Articles

ਗ਼ਦਰ ਲਹਿਰ ਦਾ ਨਿੱਕਾ ਮਹਾਂ-ਨਾਇਕ ਬਾਲ ਜਰਨੈਲ ਸ.ਕਰਤਾਰ ਸਿੰਘ ਸਰਾਭਾ

ਲੇਖਕ: ਸੁਖਚੈਨ ਸਿੰਘ ਕੁਰੜ, ਮਾਨਾ ਸਿੰਘ ਵਾਲ਼ਾ, ਫ਼ਿਰੋਜ਼ਪੁਰ

ਹੱਥਾਂ ਨੂੰ ਕਿਰਤ ‘ਤੇ ਪੈਰਾਂ ਨੂੰ ਉਦਾਸੀਆਂ ਦਾ ਅਸ਼ੀਰਵਾਦ ਲੈਕੇ ਘਰਾਂ ਤੋਂ ਤੁਰਨਾ ਪੰਜਾਬੀਆਂ ਦੇ ਹਿੱਸੇ ਮੁੱਢ ਤੋਂ ਹੀ ਰਿਹਾ ਹੈ। ਸਮਾਂ ਕੋਈ ਵੀ ਹੋਵੇ, ਹਾਲਤਾਂ ਮੁਤਾਬਕ ਕਾਰਨ ਜੋ ਵੀ ਹੋਣ ਪਰ ਪੰਜਾਬੀਆਂ ਨੇ ਹਮੇਸ਼ਾ ਆਪਣਾ ਸਫ਼ਰ ਅਣਖਾਂ ਦੇ ਸਾਫੇ ਬੰਨ੍ਹ ਕੇ ਚੜ੍ਹਦੀ ਕਲਾ ਨਾਲ਼ ਹੀ ਤੈਅ ਕੀਤਾ ਹੈ। ਅੱਜ ਅਸੀਂ ਇੱਥੇ ਇੱਕ ਅਜਿਹੇ ਹੀ ਘੁੱਮਕੜ ਬਿਰਤੀ ਦੇ ਮਾਲਕ ‘ਤੂਫ਼ਾਨਾਂ ਦੇ ਸ਼ਾਹ ਅਸਵਾਰ’ ਦੀ ਗੱਲ ਬੜੇ ਮਾਣ ਨਾਲ਼ ਸਾਂਝੀ ਕਰਾਂਗੇ। ਜਿਸ ਨੂੰ ਉਹਦੇ ਜਮਾਤੀ ਕਦੇ ‘ਉੱਡਣਾ ਸੱਪ’ ਵੀ ਕਿਹਾ ਕਰਦੇ ਸਨ। ਇਹੋ ‘ਉੱਡਣਾ ਸੱਪ’ ਭਾਰਤ ਵਿੱਚ ਸਭ ਤੋਂ ਨਿੱਕੀ ਉਮਰੇ ਜਹਾਜ ਚਲਾਉਣ ਦਾ ਮਾਣ ਖੱਟਕੇ ਅੱਗੇ ਜਾਕੇ ‘ਬਾਲ ਜਰਨੈਲ’ ਹੋਣ ਦਾ ਰੁਤਬਾ ਪਾਉਂਦਾ ਹੈ।

ਇਸ ਬਾਲ ਜਰਨੈਲ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਪਿਤਾ ਸ. ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ ਸੀ। ਪਿੰਡ ਸਰਾਭਾ ਦਾ ਨਾਂ ਪੜ੍ਹਦਿਆਂ ਸਰਦਾਰ ਕਰਤਾਰ ਸਿੰਘ ਦਾ ਨਾਂ ਤੁਹਾਡੇ ਦਿਮਾਗ਼ ਵਿੱਚ ਆਪਣੇ ਆਪ ਜ਼ਰੂਰ ਆ ਗਿਆ ਹੋਵੇਗਾ। ਅੱਜ ਅਸੀਂ ਉਹੀ ਸ.ਕਰਤਾਰ ਸਿੰਘ ਸਰਾਭਾ ਬਾਰੇ ਗੱਲ ਕਰਾਂਗੇ ਜੋ ਬਾਅਦ ਵਿੱਚ ਗ਼ਦਰ ਲਹਿਰ ਦਾ ਨਿੱਕੀ ਉਮਰੇ ਇੱਕ ਮਹਾਂਨਾਇਕ ਹੋ ਨਿੱਬੜਿਆ। ‘ਸਰਾਭੇ’ ਦਾ ਪਰਿਵਾਰ ਆਪਣੇ ਜ਼ਮਾਨੇ ਵਿੱਚ ਪੜ੍ਹਿਆ-ਲਿਖਿਆ ਅਤੇ ਖਾਂਦਾ-ਪੀਂਦਾ ਸਰਦਾ ਪੁੱਜਦਾ ਪਰਿਵਾਰ ਸੀ। ਕਰਤਾਰ ਸਿੰਘ ਦੇ ਤਿੰਨ ਚਾਚੇ ਸ.ਬਿਸ਼ਨ ਸਿੰਘ, ਡਾ.ਵੀਰ ਸਿੰਘ ਤੇ ਬਖਸ਼ੀਸ਼ ਸਿੰਘ ਚੰਗੀਆਂ ਨੌਕਰੀਆਂ ਉੱਤੇ ਉਦੋਂ ਲੱਗੇ ਹੋਏ ਸਨ। ਬਖਸ਼ੀਸ਼ ਸਿੰਘ ਉੜੀਸਾ ਵਿੱਚ ਜੰਗਲਾਤ ਮਹਿਕਮੇ ਵਿਚ ਸੀ ਤੇ ਇੱਕ ਚਾਚਾ ਯੂ.ਪੀ. ਵਿਚ ਸਬ ਇੰਸਪੈਕਟਰ ਸੀ। ਸਰਾਭੇ ਦੇ ਬਾਪ ਸ. ਮੰਗਲ ਸਿੰਘ ਦੀ ਸਰਾਭੇ ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਜਿਸ ਕਰਕੇ ਬਾਅਦ ਵਿੱਚ ਸਰਾਭੇ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦਾਦਾ ਸਰਦਾਰ ਬਚਨ ਸਿੰਘ ਨੇ ਨਿਭਾਈ।ਸ.ਕਰਤਾਰ ਸਿੰਘ ਸਰਾਭੇ ਦੀ ਭੈਣ ਦਾ ਨਾਂ ਧੰਨ ਕੌਰ ਸੀ।
ਪਰਿਵਾਰ ਵੱਲੋਂ ਅੱਠ ਕੁ ਸਾਲ ਦੀ ਉਮਰੇ ਕਰਤਾਰ ਸਿੰਘ ਨੂੰ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਪਾਇਆ ਗਿਆ। ਚਾਰ ਜਮਾਤਾਂ ਉਸ ਨੇ ਇੱਥੇ ਹੀ ਪਾਸ ਕੀਤੀਆਂ। ਅੱਗੇ ਪੰਜਵੀਂ ਦੀ ਪੜ੍ਹਾਈ ਵਰਨੈਕੁਲਰ ਸਕੂਲ ਗੁੱਜਰਵਾਲ ਵਿੱਚ ਕੀਤੀ। ਪੰਜਵੀਂ ਵਿਚ ਕਰਤਾਰ ਸਿੰਘ ਦਾ ਜਮਾਤੀ ਬਾਬਾ ਹਰਭਜਨ ਸਿੰਘ ਦੀ ਚਮਿੰਡਾ ਬਣਿਆ ਜੋ ਪਿੱਛੋਂ ਜਾ ਕੇ ਉਨ੍ਹਾਂ ਨਾਲ ਹੀ ਗ਼ਦਰ ਪਾਰਟੀ ਵਿਚ ਸ਼ਾਮਿਲ ਹੋਇਆ। ਕਰਤਾਰ ਸਿੰਘ ਨੇ ਗੁੱਜਰਵਾਲ ਤੋਂ ਵਰਨੈਕੁਲਰ ਅੱਠਵੀਂ ਪਾਸ ਕਰ ਲਈ ਤਾਂ ਪਰਿਵਾਰ ਵੱਲੋਂ ਉਸ ਨੂੰ ਅਗਲੀ ਪੜ੍ਹਾਈ ਲਈ ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ ਵਿਚ ਦਾਖਲ ਕਰਵਾਇਆ ਗਿਆ।
1910-1911 ਦੌਰਾਨ ਕਰਤਾਰ ਸਿੰਘ ਆਪਣੇ ਚਾਚੇ ਬਖਸੀਸ ਸਿੰਘ ਕੋਲ਼ ਚਲਿਆ ਗਿਆ,ਜਿੱਥੇ ਉਸਨੇ ਦਸਵੀਂ ਪਾਸ ਕੀਤੀ।
ਸ.ਕਰਤਾਰ ਸਿੰਘ ਜਨਵਰੀ 1912 ਵਿਚ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿਚ ਪਹੁੰਚਿਆ ਅਤੇ ਬਰਕਲੇ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿਚ ਦਾਖਲਾ ਲੈਣ ਦੀ ਕੋਸ਼ਸ ਕੀਤੀ। ਉਸ ਵਕਤ ਪੰਜਾਬ ਤੋਂ ਪਹੁੰਚਣ ਵਾਲੇ ਸਿੱਖ ਕੈਲੀਫੋਰਨੀਆ ਹੀ ਪਹੁੰਚਦੇ ਸਨ। ਕਿਉਂਕਿ ਉਥੇ ਸਿੱਖ ਵੱਡੀ ਗਿਣਤੀ ਵਿਚ ਰਹਿੰਦੇ ਸਨ। ਜੋ ਖੇਤੀ ਫਾਰਮਾਂ ਵਿਚ ਕੰਮ ਕਰਦੇ ਸਨ।
ਅਮਰੀਕਾ ਰਹਿੰਦੇ ਹੋਏ ਇੱਕ ਦਿਨ ਸਰਾਭੇ ਨੇ ਇੱਕ ਅਮਰੀਕਨ ਔਰਤ ਨੂੰ ਦੇਸ਼ ਭਗਤਾਂ ਨੂੰ ਪ੍ਰਣਾਮ ਕਰਦੇ ਦੇਖਕੇ ਇਸ ਬਾਰੇ ਜਾਨਣ ਦੀ ਕੋਸ਼ਸ਼ ਕੀਤੀ। ਜਦ ਉਸ ਔਰਤ ਨੇ ਦੱਸਿਆ ਕਿ “ਇਸ ਦਿਨ ਸਾਡਾ ਅਮਰੀਕਾ, ਗੁਲਾਮੀ ਤੋਂ ਆਜ਼ਾਦ ਹੋਇਆ ਸੀ। ਅਸੀਂ ਆਜ਼ਾਦੀ ਪਰਵਾਨਿਆਂ ਨੂੰ ਕਦੀ ਵੀ ਭੁਲਾ ਨਹੀਂ ਸਕਦੇ।” ਇਹ ਸੁਣ ਕੇ ਉਸ ਦੇ ਦਿਮਾਗ ਵਿੱਚ ਖਲਬਲੀ ਮੱਚ ਗਈ। ਉਸ ਨੇ ਸੋਚਿਆ ਕਿ ਅਸੀਂ ਇੱਥੇ ਪੜ੍ਹਨ ਤੇ ਡਾਲਰ ਕਮਾਉਣ ਲਈ ਆ ਗਏ ਹਾਂ। ਸਾਡਾ ਦੇਸ਼ ਗੁਲਾਮ ਹੈ। ਸਾਨੂੰ ਇੱਥੇ ‘ਕਾਲੇ’, ‘ਕੁਲੀ’, ‘ਡੈਮ’ ਤੇ ‘ਡਰਟੀ’ ਕਿਹਾ ਜਾਂਦਾ ਹੈ। ਸਾਡੇ ਆਪਣੇ ਦੇਸ਼ ਦੇ ਲੋਕ ਗਰੀਬੀ, ਭੁੱਖ-ਨੰਗ ਅਤੇ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਹਨ। ਇਹ ਸੋਚ ਕੇ ਉਸਦੇ ਦਿਲ ਵਿੱਚ ਅੰਗਰੇਜ਼ੀ ਰਾਜ ਵਿਰੁੱਧ ਗੁੱਸਾ ਹੋਰ ਉਬਾਲੇ ਖਾਣ ਲੱਗਾ। ਹੌਲ਼ੀ-ਹੌਲ਼ੀ ਸਮੇਂ-ਸਮੇਂ ਕਰਤਾਰ ਸਿੰਘ ਸਰਾਭਾ ਦੀ ਮੁਲਾਕਾਤ ਸਰਾਭੇ ਪਿੰਡ ਦੇ ਹੀ ਰੁਲੀਆ ਸਿੰਘ ਰਾਹੀਂ ਪਰਮਾਨੰਦ, ਲਾਲਾ ਹਰਦਿਆਲ, ਪੰਡਤ ਜਗਤ ਰਾਮ ਰਿਹਾਨਾ, ਭਾਈ ਜਵਾਲਾ ਸਿੰਘ ਅਤੇ ਹੋਰ ਭਾਰਤੀ ਕਾਮਿਆਂ ਨਾਲ ਹੋਈ। ਇਹਨਾਂ ਨੇ ਸਭ ਨੇ ਭਾਰਤ ਦੀ ਲੰਬੀ ਗੁਲਾਮੀ ਦੇ ਕਾਰਨਾਂ ਉੱਪਰ ਵਿਚਾਰ ਕਰਕੇ ਇਹੋ ਸਿੱਟਾ ਕੱਢਿਆ ਕਿ ਆਜ਼ਾਦੀ ਦੀ ਲੜਾਈ ਲਈ ਇੱਕ ਮਜ਼ਬੂਤ ਜਥੇਬੰਦੀ ਦੀ ਲੋੜ ਹੈ।
ਅਮਰੀਕਾ ਵਿੱਚ ਵੱਸਦੇ ਹਿੰਦੁਸਤਾਨੀਆਂ ਨੇ ਜਦ 1913 ਈ. ਵਿੱਚ ਗ਼ਦਰ ਨਾਂਅ ਦੀ ਇੱਕ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਪ੍ਰਸਿੱਧ ਦੇਸ਼ ਭਗਤ ਸੋਹਣ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਇਸ ਸਮੇਂ ਦੌਰਾਨ ਕਰਤਾਰ ਸਿੰਘ ਸਰਾਭਾ ਸੋਹਣ ਸਿੰਘ ਭਕਨਾ ਨੂੰ ਮਿਲ਼ਿਆ।
ਜਦੋਂ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਸ਼ੁਰੂ ਹੋਈਆਂ ਤਾਂ ਸਰਦਾਰ ਕਰਤਾਰ ਸਿੰਘ ਸਰਾਭੇ ਨੇ ਉਦੋਂ ਹੀ ਆਪਣਾ ਜੀਵਨ ਪਾਰਟੀ ਨੂੰ ਹੀ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ। ਜਿਸਦਾ ਸਰਾਭੇ ਦੇ ਮਨ ਵਿੱਚ ਇੱਕੋ-ਇੱਕ ਮਕਸਦ ਸੀ ਆਪਣੇ ਵਤਨ ਦੇ ਲੋਕਾਂ ਨੂੰ ਆਜ਼ਾਦ ਕਰਵਾਉਣਾ। ਜਦ ਨਵੰਬਰ 1913 ਤੋਂ ‘ਗ਼ਦਰ’ ਦਾ ਪਹਿਲਾ ਪਰਚਾ ਨਿਕਲਿਆ ਤਾਂ ਸਰਦਾਰ ਕਰਤਾਰ ਸਿੰਘ ਸਰਾਭਾ ਪਰਚੇ ਦੇ ਬਾਨੀਆਂ ਵਿੱਚ ਸ਼ਾਮਿਲ ਸੀ। ਜਦ ਦਸੰਬਰ 1913 ਵਿਚ ਗੁਰਮੁਖੀ ‘ਗ਼ਦਰ’ ਸ਼ੁਰੂ ਹੋਇਆ ਤਾਂ ਸਰਾਭੇ ਉਪਰ ਹੀ ਪਰਚੇ ਦੀ ਮੁੱਖ ਜਿੰਮੇਵਾਰੀ ਸੀ। ਲਾਲਾ ਹਰਦਿਆਲ ਦੀਆਂ ਉਰਦੂ ਲਿਖਤਾਂ ਨੂੰ ਗੁਰਮੁਖੀ ਵਿਚ ਕਰਤਾਰ ਸਿੰਘ ਹੀ ਕਰਦਾ ਸੀ। ਸ.ਕਰਤਾਰ ਸਿੰਘ ਸਰਾਭੇ ਦਾ ਕੰਮ ਤੇ ਕੌਮ ਪ੍ਰਤਿ ਸਮਰਪਣ ਪੂਰਨ ਤੌਰ ਤੇ ਆਖਰੀ ਸਾਹਾਂ ਤੱਕ ਸਿੱਖੀ ਸਿਧਾਂਤਾਂ ਤੋਂ ਪ੍ਰੇਰਿਤ ਰਿਹਾ।। ਇਸ ਦੀ ਸਭ ਤੋਂ ਵੱਡੀ ਗਵਾਹੀ ਗੁਰਮੁਖੀ ‘ਗ਼ਦਰ’ ਅਖਬਾਰ ਹੀ ਭਰਦਾ ਹੈ।ਜਿਸ ‘ਤੇ ਸਰਾਭੇ ਨੇ ਗੁਰਬਾਣੀ ਦੇ ਇਹ ਸ਼ਬਦ ਟੈਗ ਲਾਈਨ ਵਜੋਂ ਲਿਖੇ ਹੋਏ ਸਨ:
“ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥”
ਜਦ ਕਿ ਉਰਦੂ ਪਰਚੇ ਉਪਰ ਟੈਗ ਲਾਈਨ ‘ਅੰਗ੍ਰੇਜ਼ੀ ਰਾਜ ਕਾ ਦੁਸ਼ਮਨ’ ਲਿਖੀ ਹੋਈ ਸੀ।
ਅਗਸਤ 1914 ਵਿੱਚ ਪਹਿਲਾ ਵਿਸਵ ਯੁੱਧ ਲੱਗ ਜਾਣ ਦੇ ਮੱਦੇ ਨਜ਼ਰ ਗ਼ਦਰ ਪਾਰਟੀ ਨੇ ਭਾਰਤ ਚੱਲ ਕੇ ਇਨਕਲਾਬ ਕਰਨ ਦਾ ਫੈਸਲਾ ਕਰ ਲਿਆ ਸੀ ਤਾਂ ਸ.ਕਰਤਾਰ ਸਿੰਘ ਸਰਾਭਾ ਪੰਜਾਬ ਪਹੁੰਚਣ ਵਾਲੇ ਗ਼ਦਰੀਆਂ ਵਿੱਚ ਸ਼ਾਮਿਲ ਸਨ। ਅੰਗਰੇਜ਼ ਸਰਕਾਰ ਨੇ ਕਲਕੱਤੇ ਦੀਆਂ ਬੰਦਰਗਾਹਾਂ ‘ਤੇ ਪਹਿਲਾਂ ਹੀ ਨਾਕੇ ਲਗਾਏ ਹੋਏ ਸੀ ਤੇ ਉਸ ਸਮੇਂ ਗ਼ਦਰ ਲਹਿਰ ਦੀ ਚੋਟੀ ਦੀ ਲੀਡਰਸ਼ਿਪ ਭਾਈ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ , ਬਾਬਾ ਕੇਸਰ ਸਿੰਘ ਠੱਠਗੜ੍ਹ, ਬਾਬਾ ਸ਼ੇਰ ਸਿੰਘ ਆਦਿ ਨੂੰ ਗ੍ਰਿਫਤਾਰ ਕਰ ਕਰ ਲਿਆ ਸੀ। ਪਰ ਉਦੋਂ ਕਰਤਾਰ ਸਿੰਘ ਸਰਾਭਾ ਆਪਣੀ ਫੁਰਤੀ ਨਾਲ਼ ਹੋਰ ਰਸਤੇ ਭਾਰਤ ਵਿੱਚ ਦਾਖਲ ਹੋ ਗਿਆ ਆ। ਚੋਟੀ ਦੀ ਲੀਡਰਸ਼ਿਪ ਦੀ ਗ੍ਰਿਫਤਾਰੀ ਤੋਂ ਬਾਅਦ ਸਰਾਭੇ ਦੀ ਮਿਹਨਤ ਤੇ ਜਨੂੰਨ ਨੇ ਹੀ ਇਸ ਲਹਿਰ ਨੂੰ ਸਿਖ਼ਰ ‘ਤੇ ਪਹੁੰਚਾਇਆ।
ਉਸ ਨੇ ਇੱਕ ਪਾਸੇ ਮਾਲਵਾ ਖਾਲਸਾ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਤਿਆਰ ਕੀਤਾ, ਦੂਜੇ ਪਾਸੇ ਰਕਾਬ ਗੰਜ ਐਜੀਟੇਸ਼ਨ ਨਾਲ ਜੁੜੇ ਹੋਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਧਾਰਮਿਕ ਆਗੂਆਂ ਨਾਲ ਤਾਲ-ਮੇਲ ਕੀਤਾ, ਤੀਜਾ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਤਾਲ-ਮੇਲ ਕਰਕੇ ਉਨ੍ਹਾਂ ਕੋਲੋਂ ਹਥਿਆਰਾਂ ਦਾ ਪ੍ਰਬੰਧ ਕੀਤਾ, ਚੌਥਾ ਵੱਖੋ-ਵੱਖ ਫੌਜੀ ਛਾਉਣੀਆਂ ਵਿੱਚ ਫੌਜੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਬਗਾਵਤ ਲਈ ਤਿਆਰ ਕੀਤਾ।
ਕਰਤਾਰ ਸਿੰਘ ਸਰਾਭਾ, ਸੁੱਚਾ ਸਿੰਘ ਹਰੀ ਅਤੇ ਪਿੰਗਲੇ 11 ਫਰਵਰੀ ਨੂੰ ਲਾਹੌਰ ਮੋਚੀ ਗੇਟ ਵਾਲੇ ਘਰ ਮੀਟਿੰਗ ਦੌਰਾਨ ਬਗਾਵਤ ਦੀ ਤਾਰੀਖ 21 ਫਰਵਰੀ ਰੱਖੀ। ਸਾਰੇ ਮੈਬਰਾਂ ਦਾ ਧਿਆਨ ਹੁਣ 21 ਫਰਵਰੀ ਦੀਆਂ ਤਿਆਰੀਆਂ ਉੱਤੇ ਸੀ ਪਰ ਕਿਰਪਾਲ ਸਿੰਘ ਨੇ ਇਸ ਦੀ ਸੂਹ ਪੁਲਿਸ ਨੂੰ ਦੇ ਦਿੱਤੀ। ਜਿਸ ਨਾਲ 21 ਫਰਵਰੀ ਦੀ ਬਗਾਵਤ ਫੇਲ ਹੋ ਗਈ। ਪੁਲਿਸ ਨੇ ਮੋਚੀ ਗੇਟ ਵਾਲ਼ੇ ਘਰ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਪੁਲਿਸ ਵਾਲ਼ੇ ਸਾਦੇ ਕੱਪੜੇ ਪਾ ਕੇ ਘਰ ਦੇ ਚਾਰੇ ਚੁਫੇਰੇ ਤੈਨਾਤ ਹੋ ਗਏ ਸੀ। ਪੁਲਿਸ ਨੇ ਕਿਰਪਾਲ ਸਿੰਘ ਦੀਆਂ ਸੂਹਾਂ ‘ਤੇ ਬਹੁਤ ਸਾਰੇ ਗ਼ਦਰ ਪਾਰਟੀ ਦੇ ਮੈਬਰ ਗਿਰਫ਼ਤਾਰ ਕਰ ਲਏ ਸੀ ਪਰ ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਅਤੇ ਹਰਨਾਮ ਸਿੰਘ ਕੋਟਲਾ ਬਚ ਕੇ ਪੰਜਾਬ ਆਉਦੇ-ਆਉਦੇ ਉਹ ਪਠਾਣੀ ਭੇਸ ਬਣਾ ਕੇ ਅਫ਼ਗਾਨਿਸਤਾਨ ਆ ਗਏ। ਜਿੱਥੇ 2 ਮਾਰਚ ਨੂੰ ਜਗਤ ਸਿੰਘ ਦੇ ਜਾਣ -ਪਛਾਣ ਵਾਲੇ ਰਾਜਿੰਦਰ ਸਿੰਘ ਦੇ ਘਰ ਪਹੁੰਚੇ, ਜਿਸ ਸਮੇਂ ਕਰਤਾਰ ਸਿੰਘ ਸਰਾਭਾ ਆਪਣੇ ਸਾਥੀਆਂ ਨੇ ਵਿਹੜੇ ‘ਚ ਮੰਜੇ ਤੇ ਬੈਠ ਕੇ ਆਪਣੀ ਮੌਜ ਨਾਲ ਕਰਾਂਤੀਕਾਰੀ ਵਿਚਾਰਾਂ ਕਰ ਰਹੇ ਸੀ ਤਾਂ ਪੁਲਿਸ ਨੂੰ ਕਿਸੇ ਨੇ ਸੂਹ ਦੇ ਦਿੱਤੀ ਅਤੇ ਪੁਲਿਸ ਨੇ ਰਾਜਿੰਦਰ ਸਿੰਘ ਦੇ ਘਰ ਤੇ ਛਾਪਾ ਮਾਰਕੇ ਕਰਤਾਰ ਸਿੰਘ ਸਰਾਭਾ, ਜਗਤ ਸਿੰਘ, ਹਰਨਾਮ ਸਿੰਘ ਕੋਟਲਾ ਨੂੰ ਗਿਰਫ਼ਤਾਰ ਕਰ ਲਿਆ। ਜਦੋਂ ਕਰਤਾਰ ਸਿੰਘ ਸਰਾਭਾ ’ਤੇ ਬਗ਼ਾਵਤ ਦੇ ਦੋਸ਼ ਅਧੀਨ ਮੁਕੱਦਮਾ ਚੱਲ ਰਿਹਾ ਸੀ ਤਾਂ ਸਰਾਭੇ ਨੇ ਸਾਰੇ ਦੋਸ਼ਾਂ ਦੀ ਸਮੁੱਚੀ ਜ਼ਿੰਮੇਵਾਰੀ ਆਪਣੇ ਖੁਦ ਉੱਪਰ ਲੈ ਲਈ ਸੀ।
ਅਮਰੀਕਾ ਅੰਦਰ ਜੁਲਾਈ 1912 ਤੋਂ ਲੈਕੇ ਭਾਰਤ ਅੰਦਰ 19 ਫਰਵਰੀ 1915 ਤੱਕ ਹਰ ਸਰਗਰਮੀ ਵਿੱਚ ਕਰਤਾਰ ਸਿੰਘ ਸਰਾਭਾ ਦਾ ਹੱਥ ਰਿਹਾ ਸੀ। ਇਸ ਗੱਲ ਦੀ ਪੁਸ਼ਟੀ ਵਾਅਦਾ-ਮੁਆਫ਼ ਗਵਾਹਾਂ ਅਮਰ ਸਿੰਘ, ਮੂਲਾ ਸਿੰਘ, ਨਵਾਬ ਖਾਂ, ਸੁੱਚਾ ਸਿੰਘ, ਉਮਰਾਓ ਸਿੰਘ ਨੇ ਗਵਾਹੀ ਦਿੱਤੀ।
ਕਰਤਾਰ ਸਿੰਘ ਸਰਾਭਾ ਹੋਣਾ ਦੀ ਮੁਕੱਦਮੇ ਦੀ ਕਾਰਵਾਈ 26 ਅਪਰੈਲ 1915 ਨੂੰ ਸ਼ੁਰੂ ਹੋਈ ਤੇ 13 ਸਤੰਬਰ ਨੂੰ ਖਤਮ ਹੋਈ।  ਆਖਰਕਾਰ ਸਾਰੇ ਮੁਕੱਦਮੇ ਦੀ ਕਾਰਵਾਈ ਤੋਂ ਬਾਅਦ 13 ਸਤੰਬਰ 1915 ਨੂੰ ਫੈਸਲਾ ਸੁਣਾਇਆ ਗਿਆ। ਜਿਸ ਵਿੱਚ ਲਾਹੌਰ ਸਾਜ਼ਿਸ ਕੇਸ ਤਹਿਤ ਕਰਤਾਰ ਸਿੰਘ ਸਰਾਭਾ ਸਣੇ 24 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਵਾਇਸਰਾਏ ਨੇ ਨਜ਼ਰਸਾਨੀ ਦੌਰਾਨ 14 ਨਵੰਬਰ 1915 ਨੂੰ 17 ਗ਼ਦਰੀਆਂ ਦੀ ਫਾਂਸੀ ਤੋੜ ਕੇ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ। ਜੱਜ ਨੇ ਕਰਤਾਰ ਸਿੰਘ ਸਰਾਭਾ ਨੂੰ ਵੀ ਕਿਹਾ, “ਜੇ ਤੂੰ ਮੁਆਫੀ ਮੰਗ ਲਏ ਤਾਂ ਅਸੀਂ ਤੇਰੀ ਸਜ਼ਾ ਮੁਆਫ ਕਰ ਸਕਦੇ ਹਾਂ ਕਿਉਂਕਿ ਤੇਰੀ ਉਮਰ ਵੀ ਛੋਟੀ ਹੈ।” ਤਾਂ ਕਰਤਾਰ ਸਿੰਘ ਸਰਾਭਾ ਨੇ ਕਿਹਾ, “ਮੈਂ ਤਾਂ ਇਸੇ ਕੰਮ ਲਈ ਇੱਥੇ ਆਇਆ ਹਾਂ ਅਤੇ ਜੇ ਮਰਾਂ ਵੀ ਤਾਂ ਮੇਰੀ ਇੱਛਾ ਹੈ ਕਿ ਫਿਰ ਜਨਮ ਲੈ ਕੇ ਵਤਨ ਦੀ ਆਜ਼ਾਦੀ ਲਈ ਲੜਾਂ ਤੇ ਫਿਰ ਆਪਣੀ ਜਾਨ ਦੇਵਾਂ।”  ਉਸ ਸਮੇਂ ਜੱਜ ਨੇ ਕਿਹਾ ਸੀ ਕਿ ਇਸ ਕੇਸ ਦੇ 61 ਮੁਲਜ਼ਮਾਂ ਵਿੱਚੋਂ ਸਭ ਤੋਂ ਖ਼ਤਰਨਾਕ ਕਰਤਾਰ ਸਿੰਘ ਸਰਾਭਾ ਹੈ ਇਸ ਲਈ ਉਸਦੀ ਫਾਂਸੀ ਦੀ ਸਜ਼ਾ ਮੁਆਫ ਨਹੀਂ ਕੀਤੀ ਜਾ ਸਕਦੀ। ਇਸੇ ਕਾਰਨ ਕਰਕੇ ਕਰਤਾਰ ਸਿੰਘ ਨੂੰ ਫਾਂਸੀ ਦਿੱਤੀ ਗਈ।
16 ਨੰਵਬਰ 1915 ਨੂੰ ਸਵੇਰੇ ਕਰਤਾਰ ਸਿੰਘ ਸਰਾਭਾ ਅਤੇ ਉਹਨਾ ਦੇ ਛੇ ਸਾਥੀਆਂ ਬਖਸ਼ੀਸ਼ ਸਿੰਘ, ਹਰਨਾਮ ਸਿੰਘ, ਜਗਤ ਸਿੰਘ, ਸੁਰੈਣ ਸਿੰਘ , ਸੁਰੈਣ ਅਤੇ ਵਿਸ਼ਨੂੰ ਗਣੇਸ਼ ਪਿੰਗਲੇ,ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫ਼ਾਂਸੀ ਚੜ੍ਹਾਇਆ ਗਿਆ। ਜਦੋਂ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇਣ ਲੱਗੇ ਤਾਂ ਕਰਤਾਰ ਸਿੰਘ ਸਰਾਭਾ ਦੇ ਚਿਹਰੇ ਦੇ ਇੱਕ ਵੱਖਰੀ ਹੀ ਚਮਕ ਤੇ ਵੱਖਰਾ ਹੀ ਜਾਹੋ ਜਲਾਲ ਸੀ। ਆਖਰੀ ਮੁਲਾਕਾਤ ਦੌਰਾਨ ਉਹ ਆਪਣੇ ਦਾਦੇ ਨੂੰ ਵੀ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦਾ। ਸਰਦਾਰ ਕਰਤਾਰ ਸਿੰਘ ਸਰਾਭੇ ਦੀ ਸ਼ਹਾਦਤ ਨੇ ਉਸ ਸਮੇਂ ਪੂਰੇ ਦੇਸ ਦੇ ਲੋਕਾਂ ਤੇ ਖ਼ਾਸਕਰ ਨੌਜਵਾਨਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਸੀ।ਉਹਨਾਂ ਹੀ ਨੌਜਵਾਨਾਂ ਵਿਚੋਂ ਇੱਕ ਸ. ਭਗਤ ਸਿੰਘ ਵੀ ਸੀ ਜੋ ਕਿ ਸ. ਕਰਤਾਰ ਸਿੰਘ ਸਰਾਭੇ ਨੂੰ ਆਪਣਾ ਗੁਰੂ ਮੰਨਦਾ ਸੀ।
ਸ. ਕਰਤਾਰ ਸਿੰਘ ਸਰਾਭੇ ਤੇ ਸ. ਭਗਤ ਸਿੰਘ ਹੁਰੀਂ ਤਾਂ ਆਪਣੇ ਫ਼ਰਜ਼ ਨਿਭਾ ਚੱਲੇ ਹੁਣ ਲੋੜ ਹੈ ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਨੂੰ ਕਿ ਉਹਨਾਂ ਦੇ ਪਾਏ ਪੂਰਨਿਆਂ ਤੇ ਕਿਵੇਂ ਚੱਲਣਾ ਕਿਉਂਕਿ ਜੇ ਦੇਖਿਆ ਜਾਵੇ ਅੱਜ ਦੇ ਹਾਲਾਤ ਵੀ ਉਵੇਂ ਹੀ ਬਣਦੇ ਜਾ ਰਹੇ ਨੇ,ਦੇਸ ਵਿੱਚ ਭ੍ਰਿਸ਼ਟਾਚਾਰ,ਬੇਈਮਾਨੀ ਤੇ ਡਾਵਾਂਡੋਲ ਆਰਥਿਕਤਾ ਕਾਰਨ ਆਮ ਲੋਕ ਇੱਕ ਤਰ੍ਹਾਂ ਦੀ ਗੁਲਾਮੀ ਹੀ ਹੰਢਾ ਰਹੇ ਹਨ। ਇਹੋ ਡਾਵਾਂਡੋਲ ਮਹੌਲ ਨੇ ਸਾਡੀ ਨੌਜਵਾਨੀ ਦੀ ਮਾਨਸਿਕਤਾ ਨੂੰ ਡਾਵਾਂਡੋਲ ਕੀਤਾ ਹੋਇਆ ਹੈ। ਜਿਸ ਕਰਕੇ ਕੁਝ ਨੌਜਵਾਨ ਨਸ਼ਿਆਂ ਦੀ ਮਾਰ ਨਾਲ਼ ਮਰਦੇ ਜਾ ਰਹੇ ਹਨ ਤੇ ਬਾਕੀ ਵਿਦੇਸ਼ਾਂ ਵੱਲ ਦੌੜ ਰਹੇ ਹਨ। ਅਜਿਹੇ ਮਾਹੌਲ ‘ਚ ਸਾਡੇ ਆਪਣੇ ਵਤਨ ਤੋਂ ਪਰਵਾਸ ਕਰ ਰਹੇ ਸਰਾਭੇ ਦੇ ਵਾਰਸਾਂ ਨੂੰ ਆਪਣੇ ਇਤਿਹਾਸ ਤੋਂ ਪ੍ਰੇਰਨਾ ਦੇਣ ਦੀ ਸਭ ਤੋਂ ਵੱਡੀ ਲੋੜ ਹੈ। ਇਹਦੇ ਲਈ ਸਾਨੂੰ ਸਭ ਨੂੰ ਆਪੋ-ਆਪਣੇ ਪਰਿਵਾਰਾਂ-ਰਿਸ਼ਤੇਦਾਰਾਂ ‘ਚ ਆਪਣੇ ਨਿੱਕੇ ਬੱਚਿਆਂ ਨੂੰ ਅੱਜ ਤੂਫ਼ਾਨਾਂ ਦੇ ਸ਼ਾਹ ਅਸਵਾਰ ਕਰਤਾਰ ਸਿੰਘ ਸਰਾਭੇ ਦੇ ਜੀਵਨ ਬਾਰੇ ਕੋਲ਼ ਬਿਠਾਕੇ ਜ਼ਰੂਰ ਦੱਸਣਾ ਚਾਹੀਦਾ ਕਿ ਸਾਡੇ ਅਠਾਰਵੇਂ ‘ਚ ਜਾਕੇ ਮੁੰਡਾ ਬਦਨਾਮ ਨਹੀਂ ਹੁੰਦਾ।

Related posts

ਪਹਿਲੀ ਵਾਰ US ਜਾਣ ਤੋਂ ਪਹਿਲਾਂ ਇਨ੍ਹਾਂ 6 ਗੱਲਾਂ ਦਾ ਧਿਆਨ ਜ਼ਰੂਰ ਰੱਖੋ !

editor

ਕਾਜੋਲ ਆਸਕਰ ਵਲੋਂ 2022 ਦੀ ਕਲਾਸ ਲਈ ਸੱਦਾ ਮਿਲਣ ਵਾਲੀ ਪਹਿਲੀ ਅਭਿਨੇਤਰੀ ਬਣੀ

admin

ਧਰਮਾਂ ਦੀ ਆੜ ‘ਤੇ ਹੁੰਦੇ ਦੰਗੇ ਫ਼ਸਾਦ ਬਨਾਮ ਇਨਸਾਨੀਅਤ !

admin