Poetry Geet Gazal

ਕੁਲਵੰਤ ਸਿੰਘ ਢੇਸੀ, ਯੂ ਕੇ

ਮੋਦੀ ਦਾ ਹੇਜ

 ਹੇਜ  ਬੜਾ ਸੀ ਜਾਗਿਆ, ਜਿਵੇਂ ਦਿੱਲੀ ਦੇ ਤਾਜਦਾਰ ਦਾ

ਉਹਨੂੰ  ਜਾਪਿਆ  ਕਿ ਜਿਵੇਂ  ਹੈ, ਪੰਜਾਬ ਵਾਜਾਂ ਮਾਰਦਾ

ਕੁਝ ਅੱਟਾ ਸੱਟਾ  ਨਾ  ਰਿਹਾ,  ਰੈਲੀ  ਦੇ ਕੀਤੇ ਸ੍ਹਾਬ ਦਾ

ਪੁੱਠਾ ਈ ਪਾਸਾ ਪੈ ਗਿਆ,ਉਹਦੀ ਆਕੜ ਤੇ ਹੰਕਾਰ ਦਾ

ਪੁੱਛੇ  ਕਿਸਾਨੀ  ਓਸ ਨੂੰ, ਕਿਓਂ ਮਿੰਟਾਂ ਵਿਚ ਤੂੰ ਡੋਲਿਆ

ਅਸੀਂ  ਸਾਲ ਭਰ ਉਡੀਕਿਆ, ਤੈਂ ਬੂਹਾ ਨਾ ਸੀ ਖੋਲ੍ਹਿਆ

ਸੱਤ  ਸੌ  ਗਏ ਮਰਜੀਵੜੇ, ਤੈਂ  ਬੋਲ ਤਕ  ਨਾ  ਬੋਲਿਆ

ਬਣ  ਪੂੰਜੀਪਤ  ਦਾ ਏਲਚੀ, ਤੂੰ ਪੂਰਾ  ਨਾ  ਸੀ ਤੋਲਿਆ

 ਮੋਦੀ ਨੂੰ ਜਦ ਨਾ ਲੱਗਿਆ, ਸੌਦਾ ਇਹ ਓਹਦੇ ਲਾਭ ਦਾ

ਉਹਨੇ  ਫੇਰ  ਵਾਟੇ ਛੱਡਤਾ,  ਪੈਕਜ ਸੀ ਜੋ  ਪੰਜਾਬ ਦਾ

ਓਹਦੀ ਰੱਖਿਆ ਮੁੱਦਾ ਹੋ ਗਈ, ਖੰਭਾਂ ਤੋਂ ਜਿਵੇਂ ਡਾਰ ਦਾ

ਹੁਣ ਭਾਜਪਾ ਦਾ ਟੁੱਟ ਰਿਹਾ,ਸੁਫਨਾ ਸੀ ਜਾਣੋ ਰਾਜ ਦਾ

 ਸੁਣਿਆ  ਹੈ ਪੰਜਾਬ ਵਲ,  ਤੂੰ ਮੁੜ ਕੇ ਮੋਦੀ ਆ ਰਿਹੈਂ

ਹੁਣ ਚੇਤੇ ਕਰ ਸਰਹੰਦ ਨੂੰ,ਮਸਤਕ ਵੀ ਤੂੰ ਨਿਵਾ ਰਿਹੈਂ

ਸੁਣਿਆ ਹੈ ਚੰਡੀਗੜ੍ਹ ਦਾ, ਵਾਇਦਾ ਵੀ ਤੂੰ ਨਿਭਾ ਰਿਹੈਂ

ਜੁਮਲੇ  ਤੇ  ਜੁਮਲੇ ਛੱਡ ਕੇ, ਲੋਕਾਂ ਨੂੰ ਵੀ ਭਰਮਾ ਰਿਹੈਂ

 ਸਦਾ ਚੇਤੇ ਰੱਖੀਂ ਮੋਦੀਆ , ਸਿੱਖ ਕੀਤੀ ਨਹੀਓਂ ਭੁੱਲਦੇ

ਵਕਤੀ ਜੋ ਲਾਰੇ ਲਾ ਰਿਹੈਂ, ਸਿੱਖ ਇਹਨਾ ਤੇ ਨਾ ਡੁਲ੍ਹਦੇ

ਤੈਨੂੰ   ਪਤਾ  ਹੈ  ਕਿ  ਕੌਮ ‘ਤੇ , ਝੱਖੜ  ਬਥੇਰੇ  ਝੁਲੱਦੇ

ਚੰਗਾ ਹੈ ਵਾਜਬ ਸ੍ਹਾਬ ਕਰ,ਤੂੰ ਬਣਦਾ ਫਸਲੀ ਮੁੱਲ ਦੇ

  ———————00000———————

ਅਜੋਕੀ ਮੀਰੀ ਪੀਰੀ

ਮੀਰਾਂ ਦੇ ਹੈ  ਤਾਬਿਆ  ਪੀਰੀ, ਤੇ  ਧਰਮੀ  ਅਸਥਾਨ  ਦੁਹਾਈ

ਕੁਨਬਾ ਪ੍ਰਵਰ ਲੋਕਾਂ ਦੀ ਹੁਣ, ਬਣ ਗਈ ਹੈ ਇਹ ਸ਼ਾਨ ਦੁਹਾਈ

ਮੰਦਰ  ਮਸਜਿਦ  ਗੁਰੂਦੁਆਰੇ , ਹੁੰਦੇ   ਪਏ   ਹੈਰਾਨ  ਦੁਹਾਈ

ਸੱਚੀ  ਪੁੱਛੋ  ਧਰਮ  ਦੇ  ਨਾਂ ‘ਤੇ, ਚਲਦੀ  ਹੈ  ਦੁਕਾਨ  ਦੁਹਾਈ

ਪੰਥ  ਪੰਜਾਬ  ਦਾ  ਵਾਸਤਾ ਪਾ ਕੇ, ਮੀਰੀ ਸੰਗਤ ਤੋੜ ਰਹੀ ਹੈ

ਗੁਰੂਆਂ ਦੀ ਸਭ  ਕਰੀ ਕਰਾਈ, ਲਾਲਚ  ਦੇ ਵਸ ਰੋੜ੍ਹ ਰਹੀ ਹੈ

ਪੰਜਾਬ ਦੀ  ਆਭਾ  ਉੱਨਤੀ ਨੂੰ ਇਹ, ਪੁੱਠੇ ਪੈਰੀਂ ਤੋਰ ਰਹੀ ਹੈ

ਮੋਹ ਮਾਇਆ ਵਿਚ ਪਰਚੀ ਹੋਈ,ਆਪਣਾ ਖਾਤਾ ਜੋੜ ਰਹੀ ਹੈ

ਅਵਲ ਅੱਲਾ ਨੂਰ ਉਪਾਇਆ , ਦੇ  ਜੋ  ਨਾਅਰੇ ਮਾਰ ਰਹੇ ਨੇ

ਸਾਂਝੇ  ਨੂਰ ਦੀ ਉਪਜ ਨੂੰ ਦੇਖੋ, ਕਰ ਇਹ ਤਾਰੋ ਤਾਰ ਰਹੇ ਨੇ

ਧਰਮ ਕਰਮ ਦਾ ਨਾਮ ਵਰਤ ਕੇ, ਆਪਣਾ ਬੁੱਤਾ ਸਾਰ ਰਹੇ ਨੇ

ਹਰ ਇੱਕ ਪੰਜੀਂ ਸਾਲੀਂ ਇੰਝ ਹੀ, ਬਣਦੇ ਪਏ ਹੁਸ਼ਿਆਰ ਰਹੇ ਨੇ

ਰੋਕਣ ਲਈ ਬੇਅਦਬੀਆਂ ਮੁੜਕੇ, ਝੂਠੀਆਂ ਕਸਮਾਂ ਚੁੱਕਣ ਵਾਲੇ

ਭਾਜਪਾ ਦੇ ਰੱਥ ਉੱਤੇ ਬਹਿ ਕੇ, ਗਲੀ ਗਲੀ ਵਿਚ ਬੁੱਕਣ ਵਾਲੇ

ਗਿਰਗਿਟ ਵਾਂਗੂੰ ਰੰਗ ਬਦਲਦੇ , ਇਹ ਤਾਂ ਨਹੀਂਓਂ ਰੁਕਣ ਵਾਲੇ

ਲੋੜ ਮੁਤਾਬਕ ਇਸ਼ਟ  ਬਣਾਉਂਦੇ, ਇਹ ਨੇ ਥਾਂ ਥਾਂ ਝੁਕਣ ਵਾਲੇ

ਪੰਜਾਬ  ਦੀ ਖੁਦਦਾਰੀ ਦੇ ਉੱਪਰ, ਕੇਂਦਰ ਕਹੇ ਝੜਾਈ ਕਰਨੀ

ਦਿੱਲੀ  ਤੋਂ  ਕੋਈ  ਝਾੜੂ  ਲੈ  ਕੇ, ਕਹੇ  ਪੰਜਾਬ ਸਫਾਈ ਕਰਨੀ

ਦੇਹਧਾਰੀਆਂ  ਦੇ  ਉਹ  ਪੂਜਕ, ਕਹਿੰਦੇ  ਲੋਕ  ਭਲਾਈ ਕਰਨੀ

ਪੱਖਪਾਤੀ  ਨਾ  ਹੋਵੀਂ  ‘ਢੇਸੀ’, ਤੂੰ  ਕਲਮੀ  ਅਗਵਾਈ  ਕਰਨੀ

 ———————00000———————

ਜ਼ਿੰਦਾ ਦਿਲੀ

ਕੈਸਾ ਹੈ  ਇਹ  ਲੋਕਤੰਤਰ, ਕਿਓਂ ਅਜ਼ਾਦੀ ਸਜ਼ਾ ਹੈ

ਕਿਓਂ  ਨਸਲਕੁਸ਼ੀ  ਹੋ ਰਹੀ, ਸੋਚੋ ਸਈ ਕੀ ਵਜ੍ਹਾ ਹੈ

ਭਾਵਨਾਵਾਂ  ਨਾਲ  ਖੇਡਣਾ, ਮੀਰੀ ਤੇ ਪੀਰੀ ਦਗਾ ਹੈ

ਕੁਦਰਤ  ਕਰੋਪੀ  ਹੋ ਰਹੀ ਤੇ ਫੈਲੀ ਜਾਦੀ ਵਬਾ ਹੈ

ਕੱਟਣੀ  ਹੈ ਜੇ  ਚੁਰਾਸੀ , ਜੰਗ  ਜਾਰੀ ਰਹਿਣ ਦੇ

ਤੇਵਰਾ ‘ਤੇ  ਨਜ਼ਰ ਰੱਖ ਤੂੰ ਡੈਮੋਕਰੇਸੀ  ਡੈਣ  ਦੇ

ਔਖਾ ਤਾਂ ਔਖਾ ਸਹੀ,ਹਾਂ ਸੱਚੋ ਸੱਚ ਹੀ ਕਹਿਣ ਦੇ

ਦੇਸ਼ ਭਗਤੀ ਭਰਮ ਜੇ,ਲਹਿੰਦਾ ਹੈ ਤਾਂ ਲਹਿਣ ਦੇ

ਕੀ ਹੈ  ਤੇਰੀ  ਹੈਸੀਅਤ, ਜੇ  ਹੈ  ਗੁਲਾਮੀ ਜ਼ਿੰਦਗੀ

ਤੂੰ ਪਲਟਿਆ ਹੈ ਯੁੱਗ ਨੂੰ,ਭਰਦੀ ਹੈ ਹਾਮੀ ਜ਼ਿੰਦਗੀ

ਰੁੱਖਾਂ ਜਏ ਜੇਰੇ ਨੂੰ ਆਖ਼ਿਰ,ਦਊ  ਸਲਾਮੀ ਜ਼ਿੰਦਗੀ

ਹੋ ਜਾਏ ਸੱਚ ਸਰੂਪ ਇਹ, ਨਾ ਹੋਵੇ ਕਾਮੀ ਜ਼ਿੰਦਗੀ

ਇਜ਼ਮਾਂ ਵਾਦਾਂ ਵਾਲਿਆ,ਮਰਜ਼ੀ ਤੇਰੀ ਸੰਵਾਦ ਕਰ

ਸ਼ੀਸ਼ੇ ਵਿਚ ਜਦ ਤੱਕਨੈ,ਤਾਂ ਗੁਰੂ ਨੂੰ ਵੀ ਯਾਦ ਕਰ

ਜੀਅ ਨਾਲ ਹੈ ਜ਼ਿੰਦਗੀ,ਜੀਅ ਨੂੰ ਨਾ ਬਰਬਾਦ ਕਰ

ਤਵਾਰੀਖੀ ਸੇਧ ਲੈ, ਗੁਲਸ਼ਨ ਨੂੰ ਫਿਰ ਆਬਾਦ ਕਰ

ਜ਼ਰਾ ਸੋਚ ਤੇਰੇ ਪੁਰਖਿਆਂ, ਕਿੱਦਾਂ ਸਿਖਾਇਆ ਗੜਕਣਾ

ਬਦੀ  ਦੇ ਨਾਲ ਜੂਝਣਾ, ਵੈਰੀ ਦੀ ਅੱਖ ‘ਚ ਰੜਕਣਾ

ਕਰ ਆਰ ਤੇ ਤੂੰ ਪਾਰ ਦੀ, ਵਿਚੇ ਵਿਚਾਲੇ ਫੜਕ ਨਾ

ਕੀ  ਹੈ ‘ਢੇਸੀ’ ਜੀਣ ਜੇ, ਜੀਣੇ ‘ਚ  ਤੇਰੇ ਮੜਕ ਨਾ

 ———————00000———————

ਬੇਅਦਬੀਆਂ

ਕੌਣ ਹੈ ਬਈ ਕੌਣ ਹੈ, ਜੋ ਸਾਡੇ ਘਰ ਦਾ ਚੋਰ ਹੈ
ਆਏ ਦਿਨ ਬੇਅਦਬੀਆਂ ਦੀ, ਖਬਰ ਲੱਗਦੀ ਹੋਰ ਹੈ

ਝੱਲਿਆ ਜਾਂਦਾ ਨਹੀਂ , ਤਪ ਤੇਜ ਜੋ ਪੰਜਾਬ ਦਾ
ਉਹ ਵਜ਼ਦ ਚਹੁੰਦੇ ਰੋਕਣਾ, ਬਾਬੇ ਦੇ ਸੁਰ ਅੰਦਾਜ਼ ਦਾ
ਬੀੜਾਂ ‘ਤੇ ਹਮਲੇ ਹੋ ਰਹੇ, ਗਲੀ ਗਲੀ ਵਿਚ ਸ਼ੋਰ ਹੈ
ਕੌਣ ਹੈ ਬਈ ਕੌਣ ਹੈ, ਜੋ ਸਾਡੇ ਘਰ ਦਾ ਚੋਰ ਹੈ

ਜੋ ਦਿੱਲੀ ਦੇ ਨੇ ਧਾੜਵੀ, ਉਹ ਧਾੜਵੀ ਡਰਦੇ ਪਏ
ਕੈਸੀ ਕਮੀਨੀ ਆਏ ਦਿਨ, ਉਹ ਇੱਲਤ ਨੇ ਕਰਦੇ ਪਏ
ਸਿੱਖੀ ਦੇ ਉੱਤੇ ਸੱਚ ਦੀ, ਦੁਖਦੀ ਉਹਨਾ ਨੂੰ ਮੋਹਰ ਹੈ
ਕੌਣ ਹੈ ਬਈ ਕੌਣ ਹੈ, ਜੋ ਸਾਡੇ ਘਰ ਦਾ ਚੋਰ ਹੈ

ਵੈਰੀ ਪਿਆ ਹੈ ਸੋਚਦਾ, ਕਿ ਕਿਓਂ ਏਹੋ ਝੁਕਦਾ ਨਹੀਂ
ਪਾਣੀ ਅਸੀਂ ਸੀ ਖੋਹ ਲਏ,ਪਰ ਕਿਓਂ ਅਜੇ ਸੁੱਕਦਾ ਨਹੀਂ
ਪੰਜਾਬ ਸਿੰਘ ਦੇ ਕਤਲ ਦਾ, ਹੀਲਾ ਬੜਾ ਪੁਰਜ਼ੋਰ ਹੈ
ਕੌਣ ਹੈ ਬਈ ਕੌਣ ਹੈ , ਜੋ ਸਾਡੇ ਘਰ ਦਾ ਚੋਰ ਹੈ

ਪੰਜਾਬ ਵਿਚ ਤਾਂ ਲਗਾਤਾਰ , ਡੇਰੇ ਤੇ ਡੇਰਾ ਖੁਲ੍ਹਦਾ
ਪੰਜਾਬੀਆਂ ਦੀ ਲੁੱਟ ਦਾ , ਝੱਖੜ ਪਿਆ ਹੈ ਝੁਲਦਾ
ਮੀਰ ਦੇ ਨਾਲ ਪੀਰ ਵੀ ਤਾਂ, ਪੁੱਝ ਕੇ ਆਦਮ ਖੋਰ ਹੈ
ਕੌਣ ਹੈ ਬਈ ਕੌਣ ਹੈ, ਜੋ ਸਾਡੇ ਘਰ ਦਾ ਚੋਰ ਹੈ

ਹਰ ਪੰਜੀਂ ਸਾਲੀ ਬਦਲਦੇ , ਝੂਠੇ ਜੋ ਤਾਜਦਾਰ ਨੇ
ਇਹ ਕੁਨਬਾ ਪ੍ਰਵਰ ਲਾਲਚੀ,ਨਿਰਾ ਕੌਮ ਦੇ ਗਲ ਭਾਰ ਨੇ
ਇਹ ਨੀਅਤ ਸਾਨੂੰ ਮਾਰਦੀ, ਜੋ ਬੜੀ ਹੀ ਕਮਜ਼ੋਰ ਹੈ
ਕੌਣ ਹੈ ਬਈ ਕੌਣ ਹੈ , ਜੋ ਸਾਡੇ ਘਰ ਦਾ ਚੋਰ ਹੈ

ਪਹਿਰਾ ਹੈ ਕਿਹੜੇ ਕੰਮ ਦਾ, ਕੁੱਤੀ ਰਲੀ ਜੋ ਚੋਰ ਨਾਲ
ਜੋ ਵਾਅਦੇ ਦਾਅਵੇ ਕਰ ਰਹੇ,ਉਹ ਰਲੇ ਹੋਏ ਨੇ ਹੋਰ ਨਾਲ
ਕਈ ਸੋਚਦੇ ਤਾਂ ਹੋਣਗੇ , ‘ਢੇਸੀ’ ਬੜਾ ਮੂੰਹ ਜ਼ੋਰ ਹੈ
ਕੌਣ ਹੈ ਬਈ ਕੌਣ ਹੈ , ਜੋ ਸਾਡੇ ਘਰ ਦਾ ਚੋਰ ਹੈ
ਆਏ ਦਿਨ ਬੇਅਦਬੀਆਂ ਦੀ, ਖਬਰ ਲੱਗਦੀ ਹੋਰ ਹੈ

 ———————00000———————

ਮੇਰੇ ਬਾਬੇ ਕਰਕੇ

ਸੋਹਣਾ ਇਹ ਸੰਸਾਰ ਆ ਮੇਰੇ ਬਾਬੇ ਕਰਕੇ
ਜੀਵਨ ਦੀ ਗੁਲਜ਼ਾਰ ਆ ਮੇਰੇ ਬਾਬੇ ਕਰਕੇ

ਨਾ ਹੀ ਕੋਈ ਬਿਗਾਨਾ ਨਾ ਕੋਈ ਵੈਰੀ ਹੈ
ਸਾਰੇ ਹੀ ਦਿਲਦਾਰ ਆ ਮੇਰੇ ਬਾਬੇ ਕਰਕੇ

ਬਹੁ ਪ੍ਰਕਾਰੀ ਕੱਪੜੇ ਤੇ ਕੀ ਗਹਿਣੇ ਗੱਟੇ
ਸੱਚਾ ਸ਼ਬਦ ਸ਼ਿੰਗਾਰ ਆ ਮੇਰੇ ਬਾਬੇ ਕਰਕੇ

ਨੇਕ ਕਮਾਈ ਕਰਨੇ ਦੀ ਉਹ ਸਿੱਖਿਆ ਦਿੰਦੇ
ਕਿਰਤੀ ਹਰ ਸਰਦਾਰ ਆ, ਮੇਰੇ ਬਾਬੇ ਕਰਕੇ

ਜੀਅ ਨਹੀਂ ਹੋਣਾ ਨਾਮ ਬਿਨਾ ਇਹ ਪੱਕੀ ਜਾਣੋ
ਸਿਮਰਨ ਵਾਰੋ ਵਾਰ ਆ ਮੇਰੇ ਬਾਬੇ ਕਰਕੇ

ਧੰਨ ਗੁਰੂ ਧੰਨ ਗੁਰੂ ਪਿਆਰੇ ਕਹਿੰਦੇ ਰਹੀਏ
ਦਿਲ ਜਾਂਦਾ ਬਲਿਹਾਰ ਆ ਮੇਰੇ ਬਾਬੇ ਕਰਕੇ

ਜਾਤ ਰੰਗ ਤੇ ਮਜ਼੍ਹਬ ਨਾਂ ਨਾ ਝਗੜੇ ਹੋਵਣ
ਹਰ ਕੋਈ ਸਵੀਕਾਰ ਆ ਮੇਰੇ ਬਾਬੇ ਕਰਕੇ

ਰੋਗ ਸੋਗ ਭੈ ਭੋਗ ਨਾ ਕੋਈ ਨੇੜੇ ਆਵੇ
ਬਾਣੀ ਦੀ ਗੁੰਜਾਰ ਆ ਮੇਰੇ ਬਾਬੇ ਕਰਕੇ

ਕਾਹਦੇ ਲਈ ਮਨਾ ਝੂਰਨਾ ਹੈ ਤੂੰ ਦੱਸੀਂ ਤਾਂ ਸਹੀ
ਜੀਵਨ ਨਿਰਾ ਈ ਪਿਆਰ ਆ ਮੇਰੇ ਬਾਬੇ ਕਰਕੇ

ਜੀਂਦੇ ਜੀਅ ਮੁਕਤੀ ਦਾ ਮਾਰਗ ਸਤਗੁਰ ਦੱਸਦੇ
ਜਮਾਂ ਨੂੰ ਪੈਂਦੀ ਮਾਰ ਆ ਮੇਰੇ ਬਾਬੇ ਕਰਕੇ

ਸਤਗੁਰ ਜੀ ਨੇ ਦਿੱਤਾ ਹੈ ਜੋ ਸ਼ਬਦੀ ਤੋਹਫਾ
ਜੀਵਨ ਦਾ ਉਪਹਾਰ ਆ ਮੇਰੇ ਬਾਬੇ ਕਰਕੇ

ਸੋਹਣਾ ਇਹ ਸੰਸਾਰ ਆ ਮੇਰੇ ਬਾਬੇ ਕਰਕੇ
ਜੀਵਨ ਦੀ ਗੁਲਜ਼ਾਰ ਆ ਮੇਰੇ ਬਾਬੇ ਕਰਕੇ

 ———————00000———————

ਬਾਬਾ ਬਖਸ਼ ਦਈਂ

ਸੁਣ ਲੈ ਦਿਲੀ ਪੁਕਾਰ ਬਾਬਾ ਬਖਸ਼ ਦਈਂ
ਇਹ ਬੰਦਾ ਭੁੱਲਣਹਾਰ, ਬਾਬਾ ਬਖਸ਼ ਦਈਂ

ਬਾਣੀ ਦੇ ਨਾਂ ਬਹਿੰਸਾਂ ਜਾਂ ਫਿਰ ਅੱਗਾਂ ਨੇ
ਬੜੇ ਈ ਹੁੰਦੇ ਵਾਰ ਬਾਬਾ ਬਖਸ਼ ਦਈਂ

ਮੁੜ ਗਲ ਲੱਗਣ ਟੁੱਟੀਆਂ ਬਾਹਾਂ ਮਿਹਰ ਕਰੋ
ਹੋਵੇ ਨਾ ਤਕਰਾਰ, ਬਾਬਾ ਬਖਸ਼ ਦਈਂ

ਇੱਕੋ ਪਿਤਾ ਤੇ ਓਸੇ ਦੇ ਅਸੀਂ ਬਾਲਕ ਹਾਂ
ਭੁੱਲ ਜਾਈਏ ਹਰ ਵਾਰ ਬਾਬਾ ਬਖਸ਼ ਦਈਂ

ਬਾਣੀ ਦੀ ਬੇਅਦਬੀ, ਵਿਕਰੀ ਬੰਦ ਹੋਵੇ
ਹੋਵੇ ਨਾ ਵਿਓਪਾਰ ਬਾਬਾ ਬਖਸ਼ ਦਈਂ

ਸਾਰੀ ਦੁਨੀਆਂ ਧਰਮਸਾਲ ਜੇ ਸਾਡੇ ਲਈ
ਤਲਖੀ ਕਿਓਂ ਗੁਰਦੁਆਰ ਬਾਬਾ ਬਖਸ਼ ਦਈਂ

ਪ੍ਰਦੂਸ਼ਣ ਦੀ ਮਾਰ ਹੇਠ ਹੈ ਜੱਗ ਸਾਰਾ
ਤਪਦਾ ਹੈ ਸੰਸਾਰ ਬਾਬਾ ਬਖਸ਼ ਦਈਂ

‘ਢੇਸੀ’ ਨੂੰ ਤੇ ਸਭਨਾ ਨੂੰ ਹੀ ਦਾਨ ਕਰੋ
ਬਾਣੀ ਸ਼ਬਦ ਪਿਆਰ ਬਾਬਾ ਬਖਸ਼ ਦਈਂ

 ———————00000———————

ਆ ਬਾਬਾ ਆ ਪੰਥ ਦਿਖਾਵਾਂ

ਆ ਬਾਬਾ ਆ ਪੰਥ ਦਿਖਾਵਾਂ
ਹੋ ਰਹੀਆਂ ਨੇ ਬਹੁਤ ਸਲਾਹਵਾਂ

ਸ਼ਤਾਬਦੀਆਂ ਦਾ ਸ਼ੌਂਕ ਬੜਾ ਹੈ
ਮਹਿੰਗੇ ਭਾਅ ‘ਤੇ ਹੋਣ ਦੁਆਵਾਂ

ਸੋਨੇ ਦੀ ਸਿੱਖ ਲੈ ਪਾਲਕੀ
ਢੂੰਢ ਰਹੇ ਤੇਰਾ ਸਿਰਨਾਵਾਂ

ਮਸੀਂ ਹੀ ਲਾਂਘਾ ਖੁਲ੍ਹਿਆ ਕਹਿੰਦੇ
ਹਰ ਕੋਈ ਚਾਹੇ ਤੇਰੇ ਜਾਵਾਂ

ਨਗਰ ਕੀਰਤਨਾਂ ਦੀ ਨਾ ਪੁੱਛੋ
ਭੀੜ ਭੜੱਕਾ ਸ਼ਹਿਰ ਗਿਰਾਵਾਂ

ਤੇਰੇ ਲਾਡਲਿਆਂ ਦੇ ਬਾਬਾ
ਕਿੰਨੇ ਕੁ ਦੀਵਾਨ ਗਿਣਾਵਾਂ

ਬਣੇ ਸ਼ਿੰਗਾਰ ਸਟੇਜਾਂ ਦੇ ਉਹ
ਪੰਥ ਲਈ ਜੋ ਵਾਂਗ ਬਲਾਵਾਂ

ਮਲਕ ਭਾਗੋ ਕਈ ਲੰਗਰ ਲਉਂਦੇ
ਲਾਲੋ ਘੇਰ ਲਏ ਚਿੰਤਾਵਾਂ

ਸੋਸ਼ਲ ਸਾਈਟਾਂ, ਅਨਸੋਸ਼ਲ ਨੇ
ਹਰ ਕੋਈ ਚਾਹੇ ਜ਼ਿੱਦ ਪੁਗਾਵਾਂ

ਜਿਹਨੀਂ ਥਾਈਂ ਤੂੰ ਏਕਾ ਲਿਖਿਆ
ਵਾਈਟ ਵਾਸ਼ ਉਹ ਕੀਤੀਆਂ ਥਾਵਾਂ

ਰੱਬੀ ਨਾਂ ਨੂੰ ਛੱਡ ਕੇ ਹੁਣ ਤਾਂ
ਹਰ ਕੋਈ ਚਾਹੇ ਨਾਮ ਕਮਾਵਾਂ

ਸਿੱਖ ਦਾ ਬਾਬਾ ਜੋਰ ਲੱਗ ਰਿਹੈ
ਸੈਲਫੀ ਕਿਹੜੇ ਥਾਂ ਬਣਾਵਾਂ

ਵਿਰਲਾ ਟਾਵਾਂ ਹੀ ਕੋਈ ਚਾਹੇ
ਆਪ ਜਪਾਂ ਤੇ ਨਾਮ ਜਪਾਵਾਂ

ਦੇਖ ਬਾਬਾ ਇਹ ਮੰਨਦਾ ਨਹੀਂ ਏ
‘ਢੇਸੀ” ਨੂੰ ਕਿੱਦਾ ਪਤਿਆਵਾਂ

 ———————00000———————

ਦਿੱਲੀ ਅਜੇ ਦੂਰ ਏ

ਮੰਨਿਆਂ ਕਿ ਹਰ ਪਾਸੇ ਜਿੱਤ ਦਾ ਸਰੂਰ ਏ
ਕਿਸਾਨ ਮਜ਼ਦੂਰ ਲਈ ਤਾਂ ਦਿੱਲੀ ਅਜੇ ਦੂਰ ਏ

ਐਮ ਐਸ ਪੀ ਦੀ ਗੱਲ ਵਾਅਦਿਆਂ ਦੇ ਗੋਚਰੇ
ਨਾਅਰੇ ਤੇ ਜੈਕਾਰ ਭਾਵੇਂ ਵੱਜਦੇ ਨੇ ਹੋਕਰੇ।
ਮੰਨਿਆਂ ਪੰਜਾਬ ਬੜਾ ਬੇਪਰਵਾਹਾ ਏ
ਸਾਡੇ ਕਿਰਸਾਨ ਗਲ੍ਹ ਕਰਜ਼ੇ ਦਾ ਫਾਹਾ ਏ।
ਝੂਠੇ ਵਾਅਦਿਆਂ ਲਈ ਮੋਦੀ ਬੜਾ ਮਸ਼ਹੂਰ ਏ
ਕਿਸਾਨ ਮਜ਼ਦੂਰ ਲਈ ਤਾਂ ਦਿੱਲੀ ਅਜੇ ਦੂਰ ਏ

ਦੋਹਰੀ ਲੁੱਟ ਮੰਡੀ ਦੀ ਤਾਂ ਦੇਖੋ ਅਜੇ ਰੁਕੀ ਨਹੀਂ
ਪੂੰਜੀਪਤੀਆਂ ਦੀ ਨੀਅਤ ਵੀ ਤਾਂ ਲੁਕੀ ਛੁਪੀ ਨਹੀਂ।
ਅਡਾਨੀਆਂ ਅੰਬਾਨੀਆਂ ਦੀ ਤੂਤੀ ਪਈ ਏ ਬੋਲਦੀ
ਜਨਤਾ ਗਰੀਬ ਬੜੇ ਦੁੱਖੜੇ ਹੈ ਫੋਲਦੀ।
ਫਿਰਕੂ ਨਸ਼ੇ ਦੇ ਵਿਚ ਰਾਜਧਾਨੀ ਚੂਰ ਏ
ਕਿਸਾਨ ਮਜ਼ਦੂਰ ਲਈ ਤਾਂ ਦਿੱਲੀ ਅਜੇ ਦੂਰ ਏ

ਤਵਾਰੀਖ ਤੌਰ ਤੇ ਨਾ ਝੁਕਦਾ ਪੰਜਾਬ ਏ
ਦਿਨੋ ਦਿਨ ਜਾਂਦਾ ਪਰ ਸੁੱਕਦਾ ਪੰਜਾਬ ਏ।
ਮਨੋ ਜਾਂ ਨਾ ਮੰਨੋ ਪਰ ਗੱਲ ਕੁਝ ਖਾਸ ਏ
ਰਾਂਗਲਾ ਪੰਜਾਬ ਜੋਗਾ ਰਹਿ ਗਿਆ ਪ੍ਰਵਾਸ ਦੇ।
ਝੂਠੀਆਂ ਤਸੱਲੀਆਂ ਤੇ ਝੂਠਾ ਈ ਗਰੂਰ ਏ
ਕਿਸਾਨ ਮਜ਼ਦੂਰ ਲਈ ਤਾਂ ਦਿੱਲੀ ਅਜੇ ਦੂਰ ਏ।

ਮਘਦਾ ਰਹੇ ਚੁੱਲ੍ਹਾ ਸਦਾ ਕਿਰਤੀ ਕਿਸਾਨ ਦਾ
ਹੋਵੇ ਨਾ ਹੈਵਾਨੀ ਕਦੇ ਲਹਿਜ਼ਾ ਇਨਸਾਨ ਦਾ।
ਹੱਕਾਂ ਦੇ ਲਈ ਘੋਲ ਅਜੇ, ਉਵੇਂ ਕਿਵੇਂ ਜਾਰੀ ਏ
ਦੇਸ਼ ਭਰ ਵਿਚ ਵੋਟ ਯੁੱਧ ਦੀ ਤਿਆਰੀ ਏ।
ਚੇਤਨਾ ਜਮਾਤੀ ‘ਢੇਸੀ’ ਰੱਖਣੀ ਜਰੂਰ ਏ
ਕਿਸਾਨ ਮਜ਼ਦੂਰ ਲਈ ਤਾਂ ਦਿੱਲੀ ਅਜੇ ਦੂਰ ਏ।

ਮੰਨਿਆਂ ਕਿ ਹਰ ਪਾਸੇ ਜਿੱਤ ਦਾ ਸਰੂਰ ਏ
ਕਿਸਾਨ ਮਜ਼ਦੂਰ ਲਈ ਤਾਂ ਦਿੱਲੀ ਅਜੇ ਦੂਰ ਏ।

 ———————00000———————

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin