Articles

ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਸੂਫੀ ਦਰਗਾਹ, ਦਾਤਾ ਦਰਬਾਰ (ਲਾਹੌਰ)

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਦਾਤਾ ਦਰਬਾਰ ਲਾਹੌਰ ਕਿਲ੍ਹੇ ਦੇ ਅੰਦਰਵਾਰ ਭੱਟੀ ਦਰਵਾਜ਼ੇ ਦੇ ਨਜ਼ਦੀਕ ਸਥਿੱਤ ਹੈ ਤੇ 11ਵੀਂ ਸਦੀ ਦੇ ਮਹਾਨ ਸੂਫੀ ਸੰਤ ਅਬੁਲ ਹਸਨ ਅਲੀ ਹੁਜਵੀਰੀ, ਜਿਨ੍ਹਾਂ ਨੂੰ ਦਾਤਾ ਗੰਜ ਬਖਸ਼ ਵੀ ਕਿਹਾ ਜਾਂਦਾ ਹੈ, ਦੀ ਮਜ਼ਾਰ ਉੱਪਰ ਬਣਿਆ ਹੋਇਆ ਹੈ। ਦਾਤਾ ਗੰਜ ਬਖਸ਼ ਦੀ ਰਿਹਾਇਸ਼ ਵੀ ਇਥੇ ਹੀ ਹੁੰਦੀ ਸੀ। ਇਹ ਜਗ੍ਹਾ ਮੁਸਲਮਾਨਾਂ ਵੱਲੋਂ ਲਾਹੌਰ ਦਾ ਸਭ ਤੋਂ ਪਵਿੱਤਰ ਸਥਾਨ ਮੰਨਿਆਂ ਜਾਂਦਾ ਹੈ। ਸਲਾਨਾ ਉਰਸ ਵੇਲੇ ਦਸ ਲੱਖ ਤੋਂ ਵੱਧ ਸ਼ਰਧਾਲੂ ਇਸ ਦੀ ਜ਼ਿਆਰਤ ਕਰਦੇ ਹਨ। ਮੁਰੀਦਾਂ ਦਾ ਵਿਸ਼ਵਾਸ਼ ਹੈ ਕਿ ਦਾਤਾ ਗੰਜ ਬਖਸ਼ ਸਾਰੇ ਸੂਫੀ ਸੰਤਾਂ ਦੇ ਸੁਲਤਾਨ ਹਨ। ਇਹ ਦਰਗਾਹ ਲਾਹੌਰ ਦੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਗਤੀਵਿਧੀਆਂ ਦੀ ਧੁਰੀ ਹੈ। ਇਥੇ ਅਮੀਰ ਗਰੀਬ ਸਭ ਬਿਨਾਂ ਕਿਸੇ ਭੇਦ ਭਾਵ ਦੇ ਸਿਰ ਝੁਕਾਉਂਦੇ ਹਨ।
ਮੁਗਲ ਕਾਲ ਤੋਂ ਪਹਿਲਾਂ ਇਹ ਦਰਗਾਹ ਇੱਕ ਆਮ ਜਿਹਾ ਮਜ਼ਾਰ ਹੁੰਦਾ ਸੀ। ਮੁਗਲ ਕਾਲ ਵੇਲੇ ਇਸ ਦਾ ਪੁਨਰ ਨਿਰਮਾਣ ਅਤੇ ਵਿਸਥਾਰ ਕੀਤਾ ਗਿਆ ਜੋ ਅੱਜ ਵੀ ਚਾਲੂ ਹੈ। 1960 ਵਿੱਚ ਇਹ ਦਰਗਾਹ ਪਾਕਿਸਤਾਨੀ ਔਕਾਫ ਬੋਰਡ ਅਧੀਨ ਆ ਗਈ। ਜਨਰਲ ਜ਼ਿਆ ਉਲ ਹੱਕ (1978 ਤੋਂ 1988) ਦਾਤਾ ਦਰਬਾਰ ਦਾ ਬਹੁਤ ਵੱਡਾ ਮੁਰੀਦ ਸੀ। ਉਸ ਦੇ ਰਾਜ ਕਾਲ ਵਿੱਚ ਇਸ ਦਾ ਸਭ ਤੋਂ ਜਿਆਦਾ ਵਿਸਥਾਰ ਹੋਇਆ। ਦਫਤਰ ਕੰਪਲੈਕਸ, ਲਾਇਬਰੇਰੀ, ਮਦਰੱਸਾ, ਥਾਣੇ ਦੀ ਇਮਾਰਤ, ਪਾਰਕਿੰਗ, ਲੰਗਰ ਹਾਲ, ਸਕੂਲ ਅਤੇ ਕੱਵਾਲਾਂ ਲਈ ਸਟੇਜ਼ ਤਿਆਰ ਕੀਤੇ ਗਏ। ਇਥੇ ਹਰ ਸਾਲ ਦੋ ਦਿਨਾਂ ਲਈ ਕੱਵਾਲੀਆਂ ਦਾ ਪ੍ਰੋਗਰਾਮ (ਮਹਿਫਲੇ ਸਮਾ) ਮਨਾਇਆ ਜਾਂਦਾ ਹੈ ਜਿਸ ਵਿੱਚ ਪਾਕਿਸਤਾਨ ਦੇ ਪ੍ਰਸਿੱਧ ਕੱਵਾਲ ਹਿੱਸਾ ਲੈਂਦੇ ਹਨ। ਇਥੇ ਪ੍ਰੋਗਰਾਮ ਪੇਸ਼ ਕਰਨ ਦਾ ਮੌਕਾ ਬਹੁਤ ਹੀ ਮੁਸ਼ਕਿਲ ਨਾਲ ਮਿਲਦਾ ਹੈ।
ਦਰਗਾਹ ਦਾਤਾ ਦਰਬਾਰ, ਆਧੁਨਿਕ ਅਤੇ ਮੁਗਲ ਕਾਲੀਨ ਇਮਾਰਤਸਾਜ਼ੀ ਦਾ ਬੇਹਤਰੀਨ ਨਮੂਨਾ ਹੈ। ਇਸ ਦਾ ਗੁੰਬਦ ਨੀਲੇ ਅਤੇ ਵਿਹੜਾ ਸਫੈਦ ਸੰਗਮਰਮਰ ਨਾਲ ਮੜ੍ਹਿਆ ਹੋਇਆ ਹੈ। ਅਜ਼ਾਦੀ ਤੋਂ ਪਹਿਲਾਂ ਲਾਹੌਰ ਦੇ ਹਿੰਦੂ-ਮੁਸਲਿਮ ਬਿਨਾਂ ਕਿਸੇ ਧਾਰਮਿਕ ਭੇਦ ਭਾਵ ਦੇ ਸ਼ਰਧਾ ਨਾਲ ਇਥੇ ਮੱਥਾ ਟੇਕਣ ਆਉਂਦੇ ਸਨ। ਇਸ ਦੀ ਜਿਆਰਤ ਕਾਰਨ ਵਾਲੀਆਂ ਪ੍ਰਸਿੱਧ ਸ਼ਖਸੀਅਤਾਂ ਵਿੱਚ ਬਾਬਾ ਫਰੀਦ, ਮੁਈਨੁਦੀਨ ਚਿਸ਼ਤੀ, ਨਿਜ਼ਾਮੁਦੀਨ ਔਲੀਆ, ਦਾਰਾ ਸ਼ਿਕੋਹ, ਅਲਾਮਾ ਇਕਬਾਲ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸ਼ਾਮਲ ਹਨ। ਦਾਤਾ ਗੰਜ ਬਖਸ਼ ਦੀਆਂ ਸਿੱਖਿਆਵਾਂ ਉਦਾਰਵਾਦੀ ਅਤੇ ਸਭ ਧਰਮਾਂ ਦਾ ਸਤਿਕਾਰ ਕਰਨ ਵਾਲੀਆਂ ਸਨ ਤੇ ਉਹ ਨਸ਼ਿਆਂ ਦੇ ਸਖਤ ਖਿਲਾਫ ਸਨ। ਦਾਤਾ ਦਰਬਾਰ ਵੱਲੋਂ ਰੋਜ਼ਾਨਾ 50000 ਤੋਂ ਵੱਧ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਹਜ਼ਾਰਾਂ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਮਰੀਜ਼ਾਂ ਦੇ ਇਲਾਜ਼ ਦਾ ਖਰਚਾ ਚੁੱਕਿਆ ਜਾਂਦਾ ਹੈ। ਇਹ ਚੌਵੀ ਘੰਟੇ ਦਰਸ਼ਨਾਂ ਲਈ ਖੁਲ੍ਹਾ ਰਹਿੰਦਾ ਹੈ ਤੇ ਰੋਜ਼ਾਨਾ 50000 ਤੋਂ 60000 ਸ਼ਰਧਾਲੂ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਂਦੇ ਹਨ।
ਪਰ ਕੱਟੜਵਾਦੀਆਂ ਨੇ ਇਸ ਮਹਾਨ ਸੰਤ ਦੇ ਸਥਾਨ ਨੂੰ ਵੀ ਨਹੀਂ ਬਖਸ਼ਿਆ। 8 ਮਈ 2019 ਨੂੰ ਅੱਤਵਾਦੀਆਂ ਨੇ ਇਥੇ ਮਨੁੱਖੀ ਬੰਬ ਧਮਾਕਾ ਕਰ ਕੇ ਦਸ ਸ਼ਰਧਾਲੂਆਂ ਨੂੰ ਕਤਲ ਅਤੇ 25 ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ 1 ਜੁਲਾਈ 2010 ਨੂੰ ਵੀ ਦੋ ਮਨੁੱਖੀ ਬੰਬਾਂ ਨੇ ਹਮਲਾ ਕਰ ਕੇ 50 ਵਿਅਕਤੀ ਕਤਲ ਅਤੇ 200 ਜ਼ਖਮੀ ਕਰ ਦਿੱਤੇ ਸਨ। ਕੱਟੜ ਪੰਥੀਆਂ ਦੇ ਹਮਲਿਆਂ ਕਾਰਨ ਇਸ ਦਰਗਾਹ ਦੀ ਸੁਰੱਖਿਆ ਬਹੁਤ ਵਧਾ ਦਿੱਤੀ ਗਈ ਹੈ ਤੇ ਸ਼ਰਧਾਲੂਆਂ ਦੀ ਸਖਤ ਚੈਕਿੰਗ ਕੀਤੀ ਜਾਂਦੀ ਹੈ। ਹੁਣ ਇਥੇ ਪੁਲਿਸ ਤੋਂ ਇਲਾਵਾ 400 ਪੱਕੇ ਪ੍ਰਾਈਵੇਟ ਸਕਿਉਰਟੀ ਗਾਰਡ ਵੀ ਤਾਇਨਾਤ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin