਾਨੂੰ ਰਜਨੀਤਕ ਤੌਰ ‘ਤੇ ਹੀਣੇ ਕਰਨ ਲਈ ਹਮਲੇ ਕੀਤੇ ਸਗੋਂ ਸਾਡੇ ਧਰਮ ‘ਤੇ ਵੀ ਹਮਲਾ ਕੀਤਾ। ਗੱਲ ਸਿਰਫ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਾਂ ਉਹਨਾ ਦੇ ਸਾਥੀਆਂ ਨਾਲ ਸਬੰਧਤ ਨਹੀਂ ਸੀ ਸਗੋਂ ਸਰਕਾਰ ਨੇ ਉਹਨਾ ਨੂੰ ਤਾਂ ਬਹਾਨਾ ਬਣਾਇਆ। ਭਾਰਤੀ ਸਰਕਾਰ ਦਾ ਉਸ ਵੇਲੇ ਮਨੋਰਥ ਸਿੱਖਾਂ ਨੂੰ ਧਾਰਮਕ ਅਤੇ ਜ਼ਿਹਨੀ ਤੌਰ ‘ਤੇ ਅਧੀਨ ਕਰਕੇ ਸਬਕ ਸਿਖਾਉਣਾ ਸੀ। ਇਸੇ ਗੱਲ ਨੇ ਮੇਰੇ ‘ਤੇ ਬਹੁਤਾ ਅਸਰ ਕੀਤਾ। ਇਸ ਗੱਲ ਨੇ ਰੋਸ, ਰੋਹ ਅਤੇ ਬਗਾਵਤ ਦਾ ਰਾਹ ਖੋਲ੍ਹਿਆ। ਅਫਸੋਸ ਵਾਲੀ ਗੱਲ ਇਹ ਹੈ ਕਿ 84 ਦੀ ਲਹਿਰ ਦਾ ਲੇਖਾ ਜੋਖਾ ਕਰਨ ਵੇਲੇ ਗੈਰ ਸਿੱਖ ਚਿੰਤਕ ਇਸ ਨੂੰ ਕੇਵਲ ਹਿੰਸਾ ਜਾਂ ਅਮਨ ਕਾਨੂੰਨ ਤਕ ਸੀਮਤ ਕਰ ਦਿੰਦੇ ਹਨ।

ਲਹਿਰ ਵਿਚ ਇੱਕ ਵਿਚਾਰਧਾਰਕ ਟਪਲਾ ਸਾਡੀ ਨੌਜਵਾਨੀ ਨੂੰ ਵੀ ਲੱਗ ਗਿਆ ਕਿ ਉਹਨਾ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਅਸੀਂ ਵਗੈਰ ਕਿਸੇ ਸਿਆਸੀ ਪ੍ਰਕਿਰਿਆ ਦੇ ਸਿਰਫ ਹਿੰਸਾ ਨਾਲ ਹੀ ਆਪਣੀ ਅਜ਼ਾਦੀ ਲੈ ਸਕਦੇ ਹਾਂ। ਇਹਨਾ ਨੌਜਵਾਨਾਂ ਨਾਲ ਹਮਦਰਦੀ ਰੱਖਣ ਦੇ ਬਾਵਜੂਦ ਵੀ ਜਮੀਨੀ ਤੌਰ ‘ਤੇ ਸਿੱਖਾਂ ਦਾ ਪੜ੍ਹਿਆ ਲਿਖਿਆ ਤਬਕਾ ਖਾੜਕੂਆਂ ਦੀ ਨੀਤੀ ਨਾਲ ਸਹਿਮਤ ਨਹੀਂ ਸੀ।

ਜੁਲਾਈ 1984 ਵਿਚ ਜਦੋਂ ਮੇਰੇ ‘ਤੇ ਲੁਧਿਆਣੇ ਦੇ ਐਸ ਐਸ ਪੀ ਪਾਂਡੇ ‘ਤੇ ਹਮਲੇ ਦੇ ਦੋਸ਼ ਲੱਗੇ ਤਾਂ ਮੈਨੂੰ ਘਰ ਛੱਡਣਾ ਪਿਆ ਭਾਵੇਂ ਕਿ ਅਦਾਲਤ ਵਿਚ ਮਗਰੋਂ ਇਹ ਕੇਸ ਝੂਠਾ ਸਾਬਤ ਹੋਇਆ। ਬਾਅਦ ਵਿਚ ਮੈਂ ਦਿੱਲੀ ਚਲਾ ਗਿਆ। ਮੇਰੇ ਦੋ ਸਾਥੀ ਭਾਈ ਸੁੱਖਾ ਤੇ ਜਿੰਦਾ ਜਨਰਲ ਵੈਦਿਆ ਦੇ ਕਤਲ ਦਾ ਇਕਬਾਲ ਕਰਕੇ ਹੱਸ-ਹੱਸ ਕੇ ਫਾਂਸੀ ਚੜ੍ਹੇ ਅਤੇ ਉਹਨਾ ਨੇ ਸਾਡੀ ਪਰੰਪਰਾ ਨੂੰ ਜਿੰਦਾ ਰੱਖਿਆ।

ਜਦੋਂ ਅਮਰੀਕਾ ਵਿਚ ਮੇਰੇ ਤੇ ਐਕਸਟਰਾਡਿਸ਼ਨ ਦਾ ਕੇਸ ਚੱਲਿਆ ਤਾਂ ਉਸ ਵੇਲੇ ਭਾਰਤ ਦਾ ਰਾਸ਼ਟਰਪਤੀ ਲਲਿਤ ਮਾਕਨ ਦਾ ਸਹੁਰਾ ਸੀ ਅਤੇ ਜਿਸ ਨੇ ਹਰ ਕੀਮਤ ‘ਤੇ ਮੈਨੂੰ ਵਾਪਸ ਭਾਰਤ ਮੰਗਵਾਉਣ ਵਿਚ ਪੂਰੀ ਵਾਹ ਲਾ ਦਿੱਤੀ। ਭਾਰਤ ਸਰਕਾਰ ਨੇ ਇੱਕ ਔਰਤ ਸਰਕਾਰੀ ਵਕੀਲ ਨੂੰ ਵੀ ਖ੍ਰੀਦ ਲਿਆ ਜੋ ਕਿ ਬਾਅਦ ਵਿਚ ਫੜੀ ਵੀ ਗਈ ਅਤੇ ਸਾਬਤ ਹੋ ਗਿਆ ਕਿ ਉਸ ਨੇ ਕੀ ਕੀਤਾ ਸੀ। ਇਹ ਕੁਝ ਹੋਣ ਦੇ ਬਾਵਜ਼ੂਦ ਵੀ ਭਾਰਤ ਦੀ ਸਰਕਾਰ ਦੀ ਤਿੰਨ ਵੇਰ ਹਾਰ ਹੋਈ। ਉਥੇ ਉਹਨਾ ਨੇ ਇਹ ਹੀ ਸਾਬਤ ਕਰਨਾ ਸੀ ਕਿ ਸਬੰਧਤ ਹਿੰਸਾ ਵਿਚ ਮੇਰੀ ਭਾਈਵਾਲੀ ਸੀ ਜਿਸ ਤੋਂ ਮੈਂ ਕਦੀ ਮੁੱਕਰਿਆ ਵੀ ਨਹੀਂ ਸਾਂ। ਜਦੋਂ ਮੈਂ 14 ਸਾਲ ਅਮਰੀਕਾ ਵਿਚ ਜਿਹਲ ਕੱਟੀ ਤਾਂ ਬਾਅਦ ਵਿਚ ਮੇਰੇ ਕੋਲ ਚੋਣ ਸੀ ਕਿ ਮੈਂ ਚਾਹਾਂ ਤਾਂ ਉਥੇ ਰਾਜਨੀਤਕ ਸ਼ਰਨ ਲੈ ਲਵਾਂ ਪਰ ਮੈਂ ਸਭ ਕੁਝ ਛੱਡ ਕੇ ਭਾਰਤ ਆ ਗਿਆ ਤਾਂ ਕਿ ਦੇਖਾਂ ਕਿ ਕਾਨੂੰਨ ਦੀ ਕੀ ਮਰਿਯਾਦਾ ਹੈ।

ਭਾਰਤ ਵਿਚ ਸਰਕਾਰ 52 ਗਵਾਹ ਲੈ ਕੇ ਆਈ। ਇਸ ਵਿਚ ਲਲਿਤ ਮਾਕਨ ਦੀ ਬੇਟੀ ਆਵੰਤਕਾ ਨਹੀਂ ਸੀ ਆਈ ਪਰ ਉਸ ਦਾ ਕਜ਼ਨ ਅਤੇ ਹੋਰ ਪਰਿਵਾਰਕ ਲੋਕ ਸ਼ਾਮਲ ਸਨ। ਉਹਨਾ ਨੇ ਮੇਰੇ ਖਿਲਾਫ ਗਵਾਹੀ ਤਾਂ ਕੀ ਦੇਣੀ ਸੀ ਸਗੋਂ ਜੱਜ ਸਾਹਮਣੇ ਉਹਨਾ ਨੇ ਮੈਨੂੰ ਜੱਫੀ ਪਾਈ ਸੀ ਤੇ ਕਿਹਾ ਕਿ ਅਸੀਂ ਵੀ ਪੰਜਾਬੀ ਹਾਂ। ਕੋਈ ਇੱਕ ਵੀ ਗਵਾਹ ਸਰਕਾਰ ਦੇ ਹੱਕ ਵਿਚ ਨਹੀਂ ਭੁਗਤਿਆ ਪਰ ਤਾਂ ਵੀ ਮੈਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਅਤੇ ਹਾਈਕੋਰਟ ਨੇ ਵੀ ਦੋਸ਼ ਬਰਕਰਾਰ ਰੱਖਿਆ। ਜਿਸ ਸੈਸ਼ਨ ਜੱਜ ਮਿਸਟਰ ਜੈਨ ਨੇ ਮੈਨੂੰ ਦੋਸ਼ੀ ਕਰਾਰ ਦਿੱਤਾ ਸੀ ਉਹ 3 ਦਿਨਾ ਬਾਅਦ ਮੈਨੂੰ ਜਿਹਲ ਵਿਚ ਮਿਲਣ ਆਇਆ। ਮੈਂ ਜਿਹਲ ਵਿਚ ਬੰਦ ਸਾਂ ਅਤੇ ਉਹ ਬਾਹਰ ਖੜ੍ਹਾ ਸੀ ਅਤੇ ਉਸ ਨੇ ਮੈਨੂੰ ਕਿਹਾ ਕਿ ਮੈਂ ਮਜ਼ਬੂਰ ਸੀ ਅਤੇ ਉਸ ਨੇ ਮੈਨੂੰ ਪੁੱਛਿਆ ਕਿ ਮੈਂ ਤੇਰੀ ਬਿਹਤਰੀ ਲਈ ਜਿਹਲ ਵਿਚ ਕੀ ਕਰ ਸਕਦਾ ਹਾਂ? ਮੈਂ ਕਿਹਾ ਕਿ ਮੇਰੀ ਜਵਾਨੀ ਸਲਾਖਾਂ ਪਿੱਛੇ ਬੀਤ ਗਈ ਹੁਣ ਹੋਰ ਕੀ ਕਰਨਾ ਕਰਾਉਣਾ ਹੈ। ਸਰਕਾਰ ਨੇ ਉਸ ਨੂੰ ਤਰੱਕੀ ਦੇ ਕੇ ਹਾਈਕੋਰਟ ਦਾ ਜੱਜ ਬਣਾ ਦਿੱਤਾ । ਜਿਹੜੀ ਔਰਤ ਹਾਈਕੋਰਟ ਵਿਚ ਮੇਰੀ ਸਰਕਾਰੀ ਵਕੀਲ ਸੀ, ਮੇਰੇ ਕੇਸ ਦਾ ਫੈਸਲਾ ਹੁੰਦੇ ਸਾਰ ਹੀ ਉਸ ਨੂੰ ਵੀ ਤਰੱਕੀ ਦੇ ਕੇ ਹਾਈਕੋਰਟ ਦੀ ਜੱਜ ਬਣਾ ਦਿੱਤਾ ।

ਕੀ ਲਲਿਤ ਮਾਕਨ ਨੂੰ ਮਾਰਨ ਲੱਗਿਆਂ ਭੀੜ ਦੇ ਪ੍ਰਤੀਕਰਮ ਦਾ ਖਿਆਲ ਨਾ ਆਇਆ ?

ਜਵਾਬ : ਲਲਿਤ ਮਾਕਨ, ਅਰਜਨ ਦਾਸ ਅਤੇ ਜਨਰਲ ਵੈਦਿਆ ਦੇ ਕਤਲਾਂ ਬਾਅਦ ਭੀੜ ਵਲੋਂ ਪ੍ਰਤੀਕਰਮ ਤਾਂ ਜਰੂਰ ਹੋਇਆ ਪਰ ਫਿਰ ਉਹ ਡਰ ਵੀ ਗਏ। ਅਸਲ ਵਿਚ ਇਹਨਾ ਲੋਕਾਂ ਦੇ ਕਤਲ ਵੀ ਕੌਮ ਦਾ ਮੌਰਾਲ ਚੁੱਕਣ ਵਾਸਤੇ ਹੀ ਕੀਤੇ ਗਏ ਸਨ। ਇਸੇ ਤਰਾਂ ਜਿਸ ਕਟਿਆਲ ਨਾਮ ਦੇ ਵਿਅਕਤੀ ਨੇ ਕਾਨਪੁਰ ਵਿਚ ਭੀੜ ਇਕੱਠੀ ਕਰਕੇ ਸਿੱਖਾਂ ਦਾ ਕਤਲੇਆਮ ਕੀਤਾ ਸੀ ਉਸ ਦੇ ਮਰਨ ਤੋਂ ਮਗਰੋਂ ਵੀ ਭੀੜ ਨਹੀਂ ਉੱਠੀ।

ਸਵਾਲ: ਬਦਲਾ ਲੈਣ ਲਈ ਵਸੀਲੇ ਕਿਵੇਂ ਬਣੇ?

ਜਵਾਬ: ਜਦੋਂ ਚੁਰਾਸੀ ਦਾ ਕਾਂਡ ਹੋਇਆ ਤਾਂ ਬਹੁਤ ਸਾਰੇ ਲੋਕ ਸਿੱਖਾਂ ਨਾਲ ਹਮਦਰਦੀ ਵੀ ਰੱਖਦੇ ਸਨ ਅਤੇ ਹਥਿਆਰ ਵਗੈਰਾ ਵਿਚ ਮੱਦਤ ਵੀ ਕਰਦੇ ਰਹੇ। ਇਸ ਵਿਚ ਕੋਈ ਪਾਕਿਸਤਾਨ ਦੀ ਦਖਲ ਅੰਦਾਜੀ ਨਹੀਂ ਸੀ। ਹਥਿਆਰਾਂ ਲਈ ਸਾਨੂੰ ਨੱਠ ਭੱਜ ਤਾਂ ਕਰਨੀ ਪਈ ਪਰ ਕਾਮਯਾਬੀ ਮਿਲਦੀ ਗਈ। ਪੈਸੇ ਦੀ ਵੀ ਲੋੜ ਸੀ ਕਿਓਂਕਿ ਉਸ ਵੇਲੇ ਅਨੇਕਾਂ ਸ਼ਹਿਰਾਂ ਵਿਚ ਸਾਡੇ ਕੋਲ ਮਹਿੰਗੇ ਅਪਾਰਟਮੈਂਟ ਸਨ। ਅਸੀਂ ਚੰਗਾ ਖਾਂਦੇ ਅਤੇ ਪਹਿਨਦੇ ਸਾਂ ਤਾਂ ਕਿ ਕਿਸੇ ਨੂੰ ਕੋਈ ਵੀ ਸ਼ੱਕ ਨਾ ਹੋਵੇ। ਪੈਸੇ ਲਈ ਅਸੀਂ ਕੋਈ ਵੀ ਫਿਰੌਤੀ ਆਦਿ ਨਹੀਂ ਲਈ ਹਾਂ ਬੈਂਕਾਂ ਨੂੰ ਵਸੀਲਾ ਜਰੂਰ ਬਣਾਇਆ। ਲੋੜ ਮੁਤਾਬਕ ਪੈਸਾ ਅਸੀਂ ਖਰਚ ਲੈਂਦੇ ਅਤੇ ਬਾਕੀ ਪੀੜਤ ਪਰਿਵਾਰਾਂ ਦੀ ਮੱਦਤ ਕਰ ਦਿੰਦੇ ਸਾਂ।

ਸਵਾਲ: ਭਾਈ ਸੁੱਖਾ ਜਿੰਦਾ ਨਾਲ ਮੇਲ ਕਦੋਂ ਹੋਇਆ?

ਜਵਾਬ: ਸੰਨ 1984 ਮਗਰੋਂ ਸਾਡਾ ਮੇਲ ਹੋਇਆ ਸੀ। ਕੋਈ ਨਾਮੀ ਭਗੌੜਾ ਸੀ ਜੋ ਸੁੱਖੇ ਜਿੰਦੇ ਵਾਂਗ ਈ ਸੰਤਾਂ ਨਾਲ ਵੀ ਰਹਿ ਚੁੱਕਾ ਸੀ ਉਸੇ ਦੇ ਰਾਹੀਂ ਹੀ ਮੈਂ ਉਹਨਾ ਨੂੰ ਮਿਲਿਆ ਸਾਂ। ਉਸ ਵੇਲੇ ਤਾਂ ਸਾਨੂੰ ਇੱਕ ਦੂਜੇ ਦੇ ਨਾਵਾਂ ਬਾਰੇ ਵੀ ਪਤਾ ਨਹੀਂ ਸੀ। ਇੱਕ ਦੂਜੇ ਬਾਰੇ ਪੂਰੀ ਜਾਣਕਾਰੀ ਤਾਂ ਗ੍ਰਿਫਤਾਰ ਹੋਣ ਮਗਰੋਂ ਹੀ ਹੋਈ।

ਸਵਾਲ: ਭਗੌੜੇ ਅਤੇ ਬਾਗੀ ਵਿਚ ਕੀ ਫਰਕ ਹੈ?

ਜਵਾਬ: ਭਗੌੜੇ ਆਮ ਤੌਰ ‘ਤੇ ਇਸ਼ਤਿਹਾਰੀ ਹੁੰਦੇ ਹਨ। ਪਰ ਬਾਗੀ ਹੋਣਾ ਹੋਰ ਗੱਲ ਹੈ। ਮੈਂ ਬਾਗੀ ਹਾਂ। ਮੇਰੇ ਖਿਆਲ ਤਾਂ ਬਹੁਤ ਸਾਰੇ ਸਿੱਖਾਂ ਨਾਲ ਵੀ ਨਹੀਂ ਮਿਲਦੇ ਕਿਓਂਕਿ ਮੈਂ ਪ੍ਰੰਪਰਾਵਾਦੀ ਨਹੀਂ ਹਾਂ।

ਸਵਾਲ: ਅਤੰਕਵਾਦੀ ਕਿਸ ਨੂੰ ਕਿਹਾ ਜਾਂਦਾ ਹੈ?

ਜਵਾਬ: ਉਹ ਲੋਕ ਜਿਹਨਾ ਨੇ ਬੇਲੋੜੇ ਕਤਲ ਵੀ ਕੀਤੇ ਹੋਣ। ਭਾਵ ਜਿਸ ਹਿੰਸਾ ਦੀ ਲੋੜ ਨਹੀਂ ਉਹ ਵੀ ਕਰਦੇ ਸਨ। ਪੰਜਾਬ ਵਿਚ ਅਜੇਹੀਆਂ ਘਟਨਾਵਾਂ ਵੀ ਹੋਈਆਂ ਹਨ ਜਿਹਨਾ ਤੋਂ ਮੈਂ ਮੁਨਕਰ ਨਹੀਂ ਹੁੰਦਾ। ਪਰ ਸਿੱਖਾਂ ਵਿਚ ਇਸ ਤਰਾਂ ਦੀ ਪ੍ਰਵਿਰਤੀ ਨਹੀਂ ਹੈ, ਨਹੀਂ ਤਾਂ ਚੁਰਾਸੀ ਦੇ ਦਿੱਲੀ ਸਿੱਖ ਕਤਲੇਆਮ ਦਾ ਪ੍ਰਤੀਕਰਮ ਪੰਜਾਬ ਵਿਚ ਵੀ ਜਰੂਰ ਹੋਣਾ ਸੀ। ਸੰਨ 1982 ਵਿਚ ਜਦੋਂ ਹਰਿਆਣੇ ਵਿਚ ਸਿੱਖਾਂ ਦੀ ਬਹੁਤ ਬੇਇਜ਼ਤੀ ਕੀਤੀ ਗਈ ਉਸ ਵੇਲੇ ਵੀ ਐਸਾ ਪ੍ਰਤੀਕਰਮ ਨਹੀਂ ਹੋਇਆ ਹਾਲਾਂ ਕਿ ਉਸ ਵੇਲੇ ਤਾਂ ਸੰਤ ਵੀ ਸਨ। ਭਾਰਤੀ ਮੀਡੀਏ ਨੇ ਤਾਂ ਇੱਕਾ ਦੁੱਕਾ ਘਟਨਾਵਾਂ ਨੂੰ ਲੈ ਕੇ ਸਿੱਖ ਸੰਘਰਸ਼ ਨੂੰ ਅੱਤਵਾਦੀ ਪ੍ਰੀਭਾਸ਼ਤ ਕਰਨ ਦੀ ਕੋਸ਼ਿਸ਼ ਕੀਤੀ ਸੀ।

ਸਵਾਲ: ਤੁਸੀਂ ਜਿਹਲ ਵਿਚ ਆਪਣੇ ਮਾਨਸਿਕ ਬਰੇਕ ਡਾਊਨ ਤੋਂ ਕਿਵੇਂ ਬਚਾਅ ਕੀਤਾ ?

ਜਵਾਬ: ਜਿਹਲ ਵਿਚ ਇੱਕ ਤਰਾਂ ਨਾਲ ਮਾਨਸਕ ਤਾਲਾਬੰਦੀ ਵਾਲੀ ਗੱਲ ਹੋ ਜਾਂਦੀ ਹੈ। ਮੈਨੂੰ ਭਾਵੇਂ ਮਨੋਵਿਗਿਆਨ ਦੀ ਬਹੁਤੀ ਜਾਣਕਾਰੀ ਨਹੀਂ ਸੀ ਪਰ ਮੈਂ ਆਪਣੇ ਆਪ ਨੂੰ ਆਹਰੇ ਲਾਈ ਰੱਖਿਆ। ਅਮਰੀਕਾ ਦੀ ਜਿਹਲ ਵਿਚ ਅਸੀਂ ਅਖਬਾਰਾਂ ਰਸਾਲੇ ਲੈ ਸਕਦੇ ਸਾਂ। ਮੇਰੇ ਵਕੀਲ ਬਹੁਤ ਚੰਗੇ ਸਨ ਉਹਨਾ ਨੇ ਮੈਨੂੰ ਅਜੇਹੀਆਂ ਕਿਤਾਬਾਂ ਦੀ ਜਾਣਕਾਰੀ ਦਿੱਤੀ ਜੋ ਕਿ ਸੰਘਰਸ਼ ਬਾਬਤ ਵੀ ਸਨ ਤੇ ਲੋਕ ਜਾਗਰੂਕਤਾ ਬਾਰੇ ਵੀ। ਇਸ ਤਰਾਂ ਮੈਂ ਮਾਨਸਿਕ ਤੌਰ ‘ਤੇ ਚੇਤੰਨ ਰਹਿ ਸਕਿਆ ਅਤੇ ਮੈਨੂੰ ਵਰਜਿਸ਼ ਦਾ ਤਾਂ ਪਹਿਲਾਂ ਤੋਂ ਹੀ ਸ਼ੌਂਕ ਸੀ। ਹਰ ਰੋਜ਼ ਵਰਜਿਸ਼ ਕਰਨੀ ਅਤੇ ਆਪਣੇ ਮਨ ਨੂੰ ਕਿਸੇ ਨਾ ਕਿਸੇ ਆਹਰੇ ਲਾਈ ਰੱਖਦਾ ਸੀ। ਦਸ ਸਾਲ ਤਾਂ ਮੈਂ ਹਨੇਰੇ ਵਿਚ ਹੀ ਕੱਟੇ ਸਨ। ਜਦ ਕਿ ਮਗਰਲੇ ਚਾਰ ਸਾਲ ਮੈਨੂ ਨਿਊਯੌਰਕ ਦੀ ਖੁਲ੍ਹੀ ਜਿਹਲ ਵਿਚ ਬਦਲ ਦਿੱਤਾ ਸੀ। ਇਹਨਾ ਜਿਹਲਾਂ ਦੇ ਚੌਗਿਰਦੇ ਕੰਧਾਂ ਨਹੀਂ ਸਗੋਂ ਤਾਰਾਂ ਹੁੰਦੀਆਂ ਹਨ।

ਸਵਾਲ: ਬਾਗੀ ਹੋਣ ਦਾ ਕੋਈ ਪਛਤਾਵਾ?

ਜਵਾਬ: ਨਹੀਂ ਮੈਨੂੰ ਬਾਗੀ ਹੋਣ ਦਾ ਪਛਤਾਵਾ ਨਹੀਂ ਸਗੋਂ ਮਾਣ ਹੈ ਤੇ ਹਮੇਸ਼ਾ ਹੀ ਰਹੇਗਾ। ਜਿਹਲ ਚੋਂ ਬਾਹਰ ਆ ਕੇ ਜਦੋਂ ਮੈਂ ਆਪਣੇ ਸਿੱਖ ਸਮਾਜ ਵਿਚ ਆਪੋਧਾਪੀ ਦਾ ਮਹੌਲ ਦੇਖਿਆ ਤਾਂ ਸਵਾਲ ਪੈਦਾ ਹੋਇਆ ਕਿ ਕੀ ਮੈਂ ਹੁਣ ਵੀ ਐਸਾ ਕਦਮ ਚੁੱਕ ਸਕਦਾ ਹਾਂ? ਮੈਂ ਘਰ ਛੱਡਣ ਵੇਲੇ ਸੰਸਾਰਕ ਮੋਹ ਨੂੰ ਤਿਆਗ ਦਿੱਤਾ ਸੀ ਅਤੇ ਫੇਰ ਕਦੀ ਵੀ ਕੋਈ ਪਛਤਾਵਾ ਜਾਂ ਵਿਗੋਚਾ ਨਾ ਕੀਤਾ।

ਸਵਾਲ: ਭਾਰਤ ਦੀ ਤਿਹਾੜ ਜਿਹਲ ਦਾ ਤਜਰਬਾ ਕਿਵੇਂ ਰਿਹਾ?

ਜਵਾਬ: ਜਦੋਂ ਮੈਂ ਤਿਹਾੜ ਜਿਹਲ ਵਿਚ ਆਇਆ ਤਾਂ ਮੇਰੇ ਤਨ ਤੇ ਇਕ ਟੀ ਸ਼ਰਟ ਸੀ ਜਦ ਕਿ ਠੰਢ ਦੇ ਮੌਸਮ ਵਿਚ ਇੱਕ ਥੜੇ ਤੇ ਕੇਵਲ ਇੱਕ ਕੰਬਲ ਵਿਛਾਇਆ ਹੋਇਆ ਸੀ। ਉਸ ਵਿਚੋਂ ਏਨੀ ਬਦਬੂ ਆ ਰਹੀ ਸੀ ਕਿ ਕੋਲ ਖੜ੍ਹੇ ਹੋਣਾ ਵੀ ਮੁਸ਼ਕਲ ਸੀ। ਜਦੋਂ ਘੜੇ ਵਿਚ ਪਾਣੀ ਦੇਖਿਆ ਤਾਂ ਪਾਣੀ ਬਹੁਤ ਗੰਦਾ ਸੀ ਜੋ ਕਿ ਮੈਨੂੰ ਟੀ ਸ਼ਰਟ ਪਾੜ ਕੇ ਚਾਰ ਤੈਹਾਂ ਲਾ ਕੇ ਪੁਣ ਕੇ ਪੀਣਾ ਪਿਆ। ਹਾਲਾਂ ਕਿ ਤਿਹਾੜ ਭਾਰਤ ਦੀ ਪ੍ਰੀਮੀਅਮ ਜਿਹਲ ਹੈ।

ਮੇਰੇ ਨਾਲ ਦਿੱਲੀ ਦੇ ਸਿੱਖ ਕਤਲੇਆਮ ਨਾਲ ਸਬੰਧਤ 22 ਵਿਅਕਤੀ ਹੋਰ ਵੀ ਸਨ ਜਿਨਾ ਨੂੰ ਛੁੱਟੀ ਵੀ ਮਿਲਦੀ ਸੀ। ਕਿਸ਼ੋਰੀ ਲਾਲ ਕਸਾਈ ਜਿਸ ਨੇ ਖੁਦ 6/7 ਸਿੱਖਾਂ ਨੂੰ ਵੱਢਣ ਦਾ ਐਲਾਨ ਕੀਤਾ ਸੀ ਉਹਨੂੰ ਵੀ ਸਰਕਾਰ ਨੇ ਰਾਹਤ ਦੇ ਦਿੱਤੀ ਸੀ। ਮੇਰੇ ਕੇਸ ਮੁਤਾਬਕ ਮੈਨੂੰ ਜਮਾਨਤ ਮਿਲਣੀ ਚਾਹੀਦੀ ਸੀ ਜੋ ਕਿ ਜਾ ਕੇ ਮੁਸ਼ਕਲ ਨਾਲ 2004 ਵਿਚ ਇਨਟਰਮ ਜਮਾਨਤ ਮਿਲੀ ਉਹ ਵੀ ਸਖਤ ਧਾਰਾਵਾਂ ਨਾਲ ਕੇਵਲ 14 ਦਿਨਾ ਦੀ, ਜਿਸ ਮੁਤਾਬਕ ਮੈਨੂੰ ਦੋ ਵੇਲੇ ਥਾਣੇ ਜਾ ਕੇ ਹਾਜਰੀ ਲਵਾਉਣੀ ਪੈਂਦੀ ਸੀ ਅਤੇ ਮੈਂ ਲੁਧਿਆਣੇ ਤੋਂ ਬਾਹਰ ਨਹੀਂ ਸੀ ਜਾ ਸਕਦਾ। ਨਾਂ ਤਾਂ ਆਪਣੀ ਜਮੀਨ ਅਤੇ ਨਾ ਹੀ ਦਰਬਾਰ ਸਾਹਿਬ ਮੱਥਾ ਟੇਕਣ ਦੀ ਹੀ ਮੈਨੂੰ ਇਜਾਜ਼ਤ ਮਿਲੀ ਸੀ। ਫਿਰ 2004 ਤੋਂ 2009 ਤਕ ਮੈਨੂੰ ਕਦੀ ਕੁਝ ਦਿਨਾ ਅਤੇ ਕਦੀ ਹਫਤੇ ਲਈ ਜਮਾਨਤ ਮਿਲਦੀ ਰਹੀ।

ਸਵਾਲ: ਲਲਿਤ ਮਾਕਨ ਦੀ ਬੇਟੀ ਅਵੰਤਕਾ ਨਾਲ ਕਿਵੇਂ ਮੁਲਾਕਾਤ ਹੋਈ?

ਜਵਾਬ: ਜਦੋਂ ਮੈਂ ਜਿਹਲ ਵਿਚ ਸਾਂ ਤਾਂ ਜਿਹਲ ਸੁਪਰਡੈਂਟ ਵਲੋਂ 4 ਵਾਰ ਸੁਨੇਹਾ ਮਿਲਿਆ ਕਿ ਤੈਨੂੰ ਅਵੰਤਕਾ ਮਿਲਣਾ ਚਹੁੰਦੀ ਹੈ, ਪਰ ਹੈ ਉਹ ਗੁੱਸੇ ਵਾਲੀ। ਮੈਂ ਕਿਹਾ ਕਿ ਮੈਂ ਮਿਲਣ ਲਈ ਤਿਆਰ ਹਾਂ ਪਰ ਜੇ ਉਸ ਨੇ ਮੇਰੇ ਨਾਲ ਬਦਤਮੀਜੀ ਕੀਤੀ ਤਾਂ ਮੈਂ ਮੋੜਵਾਂ ਜਵਾਬ ਤਾਂ ਦਿਆਂਗਾ। ਸੰਨ 2004 ਵਿਚ ਮਨੀਸ਼ ਤਿਵਾੜੀ ਦੇ ਚੋਣ ਦੰਗਲ ਵਿਚ ਪ੍ਰਚਾਰ ਦੌਰਾਨ ਜਦੋਂ ਪੱਤਰਕਾਰਾਂ ਨੇ ਇਸ ਨੂੰ ਸਵਾਲ ਕੀਤਾ ਕਿ ਤੇਰੇ ਬਾਪ ਦਾ ਕਾਤਲ ਲੁਧਿਆਣੇ ਵਿਚ ਰਹਿ ਰਿਹਾ ਹੈ ਤਾਂ ਇਹ ਫਿਰ ਬਹੁਤ ਬੋਲੀ। ਉਥੇ ਇੰਡੀਅਨ ਐਕਸਪ੍ਰੈਸ ਦੀ ਅੰਮ੍ਰਿਤਾ ਚੌਧਰੀ ਖੜ੍ਹੀ ਸੀ। ਉਸ ਨੇ ਅਵੰਤਕਾ ਨੂੰ ਕਿਹਾ ਕਿ ਕੁੱਕੀ ਬਾਰੇ ਤੇਰੀ ਧਾਰਨਾ ਗਲਤ ਹੈ। ਉਸ ਨੇ ਪੁੱਛਿਆ ਸੀ ਕਿ ਕੀ ਤੂੰ ਉਸ ਨੂੰ ਮਿਲਣਾ ਹੈ ਤਾਂ ਅਵੰਤਕਾ ਨੇ ਇੱਛਾ ਜਾਹਿਰ ਕੀਤੀ ਸੀ। ਜਦੋਂ ਅੰਮ੍ਰਿਤਾ ਨੇ ਮੈਨੂੰ ਫੋਨ ਕੀਤਾ ਤਾਂ ਉਸੇ ਦਿਨ ਹੀ ਮੇਰੀ ਮੁਲਾਕਾਤ ਹੋ ਗਈ। ਅਸੀਂ ਦੋ ਘੰਟੇ ਬੈਠੇ ਰਹੇ। ਉਸ ਦਾ ਮੇਰੇ ਬਾਰੇ ਨਜ਼ਰੀਆ ਤਾਂ ਪਹਿਲੇ ਪੰਜ ਮਿੰਟਾਂ ਵਿਚ ਹੀ ਬਦਲ ਗਿਆ ਸੀ। ਹਾਲਾਂ ਕਿ ਅੰਮ੍ਰਿਤਾ ਚੌਧਰੀ ਡਰਦੀ ਸਾਡੇ ਨਾਲ ਨਹੀਂ ਸੀ ਬੈਠੀ ਕਿ ਕਿਤੇ ਖਹਿਬੜ ਨਾ ਪੈਣ।

ਸਵਾਲ: ਅਵੰਤਕਾ ਦਾ ਜੀਵਨ ਮਕਸਦ ਤਾਂ ਬਾਪ ਦੇ ਕਾਤਲ ਨੂੰ ਮਾਰਨਾ ਸੀ ਏਨਾ ਬਦਲ ਕਿਵੇਂ ਗਈ?

ਜਵਾਬ: ਅਵੰਤਕਾ ਦੇ ਮਨ ਵਿਚ ਇੱਕ ਕਾਤਲ ਦੀ ਜੋ ਤਸਵੀਰ ਸੀ ਉਹ ਤਾਂ ਮੈਨੂੰ ਮਿਲਦੇ ਸਾਰ ਹੀ ਜਾਂਦੀ ਰਹੀ ਸੀ। ਮੈਂ ਤਾਂ ਉਸ ਨੂੰ ਇਹੀ ਕਿਹਾ ਸੀ ਕਿ ਲਲਿਤ ਮਾਕਨ ਨਾਲ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਸਗੋਂ ਇਹ ਸਿਆਸੀ ਘਟਨਾਵਾਂ ਦੇ ਅੰਤਰਗਤ ਜੋ ਹੋਇਆ ਉਸੇ ਦਾ ਵਿਦਰੋਹ ਸੀ। ਮੈਂ ਇਹ ਵੀ ਕਿਹਾ ਕਿ ਜੇਕਰ ਤੂੰ ਮੇਰੇ ਨਾਲ ਨਿੱਜੀ ਕਿੜ ਰੱਖਣੀ ਹੈ ਤਾਂ ਮੈਂ ਉਸ ਲਈ ਵੀ ਤਿਆਰ ਹਾਂ। ਮੈਂ ਉਸ ਨੂੰ ਕਿਹਾ ਕਿ ਤੂੰ Who are guilty ਕਿਤਾਬ ਪੜ੍ਹ ਜੋ ਹਿੰਦੂਆਂ ਨੇ ਲਿਖੀ ਸੀ। ਅਸਲ ਵਿਚ ਅਵੰਤਕਾ ਕੋਲ ਕੋਈ ਤੱਥ ਨਹੀਂ ਸੀ ਸਿਰਫ ਪੀੜਾ ਅਤੇ ਬਦਲੇ ਦੀ ਭਾਵਨਾ ਸੀ। ਪਹਿਲਾਂ ਜਦੋਂ ਵੀ ਮੇਰੀ ਰਿਹਾਈ ਦਾ ਮੁੱਦਾ ਹੁੰਦਾ ਸੀ ਤਾਂ ਅਵੰਤਕਾ ਮਰਨ ਵਰਤ ਤੇ ਬੈਠਣ ਦੀ ਧਮਕੀ ਦੇ ਦਿੰਦੀ ਸੀ ਜਿਸ ਕਰਕੇ ਸ਼ੀਲਾ ਦੀਕਸ਼ਤ ਮੇਰੀ ਰਿਹਾਈ ਨੂੰ ਅੱਗੇ ਪਉਂਦੀ ਜਾ ਰਹੀ ਸੀ ਹਾਲਾਂ ਕਿ ਮੈਂ ਆਪਣੀ ਸਜ਼ਾ ਤੋਂ ਕਿਤੇ ਵਧ ਸਮਾਂ ਭੁਗਤ ਚੁੱਕਾ ਸਾਂ।

ਸਵਾਲ: ਸੁਖਬੀਰ ਬਾਦਲ ਨਾਲ ਤੁਹਾਡੀ ਬੰਦ ਕਮਰੇ ਵਿਚ ਮੁਲਾਕਾਤ ਵੀ ਸੁਣਨ ਵਿਚ ਆਈ ਹੈ !

ਜਵਾਬ: ਸੁਖਬੀਰ ਬਾਦਲ ਮੈਨੂੰ ਪਹਿਲਾਂ ਦਾ ਹੀ ਜਾਣਦਾ ਹੈ ਕਿਓਂਕਿ ਪਿਤਾ ਜੀ ਦੇ ਨਾਲ ਉਹਨਾ ਦੀ ਇੱਕ ਵਿਗਿਆਨਕ ਅਤੇ ਕਿਸਾਨ ਦੇ ਤੌਰ ‘ਤੇ ਨੇੜਤਾ ਰਹੀ ਹੈ। ਸਾਡੀ ਮੁਲਾਕਾਤ ਵਧੀਆ ਸੀ ਉਸ ਤੋਂ ਪਿੱਛੋਂ ਵੀ ਉਹ ਜਦੋਂ ਵੀ ਮੇਰੀ ਸਲਾਹ ਪੁੱਛਦੇ ਰਹੇ ਹਨ ਤਾਂ ਮੈਂ ਦਿੰਦਾ ਰਿਹਾ ਹਾਂ ਉੰਝ ਮੈਂ ਨਾ ਤਾਂ ਕਦੀ ਅਕਾਲੀ ਦਲ ਦਾ ਮੈਂਬਰ ਸਾਂ ਅਤੇ ਨਾ ਹਾਂ।

ਸਵਾਲ: ਕੀ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਜਿਸ ਉਦੇਸ਼ ਲਈ ਬਣਿਆ ਸੀ ਅੱਜ ਵੀ ਉਸੇ ਉਦੇਸ਼ ‘ਤੇ ਖੜ੍ਹਾ ਹੈ?

ਜਵਾਬ: ਅਕਾਲੀ ਦਲ ਇੱਕ ਰਾਜਸੀ ਉਦੇਸ਼ ਲਈ ਬਣਾਇਆ ਗਿਆ ਸੀ ਪਰ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾਉਣ ਸਮੇਂ ਧਾਰਮਕ ਰੰਗਤ ਵਿਚ ਰੰਗਿਆ ਗਿਆ। ਸੰਨ 1987 ਤਕ ਅਕਾਲੀ ਦਲ ਆਪਣੇ ਰਾਜਸੀ ਰੁਤਬੇ ਪ੍ਰਤੀ ਸਪੱਸ਼ਟ ਨਹੀਂ ਹੋ ਸਕਿਆ ਹਾਲਾਂ ਕਿ ਮੁਸਲਿਮ ਲੀਗ ਇਸ ਪੱਖੋਂ ਬੜੀ ਸਪੱਸ਼ਟ ਸੀ ਕਿ ਭਾਰਤੀ ਰਾਜ ਪ੍ਰਬੰਧ ਵਿਚ ਘੱਟਗਿਣਤੀਆਂ ਸੰਕਟ ਵਿਚ ਹੋਣਗੀਆਂ ਪਰ ਅਕਾਲੀ ਦਲ ਆਪਣੀ ਕੋਈ ਸਪੱਸ਼ਟ ਨੀਤੀ ਨਹੀਂ ਸੀ ਬਣਾ ਸਕਿਆ। ਮਾਸਟਰ ਤਾਰਾ ਸਿੰਘ ਨੇ ਭਾਰਤ ਵਲੋਂ ਹੋਏ ਰਾਜਸੀ ਛੱਲ ਦਾ ਬਹੁਤ ਵਾਵੇਲਾ ਕੀਤਾ। ਅਕਾਲੀ ਦਲ ਵਲੋਂ ਪੰਜਾਬੀ ਸੂਬੇ ਅਤੇ ਧਰਮ ਯੁੱਧ ਮੋਰਚੇ ਦੇ ਘੋਲ ਵੀ ਅਧੂਰੇ ਛੱਡ ਦਿੱਤੇ ਗਏ। ਸਿੱਖਾਂ ਦੀਆਂ ਜੋ ਕੁਰਬਾਨੀਆਂ ਭਾਰਤੀ ਅਜ਼ਾਦੀ ਦੇ ਲੇਖੇ ਲੱਗੀਆਂ ਜੇ ਉਹ ਆਪਣੇ ਸਿੱਖ ਰਾਜ ਦੇ ਲੇਖੇ ਲੱਗਦੀਆਂ ਤਾਂ ਅੱਜ ਕੌਮ ਦੀ ਤਸਵੀਰ ਕੁਝ ਹੋਰ ਹੋਣੀ ਸੀ। ਸੰਨ ਸੰਤਾਲੀ ਤੋਂ ਬਾਅਦ ਅਕਾਲੀ ਦਲ ਦਾ ਮਕਸਦ ਅਸਲ ਵਿਚ ਆਪਣੀ ਰਾਜਗੱਦੀ ਤਕ ਸੀਮਤ ਹੋ ਗਿਆ ਸੀ। ਐਮਰਜੈਂਸੀ ਵਿਚ ਵੀ ਅਕਾਲੀ ਦਲ ਨੇ ਮੋਹਰੇ ਹੋ ਕੇ ਪੰਗਾ ਲਿਆ ਸੀ ਜਦ ਕਿ ਐਮਰਜੈਂਸੀ ਇਹਨਾ ਵਾਸਤੇ ਨਹੀਂ ਸੀ ਲੱਗੀ। ਪਰ ਜਦੋਂ ਭਾਜਪਾ ਨਾਲ ਗੱਠਜੋੜ ਸਮੇਂ ਇੱਕ ਵੱਖਰੇ ਕਿਸਮ ਦੀ ਐਮਰਜੈਂਸੀ ਦੇਸ਼ ਵਿਚ ਲਾਗੂ ਹੋਈ ਤਾਂ ਅਕਾਲੀ ਖਾਮੋਸ਼ ਹੋ ਗਏ। ਕਿਸਾਨ ਮੁੱਦਿਆਂ ‘ਤੇ ਵੀ ਜੇ ਬੋਲੇ ਹਨ ਤਾਂ ਮਜਬੂਰੀ ਦੀ ਹਾਲਤ ਵਿਚ ਹੀ ਬੋਲੇ। ਇਹ ਇੱਕ ਮੌਕਾਪ੍ਰਸਤੀ ਵਾਲੀ ਰਾਜਨੀਤੀ ਹੈ ਨਾ ਕਿ ਕਿਸੇ ਸਪੱਸ਼ਟ ਉਦੇਸ਼ ਅਤੇ ਪ੍ਰਾਪਤੀ ਲਈ। ਜਿਵੇਂ ਪੰਜਾਬੀ ਸੂਬਾ ਅਧੂਰੇ ਰੂਪ ਵਿਚ ਬਣਿਆ ਤਿਵੇਂ ਹੀ ਧਰਮ ਯੁੱਧ ਮੋਰਚਾ ਕੌਮ ਦਾ ਬੇਹਿਸਾਬ ਨੁਕਸਾਨ ਕਰਵਾ ਕੇ ਰਾਜੀਵ ਲੌਂਗੋਵਾਲ ਸਮਝੌਤੇ ‘ਤੇ ਲਿਆ ਕੇ ਖਤਮ ਕਰ ਦਿੱਤਾ ਜੋ ਕਿ ਕਦੀ ਲਾਗੂ ਹੀ ਨਹੀਂ ਹੋਇਆ। ਅਕਾਲੀ ਤਾਂ ਆਪਣਾ ਆਗੂ ਵੀ ਰਾਜਨੀਤਕ ਮੁਹਾਰਤ ਦੇ ਹਿਸਾਬ ਨਾਲ ਨਹੀਂ ਸਗੋਂ ਵਿਅਕਤੀ ਦੀ ਧਾਰਮਕ ਛਵੀ ਦਾ ਫਾਇਦਾ ਲੈਣ ਲਈ ਬਣਾਉਂਦੇ ਹਨ ਜਿਵੇਂ ਕਿ ਸੰਤ ਫਤਹਿ ਸਿੰਘ ਅਤੇ ਸੰਤ ਹਰਚਰਨ ਸਿੰਘ ਲੌਂਗੋਵਾਲ ਦੇ ਸਬੰਧ ਵਿਚ ਹੋਇਆ। ਅਕਾਲੀ ਕੇਵਲ ਜਜ਼ਬਾਤਾਂ ਨੂੰ ਭੜਕਾਉਣ ਦੀ ਰਾਜਨੀਤੀ ਕਰਦੇ ਹਨ ਇਹੀ ਕਾਰਨ ਹੈ ਕਿ ਆਪਣੇ ਭਾਸ਼ਣਾ ਵਿਚ ਸੰਨ 84 ਦਾ ਵਾਰ-ਵਾਰ ਜਿਕਰ ਕਰ ਰਹੇ ਹਨ ਜਦ ਕਿ ਰਾਜਨੀਤਕ ਤੌਰ ‘ਤੇ ਇਹਨਾ ਕੋਲ ਕੋਈ ਵੀ ਸੇਧ ਨਹੀਂ ਹੈ। ਕਿਸਾਨ ਮੋਰਚੇ ਦੇ ਸਬੰਧ ਵਿਚ ਵੀ ਹਰਸਿਮਰਤ ਕੌਰ ਬਾਦਲ ਨੂੰ ਮਜਬੂਰੀ ਦੀ ਹਾਲਤ ਵਿਚ ਹੀ ਪਾਰਲੀਮੈਂਟ ਤੋਂ ਅਸਤੀਫਾ ਦੇਣਾ ਪਿਆ।  ਇਹਨਾ ਤੋਂ ਇਲਾਵਾ ਜੋ ਦੂਜੀਆਂ ਸਿੱਖ ਜਥੇਬੰਦੀਆਂ ਹਨ ਉਹ ਵੀ ਕਿਸਾਨਾ ਦੇ ਪੱਖ ਵਿਚ ਨਿੱਤਰ ਕੇ ਸਾਹਮਣੇ ਨਹੀਂ ਆਈਆਂ। ਸ: ਸਿਰਮਨਜੀਤ ਸਿੰਘ ਮਾਨ ਵਰਗੇ ਭਾਵੇਂ ਖੁਦ ਕਿਸਾਨ ਹਨ ਪਰ ਉਹਨਾ ਦੀ ਵੀ ਕਿਸਾਨ ਸੰਘਰਸ਼ ਬਾਰੇ ਕੋਈ ਸਪੱਸ਼ਟ ਸੋਚ ਨਹੀਂ ਹੈ। ਦਲ ਖਾਲਸਾ ਜਾਂ ਕਿਸੇ ਵੀ ਹੋਰ ਜਥੇਬੰਦੀ ਨੇ ਕਿਸਾਨਾ ਦੇ ਪੱਖ ਵਿਚ ਸਪੱਸ਼ਟ ਸਟੈਂਡ ਨਹੀਂ ਲਿਆ। ਪੰਨੂੰ ਵਰਗੇ ਲੋਕ ਜੋ ਕਹਿੰਦਾ ਹੈ ਕਿ ਮੈਂ ਸਿੰਗਲ ਹੈਂਡਡ ਸਿੱਖਾਂ ਦਾ ਭਵਿੱਖ ਨਿਸ਼ਚਿਤ ਕਰ ਦੇਣਾ ਹੈ ਅੱਜ ਕਿਥੇ ਖੜ੍ਹਾ ਹੈ? ਸਿੱਖ ਸਮਾਜ ਨੇ ਤਾਂ ਹੀਰੋ ਹੀ ਉਹਨਾ ਲੋਕਾਂ ਨੂੰ ਬਣਾਇਆ ਹੋਇਆ ਹੈ ਜਿਹਨਾ ਦੀ ਕੋਈ ਵੀ ਸਾਰਥਿਕਤਾ (Relevance) ਨਹੀਂ ਹੈ। ਇਹ ਲੋਕ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin