International

18 ਸਾਲਾ ਨੌਜਵਾਨ ਨੇ ਅਮਰੀਕਨ ਸਕੂਲ ‘ਚ ਗੋਲੀਬਾਰੀ ਕਰਕੇ 21 ਬੱਚਿਆਂ ਤੇ ਟੀਚਰਾਂ ਨੂੰ ਮਾਰ ਦਿੱਤਾ

ਯੂਵਾਲਡੇ – ਅਮਰੀਕਾ ਦੇ ਟੈਕਸਾਸ ਸੂਬੇ ਦੇ ਯੂਵਾਲਡੇ ਦੇ ਰੌਬ ਐਲੀਮੈਂਟਰੀ ਸਕੂਲ ਵਿੱਚ ਮੰਗਲਵਾਰ ਦੁਪਹਿਰ ਇੱਕ 18 ਸਾਲਾ ਵਿਅਕਤੀ ਨੇ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ 18 ਵਿਿਦਆਰਥੀਆਂ ਅਤੇ 3 ਅਧਿਆਪਕਾਂ ਦੀ ਮੌਤ ਹੋ ਗਈ ਸੀ। ਗੋਲੀਬਾਰੀ ‘ਚ 13 ਬੱਚੇ, ਸਕੂਲ ਸਟਾਫ਼ ਮੈਂਬਰ ਅਤੇ ਕੁਝ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਸ਼ੂਟਰ ਨੇ ਦੂਜੀ, ਤੀਜੀ ਅਤੇ ਚੌਥੀ ਜਮਾਤ ਵਿੱਚ ਪੜ੍ਹਦੇ ਮਾਸੂਮ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾਈ। ਪੁਲਿਸ ਅਧਿਕਾਰੀਆਂ ਨੇ ਹਮਲਾਵਰ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਉਸ ਦੀ ਪਛਾਣ ਬਾਰੇ ਅਜੇ ਕੱੁਝ ਵੀ ਸਪੱਸ਼ਟ ਨਹੀਂ ਹੈ ਇਸ ਘਟਨਾ ਤੋਂ ਬਾਅਦ ਅਮਰੀਕਾ ਵਿੱਚ ਚਾਰ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ॥
ਟੈਕਸਾਸ ਦੇ ਇੱਕ ਸਕੂਲ ਵਿੱਚ ਗੋਲੀਬਾਰੀ ਦੀ ਇਹ ਘਟਨਾ 2012 ਵਿੱਚ ਕਨੈਕਟੀਕਟ ਵਿੱਚ ਹੋਈ ਗੋਲੀਬਾਰੀ ਵਰਗੀ ਹੈ। 14 ਦਸੰਬਰ, 2012 ਨੂੰ, ਕਨੈਕਟੀਕਟ ਦੇ ਨਿਊਟਾਊਨ ਵਿੱਚ ਸੈਂਡੀ ਹੁੱਕ ਐਲੀਮੈਂਟਰੀ ਹਾਈ ਸਕੂਲ ਵਿੱਚ ਇੱਕ 20 ਸਾਲਾ ਵਿਅਕਤੀ ਨੇ ਗੋਲੀਬਾਰੀ ਕੀਤੀ ਸੀ। ਇਸ ਹਮਲੇ ‘ਚ 26 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ‘ਚੋਂ 20 ਬੱਚੇ ਸਨ। ਇਹ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਘਾਤਕ ਸਮੂਹਿਕ ਗੋਲੀਬਾਰੀ ਸੀ।
ਪੁਲਿਸ ਅਧਿਕਾਰੀ ਜਿਸ ਸ਼ੱਕੀ ਨੂੰ ਮਾਰਨ ਦਾ ਦਾਅਵਾ ਕਰ ਰਹੇ ਹਨ, ਉਹ ਯੂਵਾਲਡੇ ਹਾਈ ਸਕੂਲ ਦਾ ਵਿਿਦਆਰਥੀ ਦੱਸਿਆ ਜਾਂਦਾ ਹੈ। ਹਮਲਾਵਰ ਆਪਣੀ ਗੱਡੀ ਛੱਡ ਕੇ ਸਕੂਲ ਵਿੱਚ ਦਾਖ਼ਲ ਹੋ ਗਿਆ। ਉਸ ਕੋਲ ਹੈਂਡਗਨ ਅਤੇ ਰਾਈਫਲ ਸੀ। ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਕਿਹਾ ਕਿ ਸ਼ੱਕੀ, ਜਿਸ ਦੀ ਪਛਾਣ ਸਾਲਵਾਡੋਰ ਰਾਮੋਸ ਵਜੋਂ ਹੋਈ ਹੈ, ਯੂਵਾਲਡੇ ਦਾ ਨਿਵਾਸੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਨੇ ਸਕੂਲ ‘ਚ ਗੋਲੀਬਾਰੀ ਕਰਨ ਤੋਂ ਪਹਿਲਾਂ ਆਪਣੀ ਦਾਦੀ ਨੂੰ ਵੀ ਗੋਲੀ ਮਾਰ ਦਿੱਤੀ ਸੀ। ਉਸਦੀ ਦਾਦੀ ਨੂੰ ਏਅਰਲਿਫਟ ਕੀਤਾ ਗਿਆ ਹੈ, ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।
ਟੈਕਸਾਸ ਦੇ ਗਵਰਨਰ ਐਬੋਟ ਨੇ ਕਿਹਾ ਕਿ ਕਾਤਲ ਦੀ ਪਛਾਣ ਸਾਲਵਾਡੋਰ ਰਾਮੋਸ ਵਜੋਂ ਹੋਈ ਹੈ, ਤੋਂ ਬਾਅਦ ਇਕ ਨੌਜਵਾਨ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਹ ਇੰਸਟਾਗ੍ਰਾਮ ਪੇਜ ਸਲਵਾਡੋਰ ਰਾਮੋਸ ਦਾ ਦੱਸਿਆ ਜਾ ਰਿਹਾ ਹੈ। ਇਸ ‘ਤੇ ਮੋਬਾਈਲ ਨਾਲ ਨੌਜਵਾਨ ਦੀ ਫੋਟੋ ਲੱਗੀ ਹੋਈ ਹੈ। ਇਸ ਤੋਂ ਇਲਾਵਾ ਰਾਈਫਲ ਦੀਆਂ ਫੋਟੋਆਂ ਵੀ ਪੇਜ ‘ਤੇ ਪੋਸਟ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਟੈਕਸਾਸ ਗੋਲੀਬਾਰੀ ਦਾ ਸ਼ੱਕੀ ਹੈ। ਹਾਲਾਂਕਿ ਅਜੇ ਤੱਕ ਇਨ੍ਹਾਂ ਤਸਵੀਰਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਇੰਸਟਾਗ੍ਰਾਮ ਪੇਜ ਨੂੰ ਵੀ ਸ਼ੂਟਿੰਗ ਦੇ ਕੱੁਝ ਸਮੇਂ ਬਾਅਦ ਹੀ ਡਾਊਨ ਕਰ ਦਿੱਤਾ ਗਿਆ ਸੀ। ਕਾਤਲ ਨੇ ਪਹਿਲਾਂ ਹਥਿਆਰ ਖਰੀਦਿਆ ਅਤੇ ਫਿਰ ਇੰਸਟਾਗ੍ਰਾਮ ‘ਤੇ ਵੀ ਪੋਸਟ ਕਰ ਦਿੱਤਾ।
ਇਧਰ, ਘਟਨਾ ਤੋਂ ਬਾਅਦ ਸਕੂਲ ਨੇ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜੇ ਤੱਕ ਬੱਚਿਆਂ ਨੂੰ ਲੈਣ ਨਾ ਆਉਣ। ਸਕੂਲ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਪੁਲਿਸ ਟੀਮ ਪੂਰੇ ਇਲਾਕੇ ਦੀ ਸੁਰੱਖਿਆ ਨਹੀਂ ਕਰ ਲੈਂਦੀ ਉਦੋਂ ਤੱਕ ਤੁਸੀਂ ਨਾ ਆਓ। ਸਕੂਲ ਪ੍ਰਸ਼ਾਸਨ ਵੱਲੋਂ ਸਾਰੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ।
ਜਾਪਾਨ ਦੌਰੇ ਤੋਂ ਪਰਤੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਹੈ। ਉਨ੍ਹਾਂ ਦੇ ਪ੍ਰੈਸ ਸਲਾਹਕਾਰ ਨੇ ਕਿਹਾ ਕਿ ਬਿਡੇਨ ਨੇ ਪੀੜਤ ਪਰਿਵਾਰਾਂ ਲਈ ਪ੍ਰਾਰਥਨਾ ਕੀਤੀ ਹੈ। ਰਿਪੋਰਟ ਆਉਣ ਤੋਂ ਬਾਅਦ ਰਾਸ਼ਟਰਪਤੀ ਵ੍ਹਾਈਟ ਹਾਊਸ ‘ਚ ਪ੍ਰੈੱਸ ਕਾਨਫਰੰਸ ਕਰਨਗੇ।

Related posts

ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆਇਆ ਕੈਨੇਡਾ

editor

ਕੈਨੇਡਾ ਵਿੱਚ ਵਸਦੇ ਸਿੱਖਾਂ ਦੀ ਟਰੂਡੋ ਨੂੰ ਅਪੀਲ; ਹੈਲਮੇਟ ਤੋਂ ਦਿੱਤੀ ਜਾਵੇ ਛੋਟ

editor

ਸ੍ਰੀਲੰਕਾ ਪੁਲਿਸ ਨੇ 50 ਦਿਨਾਂ ’ਚ 56 ਹਜ਼ਾਰ ਤੋਂ ਵੱਧ ਸ਼ੱਕੀ ਕੀਤੇ ਗਿ੍ਰਫ਼ਤਾਰ

editor