Poetry Geet Gazal

 ਦਾਦੀ ਤੇ ਪੋਤੀ

ਦਾਦੀ ਮਾਂ, ਓ! ਮੇਰੀ ਪਿਆਰੀ ਦਾਦੀ ਮਾਂ,

ਆ ਤੂੰ ਮੈਨੂੰ ਅੱਜ ਸੁਣਾ,

ਤੁਸੀਂ ਵੀ ਤਾਂ ਸੀ ਧੀਆਂ,

ਕਿਵੇਂ ਮਨਾਉਂਦੇ ਸੀ ਤੁਸੀਂ ਤੀਆਂ।

ਆ ਮੇਰੀ ਲਾਡੋ,ਬਹਿ ਮੇਰੇ ਕੋਲ,

ਤੈਨੂੰ ਸੁਣਾਵਾਂ, ਮੈਂ ਦਿਲ ਖੋਲ੍ਹ।

ਤੁਸੀਂ ਮਨਾਉਂਦੇ ਹੋ, ਇੱਕ ਦਿਨ ਤੀਆਂ,

ਸਾਡੇ ਸੀ ਸਾਰਾ ਮਹੀਨਾ ਤੀਆਂ ।

ਉਹ ਸੀ ਮਹੀਨਾ ਸਾਉਣ ਦਾ,

ਤੇ ਬਾਗੀਂ ਪੀਂਘਾਂ ਪਾਉਣ ਦਾ।

ਪਿੱਪਲ ਦੇ ਟਾਹਣਿਆਂ ਤੇ ਪੀਂਘਾਂ ਸੀ ਪੈਂਦੀਆਂ,

ਝੂਟ-ਝੂਟ ਪੀਂਘਾਂ, ਉੱਡ ਅਸਮਾਨੀ ਜਾਂਦੀਆਂ।

ਪਿੰਡ ਤੋਂ ਬਾਹਰਵਾਰ ਸਖੀਆਂ ਸੀ ਜਾਂਦੀਆਂ,

ਪਿੜ ਬੰਨ ਗਿੱਧੇ ਵਿੱਚ, ਬੋਲੀਆਂ ਉਹ ਪਾਉਂਦੀਆਂ।

ਸਾਡੇ ਕੋਲ ਨਹੀਂ ਸਨ ਸਪੀਕਰ,

ਫਿਰ ਵੀ ਲੰਮੀਆਂ ਹੇਕਾਂ ਸੀ ਲਾਉਂਦੀਆ ,

ਹਾਰੀਂ ਨਾ ਮਲਵੈਣੇਂ ਗਿੱਧਾ ਹਾਰ ਗਿਆ ,

ਬੋਲੀ ਪਾ, ਫੂੰ ਫੂੰ ਕਰਕੇ ਨੱਚਦੀਆਂ।

ਨਵੀਂਆਂ ਵਿਆਹੀਆਂ ਪੇਕੇ ਸੀ ਆਉਂਦੀਆਂ,

ਪੇਕੇ ਘਰ ਆਉਣ ਦੀ ਖੁਸ਼ੀ ਉਹ ਮਨਾਉਂਦੀਆਂ।

ਉਹ ਤਾਂ ਨੱਚ ਨੱਚ ਕੇ, ਧਮਾਲਾਂ ਸੀ ਪਾਉਂਦੀਆ,

ਆਪਣਾ ਸੂਹਾ-ਚੂੜਾ ਛਣਕਾ,ਪਰਾਂਦੇ ਨੂੰ ਘੁਮਾਉਂਦੀਆ।

ਹਨੇਰਾ ਹੋਣ ਲੱਗਦਾ, ਤਾਂ ਘਰਾਂ ਨੂੰ ਪਰਤ ਜਾਂਦੀਆਂ ,

ਜਾਣ ਤੋਂ ਪਹਿਲਾਂ, ਕਿੱਕਲੀ ਸੀ ਪਾਉਂਦੀਆਂ

ਗੀਤ ਸੀ ਇੱਕ, ਹੇਕਾਂ ਲਾ ਕੇ ਗਾਉਂਦੀਆਂ।

“ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,

ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।”

ਹੱਸ-ਖੇਡ ਕੇ ਘਰੀਂ, ਜਦ ਮੁੜਦੀਆਂ

ਗਲੀ ਦੇ ਮੋੜ ਤੇ ਖੁਸ਼ਬੋਆਂ ਸੀ ਆਉਂਦੀਆਂ

ਮਾਂ, ਚਾਚੀ ਤੇ ਦਾਦੀ ਨੇ ਪਕਾਏ ਹੁੰਦੇ ਸੀ ਪੂੜੇ

ਅਸੀਂ ਵੀ ਖਿੱਚ ਲੈਂਦੇ ਆਪਣੇ ਮੂੜੇ।

ਰੱਜ-ਰੱਜ ਕੇ ਪੂੜੇ ਖਾਂਦੇ,

ਗਿੱਧੇ ਦੀਆਂ ਗੱਲਾਂ ਆਪਣੀ ਦਾਦੀ ਨੂੰ ਸੁਣਾਉਂਦੇ।

ਦਾਦੀ ਸੁਣਦੀ ਤੇ ਮੈਨੂੰ ਵੇਖ ਖੁਸ਼ੀ ਸੀ ਹੁੰਦੀ,

ਮੇਰੀ ਲਾਡੋ,”ਸਦਾ ਹੱਸੇ ਤੇ ਸੁਖੀ ਵੱਸੇ,

ਦੀ ਅਸੀਸ ਸੀ ਉਹ ਹਰਦਮ ਦਿੰਦੀ ਰਹਿੰਦੀ ।

– ਕੁਲਮਿੰਦਰ ਕੌਰ ਮੋਹਾਲੀ, ਰਿਟਾ: ਲੈਕਚਰਾਰ

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin