Articles

ਗੁਰਦੁਆਰਾ ਦਾਤਾ ਬੰਦੀ ਛੋਡ ਸਾਹਿਬ ਕਿਲ੍ਹਾ ਗਵਾਲੀਅਰ : ਇਤਿਹਾਸ ਅਤੇ ਕਾਰਜ

ਲੇਖਕ: ਵਿਕਰਮਜੀਤ ਸਿੰਘ ਤਿਹਾੜਾ ਅਸਿਸਟੈਂਟ ਪ੍ਰੋ., ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼

16 ਅਕਤੂਬਰ 2020 ਨੂੰ 400 ਸਾਲਾ ਬੰਦੀ ਛੋੜ ਦਿਵਸ ‘ਤੇ ਵਿਸ਼ੇਸ਼
ਗਵਾਲੀਅਰ ਇੱਕ ਬਹੁਤ ਵੱਡੀ ਰਿਆਸਤ ਸੀ। ਇਸ ਰਿਆਸਤ ਦਾ ਨਾਂ, ਗਵਾਲੀਅਰ ਨਾਂ ਦੇ ਕਸਬੇ ਤੋਂ ਹੀ ਪਿਆ ਸੀ। ਇਹ ਨਾਂ ਗੋਪਾਦਰੀ ਜਾਂ ਅਜਾੜੀ ਦੀ ਪਹਾੜੀ ਦਾ ਵਿਗੜਿਆ ਰੂਪ ਹੈ। ਸੰਨ 1956 ਵਿੱਚ ਇਸ ਰਿਆਸਤ ਨੂੰ ਭਾਰਤ ਦੇ ਮੱਧ ਪ੍ਰਦੇਸ਼ ਨਾਂ ਦੇ ਰਾਜ ਵਿੱਚ ਸ਼ਾਮਲ ਕਰ ਦਿੱਤਾ ਗਿਆ। ਗਵਾਲੀਅਰ ਸ਼ਹਿਰ ਆਗਰੇ ਤੋਂ 120 ਕਿਲੋਮੀਟਰ ਦੱਖਣ ਵੱਲ ਹੈ ਅਤੇ ਇਸਦਾ ਆਗਰਾ ਮੁੰਬਈ ਰਾਸ਼ਟਰੀ ਮਾਰਗ ਦੇ ਨਾਲ ਮਹੱਤਵਪੂਰਨ ਸੜਕ ਮੇਲ ਹੈ।
ਗਵਾਲੀਅਰ ਸ਼ਹਿਰ ਗਵਾਲੀਅਰ ਦੇ ਕਿਲ੍ਹੇ ਕਰਕੇ ਪ੍ਰਸਿੱਧ ਹੈ ਜੋ ਇਸ ਸ਼ਹਿਰ ਦਾ ਪ੍ਰਮੁੱਖ ਸਮਾਰਕ ਹੈ। ਇਹ ਕਿਲ੍ਹਾ ਗੋਪਾਂਚਲ ਨਾਮਕ ਪਰਬਤ ‘ਤੇ ਸਥਿੱਤ ਹੈ। ਇਸ ਕਿਲ੍ਹੇ ਦੇ ਨਿਰਮਾਣ ਸਬੰਧੀ ਕੋਈ ਵੀ ਠੋਸ ਜਾਣਕਾਰੀ ਨਹੀਂ ਮਿਲਦੀ, ਕੇਵਲ ਅਨੁਮਾਨ ਹੀ ਲਗਾਏ ਜਾਂਦੇ ਹਨ। ਇੱਕ ਗੱਲ ਸਾਫ ਹੈ ਕਿ ਇਹ ਕਿਲ੍ਹਾ ਵੱਖ-ਵੱਖ ਸਮਿਆਂ ਦੌਰਾਨ ਵੱਖ-ਵੱਖ ਸ਼ਾਸਕਾਂ ਦੇ ਅਧੀਨ ਰਿਹਾ ਹੈ, ਜਿਨ੍ਹਾਂ ਨੇ ਕਿਲ੍ਹੇ ਦੇ ਵਿਕਾਸ ਅਤੇ ਬਣਾਵਟ ਵਿੱਚ ਆਪਣਾ ਹਿੱਸਾ ਪਾਇਆ। ਕਿਲ੍ਹੇ ਦਾ ਨਿਰਮਾਣ ਤੀਜੀ ਤੋਂ ਸੱਤਵੀਂ ਸ਼ਤਾਬਦੀ ਦੇ ਦੌਰਾਨ ਹੋਇਆ ਮੰਨਿਆਂ ਜਾਂਦਾ ਹੈ। ਤੀਸਰੀ ਸਦੀ ਵਿੱਚ ਹੋਏ ਰਾਜਾ ਸੂਰਜ ਸੇਨ ਦੁਆਰਾ ਸੂਰਜ ਕੁੰਡ ਦੇ ਨਿਰਮਾਣ ਕਰਾਉਣ ਨਾਲ ਹੀ ਕਿਲ੍ਹੇ ਦੇ ਨਿਰਮਾਣ ਨੂੰ ਜੋੜਿਆ ਜਾਂਦਾ ਹੈ। ਕਿਲ੍ਹਾ ਗਵਾਲੀਅਰ 1398 ਈ. ਵਿੱਚ ਵਿਕਾਸ ਦੇ ਸਿਖਰ ‘ਤੇ ਪਹੁੰਚਿਆ ਜਦੋਂ ਤੋਮਰ ਰਾਜਪੂਤ ਰਾਜੇ ਇਸ ‘ਤੇ ਕਾਬਜ ਹੋਏ। ਡੂੰਗਰ ਸਿੰਘ ਤੋਮਰ ਨੇ 1428 ਵਿੱਚ ਕਿਲ੍ਹੇ ਦੇ ਛੇ ਪ੍ਰਵੇਸ਼ ਦਰਵਾਜਿਆਂ ਸਾਹਮਣੇ ਵਾਲੀਆਂ ਪਹਾੜੀਆਂ ਨੂੰ ਤਰਾਸ਼ ਕੇ ਜੈਨ ਪੈਗੰਬਰਾਂ ਦੀਆਂ ਸੈਂਕੜੇ ਮੂਰਤੀਆਂ ਬਣਵਾਈਆਂ ਇਨ੍ਹਾਂ ਵਿੱਚੋਂ ਕਈ ਮੂਰਤੀਆਂ 25 ਫੁੱਟ ਦੇ ਲਗਪਗ ਉੱਚੀਆਂ ਹਨ ਅਤੇ ਮੂੰਹੋਂ ਬੋਲਦੀਆਂ ਪ੍ਰਤੀਤ ਹੁੰਦੀਆਂ ਹਨ।
ਗਵਾਲੀਅਰ ਦਾ ਕਿਲ੍ਹਾ ਬਲੂਆ ਪੱਥਰ ਦੀ ਤਕਰੀਬਨ 300-400 ਫੁੱਟ ਉੱਚੀ ਸਿੱਧੀ ਚਟਾਨ ‘ਤੇ ਉਸਰਿਆ ਹੋਇਆ ਹੈ। ਕਰਨਲ ਕਨਿੰਘਮ ਨੇ ਇਸ ਕਿਲ੍ਹੇ ਨੂੰ ਅਕਾਸ਼ ਹੇਠਲਾ ਥੰਮ ਦੱਸਕੇ ਇਸ ਦੀ ਸ਼ਲਾਘਾ ਕੀਤੀ ਸੀ। ਚਿਤੌੜਗੜ੍ਹ ਤੋਂ ਬਾਅਦ ਸ਼ਾਇਦ ਹੀ ਕੋਈ ਹੋਰ ਕਿਲ੍ਹੇ ਦੀ ਲੰਬਾਈ 8-10 ਮੀਲ ਅਤੇ ਚੌੜਾਈ 5-6 ਮੀਲ ਹੈ। ਚਟਾਨਾਂ ਨੂੰ ਕੱਟ ਕੇ ਬਣਾਈਆਂ ਸੁਰੱਖਿਆ ਦੀਵਾਰਾਂ ਨੂੰ ਛੋਟੇ ਵੱਡੇ ਤਿਰਛੇ ਆਰੀਦਾਰ ਮੋਰਿਆਂ ਨਾਲ ਸਜਾਇਆ ਗਿਆ ਹੈ। ਸਾਰੀਆਂ ਦੀਵਾਰਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਮੋਰੇ ਹਨ। ਜੰਗਾਂ ਯੁੱਧਾਂ ਦੇ ਸਮੇਂ ਇਹ ਮੋਰੇ ਗੋਲਾ ਬਾਰੂਦ ਦਾਗਣ ਅਤੇ ਇੱਟਾਂ ਪੱਥਰ ਵਰਸਾਉਣ ਦੇ ਕੰਮ ਆਉਂਦੇ ਸਨ।ਕਿਲ੍ਹੇ ਦੇ ਅੰਦਰ ਤੋਮਰ ਮਾਨ ਸਿੰਘ ਮਹਿਲ, ਜਹਾਂਗੀਰ ਮਹਿਲ, ਗੁਜਰੀ ਮਹਿਲ, ਸ਼ਾਹ ਜਹਾਂ ਮਹਿਲ, ਮੁਰਾਦ ਦਾ ਮਕਬਰਾ, ਤੇਲੀ ਮੰਦਰ, ਸਾਸ-ਬਹੂ ਮੰਦਰ, ਥੰਮ ਅਤੇ ਗੁਰਦੁਆਰਾ ਦਾਤਾ ਬੰਦੀ ਛੋਡ ਸਾਹਿਬ ਵਿਸ਼ੇਸ਼ ਸਥਾਨ ਹਨ। ਜਿਨ੍ਹਾਂ ਵਿੱਚ ਸਦੀਆਂ ਦਾ ਇਤਿਹਾਸ ਸਾਂਭਿਆ ਪਿਆ ਹੈ।
ਮੁਗਲ ਸਾਮਰਾਜ ਦੀ ਸਥਾਪਤੀ ਨਾਲ ਹਿੰਦੋਸਤਾਨ ਦੀਆਂ ਰਿਆਸਤਾਂ, ਸੱਭਿਆਚਾਰ ਅਤੇ ਪ੍ਰਬੰਧ ਵਿੱਚ ਬਹੁਤ ਬਦਲਾਅ ਆਇਆ। ਗਵਾਲੀਅਰ ਦਾ ਕਿਲ੍ਹਾ ਜੋ ਆਪਣੀ ਸ਼ਾਨੋ-ਸ਼ੌਕਤ ਲਈ ਪ੍ਰਸਿੱਧ ਸੀ, ਉਹ ਸ਼ਾਹੀ ਕੈਦ ਖਾਨੇ ਵਜੋਂ ਜਾਣਿਆਂ ਜਾਣ ਲੱਗਾ। ਵੱਖ-ਵੱਖ ਸ਼ਾਸ਼ਕਾਂ ਨੇ ਕਿਲ੍ਹੇ ਨੂੰ ਪ੍ਰਭਾਵਿਤ ਕੀਤਾ। ਮੁਗਲ ਬਾਦਸ਼ਾਹਾਂ ਨੇ ਆਪਣੇ ਵਿਰੋਧੀ ਰਿਆਸਤਾਂ ਦੇ ਰਾਜਿਆ ਨੂੰ ਇਸ ਕਿਲ੍ਹੇ ਵਿੱਚ ਨਜ਼ਰਬੰਦ ਕਰਨਾ ਆਰੰਭ ਕਰ ਦਿੱਤਾ। ਬਾਦਸ਼ਾਹ ਜਹਾਂਗੀਰ ਦੇ ਸ਼ਾਸ਼ਨ ਦੌਰਾਨ ਕਈ ਪਹਾੜੀ ਅਤੇ ਰਾਜਪੂਤ ਰਾਜੇ ਇਸ ਕਿਲ੍ਹੇ ਵਿੱਚ ਨਜ਼ਰਬੰਦ ਸਨ। ਕਿਲ੍ਹਾ ਖੌਫਨਾਕ ਹੋ ਗਿਆ, ਜੋ ਇਸ ਕਿਲ੍ਹੇ ਵਿੱਚ ਜਾਂਦਾ ਉਹ ਵਾਪਸ ਨਾ ਪਰਤਦਾ। ਕਿਲ੍ਹੇ ਵਿੱਚ ਨਜ਼ਰਬੰਦ ਰਾਜਿਆਂ ਦੀ ਜੂਨ ਵੀ ਬਹੁਤ ਭੈੜੀ ਸੀ। ਉਹ ਕੈਦ ਹੋਏ, ਅਨੇਕਾਂ ਕਸ਼ਟਾਂ ਨੂੰ ਸਹਾਰਦੇ ਸਨ। ਉਨ੍ਹਾਂ ਦੇ ਲਈ ਕੋਈ ਵੀ ਆਸ ਦੀ ਕਿਰਨ ਨਹੀਂ ਸੀ ਰਹਿ ਜਾਂਦੀ।
ਅਜਿਹੇ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਕਿਲ੍ਹੇ ਵਿੱਚ ਆਉਣਾ ਇੱਕ ਮਹਾਨ ਘਟਨਾ ਸੀ। ਗੁਰੂ ਜੀ ਦੇ ਕਿਲ੍ਹੇ ਵਿੱਚ ਆਉਣ ਨਾਲ ਕਿਲ੍ਹੇ ਦੀ ਨੁਹਾਰ ਬਦਲ ਗਈ। ਮੁਰਝਾਏ ਅਤੇ ਮਸੋਸੇ ਹੋਏ ਚਿਹਰਿਆਂ ‘ਤੇ ਆਸ ਦੀ ਕਿਰਨ ਨੇ ਮੁਸਕਰਾਹਟ ਲੈ ਆਂਦੀ। ਗੁਰੂ ਜੀ ਦੇ ਪਰਤਾਪ ਸਦਕਾ ਕੈਦੀ ਰਾਜਿਆਂ ਨੂੰ ਜੀਵਨ ਦੀ ਚਿਣਗ ਦਿਖਾਈ ਦਿੱਤੀ। ਕਿਲ੍ਹੇ ਦਾ ਡਿਉੜੀਦਾਰ ਹਰਿਦਾਸ ਗੁਰੂ ਜੀ ਦੀ ਮਹਾਨਤਾ ਤੋਂ ਜਾਣੂ ਸੀ, ਉਹ ਗੁਰੂ ਜੀ ਦਾ ਸੇਵਕ ਹੋ ਗਿਆ। ਕਿਲ੍ਹੇ ਦੇ ਸ਼ੈਤਾਨੀ ਵਾਤਾਵਰਨ ਨੇ ਮੋੜਾ ਖਾਧਾ। ਬੰਦਗੀ ਦੀਆਂ ਲਹਿਰਾਂ ਨੇ ਕਣ-ਕਣ ਨੂੰ ਮਹਿਕਣ ਲਗਾ ਦਿੱਤਾ। ਗੁਰੂ ਜੀ ਦੇ ਦਰਸ਼ਨਾਂ ਨਾਲ ਹੀ ਨਜ਼ਰਬੰਦ ਰਾਜਿਆਂ ਦੇ ਅੰਦਰਲੇ ਬੰਦਨ ਟੁੱਟ ਗਏ ਅਤੇ ਉਹ ਆਤਮਿਕ ਪੱਧਰ ਤੇ ਬਲਵਾਨ ਹੋ ਗਏ। ਗੁਰੂ ਸਾਹਿਬ ਦੁਆਰਾ ਦਿੱਤੇ ਜਾਂਦੇ ਵਾਹਿਗੁਰੂ ਦੇ ਆਵਾਜ਼ੇ ਨੇ ਹਵਾ ਨੂੰ ਮੌਲਣ ਲਗਾ ਦਿੱਤਾ। ਆਖਰ ਜਦ ਗੁਰੂ ਜੀ ਦੇ ਕਿਲ੍ਹੇ ਵਿੱਚੋਂ ਬਾਹਰ ਜਾਣ ਦਾ ਸਮਾਂ ਆਇਆ ਤਾਂ ਰਾਜਿਆਂ ਦੇ ਚਿਹਰੇ ਫਿਰ ਮੁਰਝਾ ਗਏ। ਗੁਰੂ ਸਾਹਿਬ ਮਹਾਨ ਹਨ, ਉਨ੍ਹਾਂ ਆਪਣੇ ਨਾਲ ਉਨ੍ਹਾਂ ਨਜ਼ਰਬੰਦ ਰਾਜਿਆਂ ਨੂੰ ਵੀ ਰਿਹਾਅ ਕਰਾਇਆ। ਇਹ ਪਹਿਲੀ ਵਾਰ ਹੋਇਆ ਸੀ ਕਿ ਕੋਈ ਕਿਲ੍ਹੇ ਵਿੱਚ ਜਿਊਦਾ ਵਾਪਸ ਆ ਰਿਹਾ ਸੀ। ਰਾਜਿਆਂ ਨੇ ਗੁਰੂ ਸਾਹਿਬ ਦਾ ਪੱਲਾ ਫੜਿਆ ਅਤੇ ਉਨ੍ਹਾਂ ਦੀ ਮੁਕਤੀ ਹੋ ਗਈ। ‘ਦਾਤਾ ਬੰਦੀ ਛੋਡ-ਦਾਤਾ ਬੰਦੀ ਛੋਡ’ ਦੇ ਬੋਲਾਂ ਨਾਲ ਆਸਮਾਨ ਗੂੰਜ ਉੱਠਿਆ। ਗਵਾਲੀਅਰ ਸ਼ਹਿਰ ਭਾਗਾਂ ਵਾਲਾ ਹੋ ਨਿਬੜਿਆ। ਇਸ ਤਰ੍ਹਾਂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸੰਬੰਧ ਵੀ ਗਵਾਲੀਅਰ ਦੇ ਕਿਲ੍ਹੇ ਨਾਲ ਜੁੜ ਗਿਆ। ਉਨ੍ਹਾਂ ਦੀ ਯਾਦ ਵਿੱਚ ਅੱਜ ਕਿਲ੍ਹੇ ਵਿੱਚ ਗੁਰਦੁਆਰਾ ਦਾਤਾ ਬੰਦੀ ਛੋਡ ਸਾਹਿਬ ਸ਼ੁਸ਼ੋਭਿਤ ਹੈ।
ਗੁਰਦੁਆਰਾ ਦਾਤਾ ਬੰਦੀ ਛੋਡ ਦਾ ਨਿਰਮਾਣ 1968 ਈ. ਵਿੱਚ ਬਾਬਾ ਉੱਤਮ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆ ਨੇ ਕਰਵਾਇਆ। ਪਹਿਲਾਂ ਇਸ ਜਗ੍ਹਾ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਇੱਕ ਥੜ੍ਹਾ ਮੌਜੂਦ ਸੀ। ਡਾ. ਰਤਨ ਸਿੰਘ ਜੱਗੀ ਅਨੁਸਾਰ 1947 ਈ. ਤੋਂ ਪਹਿਲਾਂ ਉਸ ਦੀ ਸੰਭਾਲ ਮੁਸਲਮਾਨ ਫਕੀਰ ਕਰਿਆ ਕਰਦੇ ਸਨ।
ਗੁਰਦੁਆਰਾ ਸਾਹਿਬ ਦੀ ਸਥਾਪਨਾ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ 1964-65 ਈ. ਵਿੱਚ ਸ੍ਰ. ਬਲਦੇਵ ਸਿੰਘ (ਆਈ.ਏ.ਸਿੱਖੀ) ਗਵਾਲੀਅਰ ਸ਼ਹਿਰ ਵਿੱਚ ਕਲੈਕਟਰ ਦੇ ਅਹੁਦੇ ‘ਤੇ ਨਿਯੁਕਤ ਹੋਏ। ਜਦ ਉਹ ਗਵਾਲੀਅਰ ਦੇ ਕਿਲ੍ਹੇ ਵਿੱਚ ਗਏ ਤਾਂ ਉਹਨਾਂ ਦੇਖਿਆ ਕਿ ਗੁਰੂ ਸਾਹਿਬ ਦੀ ਯਾਦ ਵਿੱਚ ਕੋਈ ਸਥਾਨ ਮੌਜੂਦ ਨਹੀਂ ਹੈ। ਇਸ ‘ਤੇ ਉਨ੍ਹਾਂ ਗਵਾਲੀਅਰ ਸ਼ਹਿਰ ਵਿੱਚ ਬੈਂਕ ਅਧਿਕਾਰੀ ਵਜੋਂ ਸੇਵਾ ਨਿਭਾ ਰਹੇ ਸ. ਇੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ। ਸ੍ਰ. ਇੰਦਰਜੀਤ ਸਿੰਘ ਹੁਰਾਂ ਨੇ ਗਵਾਲੀਅਰ ਦੀ ਸਿੱਖ ਸੰਗਤ ਨਾਲ ਵਿਚਾਰ ਕੀਤੀ ਕਿ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਜਾਵੇ, ਜਿਸ ਲਈ ਜ਼ਮੀਨ ਪ੍ਰਾਪਤੀ ਦੀ ਮੁਸ਼ਕਿਲ ਦਾ ਹੱਲ ਸ੍ਰ. ਬਲਦੇਵ ਸਿੰਘ ਨੇ ਕਰ ਦਿੱਤਾ। ਗਵਾਲੀਅਰ ਦੀ ਸੰਗਤ 1965 ਈ. ਵਿੱਚ ਖਡੂਰ ਸਾਹਿਬ ਵਿਖੇ ਬਾਬਾ ਉੱਤਮ ਸਿੰਘ ਜੀ ਪਾਸ ਪਹੁੰਚੀ ਅਤੇ ਬਾਬਾ ਜੀ ਨੂੰ ਗੁਰਦੁਆਰਾ ਸਾਹਿਬ ਦੇ ਨਿਰਮਾਣ ਲਈ ਬੇਨਤੀ ਕੀਤੀ। ਬਾਬਾ ਉੱਤਮ ਸਿੰਘ ਜੀ, ਬਾਬਾ ਗੁਰਮੁੱਖ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਸੇਵਕ ਸਨ ਜੋ ਉਨ੍ਹਾਂ ਦਿਨਾਂ ਵਿੱਚ ਪੰਥ ਦੀਆ ਮਹਾਨ ਸੇਵਾਵਾਂ ਨਿਭਾ ਰਹੇ ਸਨ।ਅਨੇਕਾਂ ਸੇਵਾ ਕਾਰਜਾਂ ਦੇ ਰੁਝੇਵੇਂ ਹੋਣ ਕਾਰਨ ਬਾਬਾ ਉੱਤਮ ਸਿੰਘ ਜੀ ਨੇ 1968 ਈ. ਵਿੱਚ ਗੁਰਦੁਆਰਾ ਸਾਹਿਬ ਦੇ ਨਿਰਮਾਣ ਦੀ ਸੇਵਾ ਆਰੰਭ ਕੀਤੀ। ਸਭ ਤੋਂ ਪਹਿਲਾਂ ਲੰਗਰ ਹਾਲ ਦੀ ਇਮਾਰਤ ਦੀ ਉਸਾਰੀ ਦਾ ਕਾਰਜ ਆਰੰਭ ਹੋਇਆ। ਫਿਰ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਦੀ ਉਸਾਰੀ, ਯਾਤਰੂਆਂ ਲਈ ਸਰਾਵਾਂ, ਸਰੋਵਰਾਂ, ਦੀਵਾਨ ਹਾਲ ਅਤੇ ਦਰਸ਼ਨੀ ਡਿਉੜੀ ਦੀ ਉਸਾਰੀ ਦੇ ਮਹਾਨ ਕਾਰਜ ਹੋਏ। 1970 ਈ. ਵਿੱਚ ਬਾਬਾ ਉੱਤਮ ਸਿੰਘ ਜੀ ਨੇ ਸੇਵਾ ਕਾਰਜਾਂ ਲਈ ਬਾਬਾ ਅਮਰ ਸਿੰਘ ਦੀ ਡਿਊਟੀ ਲਗਾ ਦਿੱਤੀ। ਉਨ੍ਹਾਂ ਨਾਲ ਬਾਬਾ ਹਰਭਜਨ ਸਿੰਘ ਜੀ ਨੇ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਈ। ਬਾਬਾ ਉੱਤਮ ਸਿੰਘ ਜੀ ਹਰ ਮੱਸਿਆ ‘ਤੇ ਗਵਾਲੀਅਰ ਜਾ ਕੇ ਨਿਗਰਾਨੀ ਕਰਦੇ ਰਹਿੰਦੇ।
1972 ਈ. ਤੱਕ ਗੁਰਦੁਆਰਾ ਸਾਹਿਬ ਪਾਸ 3 ਵਿੱਘੇ ਜ਼ਮੀਨ ਸੀ, ਜੋ ਸ੍ਰ. ਬਲਦੇਵ ਸਿੰਘ ਦੇ ਯਤਨਾਂ ਨਾਲ ਪ੍ਰਾਪਤ ਹੋਈ ਸੀ। ਗੁਰਦੁਆਰਾ ਸਾਹਿਬ ਲਈ ਹੋਰ ਜ਼ਮੀਨ ਦੀ ਲੋੜ ਸੀ, ਇਸ ਲਈ ਬਾਬਾ ਉੱਤਮ ਸਿੰਘ ਜੀ ਨੇ 1972 ਈ. ਵਿੱਚ ਉਸ ਸਮੇਂ ਦੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਪੀ.ਸੀ. ਸੇਠੀ ਨਾਲ ਰਾਬਤਾ ਕੀਤਾ। ਮੁੱਖ ਮੰਤਰੀ ਨੂੰ ਕਿਲ੍ਹੇ ਵਿੱਚ ਸੱਦਿਆ ਅਤੇ ਜਦ ਉਹ ਕਿਲ੍ਹੇ ਵਿੱਚ ਗੁਰਦੁਆਰਾ ਸਾਹਿਬ ਆਏ ਤਾਂ ਉਹ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਤੋਂ ਪ੍ਰਭਾਵਿਤ ਹੋਏ । ਇਸ ਤਰ੍ਹਾਂ ਬਾਬਾ ਉੱਤਮ ਸਿੰਘ ਜੀ ਦੇ ਯਤਨਾਂ ਨਾਲ ਹੋਰ ਜ਼ਮੀਨ ਪ੍ਰਾਪਤ ਹੋਈ ਅਤੇ ਗੁਰਦੁਆਰਾ ਸਾਹਿਬ ਦਾ ਵਿਸ਼ਾਲ ਕੰਪਲੈਕਸ ਹੋਂਦ ਵਿੱਚ ਆਏ। ਹੁਣ ਗੁਰਦੁਆਰਾ ਸਾਹਿਬ ਪਾਸ 22 ਵਿਘੇ ਜ਼ਮੀਨ ਹੈ। ਗੁਰਦੁਆਰਾ ਸਾਹਿਬ ਦੀ ਛੇ ਮੰਜ਼ਿਲਾਂ ਇਮਾਰਤ ਬਹੁਤ ਪ੍ਰਭਾਵਸ਼ਾਲੀ ਹੈ ਜਿਸ ‘ਤੇ 25 ਫੁੱਟ ਲੰਮਾ ਸੁਨਹਿਰੀ ਕਲਸ ਖਿੱਚ ਦਾ ਪ੍ਰਤੀਕ ਹੈ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਿਰਪਾ ਅਤੇ ਬਾਬਾ ਉੱਤਮ ਸਿੰਘ ਜੀ ਦੇ ਯਤਨਾਂ ਨਾਲ ਹੀ, ਭਾਰਤ ਦੇ ਪੁਰਾਤਵ ਵਿਭਾਗ ਦੁਆਰਾ ਅਨੇਕਾਂ ਮੁਸ਼ਕਲਾਂ ਪੈਦਾ ਕਰਨ ‘ਤੇ ਵੀ ਅੱਜ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿੱਚ ਦਰਬਾਰ ਹਾਲ, ਤਿੰਨ ਸਰਾਵਾਂ (ਇੱਕ ਉਸਾਰੀ ਅਧੀਨ), ਲੰਗਰ ਹਾਲ, ਨਾਮ ਘਰ, ਦੋ ਸੋਰਵਰ, ਦੀਵਾਨ ਹਾਲ ਅਤੇ ਦਰਸ਼ਨੀ ਡਿਉੜੀ ਦੇ ਨਾਲ ਮਲਟੀਮੀਡੀਆ ਸਿੱਖ ਅਜਾਇਬ ਘਰ ਮੌਜੂਦ ਹੈ। ਬਹੁਤ ਸਾਰੇ ਸ਼ਰਧਾਲੂ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਆਦਿ ਦੀ ਯਾਤਰਾ ਕਰਨ ਸਮੇਂ ਇਥੇ ਠਹਿਰਾਉ ਕਰਦੇ ਹਨ। ਇਸ ਤੋਂ ਇਲਾਵਾ ਕਿਲ੍ਹੇ ਵਿੱਚ ਆਉਣ ਵਾਲੇ ਅਨੇਕਾਂ ਸੈਲਾਨੀਆਂ ਲਈ ਗੁਰਦੁਆਰਾ ਸਾਹਿਬ ਅਹਿਮ ਮਹੱਤਵ ਰੱਖਦਾ ਹੈ। ਕਿਲ੍ਹੇ ਦੀ ਸੈਰ ਦੌਰਾਨ ਜਿੱਥੇ ਥਕਾਵਟ ਹੁੰਦੀ ਹੈ ਇਸ ਦੇ ਨਾਲ ਕਿਲ੍ਹੇ ਵਿੱਚ ਕੋਈ ਵਿਸ਼ੇਸ਼ ਸਹੂਲਤ ਨਾ ਹੋਣ ਕਾਰਨ ਹਰ ਕੋਈ ਗੁਰਦੁਆਰਾ ਸਾਹਿਬ ਆ ਕੇ ਆਸਰਾ ਲੈਂਦਾ ਹੈ। ਲੰਗਰ ਦਾ 24 ਘੰਟੇ ਪ੍ਰਬੰਧ ਰਹਿੰਦਾ ਹੈ।
ਗੁਰਦੁਆਰਾ ਦਾਤਾ ਬੰਦੀ ਛੋਡ ਸਾਹਿਬ ਮੱਧ ਪ੍ਰਦੇਸ਼ ਵਿਚ ਵਸਦੇ ਸਿੱਖਾਂ ਲਈ ਇਸ ਲਈ ਵੀ ਅਹਿਮ ਹੈ ਕਿਉਂਕਿ ਉਨ੍ਹਾਂ ਲਈ ਇਹ ਕੇਂਦਰੀ ਸਥਾਨ ਹੈ। ਜਿੱਥੇ ਉਹ ਇਕੱਠੇ ਹੁੰਦੇ ਹਨ। ਇਸ ਨਾਲ ਸਿੱਖ ਇੱਕ ਧੁਰੇ ਨਾਲ ਜੁੜ ਕੇ ਏਕਤਾ ਕਰਕੇ ਸੰਗਠਿਤ ਹੁੰਦੇ ਹਨ। ਗੁਰਦੁਆਰਾ ਦਾਤਾ ਬੰਦੀ ਸਾਹਿਬ ਦੁਆਰਾ ਅਨੇਕਾਂ ਮਹੱਤਵਪੂਰਨ ਕਾਰਜ ਕੀਤੇ ਜਾਂਦੇ ਹਨ। ਗੁਰਦੁਆਰਾ ਸਾਹਿਬ ਦਾ ਸਾਰਾ ਪ੍ਰਬੰਧ ਕਾਰ ਸੇਵਾ ਖਡੂਰ ਸਾਹਿਬ ਕੋਲ ਹੈ। ਇਸ ਲਈ ਹਰ ਕਾਰਜ ਵਿੱਚ ਕਾਰ ਸੇਵਾ ਖਡੂਰ ਸਾਹਿਬ ਅਹਿਮ ਭੂਮਿਕਾ ਨਿਭਾਉਂਦੀ ਹੈ। ਪ੍ਰਚਾਰ-ਪ੍ਰਸਾਰ, ਵਾਤਾਵਰਨ ਅਤੇ ਵਿੱਦਿਆ ਦੇ ਖੇਤਰ ਵਿੱਚ ਕਾਰਜ ਵਿਸ਼ੇਸ਼ ਵਰਣਨਯੋਗ ਹਨ। ਵਿੱਦਿਆ ਦੇ ਖੇਤਰ ਵਿੱਚ ਤਿੰਨ ਸਕੂਲ, 1. ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਬੂਟੀ ਕੂਈਆਂ (ਜਿਲ੍ਹਾ ਭਿੰਡ) 2. ਬੰਦੀ ਛੋਡ ਅਕੈਡਮੀ ਮੋਹਣਾ (ਜਿਲ੍ਹਾ ਗਵਾਲੀਅਰ) 3. ਬੰਦੀ ਛੋਡ ਅਕੈਡਮੀ ਗੁਰਸੋਂਹਦੀ (ਜਿਲ੍ਹਾ ਗਵਾਲੀਅਰ) ਕਾਰਜਸ਼ੀਲ ਹਨ। ਇਸ ਤੋਂ ਬਿਨਾਂ ਸ਼ੋਅਪੁਰ ਵਿਖੇ ਦਾਤਾ ਬੰਦੀ ਛੋਡ ਅਕੈਡਮੀ ਉੇਸਾਰੀ ਅਧੀਨ ਹੈ ਜੋ ਜਲਦ ਹੀ ਕਾਰਜਸ਼ੀਲ ਹੋ ਜਾਵੇਗੀ। ਇਨ੍ਹਾਂ ਸੰਸਥਾਵਾਂ ਵਿੱਚ ਧਾਰਮਿਕ ਸਿੱਖਿਆ ਵਿੱਚ ਸਿੱਖ ਇਤਿਹਾਸ ਤੇ ਗੁਰਬਾਣੀ ਦੀ ਸੂਝ ਦੇ ਨਾਲ ਨਾਲ ਪੰਜਾਬੀ ਭਾਸ਼ਾ ਦਾ ਗਿਆਨ ਦੇਣ ਦਾ ਉਚੇਚਾ ਪ੍ਰਬੰਧ ਹੈ। ਇਸ ਤਰ੍ਹਾਂ ਇਹ ਵਿੱਦਿਅਕ ਕਾਰਜ ਮੱਧ ਪ੍ਰਦੇਸ਼ ਵਿੱਚ ਵਸਣ ਵਾਲੇ ਸਿੱਖਾਂ ਲਈ ਵਰਦਾਨ ਹਨ, ਜਿਸ ਨਾਲ ਉਨ੍ਹਾਂ ਦੇ ਬੱਚੇ ਸਿੱਖ ਧਰਮ ਅਤੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਹਨ।
ਵਾਤਾਵਰਨ ਸੰਭਾਲ ਮੁਹਿੰਮ ਕਾਰ ਸੇਵਾ ਖਡੂਰ ਸਾਹਿਬ ਦਾ ਅਟੁੱਟਵਾਂ ਅੰਗ ਹੈ। ਗੁਰਦੁਆਰਾ ਦਾਤਾ ਬੰਦੀ ਛੋਡ ਸਾਹਿਬ ਵੱਲੋਂ  ਨਿਊ ਗਵਾਲੀਅਰ ਵਿੱਚ 10 ਪਾਰਕਾਂ ਨੂੰ ਸਥਾਪਿਤ ਕੀਤਾ ਗਿਆ ਹੈ, ਜਿਨ੍ਹਾਂ ਦੇ ਨਾਂ ਦਸ ਗੁਰੂ ਸਾਹਿਬਾਨ ਦੇ ਨਾਂ ‘ਤੇ ਰੱਖੇ ਗਏ ਹਨ। ਇਸ ਤੋਂ ਬਿਨਾਂ ਜਨਤਕ ਥਾਵਾਂ ਨੂੰ ਹਰਾ ਭਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਜਿਸ ਵਿੱਚ ਪੁਲਿਸ ਲਾਇਨ, ਹਸਪਤਾਲ, ਸੀ.ਆਰ.ਪੀ.ਐੱਫ.ਕੈਂਪ ਵਿੱਚ ਰੁੱਖ ਲਗਾਉਣ ਤੋਂ ਇਲਾਵਾ ਗਵਾਲੀਅਰ ਅਤੇ ਆਸ ਪਾਸ ਦੀਆਂ ਅਨੇਕਾਂ ਥਾਵਾਂ ਨੂੰ ਹਰਾ ਭਰਾ ਕੀਤਾ ਗਿਆ। ਸ਼ਿਵਪੁਰੀ, ਅਸ਼ੋਕ ਨਗਰ ਅਤੇ ਗੁਣਾਂ ਵਿੱਚ ਵੀ ਬੂਟੇ ਲਗਾਏ ਗਏ ਹਨ। ਕਿਲ੍ਹਾ ਗਵਾਲੀਅਰ ਦੀ ਹਰਿਆਲੀ ਵਿੱਚ ਵਾਧਾ ਕਰਨ ਲਈ ਰੁੱਖ ਲਗਾਏ ਗਏ ਹਨ।ਰੁੱਖਾਂ ਲਈ ਇਕ ਨਰਸਰੀ ਵੀ ਸਥਾਪਿਤ ਕੀਤੀ ਗਈ ਹੈ। ਇਸ ਤਰ੍ਹਾਂ ਵਾਤਾਵਰਨ ਦੀ ਸੰਭਾਲ ਦੇ ਖੇਤਰ ਵਿੱਚ ਅਹਿਮ ਭੁਮਿਕਾ ਨਿਭਾਈ ਜਾ ਰਹੀ ਹੈ।
ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਗੁਰਦੁਆਰਾ ਬੰਦੀ ਛੋਡ ਸਾਹਿਬ ਵਚਨਬੱਧ ਹੈ। ਗੁਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ। ਜਿੰਨ੍ਹਾਂ ਵਿੱਚ ਮੱਧ ਪ੍ਰਦੇਸ਼ ਅਤੇ ਦੂਰ-ਦੁਰੇਡੇ ਦੀ ਸੰਗਤ ਵਧ-ਚੜ੍ਹ ਕੇ ਹਾਜ਼ਰੀ ਭਰਦੀ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼-ਪੁਰਬ ਅਤੇ ਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋਣ ਦੇ ਦਿਨ ਨੂੰ ਬੰਦੀ ਛੋਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਤੋਂ ਬਿਨ੍ਹਾਂ ਮੱਧ-ਪ੍ਰਦੇਸ਼ ਵਿੱਚ ਸਿੱਖ ਆਬਾਦੀ ਵਾਲੀਆਂ ਥਾਵਾਂ ਤੇ ਵੱਖ ਵੱਖ ਸਮੇਂ ਪ੍ਰਚਾਰਕਾਂ ਨੂੰ ਭੇਜਿਆ ਜਾਂਦਾ ਹੈ ਜੋ ਪਿੰਡਾਂ ਵਿੱਚ ਸਿੱਖੀ ਦੇ ਪ੍ਰਚਾਰ ਦੇ ਨਾਲ ਨਾਲ ਗੁਰਮਤਿ ਵਿਦਿਆ ਦੀਆਂ ਕਲਾਸਾਂ ਵੀ ਲਗਾਉਂਦੇ ਹਨ। ਹਰ ਮੱਸਿਆ ‘ਤੇ ਗੁਰਮਤਿ ਸਮਾਗਮ ਹੁੰਦੇ ਹੈ। ਕਾਰ ਸੇਵਾ ਦੇ ਸਾਧਨ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਲਿਆਉਣ ਦੀ ਸੇਵਾ ਨਿਭਾਉਂਦੇ ਹਨ। ਰੇਲਵੇ ਸਟੇਸ਼ਨ ਤੋਂ ਸੰਗਤ ਦੀ ਸਹੂਲਤ ਲਈ ਇਕ ਬੱਸ ਪੱਕੀ ਸੇਵਾ ਵਿੱਚ ਰਹਿੰਦੀ ਹੈ। ਜੋ ਸੰਗਤ ਨੂੰ ਗੁਰਦੁਆਰਾ ਸਾਹਿਬ ਲਿਆਉਣ ਅਤੇ ਗੁਰਦੁਆਰਾ ਸਾਹਿਬ ਤੋਂ ਰੇਲਵੇ ਸਟੇਸ਼ਨ ਤੱਕ ਲੈ ਕੇ ਜਾਣ ਦੀ ਸਹੂਲਤ ਪ੍ਰਦਾਨ ਕਰਦੀ ਹੈ। ਹਰ ਮੱਸਿਆ ‘ਤੇ ਅੰਮ੍ਰਿਤ ਸੰਚਾਰ ਹੁੰਦਾ ਹੈ, ਜਿਸ ਵਿੱਚ ਅਨੇਕਾਂ ਪ੍ਰਾਣੀ ਖੰਡੇ-ਬਾਟੇ ਦੀ ਪਹੁਲ ਲੈ ਕੇ ਗੁਰੂ ਵਾਲੇ ਬਣਦੇ ਹਨ।
ਸੋ ਇਸ ਤਰ੍ਹਾਂ ਗੁਰਦੁਆਰਾ ਦਾਤਾ ਬੰਦੀ ਛੋਡ ਸਾਹਿਬ ਗਵਾਲੀਅਰ ਵਿਖੇ ਬਹੁਤ ਮਹੱਤਵਪੂਰਨ ਸਥਾਨ ਹੈ, ਜਿਸ ਦੁਆਰਾ ਕੀਤੇ ਜਾਂਦੇ ਕਾਰਜ ਸਲਾਘਾਯੋਗ ਅਤੇ ਅਤਿ-ਲੋੜੀਂਦੇ ਹਨ। ਸਵੇਰੇ-ਸ਼ਾਮ ਬਾਣੀ ਦੇ ਪ੍ਰਵਾਹ ਦੇ ਆਵਾਜ਼ੇ ਨਾਲ ਕਿਲ੍ਹੇ ਦੀ ਹਵਾ ਸਕੂਨਦੇਹ ਹੋ ਜਾਂਦੀ ਹੈ। ਸੰਗਤਾਂ ਸ਼ਰਧਾ ਅਤੇ ਉਤਸ਼ਾਹ ਨਾਲ ਇੱਥੇ ਨਤਮਸਕਤ ਹੁੰਦੀਆਂ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin