Punjab

ਮੁੱਖ-ਮੰਤਰੀ ਚੰਨੀ ਦੀ ਸਾਲੀ ਦੇ ਮੁੰਡੇ ‘ਤੇ ਈ ਡੀ ਦੀ ਛਾਪੇਮਾਰੀ, ਕਰੋੜਾਂ ਦੀ ਨਕਦੀ ਬਰਾਮਦ !

ਚੰਡੀਗੜ੍ਹ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ਪੰਜਾਬ ‘ਚ ਛਾਪੇਮਾਰੀ ਕਰ ਰਹੀ ਹੈ। ਟੀਮ ਨੇ ਰੇਤ ਮਾਫੀਆ ਭੁਪਿੰਦਰ ਸਿੰਘ ਹਨੀ ਦੇ ਮੋਹਾਲੀ ਸਥਿਤ ਹੋਮ ਲੈਂਡ ਹਾਈਟ ਸਮੇਤ ਉਸ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਹਨੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਰੀਬੀ ਰਿਸ਼ਤੇਦਾਰ ਹੈ ਅਤੇ ਮੁੱਖ-ਮੰਤਰੀ ਚੰਨੀ ਦੀ ਸਾਲੀ ਦਾ ਮੁੰਡਾ ਹੈ। ਈਡੀ ਨੇ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਸਥਿਤ ਭੁਪਿੰਦਰ ਸਿੰਘ ਦੇ ਘਰ ਈ-390 ‘ਤੇ ਵੀ ਛਾਪਾ ਮਾਰਿਆ। ਟੀਮ ਦੇ ਨਾਲ ਨੀਮ ਫ਼ੌਜੀ ਬਲ ਵੀ ਮੌਜੂਦ ਸੀ। ਈ. ਡੀ. ਦੀਆਂ ਟੀਮਾਂ ਵੱਲੋਂ ਰੇਤ ਦੀ ਨਾਜਾਇਜ਼ ਮਾਇਨਿੰਗ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਟਿਕਾਣਿਆਂ ‘ਤੇ ਛਾਪੇਮਾਰੀ ਦੌਰਾਨ ਵਿਭਾਗ ਵਲੋਂ ਕਈ ਅਹਿਮ ਸੁਰਾਗ ਮਿਲਣ ਤੋਂ ਇਲਾਵਾ 6 ਕਰੋੜ ਰੁਪਏ ਨਕਦੀ ਬਰਾਮਦ ਕੀਤੀ ਗਈ ਹੈ । ਈ. ਡੀ. ਵੱਲੋਂ ਸਵੇਰੇ 8 ਵਜੇ ਤੋਂ ਛਾਪੇਮਾਰੀ ਚੱਲ ਰਹੀ ਸੀ। ਛਾਪੇਮਾਰੀ ਦੌਰਾਨ ਈ.ਡੀ. ਨੇ ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਟਿਕਾਣੇ ਤੋਂ 4 ਕਰੋੜ ਰੁਪਏ ਭਾਰਤੀ ਕਰੰਸੀ ਅਤੇ ਇਕ ਹੋਰ ਸਾਥੀ ਸੰਦੀਪ ਕੁਮਾਰ ਦੇ ਟਿਕਾਣੇ ਤੋਂ 2 ਕਰੋੜ ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਕਈ ਸ਼ੱਕੀ ਲੈਣ-ਦੇਣ ਵਾਲੇ ਜਾਅਲੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ ਤੇ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ ਦੇ ਛਾਪੇ ਨੂੰ ਸਿਆਸੀ ਹਲਕਿਆਂ ‘ਚ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਈਡੀ ਦੀਆਂ ਟੀਮਾਂ ਦਸਤਾਵੇਜ਼ਾਂ ਦੀ ਛਾਣਬੀਣ ਵਿੱਚ ਜੁਟੀਆਂ ਹੋਈਆਂ ਸਨ।  ਦੱਸਿਆ ਜਾ ਰਿਹਾ ਹੈ ਕਿ ਈਡੀ ਨੇ ਭੁਪਿੰਦਰ ਸਿੰਘ ਹਨੀ ਦੇ ਦਸ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਦੇ ਨਾਲ ਹੀ ਈਡੀ ਦੀ ਟੀਮ ਨੇ ਪਠਾਨਕੋਟ ‘ਚ ਦੋ ਕਾਰੋਬਾਰੀਆਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਹੈ। ਇਕ ਵਪਾਰੀ ਕਬਾੜ ਦਾ ਕੰਮ ਕਰਦਾ ਹੈ ਅਤੇ ਦੂਜੇ ਦਾ ਕਾਰੋਬਾਰ ਮਾਈਨਿੰਗ ਨਾਲ ਸਬੰਧਤ ਦੱਸਿਆ ਜਾਂਦਾ ਹੈ।

ਈਡੀ ਦੇ ਛਾਪੇ ਦੇ ਮਾਮਲੇ ‘ਤੇ ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹ ਮੈਨੂੰ ਨਿਸ਼ਾਨਾ ਬਣਾ ਰਹੇ ਹਨ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੇਰੇ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਲੋਕਤੰਤਰ ਲਈ ਚੰਗਾ ਨਹੀਂ ਹੈ। ਅਸੀਂ ਇਸ ਨਾਲ ਲੜਨ ਲਈ ਤਿਆਰ ਹਾਂ। ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਜਿਹਾ ਹੀ ਹੋਇਆ।

ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਟਿਕਾਣਿਆਂ ‘ਤੇ ਈਡੀ ਦੇ ਛਾਪੇ ‘ਤੇ ਟਿੱਪਣੀ ਕਰਦਿਆਂ ‘ਆਪ’ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ। ਰਾਘਵ ਚੱਢਾ ਨੇ ਚੰਨੀ ਨੂੰ ਇਹ ਵੀ ਦਿਖਾਇਆ ਸੀ ਕਿ ਉੱਥੇ ਕਿਵੇਂ ਰੇਤ ਦੀ ਚੋਰੀ ਹੋ ਰਹੀ ਹੈ ਪਰ ਫਿਰ ਵੀ ਉਨ੍ਹਾਂ ਨੇ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ।

ਇਸ ਤੋਂ ਇਲਾਵਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਬੁੱਗਾ ਕਲਾਂ ਦੇ ਸਾਬਕਾ ਕਾਂਗਰਸੀ ਸਰਪੰਚ ਰਣਦੀਪ ਸਿੰਘ ਦੇ ਘਰ ਈਡੀ ਵਲੋਂ ਛਾਪਾ ਮਾਰਿਆ ਗਿਆ ਹੈ ਜਿਸ ਦੀ ਜਾਂਚ ਜਾਰੀ ਹੈ। ਸੂਤਰਾ ਅਨੁਸਾਰ ਰਣਦੀਪ ਸਿੰਘ ਹਲਕਾ ਅਮਲੋਹ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਦਾ ਨਜ਼ਦੀਕੀ ਦਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਈਡੀ ਵਲੋਂ ਇਹ ਛਾਪਾ ਮਾਇਨਿੰਗ ਦੇ ਸਬੰਧ ਵਿਚ ਕੀਤਾ ਗਿਆ। ਉੱਥੇ ਹੀ ਈਡੀ ਵਲੋਂ ਲੋਕਲ ਪੁਲਿਸ ਨੂੰ ਵੀ ਅੰਦਰ ਜਾਣ ਨਹੀਂ ਦਿਤਾ ਜਾ ਰਿਹਾ।

ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਗਿਆ ਹੈ। FIR ਵਿਚ ਮਾਈਨਿੰਗ ਵਿਭਾਗ, ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਦੀ ਟੀਮ ਨੇ 7 ਮਾਰਚ 2018 ਨੂੰ ਪੁਲਿਸ ਸਟੇਸ਼ਨ ਰਾਹੋਂ ਐੱਸ. ਬੀ. ਐੱਫ. ਨਗਰ ਵਿਖੇ ਮਿਲੀ ਸ਼ਿਕਾਇਤ ਦੇ ਆਧਾਰ ਉਤੇ ਅਚਨਚੇਤ ਚੈਕਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਨੂੰ ਵੱਡੀ ਮਾਤਰਾ ਵਿਚ ਨਕਦੀ ਤੇ ਦਸਤਾਵੇਜ਼ ਬਰਾਮਦ ਹੋਏ ਹਨ। ਪੰਜਾਬ ਪੁਲਿਸ ਨੇ 2018 ਵਿੱਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਕੇਸ ਦਰਜ ਕੀਤਾ ਸੀ। ਜਿਸ ਵਿੱਚ ਬਾਕੀ ਧਾਰਾਵਾਂ ਦੇ ਨਾਲ 420 ਦੀ ਧਾਰਾ ਵੀ ਲੱਗੀ ਸੀ। ਇਸ ਦੇ ਆਧਾਰ ‘ਤੇ ਈਡੀ ਨੇ ਮਾਮਲੇ ਨੂੰ ਟੇਕਓਵਰ ਕਰ ਲਿਆ ਸੀ। ਪਹਿਲਾਂ ਇਸ ਵਿੱਚ ਕੁਦਰਤਜੀਤ ਨਾਮ ਦੇ ਮੁਲਜ਼ਮ ਦਾ ਨਾਂ ਸਾਹਮਣੇ ਆਇਆ ਸੀ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਦਾ ਮੁੱਖ ਸੂਤਰਧਾਰ ਭੁਪਿੰਦਰ ਹਨੀ ਹੈ। ਇਸ ਤੋਂ ਬਾਅਦ ਈਡੀ ਭੁਪਿੰਦਰ ਹਨੀ ਤੱਕ ਪਹੁੰਚੀ, ਜੋ ਮੁਹਾਲੀ ਦੇ ਸੈਕਟਰ 70 ਦੀ ਹੋਮਲੈਂਡ ਸੁਸਾਇਟੀ ਵਿੱਚ ਰਹਿੰਦਾ ਹੈ।

Related posts

ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ’ਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕਾਬੂ

editor

‘ਆਪ’ ਨੇ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ

editor

ਜਲੰਧਰ ’ਚ ਭਾਜਪਾ ਨੂੰ ਵੱਡਾ ਝਟਕਾ! ਭਗਵੰਤ ਮਾਨ ਨੇ ਵਿਧਾਇਕ ਰਮਨ ਅਰੋੜਾ ਦੇ ਨਾਲ ਰੌਬਿਨ ਸਾਂਪਲਾ ਦਾ ‘ਆਪ’ ’ਚ ਕੀਤਾ ਸਵਾਗਤ

editor