Articles Religion

ਸਰਹਿੰਦ ਦਾ ਪਹਿਲਾ ਸਿੱਖ ਸੂਬੇਦਾਰ ਭਾਈ ਬਾਜ ਸਿੰਘ ਸ਼ਹੀਦ

ਲੇਖਕ: ਇੰਦਰਜੀਤ ਸਿੰਘ ਜੋਧਕਾ, ਮੈਲਬੌਰਨ

ਭਾਈ ਬਾਜ ਸਿੰਘ ਨੂੰ ਇਤਿਹਾਸ ਵਿਚ ਭਾਈ ਬਾਜ ਸਿੰਘ ਬੰਗੇਸਰੀ ਵੀ ਲਿਖਿਆ ਮਿਲਦਾ ਹੈ। ਇਹਨਾਂ ਦੇ ਪਰਿਵਾਰ ਪਾਸ ਬੰਗਸ ਇਲਾਕੇ ਦੀ ਸਰਦਾਰੀ ਸੀ, ਜਿਸ ਕਰਕੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਬੰਗੇਸਰੀ ਲਿਖਿਆ ਜਾਂਦਾ ਰਿਹਾ ਹੈ। ਭਾਈ ਬਾਜ ਸਿੰਘ ਫੌਲਾਦੀ ਦੇਹ ਤੇ ਸ਼ੇਰਦਿਲੀ ਤਬੀਅਤ ਦੇ ਮਾਲਕ ਸਨ। ਵੈਰੀਆਂ ਤੇ ਬਾਜ ਵਾਂਗੂ ਹੀ ਝਪਟਦੇ ਤੇ ਉਹਨਾਂ ਨੂੰ ਢੇਰੀ ਕਰਨ ਤੋਂ ਬਾਅਦ ਹੀ ਹਟਦੇ। ਵੈਰੀਆਂ ਵਿੱਚ ਇਹ ਆਮ ਅਖਾਉਣ ਸੀ ਕਿ, ‘‘ਲਉ ਇਹ ਸਾਡਾ ਕਾਲ ਆ ਗਿਆ ਜੇ।’’ ਇਤਿਹਾਸਕਾਰਾਂ ਨੇ ਇਹਨਾਂ ਦੀ ਬਹਾਦਰੀ ਬਾਰੇ ਬਹੁਤ ਲਿਖਿਆ ਹੈ। ਦਸਦੇ ਹਨ ਭੈ ਤਾਂ ਇਹਨਾਂ ਦੇ ਨੇੜੇ ਨਹੀਂ ਢੁਕਦਾ ਸੀ। ਇਕ ਬੇਖੌਫ ਜਾਂਬਾਜ ਯੋਧੇ ਸਨ ਜੋ ਹਰ ਲੜਾਈ ਵਿੱਚ ਅੱਗੇ ਹੋ ਕੇ ਲੜੇ ਪਰ ਆਪਣੀ ਜਾਨ ਹਮੇਸ਼ਾਂ ਸਲਾਮਤ ਰੱਖੀ। ਜੰਗੇ ਮੈਦਾਨ ਵਿੱਚ ਇਹਨਾਂ ਨਾਲ ਲੋਹਾ ਲੈਣ ਦੀ ਕਿਸੇ ਦੀ ਜ਼ੁਅਰਤ ਨਹੀਂ ਪਈ। ਹਕੂਮਤ ਵੱਲੋਂ ਇਹਨਾਂ ਨੂੰ ਮਜ਼ਬੂਰੀ ਤੇ ਬੇਬਸੀ ਵਿੱਚ ਗ੍ਰਿਫਤਾਰ ਕਰਕੇ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ।

ਭਾਈ ਬਾਜ ਸਿੰਘ ਜੀ ਭਾਈ ਚੌਧਰੀ ਨਠੀਆ ਜੀ ਬੰਗੇਸਰੀ ਦੇ ਸਪੁੱਤਰ ਸਨ ਤੇ ਪੰਥ ਰਤਨ ਬਾਬਾ ਬੱਲੂ ਜੀ ਸ਼ਹੀਦ ਦੇ ਪੋਤਰੇ ਸਨ। ਆਪ ਜੀ ਭਾਈ ਨਠੀਆ ਜੀ ਦੇ ਅੱਠ ਪੁੱਤਰਾਂ ’ਚੋਂ ਦੂਜੇ ਨੰਬਰ ਦੇ ਸਪੁੱਤਰ ਸੀ। ਆਪਜੀ ਦਾ ਜਨਮ ਪਿੰਡ ਅਲੀਪੁਰ ਜ਼ਿਲ੍ਹਾ ਮੁਜਫਰਗੜ੍ਹ ਰਿਆਸਤ ਮੁਲਤਾਨ ਵਿੱਚ ਹੀ ਹੋਇਆ। ਇਹ ਪਰਿਵਾਰ ਸੂੁਰਮਿਆ, ਸਿਰਲੱਥਿਆਂ, ਸੂੁਰਬੀਰ ਸ਼ਹੀਦਾਂ ਦਾ ਪਰਿਵਾਰ ਸੀ। ਭਾਈ ਬਾਜ ਸਿੰਘ ਨੂੰ ਬਹਾਦਰੀ ਆਪਣੇ ਪਰਿਵਾਰ ਵਿਚੋਂ ਹੀ ਮਿਲੀ। ਇਹ ਬਚਪਨ ਤੋਂ ਹੀ ਆਪਣੀ ਸਿਹਤ ਦਾ ਖਾਸ ਖਿਆਲ ਰੱਖਦੇ ਸੀ। ਕਸਰਤ, ਸਖਤ ਮਿਹਨਤ ਕਰਨਾ ਇਹਨਾਂ ਦਾ ਸੁਭਾਅ ਬਣ ਗਿਆ ਸੀ। ਯੁਵਾਵਸਥਾ ਵਿੱਚ ਕਹਿੰਦੇ ਨੇ ਕਿ ਇਹ ਆਪਣੇ ਤੋਂ ਦੂਣੇ ਤੀਣੇ ਭਾਰ ਨੂੰ ਸਹਿਜ ਅਵੱਸਥਾ ਵਿੱਚ ਚੁੱਕ ਲੈਂਦੇ ਸੀ ਤੇ ਇਹ ਘੁਲਣ ਦਾ ਵੀ ਕਾਫੀ ਸ਼ੌਕ ਰੱਖਦੇ ਸਨ। ਦੂਰ-ਦੂਰ ਤੱਕ ਇਹਨਾਂ ਦਾ ਸਾਨੀ ਕੋਈ ਨਹੀਂ ਸੀ। ਝਪਟਾਮਾਰੂ ਖੂੰਖਾਰ ਤਬੀਅਤ ਇਹਨਾਂ ਦੀ ਆਰੰਭ ਤੋਂ ਸੀ ਜੇ ਕੋਈ ਇਹਨਾਂ ਨਾਲ ਪੰਗਾ ਲੈਂਦਾ ਤਾਂ ਅੱਖ ਦੇ ਫੌਰ ਵਿੱਚ ਉਸਨੂੰ ਦੱਬ ਲੈਂਦੇ। ਸਿੱਖੀ ਸਿਦਕ ਤੇ ਸੂਰਬੀਰਤਾ ਇਹਨਾਂ ਨੂੰ ਵਿਰਾਸਤ ਵਿਚੋਂ ਹੀ ਮਿਲੀ।

ਆਪ ਜੀ ਨੂੰ ਬਚਪਨ ਵਿੱਚ ਆਮ ਤੌਰ ’ਤੇ ਬਾਜੂ ਪਕਾਰਿਆ ਜਾਂਦਾ ਸੀ। ਅੰਮ੍ਰਿਤਪਾਨ ਕਰਨ ਉਪਰੰਤ ਇਹ ਭਾਈ ਬਾਜ ਸਿੰਘ ਕਰਕੇ ਪ੍ਰਸਿੱਧ ਹੋਏ। ਆਪ ਜੀ ਦੇ ਖਾਨਦਾਨ ਦੇ ਜੀਆਂ ਨੇ ਸਦਾ ਪੰਥ ਦੀ ਚੜ੍ਹਦੀ ਕਲਾ ਲਈ ਵੱਧ ਚੜ੍ਹ ਕੇ ਕੁਰਬਾਨੀਆਂ ਕੀਤੀਆਂ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਦੇ ਨਾਂਦੇੜ ਪਹੁੰਚ ਕੇ ਪੰਜਾਬ ਦੀ ਆਜ਼ਾਦੀ ਲਈ ਤੇ ਜ਼ੁਲਮ ਦਾ ਨਾਸ ਕਰਨ ਹਿਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਖਾਲਸਾ ਪੰਥ ਦਾ ਜਥੇਦਾਰ ਬਣਾ ਕੇ ਘਲਿਆ ਅਤੇ ਹਰ ਥਾਂਈ ਸਿੱਖਾਂ ਨੂੰ ਇਹਨਾਂ ਦੀ ਕਮਾਨ ਹੇਠ ਇਕਤ੍ਰ ਹੋ ਕੇ ਜੁਲਮ ਦੀ ਜੜ੍ਹ ਪੁੱਟਨ ਹਿਤ ਸੰਘਰਸ਼ਸ਼ੀਲ ਹੋਣ ਹਿਤ ਹੁਕਮਨਾਮੇ ਭੇਜੇ। ਨਾਂਦੇੜ ਤੋਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਰਵਾਨਾ ਕੀਤਾ ਗਿਆ ਤਾਂ ਇਹਨਾਂ ਦੇ ਨਾਲ ਪੰਜ ਸਿੰਘ ਸੂਰਮੇ ਭੇਜੇ ਜਿਹਨਾਂ ਵਿਚੋਂ ਇਕ ਸੂਰਮਾ ਜਥੇਦਾਰ ਭਾਈ ਬਾਜ ਸਿੰਘ ਵੀ ਸੀ।

ਬਾਬਾ ਬੰਦਾ ਸਿੰਘ ਬਾਹਾਦਰ ਨੇ ਇਹਨਾਂ ਪੰਜ ਜਥੇਦਾਰਾਂ ਦੀ ਮਦਦ ਨਾਲ ਸਾਰੇ ਸਿੱਖਾਂ ਤੋਂ ਸਹਿਯੋਗ ਪ੍ਰਾਪਤ ਕਰਕੇ ਪੰਜਾਬ ਦਾ ਕਾਫੀ ਹਿੱਸਾ ਆਪਣੇ ਅਧੀਨ ਕਰ ਲਿਆ। 14 ਮਈ ਸੰਨ 1710 ਈ ਨੂੰ ਸਰਹਿੰਦ ਦੀ ਆਜ਼ਾਦੀ ਤੋਂ ਬਾਦ ਬਾਬਾ ਜੀ ਵੱਲੋਂ, ਯੋਗ ਤੇ ਦਿਲਾਵਰ ਜਾਣ ਕੇ ਭਾਈ ਬਾਜ ਸਿੰਘ ਜੀ ਨੂੰ ਹੀ ਸਰਹਿੰਦ ਦਾ ਸੂਬੇਦਾਰ ਥਾਪਿਆ ਗਿਆ। ਭਾਈ ਬਾਜ ਸਿੰਘ ਨੇ ਪੰਜ ਛੇ ਮਹੀਨੇ ਸਰਹਿੰਦ ਦਾ ਰਾਜ ਪ੍ਰਬੰਧ ਬੜੀ ਦਲੇਰੀ ਤੇ ਕੁਸ਼ਲਤਾ ਨਾਲ ਚਲਾਇਆ। ਇਹਨਾਂ ਦੇ ਰਾਜ ਵਿੱਚ ਕੋਈ ਡਾਹਢਾ ਮਾੜੇ ਵੱਲ ਵੇਖ ਨਹੀਂ ਸੀ ਸਕਦਾ। ਇਹ ਇਨਸਾਫ ਪਸੰਦ ਸਨ ਪ੍ਰੰਤੂ ਜ਼ਾਲਮ ਦੋਖੀ ਵਾਸਤੇ ਬੜੇ ਸਖ਼ਤ ਸ਼ਾਸਕ ਸਨ ਤੇ ਫੌਰਨ ਬਣਦੀ ਸਜਾ ਉਸਨੂੰ ਦੇ ਦਿੰਦੇ।

ਭਾਈ ਬਾਜ ਸਿੰਘ ਜੀ ਨੂੰ ਜਿੰਨਾਂ ਚਿਰ ਵੀ ਰਾਜ ਕਰਨ ਦਾ ਅਵਸਰ ਮਿਲਿਆ ਇਹਨਾਂ ਨੇ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਮੁਤਾਬਕ ਰਾਜ ਚਲਾ ਕੇ ਜਨਤਾ ਨੂੰ ਵਿਖਾ ਦਿੱਤਾ ਕਿ ਉਦਾਰਵਾਦੀ ਕਲਿਆਣਕਾਰੀ ਰਾਜ ਪ੍ਰਬੰਧ ਕਿਵੇਂ ਹੁੰਦਾ ਹੈ। ਸਰਹਿੰਦ ਨਿਵਾਸੀਆਂ ਨੇ ਕੁਝ ਦਿਨ ਖਾਲਸਾਈ ਰਾਜ ਦਾ ਅਨੰਦ ਮਾਣਿਆ।

ਸੰਨ 1710 ਈ. ਦੇ ਅਖੀਰ ਵਿੱਚ ਹਿੰਦ ਦੇ ਸਮਰਾਟ ਬਹਾਦਰ ਸ਼ਾਹ ਦੀਆਂ ਫੌਜਾਂ ਨਾਲ ਸਿਖਾਂ ਦੇ ਸਖਤ ਮੁਕਾਬਲੇ ਹੋਏ ਪ੍ਰੰਤੂ ਸ਼ਾਹੀ ਸੈਨਿਕਾਂ ਦੀ ਗਿਣਤੀ ਜ਼ਿਆਦਾ ਸੀ ਤੇ ਉਹਨਾਂ ਪਾਸ ਅਸਲੇ ਦੀ ਵੀ ਕੋਈ ਘਾਟ ਨਹੀਂ ਸੀ ਤੇ ਇਧਰ ਸਿੱਖਾਂ ਦੀ ਗਿਣਤੀ ਕਾਫੀ ਘੱਟ ਸੀ। ਇਸ ਲਈ ਸਿੱਖਾਂ ਨੂੰ ਮਜ਼ਬੂਰ ਹੋ ਕੇ ਕੁਝ ਸਮੇਂ ਲਈ ਪਹਾੜਾਂ ਵਲ ਤੇ ਇਧਰ-ਉਧਰ ਹੋਣਾ ਪਿਆ।

ਭਾਈ ਬਾਜ ਸਿੰਘ ਨੇ ਗੁਰੂ ਇੱਛਾ ਤੇ ਹੁਕਮਾਂ ਮੁਤਾਬਕ ਹਰ ਮੁਸ਼ਕਿਲ ਦੀ ਘੜੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ। ਕਈ ਜਰਨੈਲ ਸਿੱਖ ਸਰਦਾਰ ਬਾਬਾ ਜੀ ਨੂੰ ਅਧਵਾਟੇ ਛੱਡ ਵੀ ਗਏ ਤੇ ਕੁਝ ਮੁਗਲਾਂ ਦੇ ਅੜ੍ਹਿਕੇ ਚੜ੍ਹ ਗਏ ਪ੍ਰੰਤੂ ਭਾਈ ਬਾਜ ਸਿੰਘ ਵਰਗਾ ਜੁਝਾਰੂ ਜਾਂਬਾਜ ਸਿੰਘ, ਬਾਬਾ ਜੀ ਨਾਲ ਅੰਤਿਮ ਸਾਹਾਂ ਤੱਕ ਰਿਹਾ। ਗੁਰਦਾਸ ਨੰਗਲ ਦੀ ਗੜ੍ਹੀ ’ਚੋਂ ਜਦੋਂ ਸ਼ਾਹੀ ਫੌਜਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗ੍ਰਿਫਤਾਰ ਕਰਕੇ ਦਿਲੀ ਲਿਜਾਂਦਾ ਗਿਆ ਤਾਂ ਆਪ ਜੀ ਨੂੰ ਵੀ ਨਾਲ ਗ੍ਰਿਫਤਾਰ ਕਰਕੇ ਲਿਜਾਂਦਾ ਗਿਆ। 9 ਜੂਨ ਸੰਨ 1716 ਨੂੰ ਭਾਈ ਬਾਜ ਸਿੰਘ ਨੂੰ ਬੜੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।

ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਭਾਈ ਬਾਜ ਸਿੰਘ ਜੀ ਦੀ ਵਫਾਦਾਰੀ ਇਸ ਤਰ੍ਹਾਂ ਵਰਣਨ ਕੀਤੀ ਗਈ ਹੈ :

ਬਾਜ ਸਿੰਘ ਨੇ ਭਲੀ ਨਿਬਾਈ।
ਮੁਏ, ਬੰਦੈ ਸੰਗ ਚਾਰਉ ਭਾਈ।

ਭਾਈ ਬਾਜ ਸਿੰਘ ਜੀ ਦੀ ਸ਼ਹੀਦੀ ਬਾਰੇ ਭੱਟ ਵਹੀਆਂ ਵਿੱਚ ਇਸ ਤਰ੍ਹਾਂ ਨਾਲ ਇੰਦਰਾਜ ਹੈ :

ਭਗਵੰਤ ਸਿੰਘ ਬੇਟਾ ਨਠੀਆ ਕਾ, ਕਉਰ ਸਿੰਘ ਬੇਟਾ ਨਠੀਆ ਕਾ, ਬਾਜ ਸਿੰਘ ਬੇਟਾ ਨਠੀਆ ਕਾ, ਸ਼ਾਮ ਸਿੰਘ ਬੇਟਾ ਨਠੀਆ ਕਾ, ਪੋਤੇ ਬੱਲੂ ਰਾਏ ਕੇ ਪੜਪੋਤੇ ਨਾਇਕ ਮੂਲਚੰਦ ਕੇ ਚੰਦਰਬੰਸੀ ਭਾਰਦਵਾਜੀ ਗੋਤ੍ਰੇ ਪੁਆਰ ਬੰਸ ਬੀਂਝੇ ਕਾ, ਬੰਝਰਉਂਤ ਜਲ੍ਹਾਨੇ ਸੰਮਤ 1773 ਅਸਾਢ ਮਾਸੇ ਸੁਦੀ ਏਕਮ ਕੇ ਦਿਵਸ਼, ਸਵਾ ਪਹਿਰ ਦਿਹੁੰ ਚਢੇ ਬਖਤਕਾਰ ਕਾਕੀ ਕੇ ਮਕਬਰੇ ਪਾਸ ਜਮਨਾ ਨਦੀ ਕਿਨਾਰੇ ਬਾਬਾ ਬੰਦਾ ਸਿੰਘ ਸਾਹਿਬ ਗੈਲ ਸ਼ਹਾਦਤ ਪਾਇ ਗਏ। ਆਗੇ ਗੁਰੂ ਭਾਣੇ ਕਾ ਖਾਵਿੰਦ, ਗੁਰੂ ਕੀ ਗਤਿ ਗੁਰੂ ਜਾਣੇ, ਗੁਰੂ ਗਰੂ ਜਪਣਾ ਜਨਮ ਸਉਰੇਗਾ।
(ਭੱਟ ਵਹੀ ਭਾਦਸੋਂ, ਪਰਗਨਾ ਥਾਨੇਸਰ)

ਭਾਈ ਬਾਜ ਸਿੰਘ ਦੀ ਸ਼ਹੀਦੀ ਬਾਰੇ ਪ੍ਰਸਿੱਧ ਕਵੀ ਸ਼੍ਰੀ ਦਾਨ ਸਿੰਘ ‘ਕੋਮਲ’ ਨੇ ਆਪਣੀ ਕਾਵਿ ਰਚਨਾ ਦੁਆਰਾ ਇਸ ਤਰ੍ਹਾਂ ਵਰਨਣ ਕੀਤਾ ਹੈ:

ਜਦ ਬੰਦਾ ਸਿੰਘ ਦਲ ਦੇ ਸਾਥੀ ਫੜ ਦਿੱਲੀ ਆਂਦੇ ਸਾਰੇ ਗਏ।
ਤੇ ਮੁਸਲਮਾਨ ਬਨਾਉਣ ਲਈ ਹਰ ਤਰ੍ਹਾਂ ਦੇ ਕੀਤੇ ਚਾਰੇ ਗਏ।
ਜਦ ਸਿੰਘ ਧਰਮ ਤੋਂ ਡੋਲੇ ਨਾ ਗਿਣ ਸੌ ਸੌ ਰੋਜ਼ ਦੇ ਮਾਰੇ ਗਏ।
ਜਦ ਬਾਜ ਸਿੰਘ ਦੀ ਵਾਰੀ ਸੀ ਉਸ ਚੁਣ ਲਈ ਮੌਤ ਪਿਆਰੀ ਸੀ।
ਉਸ ਸਿਦਕ ਨਿਭਾਉਣਾ ਸਿੱਖਿਆ ਸੀ ਕਿਉਂਕਿ ਉਹ ਅੰਮ੍ਰਿਤਧਾਰੀ ਸੀ।
ਉਸ ਸਿੰਘ ਸੂਰਮੇ ਅਣਖੀ ਦੇ ਹੱਥਾਂ ਨੂੰ ਪਈਆਂ ਕੜੀਆਂ ਸਨ।
ਉਹ ਬਾਜੀ ਮੱਤ ਨਾ ਪਾ ਜਾਵੇ ਪੈਰਾਂ ਵਿੱਚ ਬੇੜੀਆਂ ਮੜ੍ਹੀਆਂ ਸਨ।
ਪੈ ਜਾਵੇ ਬਾਜ ਨਾ ਚਿੜੀਆਂ ਨੂੰ ਕਈਆਂ ਤਲਵਾਰਾਂ ਫੜੀਆਂ ਸਨ।
ਪਰ ਸਿੰਘ ਦੇ ਨੂਰੀ ਮੁੱਖ ਉਤੇ ਰੂਹਾਨੀ ਲਾਲੀਆਂ ਚੜ੍ਹੀਆਂ ਸਨ।
ਤਕ ਸ਼ਾਹ ਨੇ ਪੁੱਛਿਆ ਓ ਬਾਗੀ, ਦਸ ਹਿੰਮਤ ਤੇਰੀ ਕਿੱਥੇ ਹੈ?
ਮੈਂ ਸੁਣਿਆ ਬੜਾ ਬਹਾਦਰ ਸੈ ਹੁਣ ਦੱਸ ਦਲੇਰੀ ਕਿੱਥੇ ਹੈ?
ਜੇ ਖੁੱਲ੍ਹਾ ਹੁੰਦਾ ਤਾਂ ਤੈਨੂੰ ਫਿਰ ਕੱਚੇ ਨੂੰ ਸੀ ਖਾਣਾ ਮੈਂ
ਹੁਣ ਤੀਕਰ ਜੇ ਇਤਬਾਰ ਨਹੀਂ ਤਾਂ ਫਿਰ ਅਜ਼ਮਾ ਕੇ ਤਕ ਲੈ ਤੂੁੰ
ਜੇ ਤਕਨਾ ਚਾਹੇ ਤਮਾਸ਼ਾ ਤੂੰ ਆਜ਼ਾਦ ਕਰਾ ਕੇ ਤਕ ਲੈ ਤੂੰ
ਤਦ ਹੋਇਆ ਹੁਕਮ ਸਿਪਾਹੀਆਂ ਨੂੰ ਫੜ ਬੇੜੀਆਂ ਦਿਉ ਉਤਾਰ ਸੁਣੋ
ਪਰ ਚਾਰ ਚੁਫੇਰੇ ਸਿਖੜੇ ਦੇ ਬਣ ਜਾਵੋ ਇਕ ਦੀਵਾਰ ਸੁਣੋ।
ਤਕ ਲਈਏ ਇਹਦੀ ਆਕੜ ਨੂੰ ਇਹ ਫੋਕਾ ਰਿਹਾ ਹੇ ਵੰਗਾਰ ਸੁਣੋ।
ਜਾਂ ਪੈਰੋਂ ਬੇੜੀਆਂ ਲਹਿ ਗਈਆਂ ਉਸ ਤਕਿਆ ਜਰਾ ਸਿਪਾਹੀਆਂ ਨੂੰ
ਉਹ ਬਾਜਾਂ ਵਾਂਗੂ ਝਪਟ ਪਿਆ ਤੇ ਟੁੱਟ ਕੇ ਪਿਆ ਕਸਾਈਆਂ ਨੂੰ
ਉਹ ਬਧੇ ਹੋਏ ਹੱਥ ਜਦੋਂ ਲਾ ਜ਼ੋਰ ਵੱਟ ਕੇ ਮਾਰੇ ਸੀ
ਤਿੰਨ ਬੰਦੇ ਇਕੋ ਵਾਰੀ ਹੀ ਉਸ ਮੌਤ ਦੇ ਘਾਟ ਉਤਾਰੇ ਸੀ।
ਫਿਰ ਬਾਦਸ਼ਾਹ ਵੱਲ ਹੋਇਆ ਤਾਂ ਘਬਰਾ ਗਏ ਮੁਸਲੇ ਸਾਰੇ ਸੀ।
ਉਹ ਕਈ ਦਿਨਾਂ ਤੋਂ ਭੁੱਖਾ ਸੀ ਪਰ ਸਭਨਾਂ ਅੱਗੇ ਅੜਿਆ ਸੀ।
ਜੋ ਕਿਹਾ ਸੀ ਕਰਕੇ ਦਸ ਦਿੱਤਾ ਤੇ ਅੰਤ ਗਿਆ ਉਹ ਫੜਿਆ ਸੀ।
ਇਕ ਭੁੱਖੇ ਸਿੰਘ ’ਚ ਇਹ ਸ਼ਕਤੀ ਤਕ ਫਰੁਖਸ਼ੀਅਰ ਘਬਰਾਇਆ ਸੀ।
ਉਹ ਦਿਲੋਂ ਹੋਇਆ ਸ਼ਰਮਿੰਦਾ ਸੀ ਆਪਣੀ ਗਲਤੀ ਤੇ ਪਛਤਾਇਆ ਸੀ।
ਉਸ ਝੱਟ ਇਸ਼ਾਰਾ ਕਰਕੇ ਤੇ ਸੂਰੇ ਨੂੰ ਕਤਲ ਕਰਾਇਆ ਸੀ।
ਪਰ ਬੜੀ ਹੈਰਾਨੀ ਵਿੱਚ ਆਕੇ ਉਸ ਏਦਾਂ ਆਖ ਸੁਣਾਇਆ ਸੀ।
ਇਹ ਕੌਮ ਨਿਰੀ ਸਿਰਲੱਥਾਂ ਦੀ ਦੁਨੀਆ ਤੇ ਨਵੀਂ ਨਿਰਾਲੀ ਏ।
ਏਦੇ ਕੰਮ ਨਿਆਰੇ ਵੇਖੇ ਨੇ ਇਹ ਵੱਖਰੇ ਜਜ਼ਬੇ ਵਾਲੀ ਏ।

ਪ੍ਰਿੰਸੀਪਲ ਸਤਿਬੀਰ ਸਿੰਘ ਜੀ ਨੇ ਇਸ ਸ਼ਹਾਦਤ ਬਾਰੇ ਬਾਬਾ ਬੰਦਾ ਸਿੰਘ ਬਹਾਦਰ ਸਿਰਲੇਖ ਹੇਠ ਵਰਣਨ ਇਸ ਪ੍ਰਕਾਰ ਕੀਤਾ ਹੈ :

ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਕਈ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਜਦ ਭਾਈ ਬਾਜ ਸਿੰਘ ਦੀ ਵਾਰੀ ਆਈ ਤਾਂ ਬਾਦਸ਼ਾਹ ਫਰੁਖਸ਼ੀਅਰ ਨੇ ਵਿਅੰਗ ਨਾਲ ਕਿਹਾ, ਸੁਣਿਆ ਹੈ ਬਾਜ ਸਿੰਘ ਨਾਮ ਦੇ ਸਿੱਖ ਦੇ ਟਾਕਰੇ ਦਾ ਕੋਈ ਜੋਧਾ ਸੰਸਾਰ ਵਿੱਚ ਨਹੀਂ, ਉਹ ਕਿਥੇ ਹੈ? ਬਾਜ ਸਿੰਘ ਨੇ ਕਿਹਾ ਉਹ ਬਾਜ ਸਿੰਘ ਮੈਂ ਹੀ ਗੁਰੂ ਦਾ ਨਿਮਾਣਾ ਸਿੱਖ ਹਾਂ। ਫਰੁਖਸ਼ੀਅਰ ਨੇ ਕਿਹਾ, ਫਿਰ ਹੁਣ ਤੇਰੀ ਬਹਾਦਰੀ ਕਿੱਥੇ ਹੈ? ਬਾਜ ਸਿੰਘ ਨੇ ਕਿਹਾ ਕਿ ਜ਼ਰਾ ਬੇੜੀਆਂ ਖੋਲ੍ਹ ਫਿਰ ਦੇਖ ਤਮਾਸ਼ਾ। ਬਾਦਸ਼ਾਹ ਦੇ ਕਹਿਣ ਤੇ ਅਜੇ ਬੇੜੀਆਂ ਹਟਾਈਆਂ ਹੀ ਸਨ ਕਿ ਬਾਜ ਸਿੰਘ ਬਾਜ ਵਾਂਗ ਫਰੁਖਸ਼ੀਅਰ ’ਤੇ ਹੀ ਜਾ ਝਪਟਿਆ ਅਤੇ ਦੇਖਦੇ ਹੀ ਦੇਖਦੇ ਤਿੰਨ ਮੁਗਲ ਸਿਪਾਹੀ ਮਾਰ ਦਿੱਤੇ। ਜੇਕਰ ਸਿਪਾਹੀ ਨੱਠ ਕੇ ਬਾਜ ਸਿੰਘ ਨੂੰ ਨਾ ਪਕੜਦੇ ਤਾਂ ਫਰੁਖਸ਼ੀਅਰ ਦਾ ਕੰਮ ਵੀ ਉਥੇ ਹੀ ਮੁੱਕ ਜਾਣਾ ਸੀ। ਫਰੁਖਸ਼ੀਅਰ ਸਭ ਦੇ ਸਾਹਮਣੇ ਮੰਨਿਆ ਕਿ ਕੋਈ ਵੱਖਰਾ ਹੀ ਜਜ਼ਬਾ ਇਹਨਾਂ ਸਿੱਖਾਂ ਵਿੱਚ ਭਰ ਗਿਆ ਹੈ ਗੁਰੂ ਗੋਬਿੰਦ ਸਿੰਘ।

ਬੀਰ ਦਰਸ਼ਨ ਭਾਗ-1 ਨਾਮਕ ਪੁਸਤਕ ਵਿੱਚ ਭਾਈ ਵੀਰ ਸਿੰਘ ਨੇ ਸਰਹੰਦ ਤੇ ਹਮਲੇ ਸਮੇਂ ਭਾਈ ਬਾਜ ਸਿੰਘ ਜੀ ਦੀ ਬਹਾਦਰੀ ਬਾਰੇ ਇਕ ਥਾਂ ‘ਤੇ ਇਸ ਤਰ੍ਹਾਂ ਬ੍ਰਿਤਾਂਤ ਦਸਿਆ ਹੈ:

ਆਖਰ ਬੰਦੇ ਨੇ ਖਾਲਸੇ ਦੇ ਦਲਾਂ ਨਾਲ ਸਰਹੰਦ ਵੱਲ ਚੜ੍ਹਾਈ ਕੀਤੀ। ਜੰਗ ਸ਼ੁਰੂ ਹੋਈ ਦੋਹਾਂ ਧਿਰਾਂ ਵਲੋਂ ਅੱਗ ਦੀ ਵਰਖਾ ਹੋਣ ਲੱਗੀ ਤੇ ਸੁਰਮੇ ਗਾਜਰ ਮੂਲੀ ਵਾਗ ਕਟੀਣ ਲਗੇ। ਵਜੀਰ ਖਾਂ ਰਣ ਵਿੱਚ ਆਪਣੇ ਸਿਪਾਹੀਆਂ ਦੇ ਹੌਂਸਲੇ ਵਧਾ, ਲੜਨ ਲਈ ਪ੍ਰੇਰ ਰਿਹਾ ਸੀ। ਕੁਦਰਤ ਦਾ ਲੇਖ ਵਜੀਰ ਖਾਂ ਦਾ ਬਾਜ ਸਿੰਘ ਨਾਲ ਸਾਹਮਣਾ ਹੋ ਗਿਆ। ਬਾਜ ਸਿੰਘ ਉਹ ਸੂਰਮਾ ਸੀ ਜੋ ਦਸਮੇਸ਼ ਪਿਤਾ ਜੀ ਵੱਲੋਂ ਬੰਦੇ ਨਾਲ ਥਾਪੇ ਪੰਜ ਸਲਾਹਗੀਰਾਂ ਵਿੱਚੋਂ ਇਕ ਸੀ। ਅੱਖਾਂ ਚਾਰ ਹੁੰਦਿਆਂ ਵਜ਼ੀਰ ਖਾਂ ਨੇ ਕੰਨੀ ਕਤਰਾਉਣ ਦੀ ਕੋਸ਼ਿਸ ਕੀਤੀ ਪੰਤੂ ਬਾਜ ਸਿੰਘ ਨੇ ਬਾਜ ਵਾਗ ਝਪਟਾ ਮਾਰ ਉਸ ਨੂੰ ਆ ਘੇਰਿਆ ਤੇ ਲਲਕਾਰ ਕੇ ਕਿਹਾ ਆ ਸਾਵਧਾਨ ਹੋ, ਤੇਰੇ ਕਰਮਾਂ ਦਾ ਫਲ ਚਖਾਉਣ ਲਈ ਖਾਲਸਾ ਆ ਪੁੱਜਾ ਹੈ। ਬੀਰ ਮੁਹੰਮਦ ਅਹਸਨ ਈਜਾਦ ਨੇ ਆਪਣੇ ਲਿਖੇ ਸ਼ਾਹਨਾਮੇ ਵਿੱਚ ਲਿਖਿਆ ਹੈ ਵਜੀਰ ਖਾਂ ਸਾਹਮਣੇ ਅਇਆ। ਉਹਦੇ ਚੋਣਵੇਂ ਸਾਥੀ ਵੀ ਨਾਲ ਸਨ। ਵਜੀਰ ਖਾਂ ਨੇ ਕਮਾਨ ਸੰਭਾਲੀ ਤੀਰ ਸੇਧਿਆ ਤੇ ਸਿਸਤ ਬੰਨ ਕੇ ਬਾਜ ਸਿੰਘ ਉਤੇ ਤੀਰ ਛੱਡਿਆ ਫੇਰ ਫੁਰਤੀ ਨਾਲ ਤਲਵਾਰ ਬਾਂਹ ਕੱਟਣ ਲਈ ਉਠਾਈ। ਬਾਜ ਸਿੰਘ ਨੂੰ ਕਿਤੇ ਸੱਟ ਵੱਜ ਨਾ ਜਾਵੇ ਵੇਖ ਕੇ ਫਤਹਿ ਸਿੰਘ ਨੇ ਫੁਰਤੀ ਨਾਲ ਵਜੀਰ ਖਾਂ ’ਤੇ ਆਪਣੀ ਤਲਵਾਰ ਦਾ ਤੋਲਵਾਂ ਵਾਰ ਕੀਤਾ। ਤਲਵਾਰ ਵਜੀਰ ਖਾਂ ਦੇ ਮੋਢੇ ਤੇ ਵੱਜੀ ਤੇ ਉਸਦੇ ਦੋ ਟੁਕੜੇ ਕਰਦੀ ਕਮਰ ਤੱਕ ਪੁੱਜ ਗਈ। ਵਜੀਰ ਖਾਂ ਤੇ ਉਸਦਾ ਘੋੜਾ ਜ਼ਮੀਨ ’ਤੇ ਜਾ ਪਏ। ਇੰਝ ਉਸ ਮਹਾਂਪਾਪੀ ਵਜੀਰ ਖਾਂ ਦਾ ਅੰਤ ਹੋਇਆ।

ਭਾਈ ਬਾਜ ਸਿੰਘ ਦੀ ਬਹਾਦਰੀ ਤੇ ਸ਼ਹਾਦਤ ਬਹੁਤ ਸਾਰੇ ਵਿਦਵਾਨਾਂ ਤੇ ਕਵੀਆਂ ਨੇ ਆਪਣੇ-ਆਪਣੇ ਸ਼ਬਦਾਂ ਵਿੱਚ ਕਈ ਥਾਂਈ ਵਰਨਣ ਕੀਤਾ ਹੈ :-
ਭਾਈ ਬਾਜ ਸਿੰਘ ਦੇ ਸਪੁੱਤਰ ਭਾਈ ਕੇਸਰ ਸਿੰਘ, ਭਾਈ ਨਾਹਰ ਸਿੰਘ, ਭਾਈ ਸ਼ੇਰ ਸਿੰਘ, ਭਾਈ ਅਲਬੇਲ ਸਿੰਘ ਸਾਰੇ ਅਣਖੀਲੇ ਯੋਧੇ ਸਨ। ਜਿਹਨਾਂ ਵਿਚੋਂ ਤਿੰਨ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਵੇਲੇ ਉਹਨਾਂ ਦੇ ਨਾਲ ਹੀ ਸ਼ਹੀਦ ਹੋਏ। ਭਾਈ ਸਾਹਿਬ ਜੀ ਦੀ ਅੰਸ਼-ਵੰਸ ਚਲ ਰਹੀ ਹੈ ਜੋ ਸਿੱਖੀ ਸਿਦਕ ਵਾਲੇ ਗੁਰਸਿੱਖ ਪਰਿਵਾਰ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin