Articles Literature

ਲੋਕ ਚੇਤਿਆਂ ਚ ਵਸਦਾ ਸ਼ਾਇਰ – ਇੰਦਰਜੀਤ ਹਸਨਪੁਰੀ

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ . . .
ਸਾਹਿਤਕਾਰ, ਆਪਣੀਆ ਰਚਨਾਵਾਂ ਵਿੱਚ ਸਮਾਜਕ ਵਰਤਾਰੇ ਚ ਵਾਪਰਦੀਆਂ ਘਟਨਾਵਾਂ ਨੂੰ ਆਪਣੇ ਅਨੁਭਵ ਦੇ ਅਧਾਰ ‘ਤੇ ਪੇਸ਼ ਕਰਕੇ ਸਮਾਜ ਪ੍ਰਤੀ ਬਣਦੀ ਆਪਣੀ ਜ਼ੁੰਮੇਵਾਰੀ ਅਦਾ ਕਰਦਾ ਹੈ । ਇੰਦਰਜੀਤ ਹਸਨਪੁਰੀ ਇਸ ਪੱਖੋਂ ਪੰਜਾਬੀ ਦਾ ਉਹ ਸਾਹਿਤਕਾਰ ਹੋਇਆ, ਜਿਸ ਨੇ ਸਮਾਜਕ ਵਰਤਾਰੇ ਨੂੰ ਸਿਰਫ ਅਨੁਭਵ ਹੀ ਨਹੀਂ ਕੀਤਾ, ਸਗੋਂ ਹੰਢਾਇਆ ਵੀ । ਉਸ ਨੇ ਆਪਣੀ ਜ਼ਿੰਦਗੀ ਚ ਅਰਸ਼ ਤੋਂ ਫ਼ਰਸ਼ ਤੇ ਫਿਰ ਫ਼ਰਸ਼ ਤੋਂ ਅਰਸ਼ ਦਾ ਸਫਰ ਕੀਤਾ ।
ਮਰਹੂਮ ਇੰਦਰਜੀਤ ਦਾ ਪੂਰਾ ਨਾਮ “ਇੰਦਰਜੀਤ ਸਿੰਘ ਖਰਲ” ਹੈ ਤੇ “ਇੰਦਰਜੀਤ ਹਸਨਪੁਰੀ” ਉਹਨਾ ਦਾ ਸਾਹਿਤਕ ਨਾਮ ਹੈ । ਉਹਨਾ ਦਾ ਜਨਮ 19 ਅਗਸਤ 1932 ਨੂੰ ਉਹਨਾਂ ਦੇ ਨਾਨਕਾ ਪਿੰਡ ਅਕਾਲ ਗੜ੍ਹ (ਲੁਧਿਆਣਾ) ਵਿਖੇ ਹੋਇਆ । ਉਹਨਾ ਦਾ ਜੱਦੀ ਪਿੰਡ ਹਸਨਪੁਰ (ਜ਼ਿਲ੍ਹਾ ਲੁਧਿਆਣਾ) ਹੈ, ਜਿੱਥੇ ਅੱਜ ਉਹਨਾ ਦੇ ਘਰ ਦੇ ਉੱਤੇ ਬਣੀ ਪਾਣੀ ਦੀ ਟੈਂਕੀ ਉੱਤੇ “ਗੜਬਾ ਚਾਂਦੀ ਦਾ” ਲਿਖਿਆ ਹੋਇਆ ਹੈ । ਉਹਨਾ ਦੇ ਪਿਤਾ ਸ ਜਸਵੰਤ ਸਿੰਘ, ਪ੍ਰਸਿੱਧ ਲੇਖਕ ਮਰਹੂਮ ਖੁਸ਼ਵੰਤ ਸਿੰਘ ਦੇ ਪਿਤਾ ਮਰਹੂਮ ਸੋਭਾ ਨਾਲ ਦਿੱਲੀ ਵਿਖੇ ਮਸ਼ਹੂਰ ਬਜ਼ਾਰ ਕਨਾਟ ਪੇਲੇਸ ਦੀ ਉਸਾਰੀ ਵਾਸਤੇ ਠੇਕੇਦਾਰੀ ਕਰਦੇ ਸਨ, ਪਰਿਵਾਰ ਬੜਾ ਖੁਸ਼ਹਾਲ ਸੀ । ਇੰਦਰਜੀਤ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਪੰਦਰਾਂ ਵਰ੍ਹੇ ਦਿੱਲੀ ਗੁਜ਼ਾਰੇ ਤੇ ਅੱਠਵੀਂ ਜਮਾਤ ਤੱਕ ਦੀ ਤਾਲੀਮ ਵੀ ਉੱਥੇ ਹੀ ਪ੍ਰਾਪਤ ਕੀਤੀ । 1947 ਚ ਪਿਤਾ ਦੀ ਮੌਤ ਨਾਲ ਉਹਨਾਂ ਦਾ ਪਰਿਵਾਰਕ ਜੀਵਨ ਅਰਸ਼ੋਂ, ਫ਼ਰਸ਼ ‘ਤੇ ਆਣ ਡਿਗਿਆ ਤੇ ਮਾਤਾ ਭਗਵਾਨ ਕੌਰ ਤੇ ਦੋ ਭੈਣਾਂ ਸਮੇਤ ਉਹਨਾ ਨੂੰ ਉੱਜੜ ਪੁਜੜਕੇ ਕੇ ਪਿੰਡ ਆਉਣਾ ਪਿਆ, ਪੜ੍ਹਾਈ ਵਿੱਚੇ ਛੱਡ ਇੰਦਰਜੀਤ ਅੱਲ੍ਹੜ ਉਮਰ ਵਿੱਚ ਹੀ ਰੋਜੀ ਰੋਟੀ ਦੇ ਚੱਕਰਾਂ ਚ ਪੈ ਗਿਆ । ਪਰਿਵਾਰ ਦੀ ਰੋਟੀ ਦਾ ਜੁਗਾੜ ਕਰਨ ਵਾਸਤੇ ਲੁਧਿਆਣੇ ਦੇ ਨੌਲੱਖਾ ਸਿਨੇਮਾ ਦੇ ਸਾਹਮਣੇ ਲੱਕੜ ਦਾ ਖੋਖਾ ਰੱਖਕੇ ਪੇਂਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ । ਇੱਥੇ ਜ਼ਿਕਰ ਕਰਦਾ ਜਾਵਾਂ ਕਿ ਇੰਦਰਜੀਤ ਦੇ ਪਿਤਾ ਦਾ ਸਾਹਿਤ ਨਾਲ ਬਹੁਤ ਲਗਾਵ ਵੀ ਤੇ ਮਾਤਾ ਦਾ ਸੰਗੀਤ ਨਾਲ ਬਹੁਤ ਲਗਾਵ ਸੀ, ਉਹਨਾ ਦਾ ਮਾਤਾ ਇਕ ਵਧੀਆ ਗਾਇਕ ਵੀ ਸਨ, ਜਿਸ ਕਾਰਨ ਇੰਦਰਜੀਤ ਦਾ ਬਾਲੀ ਉਮਰੇ ਹੀ ਸਾਹਿਤ ਤੇ ਸੰਗੀਤ ਨਾਲ ਮੋਹ ਪੈ ਗਿਆ ।
ਉਹਨਾ ਨੇ ਰੋਜੀ ਰੋਟੀ ਵਾਸਤੇ ਬੇਸ਼ੱਕ ਪੇਂਟਿੰਗ ਕਰਨ ਨੂੰ ਕਿੱਤੇ ਵਜੋਂ ਚੁਣਿਆ, ਪਰ ਸਾਹਿਤ ਤੇ ਸੰਗੀਤ ਨਾਲ ਉਹਨਾ ਦਾ ਨਾਤਾ ਬੜਾ ਗੂੜ੍ਹ ਸੀ, ਜਿਸ ਕਰਕੇ ਉਹ ਆਪਣੇ ਫੁਰਸਤ ਦੇ ਪਲਾਂ ਚ ਸ਼ੌਂਕੀਆ ਤੌਰ ‘ਤੇ ਸ਼ਬਦਾਂ ਦੀ ਜੁਗਲਬੰਦੀ ਕਰਦੇ ਰਹਿੰਦੇ ਤੇ ਫਿਰ ਆਪ ਹੀ ਉਹਨਾਂ ਨੂੰ ਤਰੰਨਮ ਚ ਗੁਣ ਗਣਾਉਦੇ ਰਹਿੰਦੇ । ਹੌਲੀ ਹੌਲੀ ਉਹਨਾਂ ਦੇ ਖੋਖੇ ‘ਤੇ ਪੰਜਾਬੀ ਦੇ ਵੱਡੇ ਸਾਹਿਤਕਾਰਾਂ ਦੀ ਆਂਉਦਕ ਜਾਂਦਕ ਸ਼ੁਰੂ ਹੋ ਗਈ ਤੇ ਉਹਨਾਂ ਦੀ ਪੇਂਟਿੰਗ ਦੀ ਦੁਕਾਨ ‘ਤੇ ਨਾਮਵਰ ਲੇਖਕ ਸਰਵ ਸ੍ਰੀ ਜਸਵੰਤ ਸਿੰਘ ਕੰਵਲ, ਨੰਦ ਵਾਲ ਨੁਰਪੁਰੀ, ਸੰਤੋਖ ਸਿੰਘ ਧੀਰ, ਅਜੈਬ ਚਿੱਤਰਕਾਰ, ਵਰਿਆਮ ਸਿੰਘ ਮਸਤ, ਗੁਰਦੇਵ ਸਿੰਘ ਮਾਨ, ਦੇਵ ਥਰੀਕੇਵਾਲਾ, ਮੋਹਨ ਭੰਡਾਰੀ ਅਤੇ ਸ਼ਿਵ ਕੁਮਾਰ ਬਟਾਲਵੀ ਆਦਿ ਜਾਂਦੇ ਆਉਂਦੇ ਰਹਿੰਦੇ, ਜਿਸ ਕਾਰਨ ਸਾਹਿਤਕਾਰੀ ਨਾਲ ਨੇੜਤਾ ਦਿਨੋ ਦਿਨ ਵਧਦੀ ਗਈ । ਰੋਜੀ ਰੋਟੀ ਚਲਦੀ ਰੱਖਣ ਵਾਸਤੇ ਇੰਦਰਜੀਤ ਆਪਣੇ ਦੋਸਤ ਈਸ਼ਰਪਾਲ ਨਾਲ ਮਿਲਕੇ ਲੁਧਿਆਣੇ ਦੇ ਆਸ-ਪਾਸ ਦੇ ਪਿੰਡਾਂ ਚ ਲੱਗਦੇ ਮੇਲਿਆ ਚ ਚਾਹ ਦੀ ਰੇੜ੍ਹੀ ਵੀ ਲਗਾਉਂਣ ਲੱਗ ਪਏ । ਇਕ ਵਾਰ ਰਾਏਕੋਟ ਦੇ ਪ੍ਰਸਿੱਧ ਮੇਲੇ ਜਿਸ ਨੂੰ ਪੰਜਾਬ ਦੀ ਉਲੰਪਿਕ ਵੀ ਕਿਹਾ ਜਾਂਦਾ ਹੈ, ਵਿੱਚ ਚਾਹ ਦੀ ਰੇੜ੍ਹੀ ਲਾਈ ਹੋਈ ਸੀ ਕਿ ਉੱਥੇ ਚਾਹ ਤਾਂ ਬਹੁਤੀ ਨਾ ਵਿਕੀ ਪਰ ਚਾਹ ਦੇ ਸਬੱਬ ਨਾਲ ਉਸ ਵੇਲੇ ਦੇ ਮਸ਼ਹੂਰ ਗਾਇਕ ਸ਼ਾਦੀ – ਬਖ਼ਸ਼ੀ ਨਾਲ ਉਹਨਾਂ ਦਾ ਮੇਲ ਹੋ ਗਿਆ । ਇਹ ਗਾਇਕ ਇੰਦਰਜੀਤ ਦੀ ਰੇੜ੍ਹੀ ‘ਤੇ ਵਧੀਆ ਕੜਾਕੇਦਾਰ ਚਾਹ ਪੀਣ ਦੀ ਆਸ ਨਾਲ ਆਏ ਤੇ ਚਾਹ ਪੀ ਕੇ ਖੁਸ਼ ਵੀ ਬਹੁਤ ਹੋਏ । ਚਾਹ ਪੀ ਜਾਣ ਲੱਗੇ ਗਾਇਕ ਨੂੰ ਇੰਦਰਜੀਤ ਨੇ ਆਪਣੇ ਗੀਤਕਾਰੀ ਦੇ ਸ਼ੌਂਕ ਬਾਰੇ ਵੀ ਦੱਸਿਆ ਤੇ ਇਸ ਦੇ ਨਾਲ ਹੀ ਇਕ ਮੈਲੀ ਜਿਹੀ ਕਾਪੀ ਉਹਨਾ ਦੇ ਹੱਥ ਫੜਾ ਦਿੱਤੀ ਜਿਸ ਵਿੱਚੋਂ ਕੁੱਜ ਕੁ ਪੰਨੇ ਫਰੋਲ ਕੇ ਇਕ ਗੀਤ “ਸਾਧ ਹੁੰਦੇ ਰੱਬ ਵਰਗੇ, ਘੁੰਡ ਕੱਢਕੇ ਖ਼ੈਰ ਨਾ ਪਾਈਏ” ਸ਼ਾਦੀ ਬਖ਼ਸ਼ੀ ਨੇ ਚੁਣ ਲਿਆ । ਜਦੋਂ ਉਹ ਗੀਤ ਗ੍ਰਾਮੋਫੋਨ ਕੰਪਨੀ ਰਾਹੀਂ ਸ਼ਾਦੀ ਬਖ਼ਸ਼ੀ ਦੀ ਅਵਾਜ ਚ ਰਿਕਾਰਡ ਹੋ ਕੇ ਮਾਰਕੀਟ ਚ ਆਇਆ ਤਾਂ ਏਨਾ ਮਸ਼ਹੂਰ ਹੋਇਆ ਕਿ ਇੰਦਰਜੀਤ ਜਿੱਥੇ “ਇੰਦਰਜੀਤ ਹਸਨਪੁਰੀ” ਬਣ ਗਿਆ ਉੱਥੇ ਮੁੜ ਤੋ ਅਰਸ਼ ਦੀ ਬੁਲੰਦੀ ‘ਤੇ ਵੀ ਜਾ ਪਹੁੰਚਿਆ । ਉਸ ਨੂੰ ਗੀਤ ਲਿਖਣ ਵਾਸਤੇ ਵੱਡੇ ਕਲਾਕਾਰਾਂ ਵੱਲੋਂ ਵੱਡੀਆ ਆਫਰਾਂ ਆਉਣ ਲੱਗ ਪਈਆਂ, ਰੋਜੀ ਕੋਟੀ ਦਾ ਮਸਲਾ ਵੀ ਹੱਲ ਹੋ ਗਿਆ ਤੇ ਸ਼ੌਂਕੀਆ-ਕਲਾ ਦਾ ਮੁੱਲ ਵੀ ਪੈ ਗਿਆ ।
ਬਸ ਉਸ ਤੋਂ ਬਾਅਦ ਇੰਦਰਜੀਤ ਹਸਨਪੁਰੀ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ । ਉਸ ਨੇ ਇਕ ਤੋਂ ਇਕ ਵਧੀਆ ਗੀਤਾਂ ਦੀ ਰਚਨਾ ਕੀਤੀ, ਫਿਲਮਾਂ ਦੀਆ ਸਕਰਿਪਟਾਂ ਲਿਖੀਆਂ, ਤੇ ਆਪ ਫਿਲਮਾਂ ਬਣਾਈਆਂ । ਉਸ ਦੇ ਗੀਤ ਮੁਹੰਮਦ ਰਫੀ, ਮੁਹਿੰਦਰ ਕਪੂਰ, ਮੰਨਾਂ ਡੇ, ਜਗਜੀਤ ਸਿੰਘ ਚਿੱਤਰਾ ਸਿੰਘ, ਗੁਰਦਾਸ ਮਾਨ, ਸਰਦੂਲ ਸਿਕੰਦਰ, ਲੱਤਾਂ ਮੰਗੇਸ਼ਕਰ, ਆਸ਼ਾ ਭੌਂਸਲੇ, ਸ਼ਮਸ਼ਾਦ ਬੇਗਮ, ਨਰਿੰਦਰ ਬੀਬਾ, ਸੁਰਿੰਦਰ ਕੌਰ ਤੇ ਸੁਖਵਿੰਦਰ ਸਿੰਘ ਵਰਗੇ ਨਾਮਵਰ ਗਾਇਕਾਂ ਨੇ ਗਾਏ, ਜਿਹਨਾਂ ‘ਚੋਂ ਬਹੁਤੇ ਗੀਤ ਸਦਾ-ਬਹਾਰ ਬਣਕੇ ਲੋਕ-ਗੀਤਾਂ ਦਾ ਦਰਜਾ ਪ੍ਰਾਪਤ ਕਰ ਗਏ ।
ਇੰਦਰਜੀਤ ਹਸਨਪੁਰੀ ਬੇਸ਼ੱਕ ਸਰੀਰਕ ਤੌਰ ‘ਤੇ ਇਸ ਸੰਸਾਰ ਤੋਂ 2009 ਵਿੱਚ ਕੈਂਸਰ ਦੀ ਬੀਮਾਰੀ ਨਾਲ ਜਦੋਂ ਜਹਿਦ ਕਰਕੇ ਵਿਦਾ ਹੋ ਚੁੱਕੇ ਹਨ, ਪਰ ਆਪਣੀ ਦਮਦਾਰ ਸਾਹਿਤਕਾਰੀ ਨਾਲ ਉਹ ਅੱਜ ਵੀ ਜ਼ਿੰਦਾ ਹਨ ਤੇ ਰਹਿੰਦੀ ਦੁਨੀਆ ਤੱਕ ਅਮਰ ਹਨ । ਉਹਨਾਂ ਦੀ ਲੇਖਣੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸੀ । ਉਹਨਾ ਨੇ ਸਮਾਜਿਕ ਬੁਰਾਈਆਂ, ਭਿ੍ਰਸਟਾਚਾਰ, ਵਹਿਮਾਂ ਭਰਮਾਂ ਵਿਰੁੱਧ ਨਿੱਠਕੇ ਲਿਖਿਆ, ਸ਼ਾਂਤੀ ਤੇ ਭਾਈਚਾਰੇ ਦੀ ਗੱਲ ਕੀਤੀ ਤੇ ਸਰਕਾਰੀ ਗਲਤ ਨੀਤੀਆਂ ਦਾ ਤਕੜਾ ਵਿਰੋਧ ਕਰਨ ਦੇ ਨਾਲ ਨਾਲ ਪੰਜਾਬੀ ਬੋਲੀ ਦਾ ਪਰਚਮ ਵੀ ਬੁਲੰਦ ਕੀਤਾ । ਮੇਰੀ ਜਾਚੇ ਪੰਜਾਬੀ ਬੋਲੀ ਨੂੰ ਬੌਲੀਵੁੱਡ ਦੀਆ ਦਹਿਲੀਜ਼ਾਂ ਤੱਕ ਪਹੁੰਚਾਉਣ ਵਾਲਿਆਂ ‘ਚੋਂ ਉਹਨਾ ਦਾ ਨਾਮ ਮੋਹਰੀਆਂ ਚ ਆਉਂਦਾ ਹੈ ।
ਇੰਦਰਜੀਤ ਹਸਨਪੁਰੀ ਨੇ ਮਣਾਂ ਮੂੰਹੀ ਲਿਖਿਆ । ਉਸ ਦੇ ਸਦਾ-ਬਹਾਰ ਗੀਤਾੰੰ ਚ “ਗੜਬਾ ਲੈ ਦੇ ਚਾਂਦੀ ਦਾ”, “ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ, ਮੈਨੂੰ ਤੇਰੀ ਸੰਹੁ ਵੇ ਮੇਰੇ ਸੱਜਣਾਂ, ਕੁੜਤੀ ਮੱਲ ਮੱਲ ਦੀ ਢਾਈ ਦਿਨ ਨਾ ਜਵਾਨੀ ਨਾਲ ਰਹਿਣੀ, ਤੇਰੀਆਂ ਮਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ ਤੇ ਜਦੋਂ ਸਾਦ ਸੱਜਣਾਂ ਤੇਰੀ ਆਵੇ ਕੱਤੀਆਂ ਨਾ ਜਾਣ ਪੂਣੀਆਂ’ ਆਦਿ ਗੀਤ ਅੱਜ ਵੀ ਤਰੋ ਤਾਜਾ ਤੇ ਕਲ਼ੇਜੇ ਨੂੰ ਧੂਅ ਪਾਉਣ ਵਾਲੇ ਹਨ । ਉਹਨਾ ਦੁਆਰਾ ਲਿਖੀਆਂ ਤੇ ਡਾਇਰੈਕਟ ਕੀਤੀਆ ਗਈਆ ਫਿਲਮਾਂ “ਮਨ ਜੀਤੇ, ਜੱਗ ਜੀਤ, ਦੁੱਖ ਭੰਜਨ ਤੇਰਾ ਨਾਮ, ਤੇਰੀ ਮੇਰੀ ਇਕ ਜਿੰਦੜੀ, ਲੌਂਗ ਦਾ ਲਿਸ਼ਕਾਰਾ, ਦਾਜ, ਮੇਰਾ ਪਿੰਡ, ਸੁਖੀ ਪਰਿਵਾਰ, ਉਜਾੜ ਦਾ ਸਫਰ ਤੇ ਨਾਨਕ ਦੁਖੀਆ ਸਭ ਸੰਸਾਰ ਅੱਜ ਵੀ ਪੰਜਾਬੀ ਫਿਲਮਾਂ ਚ ਮੀਲ ਪੱਥਰ ਹਨ । ਦਰਅਸਲ ਉਹ ਪੰਜਾਬੀ ਫ਼ਿਲਮ ਇੰਡਸਟਰੀ ਦਾ ਮੁੱਢ ਬੰਨਣ ਵਾਲਿਆਂ ‘ਚੋਂ ਇਕ ਰਹੇ ਹਨ ।
ਜਿੱਥੋਂ ਤੱਕ ਉਹਨਾਂ ਦੀਆ ਗੀਤ ਪੁਸਤਕਾਂ ਦੀ ਗੱਲ ਹੈ ਤਾਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਗੀਤਕਾਰੀ ਨੂੰ ਅਸਲ ਚ ਪ੍ਰਕਾਸ਼ਨ ਰੂਪ, ਇੰਦਰਜੀਤ ਹਸਨਪੁਰੀ ਨੇ ਹੀ ਦਿੱਤਾ ਕਿਉਂਕਿ ਉਹਨਾ ਤੋਂ ਪਹਿਲਾਂ ਗੀਤਕਾਰ ਤਾਂ ਬਹੁਤ ਵਧੀਆ ਹੋਏ ਪਰ ਉਹਨਾ ਦੀਆ ਰਚਨਾਵਾਂ ਪੁਸਤਕ ਦੇ ਰੂਪ ਚ ਸਾਹਮਣੇ ਨਹੀਂ ਆਈਆਂ । ਇੰਦਰਜੀਤ, ਦੁਆਰਾ ਰਚਿਤ ਪੁਸਤਕਾ ਦੀ ਲੜੀ 1959 ਚ ਛਪੀ ਉਹਨਾਂ ਦੀ ਪਹਿਲੀ ਪੁਸਤਕ “ਔਂਸੀਆਂ” ਤੋ ਸ਼ੁਰੂ ਹੁੰਦੀ ਹੈ ਤੇ ‘ਸਮੇਂ ਦੀ ਅਵਾਜ, ਜ਼ਿੰਦਗੀ ਦੇ ਗੀਤ, ਜੋਬਨ ਨਵਾਂ ਨਕੋਰ, ਰੂਪ ਤੇਰਾ ਰੱਬ ਵਰਗਾ, ਮੇਰੇ ਜਿਹੀ ਕੋਈ ਜੱਟੀ ਵੀ ਨਾ, ਗੀਤ ਮੇਰੇ ਮੀਤ, ਕਿੱਥੇ ਗਏ ਉਹ ਦਿਨ ਓ ਅਸਲਮ ! ਤੇ ਮੋਤੀ ਪੰਜ ਦਰਿਆਵਾਂ ਦੇ ਗੀਤ ਸੰਗ੍ਰਹਿਆਂ ਤੱਕ ਪਹੁੰਚਦੀ ਹੈ ।
ਇੰਦਰਜੀਤ ਹਸਨਪੁਰੀ ਸਮਾਜ ਦੀ ਸਿੱਧੀ ਨਬਜ਼ ਨੂੰ ਪਛਾਨਣ ਵਾਲੇ ਸਾਹਿਤਕਾਰ ਸਨ, ਉਹਨਾ ਦੀ ਲੇਖਣੀ ਹਰ ਪਾਠਕ ਦੇ ਧੁਰ ਅੰਦਰ ਨੂੰ ਛੋਂਹਦੀ ਹੈ, ਉਹਨਾ ਨੇ ਲਿਖਣ ਸਮੇਂ ਲੱਚਰਤਾ ਨੂੰ ਠੁੱਡਾ ਮਾਰਕੇ ਸੱਭਿਆਚਾਰਕ ਕਦਰਾਂ ਕੀਮਤਾਂ ਦਾ ਪੱਲੂ ਫੜਕੇ ਲਿਖਿਆ, ਸਮਾਜ ਦੀ ਬੇਹਤਰੀ ਵਾਸਤੇ ਲਿਖਿਆ ਤੇ ਸਮਾਜ ਨੂੰ ਚੰਗਾ ਸੁਨੇਹਾ ਦੇ ਆਪਣਾ ਬਣਦਾ ਫਰਜ ਅਦਾ ਕੀਤਾ ।
ਸਹੀ ਮਾਨਿਆ ਚ ਇੰਦਰਜੀਤ ਨੇ ਆਪਣੀ ਸਾਹਿਤਕਾਰੀ ਬਲਬੂਤੇ ਨਾਮ ਵੀ ਕਮਾਇਆ ਤੇ ਪੈਸਾ ਵੀ ਤੇ ਇਸ ਦੇ ਨਾਲ ਹੀ ਇਹ ਵੀ ਦੱਸ ਦਿੱਤਾ ਕਿ ਲੋਕ ਦਿਲਾਂ ‘ਤੇ ਰਾਜ ਪੈਸੇ ਦੇ ਜ਼ੋਰ ਨਾਲ ਨਹੀਂ ਸਗੋਂ ਕਲਾ ਦੇ ਜ਼ੋਰ ਨਾਲ ਹੁੰਦਾ ਹੈ । ਮੈਂ ਉਹਨਾਂ ਨੂੰ ਬੜੇ ਨੇੜਿਓਂ ਹੋ ਕੇ ਵੇਖਿਆ ਹੈ । ਉਹ ਜਿੱਥੇ ਉਚ ਕੋਟੀ ਦੇ ਸਾਹਿਤਕਾਰ ਸਨ, ਉੱਥੇ ਨੇਕ, ਬੇਬਾਕ ਤੇ ਖੁਲ੍ਹੇ ਦਿਲ ਵਾਲੇ ਬਹੁਤ ਵਧੀਆ ਇਨਸਾਨ ਵੀ ਸਨ ਤੇ ਦੋਸਤ ਵੀ ।
ਸੱਚੀ ਗੱਲ ਕਹਾਂ ! ਇੰਦਰਜੀਤ ਹਸਨਪੁਰੀ ਵਰਗੇ ਸਾਹਿਤਕਾਰ ਕਿਸੇ ਸਮਾਜ ਵਿੱਚ ਸਦੀਆਂ ਬਾਦ ਪੈਦਾ ਹੁੰਦੇ ਹਨ । ਉਹਨਾ ਦੇਣ ਪੰਜਾਬੀ ਸਾਹਿਤਕਾਰੀ ਨੂੰ ਮਹਾਨ ਹੈ ਤੇ ਇਸ ਮਹਾਨ ਸਾਹਿਤਕਾਰ ਨੂੰ ਮੇਰਾ ਸਲਾਮ ਹੈ । 101 ਨਾਮਵਰ ਸਾਹਿਤਕਾਰਾਂ ਦੀ ਸੂਚੀ ਚ ਸ਼ਾਮਿਲ ਕਰਕੇ ਮੈਂ ਉਹਨਾਂ ਨੂੰ ਆਪਣੀ ਸੱਚੀ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin