Articles Literature

ਪੰਜਾਬੀ ਗਜਲ ਸਾਹਿਤ ਨੂੰ ਪੂਰੀ ਤਰਾਂ ਸਮਰਪਿਤ – ਉਸਤਾਦ ਸ਼ਾਇਰ ਗੁਰਸ਼ਰਨ ਸਿੰਘ ਅਜੀਬ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਮੇਰੇ ਸਾਹਮਣੇ ਇਸ ਵੇਲੇ, ਉਸ ਉਸਤਾਦ ਗਜਲਗੋ ਦੇ ਚਾਰ ਵੱਡ ਅਕਾਰੀ ਗਜਲ ਸੰਗ੍ਰਹਿ ਪਏ  ਹਨ ਜੋ  ਬੀਤੇ ਪੰਜ ਕੁ ਦਹਾਕਿਆਂ ਦੇ ਵੱਧ ਜਾਂ ਇੰਜ ਕਹਿ ਲਓ  ਕਿ  ਅੱਧੀ ਕੁ ਸਦੀ ਤੋਂ ਉੱਪਰ ਦੇ ਸਮੇਂ ਤੋਂ ਮਾਤ ਭੂਮੀ ਤੋਂ ਪਰਵਾਸੀ ਹੋ ਕੇ ਲੰਡਨ ਵਸਦਾ, ਭੂ ਹੇਰਵੇ (Nostalgia) ਦੀ ਤੀਬਰ ਪੀੜਾ ਆਪਣੇ  ਉਤੇ ਹੰਢਾ ਰਿਹਾ ਹੈ  । ਉਸ ਦੇ ਇਹ ਚਾਰੇ ਗ਼ਜ਼ਲ ਸੰਗ੍ਰਹਿ  ਮੈ ਬਹੁਤ ਹੀ ਨਿਠਕੇ ਪੜ੍ਹੇ ਹਨ, ਜਿਹਨਾ ‘ਚੋ ਤਿੰਨਾਂ ਦਾ ਰਿਵੀਊ ਤੇ ਇਕ ਦੇ ਉੁਤੇ ਖੋਜ ਪਰਚਾ ਵੀ ਲਿਖ ਚੁੱਕਾ ਹਾਂ ।

ਮੇਰੀ ਮੁਰਾਦ ਜਨਾਬ ਗੁਰਸ਼ਰਨ ਸਿੰਘ ਅਜੀਬ ਤੋਂ ਹੈ । ਆਪਣੇ  ਨਾਮ  ਮੁਤਾਬਿਕ ਉਹ ਗੁਰੂ ਨੂੰ ਸਮਰਪਿਤ ਧਾਰਮਿਕ ਸੰਸਕਾਰਾਂ ਵਾਲੀ ਹਸਤੀ ਤਾਂ ਜਰੂਰ ਹਨ, ਪਰ ਤੁਖੱਲਸ ਦੇ ਮੁਤਾਬਿਕ ਉਹਨਾਂ ਦਾ ਸੁਭਾ ਬਿਲਕੁਲ ਉਲਟ ਹੈ, ਕਿਉਂਕਿ ਨਾ ਤਾਂ ਉਹ ਆਪ ਹੀ “ਅਜੀਬ” ਹਨ ਤੇ ਨਾ ਹੀ ਆਪਣੇ ਸੰਪਰਕ ਵਿਚ ਆਉਣ ਵਾਲੇ ਕਿਸੇ ਵਿਅਕਤੀ ਨੂੰ ਕਦੇ ਇਸ ਤਰਾਂ ਦਾ ਅਹਿਸਾਸ ਹੋਣ ਦਿੰਦੇ ਹਨ । ਹਰ ਇਕ ਨੂੰ ਆਪਣਾ ਬਣਾ ਕੇ ਅਪਣੱਤ ਤੇ ਮੋਹ ਜਿਤਾਉਣ ਦਾ ਜੋ ਬੱਲ ਉਹਨਾਂ ਕੋਲ ਹੈ, ਮੇਰੀ ਜਾਚੇ ਅੱਜ ਦੇ ਜਮਾਨੇ ਚ ਇਸ ਤਰਾਂ ਦੇ ਸੁਭਾਅ ਵਾਲੇ ਇਨਸਾਨ ਬਹੁਤ ਵਿਰਲੇ ਹੀ ਮਿਲਦੇ ਹਨ ।

ਗੁਰਸ਼ਰਨ ਸਿੰਘ ਅਜੀਬ ਦਾ ਜਨਮ 1947 ਚ ਹੋਈ ਹਿੰਦੁਸਤਾਨ ਦੀ ਖੂਨੀ  ਵੰਡ ਤੋ ਡੇਢ ਕੁ ਸਾਲ ਪਹਿਲਾਂ 1 ਫਰਵਰੀ 1946 ਨੁੰ ਮਰਹੂਮ ਲਾਲ ਸਿੰਘ ਆਹਲੂਵਾਲੀਆ ਤੇ ਮਾਤਾ ਕਰਤਾਰ ਕੌਰ ਦੇ ਗ੍ਰਹਿ, ਗੁਜਰਾਂਵਾਲਾ (ਪਾਕਿਸਤਾਨ) ਵਿਖੇ ਹੋਇਆ । ਵੰਡ ਦੀ ਖੂਨੀ ਹਨੇਰੀ ਦਾ ਬੁਰੀ ਤਰਾਂ ਝੰਬਿਆ ਹੋਇਆ ਉਹਨਾਂ ਦਾ ਪਰਿਵਾਰ, ਗੁਜਰਾਂਵਾਲੇ ਤੋ ਉਜੜਕੇ ਕਿਸੇ ਤਰਾਂ ਬਚਦੇ ਬਚਾਉਞਦੇ ਫਗਵਾੜੇ ਆਣ ਵਸਿਆ ਜਿਥੇ ਗੁਰਸ਼ਰਨ ਸਿੰਘ ਨੇ ਆਪਣੀ, ਬੀ ਏ ਤੱਕ ਦੀ ਪੜ੍ਹਾਈ ਸੰਪੂਰਨ ਕੀਤੀ ਤੇ 1969 ਚ ਬਰਤਾਨੀਆ ਆਣ ਵਸੇ । ਰੋਜੀ ਰੋਟੀ ਦਾ ਜੁਗਾੜ ਕਰਨ ਦੇ ਨਾਲ ਨਾਲ ਹੀ ਉਹਨਾ ਨੇ ਆਪਣੀ ਸਾਹਿਤਕ ਤਿ੍ਰਪਤੀ ਵਾਸਤੇ ਸਾਹਿਤਕ ਸਰਗਰਮੀਆ ਵੀ ਜਾਰੀ ਰੱਖੀਆਂ । ਗਜਲਾਂ ਨਾਲ ਉਹਨਾ ਦਾ ਜਨੂੰਨ ਜਵਾਨੀ ਤੋਂ ਹੀ ਹੱਦ ਦਰਜੇ ਰਿਹਾ ਦੋ ਅਜ ਵੀ ਉਸੇ ਤਰਾਂ ਕਾਇਮ ਹੈ । ਸਾਹਿਤਕ ਸਰਗਰਮੀਆ ਨੁੰ ਪਰਫੁਲਤ ਕਰਨ ਵਾਸਤੇ “ਰਚਨਾ” ਨਾਮਕ ਮਹੀਨਾਵਾਰ ਰਸਾਲਾ ਵੀ ਕਾਫੀ ਲੰਮਾ ਸਮਾ ਲੰਡਨ ਤੋਂ ਪਰਕਾਸ਼ਤ ਕਰਦੇ ਰਹੇ । ਗਜਲ ਰਚਨਾ ਨੂੰ ਉਹ ਆਪਣੀ ਜਿੰਦਗੀ ਤੇ ਰੂਹ ਦੀ ਖੁਰਾਕ ਮੰਨਦੇ ਹਨ । ਉਹਨਾਂ ਦੇ ਆਪਣੇ ਸ਼ਬਦਾਂ ‘ਚ,

“ਗਜਲ ਮੇਰਾ ਇਸ਼ਟ, ਮੇਰੀ ਪੂਜਾ, ਮੇਰੀ ਜਿੰਦਗੀ, ਮੇਰੀ ਇਬਾਦਤ, ਮੇਰਾ ਪਿਆਰ, ਮੇਰਾ ਇਸ਼ਕ, ਮੇਰਾ ਸਕੂਨ, ਮੇਰਾ ਚੈਨ ਤੇ ਮੇਰੀ ਜਿੰਦਹੀ ਬਣ ਚੁੱਕੀ ਹੈ । ਮੈਂ ਅੱਜ ਤੱਕ 850 ਤੋਂ ਵੱਧ ਗਜਲਾਂ ਲਿਖ ਚੁੱਕਾ ਹਾਂ ਜਿਹਨਾਂ ‘ਚੋਂ 100 ਤੋਂ ਵੀ ਜਿਆਦਾ ਗਜਲਾ ਮੈ ਕੇਵਲ ਗਜਲ ‘ਤੇ ਹੀ ਦਿੱਤੀਆ ਗਨ ।”

“ਸਦਾ ਲੋਚਾਂ ਲਿਜਾਣੀ ਇਹ ਗਜਲ ਮੈਂ ਅੰਬਰਾਂ ਉੱਤੇ,

ਤੇ ਹਿੱਸਾ ਆਪਣਾ ਮੈ ਇਸ ਸ਼ੁਭ ਕੰਮ ਚ ਪਾ ਰਿਹਾ ਹਾਂ ।”

“ਗਜਲ ਰਚਨਾ ਮੇਰਾ ਮੰਤਵ ਤੇ ਹੈ ਧਰਮ ਵੀ ਏਹੋ,

ਮੈਂ ਲਿਖ ਲਿਖ ਨਵੀਂ ਰਚਨਾ, ਹੀ ਖੂਬ ਸੰਵਾਰਦਾ ਰਹਿਨਾ ।”

ਬੰਦਿੰਸ ਵਾਲੀ ਗਜਲ ਲਿਖਦੇ ਹਨ ਤੇ ਪੂਰਾ ਤੋਲਕੇ ਲਿਖਦੇ ਹਨ, ਬਹਿਰ, ਵਜਨ ਦੇ ਮੀਟਰ ਆਪਣੀ ਹਰ ਲਿਖਿਤ ਨਾਲ ਲਿਖਦੇ ਹਨ ਤਾਂ ਕਿ ਪੜ੍ਹਨ/ਗਾਉਣ ਵਾਲੇ ਨੁੰ ਰਚਨਾ ਪੜ੍ਹਨ ਦਾ ਪੂਰਾ ਮਜਾ ਵੀ ਆਵੇ ਤੇ ਇਸ ਦੇ ਨਾਲ ਹੀ ਗਜਲ ਦੇ ਪਿੰਗਲ ਤੇ ਅਰੂਜ ਦੀ ਜਾਣਕਾਰੀ ਵੀ ਮਿਲ ਸਕੇ । ਉਹਨਾਂ ਦੇ ਗਲੇ ਚ ਜਾਦੂ ਹੈ, ਆਪਣੀ ਹਰ ਗਜਲ ਦੀ ਪੇਸ਼ਕਾਰੀ ਤਰੰਨਮ ਚ ਕਰਕੇ ਸਰੋਤਿਆਂ ਨੁੰ ਮੰਤਰ ਮੁਗਧ ਕਰਦੇ ਹਨ । ਬੰਦਿਸ਼ ਰਹਿਤ ਕਿਸੇ ਵੀ ਸਾਹਿਤਕ ਰਚਨਾ ਨੂੰ ਉਹ ਸਾਹਿਤਕ ਮੰਨਣ ਤੋਂ ਇਨਕਰੀ ਹਨ । ਉਹਨਾਂ ਦੀਆ ਬਹੁਤ ਸਾਰੀਆਂ ਰਚਨਾਵਾਂ ਨਾਮਵਰ ਗਾਇਕਾਂ ਦੀ ਅਵਾਜ ਚ ਰਿਕਾਰਡ ਵੀ ਹੋ ਚੁੱਕੀਆ ਹਨ ਤੇ ਪਾਕਿਸਤਾਨ, ਭਾਰਤ ਤੇ ਬਰਤਾਨੀਆ ਦੇ ਕਈ ਨਾਮਵਰ ਅਖਬਾਰਾਂ ਦਾ ਸ਼ਿੰਗਾਰ ਵੀ ਅਕਸਰ ਹੀ ਬਣਦੀਆ ਰਹਿੰਦੀਆ ਹਨ ।

ਗੁਰਸ਼ਰਨ ਸਿੰਘ ਅਜੀਬ ਮੇਰੀ ਜਾਚੇ ਬਰਤਾਨੀਆ ਦਾ ਉਹ ਪਹਿਲਾ ਪੰਜਾਬੀ ਪਰਵਾਸੀ ਗਜਲਗੋ ਹੈ ਜਿਸ ਨੇ ਪੰਜਾਬੀ ਗਜਲ ਦੇ ਬਗੀਚੇ ਨੂੰ ਵਿਸ਼ੇ ਪੱਖੋਂ ਅਨੇਕ ਪ੍ਰਕਾਰ ਦੇ ਰੰਗ ਦਿੱਤੇ । ਰੁਮਾਂਸ ਦੀ ਵਲਗਣ ‘ਚੋੰ ਬਾਹਰ ਕੱਢਕੇ ਪੰਜਾਬੀ ਗਜਲ ਰਚਨਾ ਵਿਚ ਉਹਨਾ ਨੇ ਸਮਾਜਿਕ, ਰਾਜਨੀਤਕ, ਆਰਥਿਕ, ਪਰਿਵਾਰਕ ਤੇ ਪਰਵਾਸੀ ਮਸਲਿਆ ਦੀ ਵਧੀਆ ਪੇਸ਼ਕਾਰੀ  ਕੀਤੀ ਤੇ ਉਹ ਵੀ ਬਹੁਤ ਹੀ ਸਰਲ ਤੇ ਸੁਖੈਨ ਬੋਲੀ ਵਿਚ । ਇਹ ਇਕ ਕੌੜਾ ਸੱਚ ਹੈ ਕਿ ਕਿਸੇ ਸ਼ੌਂਕ ਨੂੰ ਪੂਰਾ ਕਰਨ ਵਾਸਤੇ ਪਰਿਵਾਰਕ ਸਹਿਯੋਗ ਬਹੁਤ ਜਰੂਰੀ ਹੁੰਦਾ ਹੈ । ਇਸ ਪੱਖੋਂ ਗੁਰਸ਼ਰਨ ਸਿੰਘ ਅਜੀਬ ਬਹੁਤ ਖੁਸ਼ਕਿਸਮਤ ਰਹੇ ਹਨ । ਉਹਨਾਂ ਦੀ ਸੁਪਤਨੀ ਜਗਵਿੰਦਰ ਕੌਰ ਤੇ ਬੱਚਿਆ ਨੇ ਹਮੇਸ਼ਾ ਹੀ ਉਹਨਾਂ ਨੂੰ ਵੱਡਾ ਸਹਿਯੋਗ ਦਿੱਤਾ ਜਿਸ ਦੇ ਫਸਸਰੂਪ ਜਿੰਦਗੀ ਦੀ ਹਰ ਔਖ ਸੌਖ ਵਿਚੋ ਉਹ ਸਹਿਜ ਹੀ ਗੁਜਰਦੇ ਹੋਏ ਸਾਹਿਤਕ ਰਚਨਾ ਦੀ ਦਗਰ ‘ਤੇ ਅਰੋਕ ਚਲਦੇ ਰਹੇ ਤੇ ਗਜਲ ਖੇਤਰ ਚ ਉਹਨਾਂ ਦਾ ਨਾਮ  ਪੋਟਿਆ ‘ਤੇ ਗਿਣੇ ਜਾਣ ਵਾਲੇ ਚੋਟੀ ਦੋ ਉਸਤਾਦ ਗਜਲਗੋਆਂ ਚ ਸ਼ੁਮਾਰ ਕਰ ਗਿਆ । ਇਹ ਗੱਲ ਵੀ ਵਿਸ਼ੇਸ਼ ਤੌਰ ‘ਤੇ ਜਿਕਰਯੋਗ ਹੈ ਕਿ ਉਹ ਪਹਿਲੇ ਅਜਿਹੇ ਪੰਜਾਬੀ ਗਜਲਗੋ ਹਨ, ਜਿਹਨਾ ਦੇ ਚਾਰ ਵੱਡ ਅਕਾਰੀ ਪੂਰੀ ਤਰਾਂ ਰੰਗਦਾਰ ਗਜਲ ਸੰਗ੍ਰਹਿ – ਗਜਲਾਂਜਲੀ, ਪੁਸ਼ਪਾਂਜਲੀ, ਕੂੰਜਾਵਲੀ ਤੇ ਰਮਜਾਂਵਲੀ – ਆਰਟ ਪੇਪਰ ‘ਤੇ ਪ੍ਰਕਾਸ਼ਤ ਹੋ ਚੁੱਕੇ ਹਨ ਜੋ ਸ਼ਾਇਦ ਬਰਤਾਨੀਆ ਵਸਦੇ ਪਰਵਾਸੀ ਸਾਹਿਤਕਾਰਾਂ ‘ਚੋ  ਸਿਰਫ ਤੇ ਸਿਰਫ ਉਹਨਾਂ ਦੀ ਖਾਸੀਅਤ ਵੀ ਹਨ ਤੇ ਪਹਿਚਾਨ ਵੀ ।

ਬਹੁਤ ਖੁਸ਼ੀ ਅਕੇ ਤਸੱਲੀ ਵਾਲੀ ਗੱਲ ਹੈ ਕਿ ਸਾਡੇ ਇਹ ਮਹਿਬੂਬ ਸਾਹਿਤਕਾਰ ਅੱਜ ਵੀ ਆਪਣੀ ਸਾਹਿਤਕ ਰਚਨਾ ਦਾ ਸਫਰ ਪਹਿਲੇ ਵਾਲੀ ਰਫਤਾਰ ਵਿਚ ਹੀ ਜਾਰੀ ਰੱਖ ਰਹੇ ਹਨ । ਸਾਨੁੰ ਸਭਨਾ ਨੂੰ ਇਹ ਕਾਮਨਾ ਕਰਨੀ ਚਾਹੀਦੀ ਕਿ ਗੁਰਸ਼ਰਨ ਸਿੰਘ ਅਜੀਬ ਹਮੇਸ਼ਾ ਸਿਹਤਯਾਬ ਰਹਿਣ ਤੇ ਉਹਨਾ ਦੀ ਕਲਮ ਇਸੇ ਪੁਖਤਗੀ ਤੇ ਰਵਾਨੀ ਨਾਲ ਪੰਜਾਬੀ ਗਜਲ ਸਾਹਿਤ ਦੀ ਝੋਲੀ ਭਰਪੂਰ ਕਰਦੀ ਰਹੇ ।

ਨੋਟ : ਇਸ ਫੀਚਰ ਵਿਚਲੀ ਸ ਗੁਰਸ਼ਰਨ ਸਿੰਘ ਅਜੀਬ ਦੀ ਤਸਵੀਰ  ਪਾਕਿਸਤਾਨ ਦੇ ਨਾਮਵਰ ਆਰਟਿਸਟ ਜਨਾਬ ਮੁਹੰਮਦ ਆਸਿਫ ਰਜਾ ਨੇ ਖਾਸ ਤੌਰ ‘ਤੇ ਇਸ ਫੀਚਰ ਵਾਸਤੇ ਹੀ ਤਿਆਰ ਕੀਤੀ ਹੈ, ਜਿਹਨਾ ਦਾ ਮੈਂ ਕੋਟਿ ਕੋਿਟ ਧਨਵਾਦੀ ਹਾਂ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin