Poetry Geet Gazal

ਡਾ. ਆਤਮਾ ਸਿੰਘ ਗਿੱਲ

ਲੇਖਕ: ਡਾ. ਆਤਮਾ ਸਿੰਘ ਗਿੱਲ
ਵਿਰਸਾ ਪੰਜਾਬੀਆਂ ਦਾ
ਵਿਰਸਾ ਪੰਜਾਬੀਆਂ ਦਾ ਸਭ ਤੋਂ ਅਮੀਰ ਏ।
ਢੋਲੇ ਮਾਹੀਏ ਟੱਪੇ ਗਾਉਂਦੇ ਮਿਰਜ਼ਾ ਤੇ ਹੀਰ ਏ।
ਘੋੜੀਆਂ ਸੁਹਾਗ ਨਾਲੇ ਸਿੱਠਣੀਆਂ ਬੋਲੀਆਂ।
ਭੰਗੜੇ ਦੇ ਵਿਚ ਮੁੰਡੇ ਬੰਨ੍ਹ-ਬੰਨ੍ਹ ਟੋਲੀਆਂ।
ਤਿੱਲੇ ਵਾਲੀ ਜੁੱਤੀ ਲੜ ਚਾਦਰੇ ਦਾ ਛੱਡਦੇ।
ਕੁੜਤਾ ਤਰੀਜਾਂ ਵਾਲਾ ਪਾ ਕੇ ਬੜਾ ਫੱਬਦੇ।
ਚੌੜੀਆਂ ਨੇ ਛਾਤੀਆਂ ਤੇ ਗੁੰਦਵੇਂ ਸਰੀਰ ਏ।
ਵਿਰਸਾ ਪੰਜਾਬੀਆਂ ਦਾ…
ਚਾਟੀ ‘ਚ ਮਧਾਣੀ ਜਦੋਂ ਪਾਉਂਦੀਆਂ ਸਵਾਣੀਆਂ।
ਹਾਲੀ ਤੁਰ ਪੈਂਦੇ ਹੱਥ ਫੜ੍ਹ ਕੇ ਪਰਾਣੀਆਂ।
ਭੱਤਾ ਲੈ ਜਾਂਦੀਆਂ ਨੇ ਖੇਤ ਨੂੰ ਪੰਜਾਬਣਾਂ।
ਵੱਟਾਂ ਉੱਤੇ ਫਿਰਦੀਆਂ ਬਣ ਕੇ ਨਵਾਬਣਾਂ।
ਸੱਸੀ, ਸੋਹਣੀ, ਸ਼ੀਰੀ, ਸਾਹਿਬਾਂ ਲੱਗੇ ਕੋਈ ਹੀਰ ਏ।
ਵਿਰਸਾ ਪੰਜਾਬੀਆਂ ਦਾ…
ਤੀਆਂ ਦੇ ਵਿਚ ਚਰਖੇ ਕੱਤਣ ਕੱਢਦੀਆਂ ਨੇ ਫੁਲਕਾਰੀਆਂ।
ਦਰੀਆਂ, ਖੇਸ, ਚੁਤੱਹੀਆਂ ਨਾਲੇ ਬਣਨ ਸ਼ਿੰਗਾਰ ਪਟਾਰੀਆਂ।
ਗੀਤ ਖੁਸ਼ੀ ਦੇ ਗਿੱਧਾ, ਕਿਕਲੀ, ਬੋਲੀਆਂ ਤੇ ਨਾਲੇ ਸੰਮੀ।
ਸਭ ਤੋਂ ਸੋਹਣੀ ਉਹ ਕੁੜੀ ਜਿਹੜੀ ਪੀਂਘ ਚੜ੍ਹਾਵੇ ਲੰਮੀ।
ਸਭ ਪੰਜਾਬੀ ਖਾਂਦੇ ਰਲ਼ ਕੇ ਪੂੜੇ ਅਤੇ ਖੀਰ ਏ।
ਵਿਰਸਾ ਪੰਜਾਬੀਆਂ ਦਾ…
ਮੇਲ ਨਾਨਕਾ ਅਤੇ ਦਾਦਕਾ ਰੌਣਕ ਹੁੰਦੀ ਵਿਆਹਾਂ ਦੀ।
ਸੁਹਾਗ, ਘੋੜੀਆਂ, ਸਿੱਠਣੀਆਂ ਨਾਲੇ ਨਾਚ ਕਲਾਵਾਂ ਦੀ।
ਸਾਰੇ ਕਹਿੰਦੇ ਜਿਹੜੀ ਗਿੱਧਾ ਨਾ ਪਾਊ ਰੰਨ ਬਾਬੇ ਦੀ।
ਜੈਕੁਰ ਆਗੀ ਵਿਚ ਗਿੱਧੇ ਦੇ ਸੋਹਣੀ ਸ਼ੈਲ ਦੁਆਬੇ ਦੀ।
ਮਾਮੀ ਨਖਰੋ ਚਾਚੀ ਨਖਰੋ ਸਭ ਵੱਲ ਛੱਡਦੀ ਤੀਰ ਏ।
ਵਿਰਸਾ ਪੰਜਾਬੀਆਂ ਦਾ ਸਭ ਤੋਂ ਅਮੀਰ ਏ।
———————00000———————

ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ

ਪੌਡਾਂ ਦਾ ਹਿਸਾਬ ਕਰ ਮੁੱਕ ਗਈਆਂ ਸਧਰਾਂ।
ਡਾਲਰਾਂ ਨੇ ਰਹਿੰਦੀਆਂ ਵੀ ਲੁੱਟ ਲਈਆਂ ਸੱਧਰਾਂ।
ਬਣ ਗਏ ਮਸ਼ੀਨਾਂ ਬੰਦੇ ਜਾ ਕੇ ਪਰਦੇਸ,
ਰੁਲ ਗਏ ਨੇ ਚਾਅ ਨਾਲੇ ਸੱਧਰਾਂ ਨਿਮਾਣੀਆਂ।
ਕਿਥੇ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।
ਮੁੱਕ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।

ਸਾਉਣ ਮਹੀਨਾ ਪਿੱਪਲੀਂ ਪੀਘਾਂ ਭੁੱਲ ਗਏ ਪੂੜੇ ਖੀਰਾਂ ਨੂੰ।
ਤੀਆਂ ਤ੍ਰਿਝਣ ਗਿੱਧਾ ਭੰਗੜਾ ਰੱਖੜੀ ਬੰਨਣੀ ਵੀਰਾਂ ਨੂੰ।
ਵਿਰਸਾ ਭੁੱਲ ਕੇ ਛੋਹ ਲਈਆਂ ਨੇ
ਨਵੀਆਂ ਰੋਜ਼ ਕਹਾਣੀਆਂ।
ਕਿਥੇ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।

ਊੜਾ ਗਿਆ ਜੂੜਾ ਗਿਆ, ਤੂੜੀ ਗਈ ਰੂੜੀ ਗਈ।
ਚਰਖੇ ਅਤੇ ਮਧਾਣੀਆਂ ਦੀ ਸਾਂਝ ਕਿਥੇ ਗੂੜੀ ਗਈ।
ਮੱਖਣਾਂ ਦੇ ਪੇੜੇ ਅਤੇ ਲੱਸੀਆਂ ਦੇ ਛੰਨੇ,
ਕਿਥੇ ਤੁਰ ਗਈਆਂ ਚਾਟੀਆਂ ਮਧਾਣੀਆਂ।
ਕਿਥੇ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।

ਜਾਗੋ ਕੱਢਣੀ ਨਾਨਕੀਆਂ ਤੇ ਦਾਦਕੀਆਂ ਨੇ ਰਲ-ਮਿਲ ਕੇ।
ਸੁਹਾਗ ਘੋੜੀਆਂ ਸਿੱਠਣੀਆਂ ਤੇ ਬੋਲੀਆਂ ਪਾਉਣੀਆਂ ਮਿਲ-ਜੁਲ ਕੇ।
ਕੋਠੇ ਚੜ੍ਹ-ਚੜ੍ਹ ਵਿੰਹਦੇ ਸੀ ਲੋਕੀਂ,
ਮੇਲ ਆਉਂਦਾ ਬੰਨ੍ਹ-ਬੰਨ੍ਹ ਢਾਣੀਆਂ।
ਕਿਥੇ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।
ਮੁੱਕ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।

———————00000———————

ਗੁਰੂ ਅਰਜਨ ਦਾ ਕੋਈ ਨਹੀਂ ਸਾਨੀ

ਧੰਨ ਸ੍ਰੀ ਗੁਰੂ ਅਰਜਨ ਦੇਵ ਜੀ
ਧੰਨ ਸ੍ਰੀ ਗੁਰੂ ਅਰਜਨ ਦੇਵ ਜੀ
ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚੋਂ।
ਐਸੀ  ਨਹੀਂ  ਕੋਈ  ਕੁਰਬਾਨੀ ਸਾਰੀ ਦੁਨੀਆ ਵਿਚੋਂ।

ਅੰਮ੍ਰਿਤਸਰ ਦੇ ਵਿਚ ਬਣਵਾਇਆ ਸਿੱਖ ਪੰਥ ਲਈ ਮੱਕਾ।
ਦਾਤਾਂ ਦੇ ਨਾਲ ਭਰ ਜਾਏ ਝੋਲੀ ਨਿਸ਼ਚਾ ਹੋਵੇ ਪੱਕਾ।
ਕਸ਼ਟ ਨਿਵਾਰੇ ਅੰਮ੍ਰਿਤ ਬਾਣੀ ਸਾਰੀ ਦੁਨੀਆ ਵਿਚੋਂ।
ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚੋਂ।

ਦੋਹਿਤਾ ਬਾਣੀ ਦਾ ਸੀ ਬੋਹਿਥਾ ਪੂਰਾ ਬਚਨ ਨਿਭਾਇਆ।
ਬਾਣੀ ਲਿਖੀ, ਇਕੱਤਰ ਕੀਤੀ, ਆਦਿ ਗ੍ਰੰਥ ਲਿਖਾਇਆ।
ਦੁਖਭੰਜਨ ਹੈ ਧੁਰ ਕੀ ਬਾਣੀ ਸਾਰੀ ਦੁਨੀਆ ਵਿਚੋਂ।
ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚੋਂ।

ਵੈਰੀ ਦੁਸ਼ਮਣ ਸੱਜਣ ਕੋਈ ਵੀ ਚੱਲ ਕੇ ਦਰ ਤੇ ਆਉੰਦੇ।
‘ਆਤਮ’ ਵਰਗੇ ਪਾਪੀ ਇਥੇ ਆ ਕੇ ਭੁੱਲ ਬਖਸ਼ਾਉੰਦੇ।
ਸਤਿਗੁਰ ਵਰਗਾ ਕੋਈ ਨਹੀਂ ਦਾਨੀ ਸਾਰੀ ਦੁਨੀਆ ਵਿਚੋਂ।
ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚੋਂ।

———————00000———————
ਪੰਛੀ ਪੌਦੇ ਹਵਾ ਦੇ ਬੁੱਲੇ 
ਪੰਛੀ ਪੌਦੇ ਹਵਾ ਦੇ ਬੁੱਲੇ ਤਾਰੇ ਕਹਿੰਦੇ ਆਤਮ ਨੂੰ।
ਪਲ ਵਿਚ ਸਾਂਝਾਂ ਤੋੜ ਗਿਆ ਏਂ ਸਾਰੇ ਕਹਿੰਦੇ ਆਤਮ ਨੂੰ।
ਸੂਰਜ ਚੰਦ ਪਹਾੜ ਤੇ ਸਾਗਰ ਅੰਬਰ ਸਾਖੀ ਭਰਦਾ ਹੈ,
ਧਰਤੀ ਦੇ ਸੀਨੇ ਤੇ ਲਾਏ ਲਾਰੇ ਕਹਿੰਦੇ ਆਤਮ ਨੂੰ।
ਦੁਨੀਆ ਦੇ ਰਿਵਾਜਾਂ ਸਾਹਵੇਂ ਸਾਡੇ ਹੱਕਾਂ ਖਾਤਰ ਤੂੰ,
ਸੀਨਾ ਤਾਣ ਕੇ ਜਿਹੜੇ ਭਰੇ ਹੁੰਗਾਰੇ ਕਹਿੰਦੇ ਆਤਮ ਨੂੰ।
ਲਾਈਆਂ ਤੋੜ ਨਿਭਾਵਣ ਦੇ ਲਈ ਦਿੱਤੀਆਂ ਤੋੜ ਜ਼ਮਾਨੇ ਨੇ,
ਹੋਏ ਦੀਵਾਨੇ ਲੋਕ ਇਸ਼ਕ ਦੇ ਮਾਰੇ ਕਹਿੰਦੇ ਆਤਮ ਨੂੰ।
ਪਿੱਠ ‘ਚ ਖੰਜਰ ਮਾਰੇ ਹੱਥੀਂ ਆਪਣੇ ਹੀ ਮਹਿਬੂਬਾਂ ਨੇ,
ਆਪਣਿਆਂ ਦੇ ਹੱਥੋਂ ਜਿਹੜੇ ਹਾਰੇ ਕਹਿੰਦੇ ਆਤਮ ਨੂੰ।
———————00000———————
ਮਾਵਾਂ
ਜੰਨਤ ਦੇ ਵੱਲ ਜਾਂਦੀਆਂ ਇਹਨਾਂ ਰਾਹਵਾਂ ਨੂੰ  l
ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ  l
ਦੁੱਖਾਂ ਦਰਦਾਂ ਵਾਲੀਆਂ ਭਾਰੀਆਂ ਪੰਡਾਂ ਇਹ  l
ਦਿਲ ਨੂੰ ਦੇ ਕੇ ਰੱਖਣ ਪੱਕੀਆਂ ਗੰਡਾਂ ਇਹ l
ਤਰਸਣ ਧੀਆਂ ਪੁੱਤਰ ਭੈਣ ਭਰਾਵਾਂ ਨੂੰ l
ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ  l
ਬੇਸ਼ੱਕ ਬਿਰਧ ਆਸ਼ਰਮ ਦੇ ਵਿਚ ਛੱਡ ਦਿੱਤਾ  l
ਆਪਣੇ ਵੱਲੋਂ ਮਾਂ ਦਾ ਫਾਹਾ ਵੱਢ ਦਿੱਤਾ l
ਝੂਰੋਗੇ ਇਹਨਾਂ ਹੱਥੀਂ ਕਰੇ ਗੁਨਾਹਵਾਂ ਨੂੰ l
ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ l
ਪੁੱਤ ਜਵਾਨ ਜੇ ਤੋਰਨੇ ਪੈਂਦੇ ਮਾਵਾਂ ਨੂੰ l
ਹੱਥੀਂ ਲਾਂਬੂ ਲਾਉਂਦੀਆਂ ਆਪਣੇ ਚਾਵਾਂ ਨੂੰ l
ਬੇਦੋਸ਼ੇ ਹੀ ਮਿਲੀਆਂ ਸਖ਼ਤ ਸਜ਼ਾਵਾਂ ਨੂੰ l
ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ l

———————00000———————

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin

ਤਰਲੋਚਨ ਸਿੰਘ ‘ਦੁਪਾਲ ਪੁਰ’, ਅਮਰੀਕਾ

admin