Articles Literature

ਖਤਰੇ ਚ ਪੰਜਾਬੀ ਬੋਲੀ ਨਹੀਂ ਬਲਕਿ ਗੁਰਮਖੀ ਲਿਪੀ ਹੈ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਆਮ ਸੁਣਿਆ ਜਾ ਰਿਹਾ ਹੈ ਕਿ ਛੇਤੀਂ ਹੀ ਪੰਜਾਬੀ ਬੋਲੀ ਲੁਪਤ ਹੋ ਜਾਵੇਗੀ, ਪਰ ਪਤਾ ਨਹੀ ਕਿਓਂ ਇਹ ਵਿਚਾਰ ਗਲੇ ਤੋ ਥਲੇ ਨਹੀ ਉਤਰਦਾ ਤੇ ਇਸ ਦੀ ਬਜਾਏ ਮਨ ‘ਚ ਇਹ ਤੌਖਲਾ ਪੈਦਾ ਹੁੰਦਾ ਕਿ ਮਾਂ ਬੋਲੀ ਪੰਜਾਬੀ ਦੀ ਹੋਂਦ ਨੂੰ ਏਨਾ ਖਤਰਾ ਨਹੀਂ ਜਿੰਨਾ ਗੁਰਮੁਖੀ ਲਿਪੀ ਦੇ ਲੁਪਤ ਹੋ ਜਾਣ ਦਾ। ਪੰਜਾਬੀ ਪਿਆਰੇ ਇਸ ਵੇਲੇ ਪੂਰੀ ਦੁਨੀਆ ਚ ਵਸ ਰਹੇ ਹਨ ਤੇ ਬੋਲੀ ਦਾ ਪਰਚਾਰ ਵੀ ਵਧੀਆ ਕਰ ਰਹੇ ਹਨ । ਕਨੇਡਾ ਦੇ ਕਈ ਸੂਬਿਆਂ ਚ ਪੰਜਾਬੀ ਦੂਜੀ ਵੱਡੀ ਭਾਸ਼ਾ ਬਣ ਚੁਕੀ ਹੈ । ਇੰਗਲੈਂਡ ਚ ਤੀਜੀ ਵੱਡੀ ਭਾਸ਼ਾ ਦਾ ਦਰਜਾ ਰਖਦੀ ਹੈ । ਇਸੇ ਤਰਾਂ ਇਟਲੀ, ਜਰਮਨ, ਆਸਟ੍ਰੇਲੀਆ, ਨਿਊਜੀਲੈਂਡ ਤੇ ਹਾਲੈਂਡ ਵਰਗੇ ਵਿਕਸਤ ਮੁਲਕਾਂ ਚ ਵੀ ਇਸ ਦੀ ਝੰਡੀ ਹੈ । ਪਾਕਿਸਤਾਨ ਤੇ ਭਾਰਤ ਚ ਤਾਂ ਇਸ ਦੇ ਬੁਲਾਰਿਆਂ ਦੀ ਪੂਰੀ ਦੁਨੀਆ ਵਿਚੋਂ ਹੀ ਸਭ ਤੋ ਵਧ ਸੰਖਿਆ ਵਸਦੀ ਹੈ । ਦੁਨੀਆ ਦੇ ਹਰ ਕੋਨੇ ਚ ਪੰਜਾਬੀ ਸਾਹਿਤ ਸਭਾਵਾਂ ਸਰਗਰਮ ਹਨ, ਇਹ ਵੱਖਰੀ ਗੱਲ ਹੈ ਕਿ ਬਹੁਤੀਆਂ ਸਾਹਿਤ ਸਭਾਵਾਂ ਦੇ ਮੈਂਬਰ, ਸਾਹਿਤ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਬਜਾਏ, ਆਪਣਾ ਨਿੱਜੀ ਪ੍ਰਚਾਰ ਕਰਨ ਵਾਸਤੇ ਆਹੁਦੇਦਾਰੀਆ ਹਥਿਆਉਣ ਵਾਸਤੇ ਆਪਸੀ ਕੁੱਕੜ ਕਲੇਸ਼ ਵਿੱਚ ਹੀ ਉਲਝੇ ਹੋਏ ਹਨ, ਪਰ ਫੇਰ ਵੀ ਇਹ ਮੰਨਕੇ ਚੱਲਦੇ ਹਾਂ ਕਿ ਸਾਹਿਤ ਰਚਨਾ ਹੋ ਰਹੀ ਹੈ, ਕਵੀ ਦਰਬਾਰਾਂ,ਸੈਮੀਨਾਰਾਂ ਅਤੇ ਕਾਨਫਰੰਸਾਂ ਦਾ ਆਯੋਜਨ ਵੀ ਹੋ ਰਿਹਾ ਹੈ, ਖ਼ਾਸ ਕਰਕੇ ਨੈਟ ਮੀਟਿੰਗਾਂ ਦੁਆਰਾ ਕੀਤੀ ਜਾ ਰਹੀ ਚਰਚਾ ਕਾਫ਼ੀ ਸਾਰਥਿਕ ਸਾਬਤ ਹੋ ਰਹੀ ਹੈ। ਪੰਜਾਬੀ ਗੀਤ ਸੰਗੀਤ ਬਾਲੀਵੁਡ ਤੋਂ ਚਲ ਕੇ ਪੂਰੇ ਵਿਸ਼ਵ ਚ ਧੁਮ ਮਚਾ ਰਿਹਾ ਹੈ । ਸ਼ੋਸ਼ਲ ਮੀਡੀਏ ਉਤੇ ਵੀ ਪੰਜਾਬੀ ਦੀ ਬੱਲੇ ਬੱਲੇ ਹੈ । ਦੂਸਰੇ ਪਾਸੇ ਗੁਰਮੁਖੀ ਲਿਪੀ ਜੋ ਕਿ ਪਹਿਲਾਂ ਦੋ ਕੁ ਕਰੋੜ ਲੋਕਾਂ ਵਲੋਂ ਲਿਖੀ ਜਾਂਦੀ ਸੀ ਦੇ ਲਿਖਣ ਵਾਲਿਆਂ ਦੀ ਨਫਰੀ ਹੁਣ ਦਿਨੋ ਦਿਨ ਘਟਦੀ ਜਾ ਰਹੀ ਹੈ । ਨਵੀ ਪਨੀਰੀ ਇਸ ਦੀ ਬਜਾਏ ਰੋਮਨ ਤੇ ਦੇਵ ਨਾਗਰੀ ਦੀ ਵਰਤੋਂ ਵਲ ਮੁੜਦੀ ਜਾ ਰਹੀ ਹੈ, ਜਿਸ ਦੇ ਕਾਰਨ ਪੰਜਾਬੀ ਬੋਲੀ ਚ ਹਿੰਦੀ ਤੇ ਅੰਗਰੇਜੀ ਦਾ ਪਰਭਾਵ ਵਧਦਾ ਜਾਣ ਕਰਕੇ ਪਿੰਗਲਸ ਨਾਮ ਦੀ ਇਕ ਨਵੀਂ ਬੋਲੀ ਦਾ ਉਭਾਰ ਹੋ ਰਿਹਾ ਹੈ, ਜਿਸ ਦੀਆ ਉਦਾਹਰਨਾਂ ਸ਼ਹਿਰੀ ਵਸ ਰਹੇ ਅਜੋਕੇ ਪੜੇ ਲਿਖੇ ਨੌਜਵਾਨਾ ਦੀ ਬੋਲੀ ਤੇ ਉਹਨਾਂ ਵਲੋਂ ਸ਼ੋਸ਼ਲ ਮੀਡੀਏ ਚ ਵਰਤੀ ਜਾ ਰਹੀ ਲਿਪੀ ਅਤੇ ਬੋਲੀ ਤੋਂ ਆਮ ਹੀ ਮਿਲ ਜਾਂਦੀਆਂ ਹਨ । ਜੇਕਰ ਇਸ ਉਕਤ ਵਰਤਾਰੇ ਦਾ ਕੋਈ ਢੁਕਵਾਂ ਹੱਲ ਨਾ ਕੱਢਿਆ ਗਿਆ ਤਾਂ ਨਿਸਚੈ ਹੀ ਗੁਰਮੁਖੀ ਲਿਪੀ ਦੇ ਭਾਰੀ ਨੁਕਸਾਨ ਦੇ ਨਾਲ ਨਾਲ ਪੰਜਾਬੀ ਬੋਲੀ ਉਤੇ ਵੀ ਬੜਾ ਮਾਰੂ ਅਸਰ ਪਵੇਗਾ ।
ਹੈਰਾਨੀ ਇਸ ਗੱਲੋਂ ਵੀ ਹੁੰਦੀ ਹੈ ਕਿ ਬਹੁਤੇ ਪੰਜਾਬੀ ਵਕਤੇ ਗੁਰਮੁਖੀ ਲਿਪੀ ਨੂੰ ਹੀ ਪੰਜਾਬੀ ਬੋਲੀ ਸਮਝੀ ਜਾ ਰਹੇ ਹਨ ਜਦ ਕਿ ਲਿਪੀ ਅਤੇ ਬੋਲੀ ਦੋ ਅਲੱਗ ਅਲੱਗ ਵਿਸ਼ੇ ਹਨ । ਬੋਲੀ, ਬੋਲ ਚਾਲ ਵਾਸਤੇ ਜਾਂ ਵਿਚਾਰਾਂ ਦੇ ਆਪਸੀ ਸੰਚਾਰ ਪ੍ਰਗਟਾਵੇ ਵਾਸਤੇ ਹੁੰਦੀ ਤੇ ਲਿਪੀ , ਕਿਸੇ ਬੋਲੀ ਨੂੰ ਸਮਝਣ, ਸੰਭਾਲਣ ਤੇ ਤਾਰੀਖ਼ੀ ਰੂਪ ਦੇਖਕੇ ਵਰਤੀ ਜਾਂਦੀ ਹੈ ।
ਬੋਲੀ ਤੇ ਲਿਪੀ ਦੀ ਪੜ੍ਹਾਈ ਦੋ ਅਲੱਗ ਅਲੱਗ ਵਿਸ਼ੇ ਹਨ, ਪਰ ਤਾਜੁਬ ਦੀ ਗੱਲ ਹੈ ਕਿ ਪੰਜਾਬੀ ਨਿਚ ਗੁਰਮੁਖੀ ਲਿਪੀ ਦੀ ਪੜ੍ਹਈ ਕਰਾਉਣ ਵੇਲੇ, ਲਿਪੀ ਦੀ ਸਹੀ ਸਿੱਖਿਆ ਦੇਣ ਦੀ ਬਜਾਏ “ਉੜਾ – ਊਠ” ਪੜ੍ਹਾ ਕੇ ਸਿਰਫ ਸਾਹਿਤ ਹੀ ਪੜ੍ਹਾ ਦਿੱਤਾ ਜਾਂਦਾ ਤੇ ਲਿਪੀ ਨੂੰ ਪੜ੍ਹਾਉਣਾ ਪਿੱਛੇ ਛੱਡ ਦਿੱਤਾ ਜਾਂਦਾ ਹੈ, ਜਿਸ ਕਰਕੇ ਬੱਚੇ ਗੁਰਮੁਖੀ ਲਿਪੀ ਚੰਗੀ ਤਰਾਂ ਸਿੱਖਣ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਨਤੀਜਾ ਇਹ ਹੁੰਦਾ ਹੈ ਕਿ ਉਹਨਾਂ ਦਾ ਸ਼ਬਦ ਉਚਾਰਣ ਦੋਸ਼ਯੁਕਤ ਰਹਿ ਜਾਂਦਾ ਹੈ ।
ਸੋ ਮੁੱਕਦੀ ਗੱਲ ਇਹ ਹੈ ਕਿ ਇਸ ਮਸਲੇ ਬਾਰੇ ਬਿਨਾਂ ਕਿਸੇ ਹੋਰ ਦੇਰੀ ਯੂਨੀਵਰਸਿਟੀਆਂ ਚ ਬੈਠੇ ਬੁਧੀਜੀਵੀ ਵਰਗ ਨੂੰ ਡੂੰਘੀ ਖੋਜ ਉਪਰੰਤ ਕੋਈ ਢੁਕਵੀਂ ਨੀਤੀ ਤਿਆਰ ਕਰਨੀ ਚਾਹੀਦੀ ਹੈ ਤੇ ਸਰਕਾਰ ਨੂੰ ਉਹ ਨੀਤੀ ਸਕੂਲਾਂ ਚ ਤੁਰੰਤ ਲਾਗੂ ਕਰਨੀ ਚਾਹੀਦੀ ਹੈ ਤਾਂ ਕਿ ਸਮੇ ਸਿਰ ਇਸ ਮਸਲੇ ਦਾ ਬਾਨਣੂ ਬੰਨਿ੍ਆਂ ਜਾ ਸਕੇ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin