Punjab

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਰਾਂ ‘ਚ ਉਤਸ਼ਾਹ ਬਹੁਤ ਮੱਠਾ ਰਿਹਾ !

ਚੰਡੀਗੜ੍ਹ – ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ ’ਚ ਵੋਟਿੰਗ ਲਈ ਵੋਟਰਾਂ ਵਿੱਚ ਉਤਸ਼ਾਹ ਬਹੁਤ ਮੱਠਾ ਰਿਹਾ। 5 ਵਜੇ ਤੱਕ ਇਥੇ 36.4 ਫ਼ੀਸਦੀ ਵੋਟਾਂ ਪਈਆਂ। ਇਥੇ ਇਹ ਗੱਲ ਵਰਣਨਯੋਗ ਹੈ ਕਿ ਵੋਟਿੰਗ ਕੇਂਦਰਾਂ ’ਤੇ ਸਵੇਰੇ ਤੋਂ ਹੀ ਬਹੁਤ ਘੱਟ ਗਿਣਤੀ ’ਚ ਵੋਟਰ ਦਿਖਾਈ ਦਿੱਤੇ।

ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਵੋਟਿੰਗ ਦਾ ਸਮਾਂ ਇਕ ਘੰਟੇ ਹੋਰ ਵਧਾਉਣ ਦੀ ਬੇਨਤੀ ਕੀਤੀ। ਉਨ੍ਹਾਂ ਟਵਿੱਟ ਕਰਦਿਆਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਇਹ ਸਮਾਂ ਝੋਨੇ ਦੇ ਸੀਜ਼ਨ ਦਾ ਹੈ ਜਿਸ ਕਾਰਨ ਬਹੁਤ ਗਿਣਤੀ ’ਚ ਲੋਕ ਦਿਹਾੜੀ ਜਾਂ ਹੋਰ ਕੰਮ ’ਤੇ ਗਏ ਹੋਏ ਹਨ। ਇਸ ਲਈ …ਕਿਰਪਾ ਕਰਕੇ ਵੋਟਾਂ ਪਾਉਣ ਦਾ ਸਮਾਂ 6 ਵਜੇ ਤੋਂ ਵਧਾ ਕੇ 7 ਵਜੇ ਕਰ ਦਿੱਤਾ ਜਾਵੇ ।

ਦੁਪਹਿਰ ਤਿੰਨ ਵਜੇ ਤੱਕ ਸੰਗਰੂਰ ਵਿੱਚ 29 ਫੀਸਦੀ ਵੋਟਿੰਗ ਹੋਈ। ਮਾਲੇਰਕੋਟਲਾ ਵਿੱਚ ਸਭ ਤੋਂ ਵੱਧ 33.45 ਫ਼ੀਸਦੀ ਵੋਟਾਂ ਪਈਆਂ। ਉਥੇ ਹੀ ਸੁਨਾਮ ਵਿੱਚ 30.4 ਫੀਸਦੀ, ਧੂਰੀ ਵਿੱਚ 29 ਫੀਸਦੀ, ਦਿੜਬਾ ਵਿੱਚ 29.56 ਫੀਸਦੀ, ਲਹਿਰਾ ਵਿੱਚ 28 ਫੀਸਦੀ, ਭਦੌੜ ਵਿੱਚ 27.78 ਫੀਸਦੀ, ਬਰਨਾਲਾ ’ਚ 27.23 ਫੀਸਦੀ, ਮਹਿਲ ਕਲਾਂ ’ਚ 28 ਫੀਸਦੀ, ਮਾਲੇਰਕੋਟਲਾ ’ਚ 3.46 ਫੀਸਦੀ ਤੇ ਸੰਗਰੂਰ ਵਿੱਚ 28 ਫੀਸਦੀ ਵੋਟਾਂ ਪਈਆਂ। ਇਸ ਤੋਂ ਪਹਿਲਾਂ ਦੁਪਹਿਰ 1 ਵਜੇ ਤਕ ਕੁੱਲ 22.21 ਫੀਸਦੀ ਵੋਟਿੰਗ ਹੋਈ ਸੀ। ਵਿਧਾਨ ਸਭਾ ਹਲਕਾ ਲਹਿਰਾ 23 ਫੀਸਦੀ, ਵਿਧਾਨ ਸਭਾ ਹਲਕਾ ਦਿੜ੍ਹਬਾ 24.41, ਸੁਨਾਮ 24.9, ਭਦੌੜ 22.58, ਬਰਨਾਲਾ 21.8, ਮਹਿਲਕਲਾਂ 20, ਮਾਲੇਰਕੋਟਲਾ 22.5, ਹਲਕਾ ਧੂਰੀ 18, ਹਲਕਾ ਸੰਗਰੂਰ 22 ਫੀਸਦੀ ਵੋਟਿੰਗ ਹੋਈ। ਸੰਗਰੂਰ ਲੋਕ ਸਭਾ ਹਲਕੇ ਵਿੱਚ 13 ਫੀਸਦੀ, ਹਲਕਾ ਗੜ੍ਹਾ ਵਿਧਾਨ ਸਭਾ ਹਲਕੇ ਵਿੱਚ 13.71, ਸੁਨਾਮ 14 ਫੀਸਦੀ, ਭਦੌੜ 14.53, ਬਰਨਾਲਾ 16.40 ਫੀਸਦੀ, ਮਹਿਲ ਕਲਾਂ 15 ਫੀਸਦੀ, ਮਾਲੇਰਕੋਟਲਾ 15.86 ਫੀਸਦੀ, ਹਲਕਾ ਧੂਰੀ ਵਿੱਚ 8 ਫੀਸਦੀ ਅਤੇ ਸੰਗਰੂਰ ਵਿਧਾਨ ਸਭਾ ਹਲਕੇ ਵਿੱਚ ਹਲਕੀ ਹਲਚਲ ਸੀ। ਉੱਥੇ ਹੀ ਸਵੇਰੇ 11 ਵਜੇ ਤੱਕ ਹੋਈ 12.75 ਫ਼ੀਸਦੀ ਵੋਟਿੰਗ ਵਿੱਚੋਂ ਸਭ ਤੋਂ ਜ਼ਿਆਦਾ 15.86 ਫ਼ੀਸਦੀ ਵੋਟਿੰਗ ਮਲੇਰਕੋਟਲਾ ਵਿੱਚ ਹੋਈ। ਇਸ ਤੋਂ ਬਾਅਦ ਸੁਨਾਮ 14.8% ਵੋਟਿੰਗ ਨਾਲ ਦੂਜੇ ਨੰਬਰ ’ਤੇ ਅਤੇ 13.71 ਫ਼ੀਸਦੀ ਵੋਟਿੰਗ ਨਾਲ ਦਿੜਬਾ ਤੀਜੇ ਨੰਬਰ ’ਤੇ ਰਿਹਾ।
ਇਨ੍ਹਾਂ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਸੰਗਰੂਰ ਸੀਟ ’ਤੇ ਕੁੱਲ 15 ਲੱਖ 69 ਹਜ਼ਾਰ 240 ਵੋਟਰ ਹਨ । ਜਿਨ੍ਹਾਂ ਵਿੱਚ 8 ਲੱਖ 30 ਹਜ਼ਾਰ 56 ਪੁਰਸ਼ ਅਤੇ 7 ਲੱਖ 39 ਹਜ਼ਾਰ 140 ਮਹਿਲਾ ਵੋਟਰ ਹਨ । ਇਹ ਉਪ ਚੋਣ ਆਮ ਆਦਮੀ ਪਾਰਟੀ ਲਈ ਬਹੁਤ ਅਹਿਮ ਹੈ । ਪੰਜਾਬ ਵਿੱਚ ਸਰਕਾਰ ਬਣਨ ਤੋਂ ਕਰੀਬ 100 ਦਿਨ ਬਾਅਦ ‘ਆਪ’ ਦੀ ਇਹ ਪਹਿਲੀ ਚੋਣ ਹੈ।

ਮੁੱਖ ਮੰਤਰੀ ਮਾਨ ਦੀ ਸੰਗਰੂਰ ਵਾਸੀਆਂ ਨੂੰ ਵੋਟਿੰਗ ਦੀ ਅਪੀਲ: ਸੰਗਰੂਰ ਲੋਕ ਸਭਾ ਸੀਟ ਲਈ ਵੀਰਵਾਰ ਨੂੰ ਜ਼ਿਮਨੀ ਚੋਣ ਹੋਈ। ਇਸ ਸਬੰਧੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਚੱਲ ਰਹੀ ਹੈ। ਸੰਗਰੂਰ ਦੇ ਇਨਕਲਾਬੀ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਇਸ ਜ਼ਿਮਨੀ ਚੋਣ ਵਿੱਚ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਅਤੇ ਇਲਾਕੇ ਦੇ ਵਿਕਾਸ ਲਈ ਵੋਟ ਜ਼ਰੂਰ ਪਾਓ..ਇਨਕਲਾਬ ਜ਼ਿੰਦਾਬਾਦ।“

ਸੰਗਰੂਰ ਲੋਕ ਸਭਾ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਰਹੀ ਹੈ । ਮੁੱਖ ਮੰਤਰੀ ਮਾਨ ਨੇ ਇੱਥੋਂ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਜਿੱਤੀਆਂ ਸਨ। ਉਹ 2019 ਵਿੱਚ ਜਿੱਤਣ ਵਾਲੇ ਦੇਸ਼ ਭਰ ਵਿੱਚੋਂ ‘ਆਪ’ ਦੇ ਇਕਲੌਤੇ ਸੰਸਦ ਮੈਂਬਰ ਸਨ । ਮਾਨ ਇਸ ਵਾਰ ਧੂਰੀ ਸੀਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਪਾਰਟੀ ਨੂੰ 117 ਵਿੱਚੋਂ 92 ਸੀਟਾਂ ਮਿਲਣ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਬਣਨ ਲਈ ਲੋਕ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ।

ਸੰਗਰੂਰ ਸੰਸਦੀ ਖੇਤਰ ‘ਚ 15,69,240 ਕੁੱਲ ਵੋਟਰ ਹਨ, ਜਿਨ੍ਹਾਂ ‘ਚੋਂ 83,0,240 ਪੁਰਸ਼, 7,39,140 ਔਰਤਾਂ ਤੇ 44 ਟ੍ਰਾਂਸਜੈਂਡਰ ਵੋਟਰ ਹਨ। ਕੁੱਲ 16 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਵੋਟਰਾਂ 1766 ਵੋਟ ਕੇਂਦਰਾਂ ‘ਤੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕੀਤਾ। 296 ਸੰਵੇਦਨਸ਼ੀਲ ਵੋਟ ਕੇਂਦਰਾਂ ‘ਤੇ ਵੱਦ ਪੁਲਸ ਬਲ ਤਾਇਨਾਤ ਕੀਤਾ ਗਿਆ। ਦੱਸ ਦੇਈਏ ਕਿ ‘ਆਪ’ ਨੂੰ ਫਰਵਰੀ 2022 ਦੀ ਵਿਧਾਨ ਸਭਾ ਚੋਣ ‘ਚ 9 ਵਿਧਾਨ ਸਭਾ ਹਲਕਿਆਂ ‘ਚ ਕੁੱਲ 6,43,354 ਵੋਟ ਮਿਲੇ, ਜਦੋਂਕਿ ਕਾਂਗਰਸ 2,11,012 ਵੋਟਾਂ ਦੇ ਨਾਲ ਦੂਸਰੇ ਸਥਾਨ ‘ਤੇ ਰਹੀ। 9 ਵਿਧਾਨ ਸਭਾ ਖੇਤਰਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਸਮੂਹਿਕ ਰੂਪ ਨਾਲ 1,41,382 ਵੋਟਾਂ ਮਿਲੀਆਂ, ਜਦੋਂਕਿ ਭਾਜਪਾ 85,509 ਵੋਟਾਂ ਦੇ ਨਾਲ ਚੌਥੇ ਨੰਬਰ ‘ਤੇ ਸੀ ਤੇ ਉਸ ਮਗਰੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਨ, ਉਨ੍ਹਾਂ ਨੂੰ 81,553 ਵੋਟਾਂ ਪਈਆਂ ਸਨ।

ਇਸ ਚੋਣ ‘ਚ ਜਿੱਥੇ ਸੱਤਾਧਾਰੀ ਪਾਰਟੀ ਨੇ 3 ਮਹੀਨਿਆਂ ‘ਚ ਕੀਤੇ ਕੰਮਾਂ ਦੇ ਆਧਾਰ ‘ਤੇ ਜਨਤਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ, ਉੱਥੇ ਹੀ ਵਿਰੋਧੀ ਪਾਰਟੀਆਂ ਨੇ ਸੂਬੇ ‘ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਲਈ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਸੀ। ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਦਾ ਮੁੱਦਾ ਵੀ ਇਸ ਚੋਣ ‘ਚ ਕਾਫੀ ਉੱਠਿਆ। ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ, ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਸਿਮਰਨਜੀਤ ਸਿੰਘ ਮਾਨ, ਕਾਂਗਰਸ ਵੱਲੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮਲਦੀਪ ਕੌਰ ਚੋਣ ਮੈਦਾਨ ‘ਚ ਹਨ।

ਇਸੇ ਦੌਰਾਨ ਚੋਣ ਕਮਿਸ਼ਨ (ਈ. ਸੀ.) ਨੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਸਕੱਤਰ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਜਦੋਂ ਪੋਲਿੰਗ ਦਾ ਸਮਾਂ ਖ਼ਤਮ ਹੋਣ ਵਾਲਾ ਸੀ ਤਾਂ ਉਨ੍ਹਾਂ ਨੇ ਸਮਾਂ ਵਧਾਉਣ ਦੀ ਮੰਗ ਕਿਉਂ ਕੀਤੀ। ਇਸ ਦੇ ਨਾਲ ਹੀ ਕਮਿਸ਼ਨ ਨੇ ਕਿਹਾ ਕਿ ਇਹ ”ਚੋਣ ਪ੍ਰਕਿਰਿਆ ‘ਚ ਬੇਲੋੜੀ ਦਖਲਅੰਦਾਜ਼ੀ ਅਤੇ ਵੋਟਰਾਂ ਦੇ ਕੁਝ ਵਰਗਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼” ਦੇ ਬਰਾਬਰ ਹੈ। ਕਮਿਸ਼ਨ ਨੇ ਕਿਹਾ ਕਿ ਰਿਟਰਨਿੰਗ ਅਫ਼ਸਰ ਦਾ ਪੱਤਰ ਤੇ ਉਸ ਤੋਂ ਬਾਅਦ ਸ਼ਾਮ 4:05 ਵਜੇ ਮੁੱਖ ਸਕੱਤਰ ਦੀ ਬੇਨਤੀ ‘ਚੋਣ ਪ੍ਰਕਿਰਿਆ ‘ਚ ਬੇਲੋੜੀ ਦਖਲਅੰਦਾਜ਼ੀ ਦੀ ਕੋਸ਼ਿਸ਼ ਅਤੇ ਵੋਟਰਾਂ ਦੇ ਕੁਝ ਵਰਗਾਂ ਨੂੰ ਇਹ ਕਹਿੰਦੇ ਹੋੲੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੈ ਕਿ ਉਹ ਪੋਲਿੰਗ ‘ਚ ਤੇਜ਼ੀ ਲਿਆਉਣ ਜਾਂ ਸਮਾਂ ਹੱਦ ਵਧਾਉਣ ਦੀ ਉਡੀਕ ਕਰਨ।

Related posts

ਤੇਜ਼ ਬਾਰਿਸ਼ ਤੇ ਗੜ੍ਹੇਮਾਰੀ ਨੇ ਗਰਮੀ ਤੋਂ ਦਿਵਾਈ ਰਾਹਤ, ਪਰ ਪੱਕੀ ਫ਼ਸਲ ਦੇ ਨੁਕਸਾਨ ਡਰੋਂ ਕਿਸਾਨਾਂ ਦੇ ਚਿਹਰੇ ਮੁਰਝਾਏ

editor

ਬੁੱਢਾ ਦਲ ਵਿਰਸੇ ਦੀ ਸੰਭਾਲ ਲਈ ਹਮੇਸ਼ਾਂ ਤੱਤਪਰ-ਗਿ: ਹਰਪ੍ਰੀਤ ਸਿੰਘ

editor

ਜੇਲ ‘ਚ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਭਾਵੁਕ ਹੋਏ ਭਗਵੰਤ ਮਾਨ, ਕਿਹਾ- ਮੁੱਖ ਮੰਤਰੀ ਨਾਲ ਅੱਤਵਾਦੀਆਂ ਵਰਗਾ ਸਲੂਕ ਹੋ ਰਿਹਾ

editor