Articles

ਜੀਜਾ ਮੇਰਾ ਲੱਕ ਮਿਣ ਲੈ, ਗੜਬੇ ਵਰਗੀ ਰੰਨ ਵੇ !!

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ
ਲੱਕ ਸਰੀਰ ਦਾ ਇਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ, ਜੋ ਮਨੁੱਖੀ ਸਰੀਰ ਦੇ ਬਿਲਕੁਲ ਵਿਚਕਾਰ ਹੁੰਦਾ ਹੈ ਤੇ ਸਰੀਰ ਦਾ ਸੰਤੁਲਿਤ ਬਣਾਈ ਰੱਖਣ ਵਾਸਤੇ ਮੁੱਖ ਭੂਮਿਕਾ ਅਦਾ ਕਰਦਾ ਹੈ । ਲੱਕ ਵਿੱਚ ਨੁਕਸ ਪੈ ਜਾਣ ਨਾਲ ਮਨੁੱਖੀ ਸਰੀਰ ਵਿੱਚ ਬਹੁਤ ਸਾਰੇ ਹੋਰ ਵੀ ਕਈ ਤਰਾਂ ਦੇ ਦੋਸ਼ ਪੈਦਾ ਹੋ ਜਾਂਦੇ ਹਨ, ਮਸਲਨ ਉਠਣ ਬੈਠਣ, ਤੁਰਨ ਫਿਰਨ ਤੇ ਭਾਰ ਵਗੈਰਾ ਚੁੱਕਣ ਵਿੱਚ ਔਖਿਆਈ ਆਦਿ । ਬੱਚੇ ਦੇ ਜਨਮ ਤੋਂ ਬਾਅਦ ਤੜਾਗੀ ਲੱਕ ‘ਤੇ ਹੀ ਬੰਨ੍ਹੀ ਜਾਂਦੀ ਹੈ । ਨਿਹੰਗ ਸਿੰਘ ਜਦ ਕਿਧਰੇ ਧਾਅਵਾ ਬੋਲਦੇ ਹਨ ਤਾਂ ਸਭ ਤੋਂ ਪਹਿਲਾਂ ਲੱਕ ਬੰਨਦੇ ਹਨ । ਕਈਆੰ ਨੇ ਸਾਰੀ ਉਮਰ ਝੂਠ ਬੋਲਣ ਅਤੇ ਹੇਰਾ-ਫੇਰੀ ਕਰਨ ‘ਤੇ ਹੀ ਲੱਕ ਬੰਨਿ੍ਹਆਂ ਹੁੰਦਾ ਹੈ ਤੇ ਉਹ ਹਮੇਸ਼ਾ ਹੀ ਲੱਕ ਲੱਕ ਝੂਠ ਚ ਉਤਰੇ ਰਹਿੰਦੇ ਹਨ ।
ਕਈਆ ਦਾ ਲੱਕ ਬਹੁਤ ਪਤਲਾ ਬਿਲਕੁਲ ਸ਼ਿਕਾਰੀ ਕੁੱਤੀ ਦੇ ਲੱਕ ਵਰਗਾ ਹੁੰਦਾ ਹੈ ਤੇ ਕਈਆ ਦੇ ਲੱਕ ਦੁਆਲੇ ਚਰਬੀ ਦੇ ਟਾਇਰ ਜਾਂ ਸਰ੍ਹਾਣੇ ਬਣੇ ਹੁੰਦੇ ਹਨ । ਕਬੱਡੀ ਤੇ ਘੋਲਾਂ ਚ ਕਈ ਭਲਵਾਨ/ਜਾਫੀ, ਰੇਡਰ/ ਭਲਵਾਨ ਨੂੰ ਲੱਕ ਤੋਂ ਫੜਕੇ ਹੀ ਪਟਕਣੀ ਦੇਂਦੇ ਹਨ ।
ਇਹ ਤਾਂ ਸੀ ਲੱਕ ਬਾਰੇ ਆਮ ਜਾਣਕਾਰੀ । ਹੁਣ ਗੱਲ ਕਰਦੇ ਹਾਂ ਬਦਲਦੇ ਹੋਏ ਮਾਹੌਲ ਚ ਲੱਕ ਨਾਲ ਸੰਬੰਧਿਤ ਜੁੜੀਆਂ ਗੱਲਾਂ ਬਾਤਾਂ ਦੀ । ਜਦ ਅਸੀਂ ਛੋਟੇ ਹੁੰਦੇ ਸੀ ਤਾਂ ਪਰਾਇਮਰੀ ਸਕੂਲ ਦੇ ਕਾਇਦੇ ਚ ਇਕ ਗੀਤ ਪੜਕੇ ਗਾਉਂਦੇ ਹੁੰਦੇ ਸੀ ਜਿਸ ਵਿੱਚ ਲੱਕ ਦਾ ਜ਼ਿਕਰ ਹੁੰਦਾ ਸੀ, ਉਹ ਗੀਤ ਹੁਣ ਪੂਰਾ ਤਾਂ ਯਾਦ ਨਹੀਂ ਪਰ ਉਸਦੇ ਬੋਲ ਸਨ :

ਘੁੱਗੀਏ ਨੀ ਘੁੱਗੀਏ, ਟਾਹਲੀ ਤੇਰੇ ਬੱਚੜੇ , ਲੱਕ ਟੁਣੂ ਟੁਣੂ

ਫੇਰ ਥੋੜੀ ਸੁਰਤ ਸੰਭਾਲ਼ੀ ਤਾਂ ਇਕ ਬੋਲੀ ਬੜੀ ਮਸ਼ਹੂਰ ਸੁਣਨ ਨੂੰ ਮਿਲੀ :
ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਮੋਗਾ
ਉੱਥੇ ਦਾ ਇਕ ਸਾਧ ਸੁਣੀਦਾ, ਬੜੀ ਸੁਣੀਦੀ ਸੋਭਾ
ਪਹਿਲਾਂ ਕੁੜੀ ਨੂੰ ਘੜਾ ਚੁਕਾਉਂਦਾ, ਮਗਰੋਂ ਮਾਰਦਾ ਗੋਡਾ
ਲੱਕ ਉਹਦਾ ਪਤਲਾ ਜਿਹਾ ਭਾਰ ਸਹਿਣ ਨਾ ਜੋਗਾ ।
ਥੋੜੀ ਹੋਰ ਸੁਰਤ ਸੰਭਾਵੀ ਤਾਂ ਰੇਡੀਓ ਤੋਂ ਇੰਰਦੀਤ ਹਸਨਪੁਰੀ ਦਾ ਲਿਖਿਆ ਇਕ ਗੀਤ ਹਰ ਦੂਜੇ ਤੀਜੇ ਦਿਨ ਵੱਜਦਾ ਸੁਣਿਆ :
ਜੇ ਮੁੰਡਿਆ ਮੇਰੀ ਤੋਰ ਤੂੰ ਵੇਖਣੀ, ਗੜਬਾ ਲੈ ਦੇ ਚਾਂਦੀ ਦਾ,
ਵੇ ਲੱਕ ਮਜਾਜਣ ਜਾਂਦੀ ਦਾ
ਅਸਾਂ ਕੁੜੀਏ ਨਾ ਤੇਰੀ ਤੋਰ ਨੀ ਵੇਖਣੀ, ਅੱਗ ਲਾਉਣਾ ਗੜਬਾ ਚਾਂਦੀ ਦਾ, ਨੀ ਲੱਕ ਟੁੱਟ ਜਾਊ ਹਿਲੋਰੇ ਖਾਂਦੀ ਦਾ ।
ਇਸੇ ਤਰਾਂ ਚਮਕੀਲੇ ਦਾ ਇਕ ਗੀਤ “ਜੀਜਾ ਮੇਰਾ ਲੱਕ ਮਿਣ ਲੈ, ਗੜਬੇ ਵਰਗੀ ਰੰਨ ਵੇ” ਬਹੁਤ ਮਸ਼ਹੂਰ ਹੋਇਆ । ਮੁਹੰਮਦ ਸਦੀਕ ਦੇ ਕਈ ਗੀਤਾਂ ਚ ਲੱਕ ਦਾ ਜ਼ਿਕਰ ਆਮ ਆਉਂਦਾ ਰਿਹਾ ।ਏ ਐਸ ਕੰਗ ਦਾ ਗੀਤ “ ਗਿੱਧਿਆਂ ਦੀ ਰਾਣੀਏ ਨੀ ਗਿੱਧੇ ਵਿੱਚ ਆ, ਗਿੱਧੇ ਵਿੱਚ ਆ ਕੇ ਥੋੜਾ ਲੱਕ ਨੂੰ ਹਿਲਾ” ਵੀ ਬਹੁਤ ਚੱਲਿਆ ।
ਪਰ ਹੁਣਵੇ ਸਮੇਂ ਚ ਲੱਕ ਦਾ ਜ਼ਿਕਰ ਬਿਲਕੁਲ ਵੱਖਰੇ ਨਜ਼ਰੀਏ ਤੋਂ ਆ ਰਿਹਾ ਹੈ । ਗੀਤਕਾਰ ਗੀਤ ਲਿਖਣ ਵੇਲੇ ਤੇ ਗਾਇਕ ਗੀਤ ਨੂੰ ਗਾਉਣ ਵੇਲੇ ਆਪਣੀਆਂ ਕੁੜੀਆਂ ਤੇ ਭੈਣਾਂ ਦੇ ਲੱਕ ਮਿਣਕੇ ਉਹਨਾ ਦੇ ਲੱਕ ਦਾ ਸਾਇਜ ਦੱਸਦੇ ਹੋਏ ਕਹਿੰਦੇ ਹਨ:
ਲੱਕ ਟਵੰਟੀ ਏਟ ਕੁੜੀ ਦਾ, ਫੋਰਟੀ ਸੈਵਨ ਵੇਟ ਕੁੜੀ ਦਾ, ਆਂ !
ਜਾਂ ਫੇਰ
ਤੇਰੇ ਲੱਕ ਦੇ ਹੁਲਾਰੇ, ਕਹਿੰਦੇ ਆਰਾ ਰੀ ਰੀ ਰਾਰੇ !!
ਉਧਰ ਆਮ ਲੋਕਾਂ ਦਾ ਲੱਕ ਮਹਿੰਗਾਈ ਨੇ ਤੋੜਿਆ ਹੋਇਆ ਹੈ ਤੇ ਰਹਿੰਦਾ ਖੂੰਹਦਾ ਸਰਕਾਰਾਂ ਨੇ ਪੈਟਰੋਲ/ ਡੀਜ਼ਲ/ ਬੱਸਾਂ ਦੇ ਕਿਰਾਏ/ ਇੰਤਕਾਲਾਂ ਦੀਆਂ ਫ਼ੀਸਾਂ ਤੇ ਨਿੱਤ ਵਰਤੋ ਦੀਆ ਚੀਜ਼ਾਂ ਦੇ ਭਾਅ ਵਧਾ ਕੇ ਮੋਛਾ ਪਾ ਦਿੱਤਾ ਹੈ । ਸਕੂਲਾਂ ਦੇ ਮਾਸਟਰਾਂ ਦਾ ਲੱਕ ਬਿਨਾ ਤਨਖਾਹਾ ਤੋਂ ਕੰਮ ਕਰ ਕਰਕੇ ਟੁੱਟਾਂ ਹੋਇਆ ਹੈ । ਬੇਰੁਜ਼ਗਾਰ ਲੱਕ ਵਿਹੂਣੇ ਹੀ ਤੁਰੇ ਫਿਰ ਰਹੇ ਹਨ ਤੇ ਸਕੂਲੀ ਬੱਚਿਆ ਦੇ ਮਾਪੇ ਬੱਚਿਆ ਦੀ ਬਿਨਾ ਪੜਾਈ ਤੋਂ ਫ਼ੀਸਾਂ ਭਰ ਭਰ ਕੇ ਲੱਕ ਨੂੰ ਸੇਕ ਦੇ ਰਹੇ ਹਨ ।
ਹੋਰ ਸੁਣੋ ਪੰਜਾਬ ਸਰਕਾਰ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਨਸ਼ਿਆ, ਕੇਬਲ, ਰੇਤਾ, ਟਰਾਂਸਪੋਰਟ ਤੇ ਭੂ ਮਾਫੀਏ ਦਾ ਲੱਕ ਤੋੜਨ ਦੇ ਆਹਰੇ ਲੱਗੀ ਹੋਈ ਹੈ, ਪਰ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਉਕਤ ਸਭਨਾ ਕੁਰੀਤੀਆਂ ਦਾ ਲੱਕ ਸਰਕਾਰ ਨੂੰ ਲੱਭਾ ਕਿਵੇਂ, ਸਰਕਾਰ ਨੂੰ ਇਹ ਪਤਾ ਕਿਵੇਂ ਲੱਗਾ ਕਿ ਇਹਨਾ ਕੁਰੀਤੀਆਂ ਦਾ ਵੀ ਕੋਈ ਲੱਕ ਹੁੰਦਾ, ਫਿਰ ਇਹ ਕਿਹੜੇ ਜੰਤਰ ਨਾਲ ਮਿਣਿਆ ਹੋਵੇਗਾ ! ਇਸ ਬਾਰੇ ਸਰਕਾਰ ਨੇ ਕਦੇ ਵੀ ਕੋਈ ਖੁਲਾਸਾ ਨਹੀ ਕੀਤਾ ਕੇ ਨਾ ਰਿਲੇ ਨਾ ਕਦੇ ਸਰਕਾਰ ਨੂੰ ਇਸ ਬਾਰੇ ਪੁਛਿਆ ਹੀ ਹੈ ਜਦ ਕਿ ਸਰਕਾਰ ਪੌਣੇ ਕੁ ਚਾਰ ਸਾਲ ਪਹਿਲਾਂ ਗੁਟਕਾ ਸਾਹਿਬ ਦੀਆਂ ਸੰਹੁਆਂ ਖਾ ਕੇ ਚਾਰ ਕੁ ਹਫਤਿਆਂ ਚ ਇਹਨਾ ਸਮੂਹ ਬੁਰਾਈਆਂ ਦਾ ਲੱਕ ਤੋੜਨ ਦਾ ਖੁੱਲੇਆਮ ਐਲਾਨ ਵੀ ਕਰ ਚੁੱਕੀ ਹੈ ।
ਇਹ ਵੀ ਬਹੁਤ ਵਾਰ ਸੁਣਿਆ ਕਿ ਪੰਜਾਬ ਆਏ ਸਾਲ ਬਰਸਾਤਾਂ ਚ ਲੱਕ ਲੱਕ ਪਾਣੀ ਚ ਡੁੱਬਾ ਰਹਿੰਦਾ ਹੈ ਤੇ ਪਾਣੀ ਦਾ ਪੱਧਰ ਲੱਕ ਤੋਂ ਹੇਠਾਂ ਕਰਨ ਦਾ ਸਰਕਾਰ ਕਦੇ ਵੀ ਕੋਈ ਉਪਰਾਲਾ ਨਹੀਂ ਕਰਦੀ । ਹਾਂ ! ਇਹ ਗੱਲ ਵੀ ਕਈ ਵਾਰ ਸੁਣੀ ਹੈ ਕਿ ਕਿਸੇ ਅੰਗੂਠਾ ਚੂਸਣ ਦੀ ਆਦਤ ਵਾਲੇ ਬੱਚੇ ਦੇ ਢਿੱਲਾ ਕੱਛਾ ਪਾ ਦਿਓ ਤਾਂ ਉਸ ਦੀ ਅੰਗੂਠਾ ਚੂਸਣ ਦੀ ਆਦਤ ਆਪਣੇ ਆਪ ਹੀ ਛੂ ਮੰਤਰ ਹੋ ਜਾਂਦੀ ਹੈ ਕਿਉਂਕਿ ਉਸਦਾ ਕੱਛਾ ਲੱਕ ਤੋਂ ਹੇਠਾਂ ਵੱਲ ਢਿਲਕਦਾ ਰਹਿੰਦਾ ਹੋਣ ਕਰਕੇ ਉਸ ਦਾ ਸਾਰਾ ਧਿਆਨ ਕੱਛੇ ਨੂੰ ਉੱਪਰ ਚੱਕੀ ਰੱਖਣ ਵੱਲ ਹੀ ਲੱਗਾ ਰਹਿੰਦਾ ਜਿਸ ਕਾਰਨ ਦੋਵੇਂ ਹੱਥ ਕੱਛੇ ‘ਤੇ ਰਹਿਣ ਕਾਰਨ ਬੱਚੇ ਨੂੰ ਅੰਗੂਠਾ ਚੂਸਣ ਦਾ ਮੌਕਾ ਹਾ ਨਹੀਂ ਮਿਲਦਾ ।
ਆਪਾਂ ਜਾਣਦੇ ਹਾਂ ਜੇਕਰ ਕਿਸੇ ਦਾ ਆਰਥਿਕ ਪੱਖੋਂ ਲੱਕ ਟੁੱਟ ਜਾਵੇ ਤਾਂ ਉਸ ਦਾ ਮੁੜ ਪੈਰੀਂ ਖੜੇ ਹੋਣਾ ਬਹੁਤ ਮੁਸ਼ਕਲ ਹੁੰਦਾ ਹੈ, ਬੇਸ਼ੱਕ ਪੰਜਾਬ ਦੀ ਆਰਥਿਕਤਾ ਦਾ ਲੱਕ ਬਹੁਤ ਪਹਿਲਾ ਦਾ ਟੁੱਟ ਚੁੱਕਾ ਹੈ, ਪਰ ਕੋਰੋਨਾ ਮਹਾਮਾਰੀ ਨੇ ਤਾਂ ਹੁਣ ਪੂਰੀ ਦੁਨੀਆ ਦਾ ਹੀ ਆਰਥਿਕ ਪੱਖੋਂ ਲੱਕ ਤੋੜਕੇ ਰੱਖ ਦਿੱਤਾ ਹੈ ।
ਸੋ ਲੱਕ ਜਿੱਥੇ ਸਰੀਰ ਦਾ ਇਕ ਬਹੁਤ ਅਹਿਮ ਹਿੱਸਾ ਹੈ, ਉੱਥੇ ਇਸ ਦੀ ਹੋਰ ਵੀ ਕਈ ਪੱਖਾਂ ਤੋਂ ਬਹੁਤ ਅਹਿਮੀਅਤ ਹੁੰਦੀ ਹੈ ਜਿਹਨਾਂ ਵਿੱਚੋਂ ਕੁੱਜ ਕੁ ਪੱਖਾਂ ਦਾ ਜ਼ਿਕਰ ਉੱਪਰ ਕਰ ਦਿੱਤਾ ਗਿਆ ਹੈ ਤੇ ਜੇਕਰ ਤੁਹਾਡੇ ਕੋਲ ਇਸ ਪੱਖੋਂ ਕੋਈ ਹੋਰ ਜਾਣਕਾਰੀ ਹੈ ਤਾਂ ਕਮੈਂਟਾਂ ਚ ਜ਼ਰੂਰ ਸਾਂਝੀ ਕਰੋ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin