Articles Culture Women's World

ਨੀਂ ਲੈ ਦੇ ਮਾਏ, ਕਾਲਿਆਂ ਬਾਗਾਂ ਦੀ ਮਹਿੰਦੀ

ਲੇਖਕ: ਪ੍ਰਿੰਸੀਪਲ ਪ੍ਰੇਮਲਤਾ, ਸਰਦਾਰ ਪਟੇਲ ਗਰੀਨ ਵੁੱਡ ਪਬਲਿਕ ਸੀ.ਸੈਕੰ.ਸਕੂਲ ਧੂਰੀ

ਜੀਵਨ ਨੂੰ ਹੱਸ ਕੇ, ਕੁਦਰਤ ਨਾਲ਼ ਘੁਲ ਮਿਲ ਕੇ, ਲੋੜਾਂ ਅਤੇ ਚਾਵਾਂ ਦੀ ਪੂਰਤੀ ਕਰਕੇ ਜਿਉਣ ਦੀ ਕਲਾ ਚੋਂ ਹੀ ਸੱਭਿਆਚਾਰ ਜਨਮ ਲੈਂਦਾ ਹੈ। ਹਰੇਕ ਸੱਭਿਆਚਾਰ ਦੀ ਬੁਨਿਆਦ ਪਦਾਰਥ ਦੀ ਸੁਚੱਜੀ ਪ੍ਰੀਤ ਭਰੀ ਵਰਤੋਂ ਵਿੱਚੋਂ ਉਪਜਿਆ ਮਾਨਸਿਕ ਜਾਂ ਰੂਹ ਦਾ ਆਨੰਦ ਹੀ ਤਾਂ ਹੈ। ਜਦੋਂ ਮਨੁੱਖੀ ਜੀਵਨ ਕੁਦਰਤ ਦੇ ਨਜ਼ਾਰਿਆਂ, ਮਨੁੱਖੀ ਰਿਸ਼ਤਿਆਂ, ਪਦਾਰਥਕ ਲੋੜਾਂ ਦੀ ਪੂਰਤੀ ਲਈ ਸਿਰਜਣਾ ਅਤੇ ਇਤਿਹਾਸਿਕ ਘਟਨਾਵਾਂ ਨਾਲ਼ ਓਤਪ੍ਰੋਤ ਹੁੰਦਾ ਹੈ, ਤਾਂ ਮਨ ਵਿੱਚੋਂ ਵਲਵਲੇ ਉੱਠਦੇ ਹਨ। ਇਹ ਵਲਵਲੇ ਹੀ ਰਸ ਦੇ ਸਰੋਤ ਹਨ। ਫਿਰ ਇਹ ਰਸ ਸੱਭਿਆਚਾਰ ਦੀਆਂ ਵੰਨਗੀਆਂ ਵਿੱਚ ਉੱਘੜ ਪੈਂਦਾ ਹੈ।

ਮਨੁੱਖੀ ਸੱਭਿਆਚਾਰ ਵਿੱਚ ਮੁੱਖ ਰੂਪ ਵਿੱਚ ਨੌਂ ਰਸ ਮੰਨੇ ਜਾਂਦੇ ਹਨ, ਜਿਨ੍ਹਾਂ ਵਿੱਚ ਸ਼ਿੰਗਾਰ ਰਸ ਮਿਰੀ ਰਸ ਮੰਨਿਆ ਗਿਆ ਹੈ। ਇਹ ਰਸਾਂ ਵਿੱਚੋਂ ਰਸ ਰਾਜ ਹੈ। ਭਰਤ ਮੁਨੀ ਅਨੁਸਾਰ ਸੰਸਾਰ ਵਿੱਚ ਜੋ ਕੁਝ ਵੀ ਉਜਵਲ ਤੇ ਪਵਿੱਤਰ ਹੈ, ਉਹ ਸ਼ਿੰਗਾਰ ਰਸ ਵਿੱਚ ਸ਼ਾਮਲ ਹੈ। ਸ਼ਿੰਗਾਰ ਰਸ ਨੂੰ ਨਿਰਜੀਵ ਅਤੇ ਸੰਜੀਵ ਦੋਹਾਂ ਸ਼ੈਆਂ ਵਿੱਚ ਦੇਖਿਆ ਜਾ ਸਕਦਾ ਹੈ। ਮੋਰਾਂ ਦੀਆਂ ਪੈਲਾਂ, ਤਿੱਤਲੀਆਂ ਦੇ ਖੰਭਾਂ ਦੇ ਰੰਗ, ਆਸਮਾਨ ਵਿੱਚ ਪੰਛੀਆਂ ਅਤੇ ਜੰਗਲਾਂ ਵਿੱਚ ਹਿਰਨਾਂ ਦੀਆਂ ਡਾਰਾਂ, ਖਿੜੇ ਹੋਏ ਫੁੱਲ, ਹਰਿਆਵਲ ਭਰੇ ਖੇਤ, ਸਤਰੰਗੇ ਪਹਾੜ, ਡਿੱਗਦੇ-ਵਹਿੰਦੇ ਝਰਨੇ ਆਦਿ ਵਿੱਚ ਕੁਦਰਤ ਦਾ ਰੰਗ ਡੁੱਲ੍ਹ-ਡੁੱਲ੍ਹ ਪੈਂਦਾ ਹੈ, ਜਿਨ੍ਹਾਂ ਦੇ ਅਹਿਸਾਸ ਨਾਲ਼ ਮਨੁੱਖ ਰੂਹ ਦਾ ਆਨੰਦ ਮਾਣਦਾ ਹੈ।

ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਸ਼ਿੰਗਾਰ ਰਸ ਨੂੰ ਪ੍ਰਾਪਤ ਕਰਨ ਦੀ ਪ੍ਰਬਲ ਚਾਹਤ ਹੁੰਦੀ ਹੈ। ਔਰਤਾਂ ਦੀ ਇਹੋ ਚਾਹਤ ਇੱਕ ਅਮੀਰ ਸੱਭਿਆਚਾਰ ਨੂੰ ਜਨਮ ਦਿੰਦੀ ਹੈ। ਸੱਭਿਆਚਾਰ ਮਨੁੱਖ ਨੂੰ ਧਰਤੀ ਦੇ ਇੱਕ ਵਿਸ਼ੇਸ਼ ਟੁਕੜੇ ਨਾਲ਼ ਜੋੜਦਾ ਹੈ ਅਤੇ ਉਸਨੂੰ ਸਥਾਈਤਵ ਪ੍ਰਦਾਨ ਕਰਦਾ ਹੈ।

ਸ਼ਿੰਗਾਰ ਰਸ ਦੀ ਪ੍ਰਤੀਕ ਸੁਹਾਗ ਪਟਾਰੀ :-

ਜਦੋਂ ਕੋਈ ਕਾਰਖਾਨਾ ਜਾਂ ਉਦਯੋਗ ਨਹੀਂ ਸੀ, ਉਸ ਵੇਲੇ ਔਰਤ ਪੌਦਿਆਂ ਤੋਂ ਬਣੀਆਂ ਵਸਤਾਂ ਜਾਂ ਫੁੱਲ-ਪੱਤੀਆਂ ਨਾਲ਼ ਹੀ ਆਪਣਾ ਸ਼ਿੰਗਾਰ ਕਰਦੀ ਸੀ। ਉਸਦੀ ਸੁਹਾਗ ਪਟਾਰੀ ਵਿੱਚ ਦੰਦਾਸਾ, ਚੰਦਨ ਅਤੇ ਮਹਿੰਦੀ ਮੁੱਖ ਰੂਪ ਵਿੱਚ ਹੁੰਦੀ ਸੀ। ਇਹ ਤਿੰਨੋਂ ਵਸਤਾਂ ਪੌਦਿਆਂ ਤੋਂ ਹੀ ਮਿਲਦੀਆਂ ਹਨ। ਇਸਤੋਂ ਇਲਾਵਾ ਸੁਰਮਾਂ, ਚੂੜੀਆਂ, ਸੰਧੂਰ, ਨਹੂੰ ਪਾਲਿਸ਼, ਬਿੰਦੀ, ਇਤਰ, ਖੰਮਣੀ ਅਤੇ ਲਾਲ ਰਿਬਨ ਆਦਿ ਵਸਤਾਂ ਸੁਹਾਗ ਪਟਾਰੀ ਦਾ ਸ਼ਿੰਗਾਰ ਹੁੰਦੀਆਂ ਸਨ ਪਰ ਔਰਤ ਦਾ ਮਹਿੰਦੀ ਨਾਲ਼ ਸਾਥ ਹਾਲੇ ਤੀਕ ਵੀ ਉਜਵਲ ਬਣਿਆ ਹੋਇਆ ਹੈ। ਔਰਤ ਦੇ 16 ਸ਼ਿੰਗਾਰਾਂ ਵਿੱਚੋਂ ਮਹਿੰਦੀ ਦਾ ਸ਼ਿੰਗਾਰ ਉੱਤਮ ਮੰਨਿਆ ਗਿਆ ਹੈ।

ਅੰਗ੍ਰੇਜ਼ੀ ਵਿੱਚ ਮਹਿੰਦੀ ਨੂੰ ਹਿਨਾ ਕਿਹਾ ਜਾਂਦਾ ਹੈ ਅਤੇ ਇਸ ਦਾ ਵਿਗਿਆਨਕ ਨਾਮ ਲਾਅਸੋਨੀਆ ਇਨਰਮਿਸ ਹੈ। ਮਹਿੰਦੀ ਦਾ ਬੂਟਾ, ਅਨਾਰ ਦੇ ਬੂਟੇ ਵਾਂਗ ਲੰਬਾ-ਝਾੜੀਦਾਰ ਹੁੰਦਾ ਹੈ। ਪਿਛਲੇ ਸਮੇਂ ਵਿੱਚ ਮਹਿੰਦੀ ਦੇ ਬੂਟੇ ਤੋਂ ਛੋਟੇ-ਛੋਟੇ ਪੱਤੇ ਤੋੜਕੇ ਕੁੰਡੇ ਵਿੱਚ ਕੁੱਟੇ ਜਾਂਦੇ ਸਨ। ਹਰੇ ਪੱਤਿਆਂ ਨੂੰ ਜਿੰਨ੍ਹਾਂ ਬਾਰੀਕ ਕੁੱਟਿਆ ਜਾਂਦਾ ਸੀ, ਰੰਗ ਉਨ੍ਹਾਂ ਹੀ ਗੂੜ੍ਹਾ ਚੜ੍ਹਦਾ ਸੀ। ਸੌਣ ਤੋਂ ਪਹਿਲਾਂ ਕੁੜੀਆਂ ਅਤੇ ਵਿਆਂਹਦੜਾਂ ਮਹਿੰਦੀ ਦੇ ਘੋਲ ਨੂੰ ਹੱਥਾਂ ਅਤੇ ਪੈਰਾਂ ਉੱਪਰ ਲਗਾ ਕੇ ਸੌਂ ਜਾਂਦੀਆਂ ਸਨ। ਇਸ ਪ੍ਰਕ੍ਰਿਆ ਦੀ ਤਾਈਦ ਇੱਕ ਲੋਕ ਬੋਲੀ ਇੰਜ ਕਰਦੀ ਹੈ :-

ਮਹਿੰਦੀ ! ਮਹਿੰਦੀ ! ਹਰ ਕੋਈ ਕਹਿੰਦਾ,

ਮਹਿੰਦੀ ਬਾਗ ਵਿੱਚ ਰਹਿੰਦੀ,

ਹੇਠਾਂ ਕੁੰਡਾ ਉੱਤੇ ਘੋਟਣਾ ਚੋਟ ਦੋਵਾਂ ਦੀ ਸਹਿੰਦੀ,

ਘੋਟ-ਘੋਟ ਮੈਂ ਹੱਥਾਂ ਤੇ ਲਾਈ, ਬੱਤੀਆਂ ਬਣ-ਬਣ ਲਹਿੰਦੀ,

ਮਹਿੰਦੀ ਸ਼ਗਨਾਂ ਦੀ ਬਿਨ ਧੌਤਿਆਂ ਨਾ ਲਹਿੰਦੀ।

ਪੁਰਾਣੇ ਸਮਿਆਂ ਵਿੱਚ ਪਿੰਡਾਂ ਦੀਆਂ ਸਾਂਝੀਆਂ ਥਾਵਾਂ  ਤੇ ਮਹਿੰਦੀ ਦੇ ਬੂਟੇ ਲੱਗੇ ਹੁੰਦੇ ਸਨ। ਘਰਾਂ ਵਿੱਚ ਸੁਆਣੀਆਂ ਸੁੱਕੇ ਪੱਤਿਆਂ ਤੋਂ ਪੀਸੀ ਹੋਈ ਮਹਿੰਦੀ ਦੇ ਕੁੱਜੇ ਭਰ ਕੇ ਸੰਦੂਕਾਂ ਹੇਠਾਂ ਰੱਖ ਦਿੰਦੀਆਂ ਸਨ। ਜਿਸਨੂੰ ਵਿਆਹਾਂ-ਸ਼ਾਦੀਆਂ, ਮੇਲਿਆਂ, ਤਿਉਹਾਰਾਂ ਮੌਕੇ ਕੱਢ ਕੇ ਲੋਹ ਜਾਂ ਮਿੱਟੀ ਦੀਆਂ ਬਠਲੀਆਂ ਵਿੱਚ ਭਿਉਂ ਦਿੱਤਾ ਜਾਂਦਾ ਸੀ। ਮਿੱਟੀ ਦੇ ਬਰਤਨਾਂ ਵਿੱਚ ਘੋਲੀ ਮਹਿੰਦੀ ਇੱਕ ਅਨੂਠੀ ਮਹਿਕ ਦਿੰਦੀ ਸੀ, ਜਿਸ ਨਾਲ਼ ਸਾਰਾ ਮਾਹੌਲ ਨਸ਼ਿਆ ਜਾਂਦਾ ਸੀ।

ਸਾਉਣ ਵਿੱਚ ਮਹਿੰਦੀ ਦੀ ਵਰਤੋਂ ਚੋਖੀ ਵਧ ਜਾਂਦੀ ਹੈ। ਸਾਉਣ ਦੀਆਂ ਤੀਆਂ ਦੇ ਮੇਲਿਆਂ ਵੇਲੇ ਹਰ ਇੱਕ ਘਰ ਵਿੱਚ ਕੁਆਰੀਆਂ ਅਤੇ ਵਿਆਂਹਦੜਾਂ ਮਹਿੰਦੀ ਦਾ ਸ਼ਿੰਗਾਰ ਕਰਦੀਆਂ ਹਨ। ਨਿਆਣੀ ਧੀ ਆਪਣੀ ਮਾਂ ਨੂੰ ਕਹਿੰਦੀ ਹੈ :

ਨੀ ਲੈ ਦੇ ਮਾਏ ਕਾਲਿਆਂ ਬਾਗਾਂ ਦੀ ਮਹਿੰਦੀ।

ਸਾਉਣ ਮਹੀਨਾ ਮਾਨਣ ਪੇਕੇ ਆਈਆਂ ਮੁਟਿਆਰਾਂ ਮਹਿੰਦੀ ਦੇ ਲਾਲ ਸੂਹੇ ਰੰਗਾਂ ਵਿੱਚ ਰੰਗੀਆਂ, ਸਿਰ ਫੁਲਕਾਰੀਆਂ ਲੈ ਕੇ ਗਿੱਧੇ ਦੇ ਪਿੜ ਵਿੱਚ ਚੀਚ ਵਹੁਟੀਆਂ ਬਣ-ਬਣ ਨਿੱਤਰ ਦੀਆਂ ਹਨ ਜਿਵੇਂ :-

ਬਾਗੀਂ ਫੇਰਾ ਪਾ ਗਈ ਨੀਂ ਗੋਰੀ ਤਿਤਲੀ ਬਣ ਕੇ,

ਹੱਥੀਂ ਤਾਂ ਮਹਿੰਦੀ ਰੰਗਲੀ ਨੀਂ ਬਾਹੀਂ ਚੂੜਾ ਛਣਕੇ,

ਜੇ ਕੋਈ ਮੁਟਿਆਰ ਤੀਆਂ ਵੇਲੇ ਪੇਕੇ ਨਾਂ ਜਾਂਦੀ, ਉਸਦਾ ਰੰਗਲਾ ਸਮਾਂ ਸਹੇਲੀਆਂ ਤੋਂ ਵਾਂਝਾ ਰਹਿ ਜਾਂਦਾ। ਫੇਰ ਉਸਦੀ ਨਨਾਣ ਹੀ ਉਸਦੇ ਮਹਿੰਦੀ ਲਾ ਦਿੰਦੀ ਸੀ, ਇਸ ਸਥਿਤੀ ਵਿੱਚ ਮੁਟਿਆਰ ਕਹਿੰਦੀ ਸੀ:-

ਮਹਿੰਦੀ ਵਾਲੇ ਹੱਥ ਰੁੱਸ ਗਏ ਜਦੋਂ ਘੋਲ ਕੇ ਨਨਾਣ ਨੇਂ ਲਾਈ,

ਫਿੱਕਾ-ਫਿੱਕਾ ਰੰਗ ਚੜ੍ਹਿਆ, ਬੂਟੀ ਇੱਕ ਨਾ ਸਵਾਦ ਦੀ ਪਾਈ।

ਪੇਕਿਆਂ ਵੱਲੋਂ ਸਹੁਰੇ ਵਸਦੀ ਧੀ ਲਈ ਭੇਜੇ ਜਾਂਦੇ ਤੀਆਂ ਦੇ ਸੰਧਾਰੇ ਵਿੱਚ ਵੀ ਮਹਿੰਦੀ ਦਾ ਸਥਾਨ ਅਹਿਮ ਹੁੰਦਾ ਹੈ। ਕਰੂਆ ਚੌਥ ਵੇਲੇ ਪੇਕੇ ਗਈ ਨੂੰਹ ਲਈ ਸਹੁਰਿਆਂ ਵੱਲੋਂ ਭੇਜੀ ਜਾਂਦੀ ਸਰਘੀ ਵਿੱਚ ਵੀ ਸੁਹਾਗ ਦੀ ਨਿਸ਼ਾਨੀ ਮਹਿੰਦੀ ਜ਼ਰੂਰ ਰੱਖੀ ਜਾਂਦੀ ਹੈ।

ਮਹਿੰਦੀ ਨੂੰ ਇੱਕ ਪਵਿੱਤਰ ਸ਼ਗਨਾਂ ਦਾ ਬੂਟਾ ਸਮਝਿਆ ਜਾਂਦਾ ਹੈ। ਕੁੜੀਆਂ ਗਾਉਂਦੀਆਂ ਕਹਿੰਦੀਆਂ ਨੇ

ਮਾਏ ਨੀ ਮਾਏ ਮਹਿੰਦੜ ਮੈਂ ਬੀਜਿਆ,

ਨੀ ਝੰਗ ਸਿਆਲਾਂ ਦੇ ਖ਼ੂਹ ਤੇ।

ਵਿਆਹ-ਸਾਹਿਆਂ ਸਮੇਂ ਸਰੀਕੇ-ਕਬੀਲੇ ਅਤੇ ਆਂਢ-ਗੁਆਂਢ ਦੀਆਂ ਔਰਤਾਂ ਪਰਾਂਤ ਵਿੱਚ ਘੋਲੀ ਹੋਈ ਮਹਿੰਦੀ ਦੇ ਦੁਆਲੇ ਘੇਰਾ ਘੱਤ ਕੇ ਭੂੰਜੇ ਦਰੀ ਤੇ ਬੈਠ ਜਾਂਦੀਆਂ ਹਨ। ਵਿਚਕਾਰ ਲੱਕੜ ਦੀ ਚੌਂਕੀ ਤੇ ਵਿਆਂਹਦੜ ਕੁੜੀ ਨੂੰ ਬਿਠਾਇਆ ਜਾਂਦਾ ਹੈ, ਕੁੜੀ ਦੇ ਮਹਿੰਦੀ ਲਗਾਈ ਜਾਂਦੀ ਹੈ, ਨਾਲ਼ ਹੀ ਲੰਮੀਆਂ ਹੇਕਾਂ ਵਾਲੇ ਗੀਤਾਂ ਨਾਲ਼ ਉਸਦਾ ਦਿਲ ਬਹਿਲਾਇਆ ਜਾਂਦਾ ਹੈ। ਸਾਰੀਆਂ ਸੁਆਣੀਆਂ ਅਤੇ ਕੁੜੀਆਂ ਇੱਕ ਦੂਜੀ ਦੇ ਮਹਿੰਦੀ ਲਗਾਉਂਦੀਆਂ ਤੇ ਗੀਤ ਗਾਉਂਦੀਆਂ ਹਨ। ਵਿਆਹ ਵਾਲੀ ਕੁੜੀ ਦੀ ਮਾਂ, ਭੈਣ, ਭਰਜਾਈ ਨੂੰ ਸੰਬੋਧਨ ਕਰਦਿਆਂ ਕੁੜੀਆਂ ਗਾਉਂਦੀਆਂ ਹਨ:-

ਉੱਪਰ ਚੁਬਾਰੇ ਤੈਨੂੰ ਸੱਦ ਹੋਈ, ਸਾਲੂ ਵਾਲੀਏ ਨੀ

ਆ ਕੇ ਤਾਂ ਮਹਿੰਦੀ ਨੀ ਲਵਾ, ਦਿਲਾਂ ਵਿੱਚ ਵੱਸ ਹਰੀਏ ਨੀਂ ….

ਕੁੜੀ ਦੇ ਵਿਆਹ ਸਮੇਂ ਮਹਿੰਦੀ ਦੇ ਗੀਤਾਂ ਦਾ ਰੰਗ ਸੁਹਾਗ ਦੇ ਗੀਤਾਂ ਵਿੱਚ ਵਟ ਜਾਂਦਾ ਹੈ।

ਰੰਗ ਚੜ੍ਹਿਆ ਭੈਣੇ ਏਸ ਮਹਿੰਦੀ ਦਾ ਸਿਖਰੇ ਨੀ,

ਬਾਬਲ ਨਿਵਿਆਂ ਭੈਣੇ, ਧੀਆਂ ਦੇ ਫਿਕਰੇ ਨੀ।

ਵਿਆਂਹਦੜ ਕੁੜੀ ਤੋਰਨ ਵੇਲੇ, ਮਹਿੰਦੀ ਦਾ ਰੰਗ ਵੀ ਉਦਾਸ ਹੋ ਜਾਂਦਾ ਹੈ ਜਿਵੇਂ :-

ਮਹਿੰਦੀ ਤਾਂ ਪਾ ਦੇ ਮਾਏ ਸੁੱਕਣੀ ਨੀਂ,

ਮਹਿੰਦੀ ਦਾ ਰੰਗ ਉਦਾਸ,

ਖ਼ੂਨੀ ਨੈਣ ਜਲ ਨੀਂ ਭਰੇ ………।

ਮੁੰਡੇ ਦੇ ਵਿਆਹ ਸਮੇਂ ਮਹਿੰਦੀ ਦੇ ਗੀਤਾਂ ਦਾ ਰੰਗ ਘੋੜੀਆਂ ਵਿੱਚ ਬਦਲ ਜਾਂਦਾ ਹੈ। ਭੈਣਾਂ ਵੀਰ ਦੇ ਮਹਿੰਦੀ ਲਾਉਂਦੀਆਂ ਗਾਉਂਦੀਆਂ ਹਨ।

ਲਾਓ ਨੀ ਲਾਓ ਏਹਨੂੰ ਸ਼ਗਨਾਂ ਦੀ ਮਹਿੰਦੀ,

ਮਹਿੰਦੀ ਦਾ ਰੰਗ ਸੂਹਾ ਲਾਲ,

ਮੇਰੇ ਵੀਰਨ ਦੇ ਮੱਥੇ ਤੇ ਚਮਕਣ ਵਾਲ।

ਜਦੋਂ ਵਿਆਹ ਵੇਲੇ ਕੜਾਹੀ ਵਾਲੇ ਦਿਨ ਮੁਟਿਆਰਾਂ ਮਹਿੰਦੀ ਵਾਲੇ ਹੱਥਾਂ ਨਾਲ਼ ਲੱਡੂ ਵੱਟਦੀਆਂ ਹਨ ਤਾਂ ਮਹਿੰਦੀ ਰੱਤੇ ਹੱਥ ਬਹੁਤ ਹੀ ਸੋਹਣੇ ਲੱਗਦੇ ਹਨ। ਦਿਓਰ – ਭਰਜਾਈ ਦੀ ਨੋਕ ਝੋਕ ਵਿੱਚ ਵੀ ਮਹਿੰਦੀ ਦਾ ਜਿਕਰ ਇੱਕ ਖ਼ੂਬਸੂਰਤ ਬੋਲੀ ਰਾਹੀਂ ਇੰਜ ਹੋਇਆ ਹੈ :-

ਜੇ ਮੈਂ ਅੱਡੀ ਮਾਰ ਉਡਾਵਾਂ, ਮੇਰੀ ਝਾਂਜਰ ਲਹਿੰਦੀ,

ਜੇ ਮੈਂ ਤਾੜੀ ਮਾਰ ਉਡਾਵਾਂ, ਮੇਰੀ ਮਹਿੰਦੀ ਲਹਿੰਦੀ,

ਤੇਰੀ ਕਣਕ ਦੀ ਰਾਖੀ ਮੁੰਡਿਆ ਵੇ ਹੁਣ ਮੈਂ ਨਾ ਵਹਿੰਦੀ।

ਸੱਸੀ ਪੁੰਨੂੰ ਦੀ ਪ੍ਰੀਤ ਗਾਥਾ ਵਿੱਚ ਸੱਸੀ ਦੇ ਮਹਿੰਦੀ ਚਿਤਰੇ ਪੈਰ ਡਾਚੀ ਦੀ ਪੈੜ ਲੱਭਦੇ-ਲੱਭਦੇ ਥਲਾਂ ਵਿੱਚ ਭੁੱਜ ਜਾਂਦੇ ਹਨ। ਸੂਫੀ ਕਵੀ ਹਾਸ਼ਮ ਇਸ ਵੇਦਨਾ ਨੂੰ ਇੰਜ ਪ੍ਰਗਟ ਕਰਦਾ ਹੈ:-

ਨਾਜੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ਼ ਸ਼ਿੰਗਾਰੇ,

ਬਾਲੂ ਰੇਤ ਤਪੇ ਵਿੱਚ ਥਲ ਦੇ ਜਿਓ ਜੌਂ ਭੁੰਨਣ ਭਟਿਆਰੇ।

ਜੇ ਹਾਣ-ਪ੍ਰਵਾਨ ਦਾ ਵਰ ਕਿਸੇ ਮੁਟਿਆਰ ਨੂੰ ਨਾ ਮਿਲਦਾ ਤਾਂ ਵੀ ਉਸਦਾ ਮਹਿੰਦੀ ਲਾਉਣ ਦਾ ਚਾਅ ਅਧੂਰਾ ਰਹਿ ਜਾਂਦਾ। ਫੇਰ ਉਹ ਮੁਟਿਆਰ ਆਪਣਾ ਰੁਦਨ ਇਸ ਤਰਾਂ ਕਰਦੀ ਹੈ:-

ਬੁੱਢੜੇ ਨਾਲ਼ ਮੇਰਾ ਵਿਆਹ ਧਰ ਦਿੱਤਾ, ਮੈਂ ਰੋਟੀ ਨਾ ਖਾਵਾਂ,

ਸਖੀਆਂ ਆਖਣ ਮਹਿੰਦੀ ਲਾ ਲੈ, ਮੈਂ ਮਹਿੰਦੀ ਨਾ ਲਾਵਾਂ,

ਸੁੱਤੀ ਪਈ ਦੇ ਲਾ ਤੀ ਮਹਿੰਦੀ, ਕੌਲਿਆਂ ਨਾਲ਼ ਘਸਾਵਾਂ,

ਵੀਰਾਂ ਦੇ ਹਲ ਵਗਦੇ, ਰੋਂਦੀ ਕੋਲ ਦੀ ਜਾਵਾਂ।

ਮਹਿੰਦੀ ਦਾ ਇਤਿਹਾਸ ਇਸਦਾ ਹਿੰਦੀ, ਪੰਜਾਬੀ ਨਾਮ ਮਹਿੰਦੀ, ਮਹਿਕ ਤੋਂ ਉਪਜਿਆ ਜਾਪਦਾ ਹੈ। ਇਹ ਵੀ ਕਿਹਾ ਜਾਂਦਾ ਹੈ, ਮਹਿੰਦੀ, ਮਿਸਰ ਤੋਂ ਅਰਬ ਹੁੰਦੀ ਹੋਈ ਭਾਰਤ ਪਹੁੰਚੀ ਹੈ। ਮਹਿੰਦੀ ਵਿੱਚ ਔਸ਼ਧੀ ਗੁਣ ਹੋਣ ਕਾਰਨ, ਮਿਸਰੀ ਲੋਕ ਆਪਣੇ ਰਾਜੇ ਮਹਾਰਾਜਿਆਂ ਦੇ ਮ੍ਰਿਤ ਸ਼ਰੀਰਾਂ ਨੂੰ ਲੰਬੇ ਸਮੇਂ ਲਈ ਕਾਇਮ ਰੱਖਣ ਲਈ ਮਹਿੰਦੀ ਦਾ ਲੇਪ ਲਗਾਉਂਦੇ ਸਨ। ਮਿਸਰ ਦੀ ਰਾਣੀ ਕਲਿਉਪਾਤਰਾ ਵੀ ਆਪਣੇ ਸ਼ਿੰਗਾਰ ਵਿੱਚ ਮਹਿੰਦੀ ਦਾ ਪ੍ਰਯੋਗ ਕਰਦੀ ਸੀ।

ਸੰਸਕ੍ਰਿਤ ਵਿੱਚ ਵੀ ਮੈਂਧਿਕਾ ਨਾ ਦਾ ਸ਼ਬਦ ਹੈ। ਪ੍ਰਾਚੀਨ ਗ੍ਰੰਥਾਂ ਵਿੱਚ ਮੈਂਧਿਕਾ ਅਤੇ ਹਲਦੀ ਦੀ ਵਰਤੋਂ ਦਾ ਜਿਕਰ ਆਉਂਦਾ ਹੈ। ਔਰਤ ਦੇ 16 ਸ਼ਿੰਗਾਰਾਂ ਵਿੱਚ ਮਹਿੰਦੀ ਨੂੰ ਸੁਰ ਸੁੰਦਰੀ ਦੇਵੀ ਦੀ ਉਪਾਧੀ ਹਾਸਿਲ ਹੈ। ਆਯੁਰਵੇਦ ਵਿੱਚ ਔਸ਼ਧੀ ਗੁਣਾਂ ਤੋਂ ਇਲਾਵਾ ਮਹਿੰਦੀ ਦੀ ਤਸੀਰ ਠੰਡੀ ਮੰਨੀ ਗਈ ਹੈ। ਰਾਖਸ਼ਸ਼ਾਂ ਉੱਪਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਦੁਰਗਾ ਮਾਤਾ ਦੇ ਹੱਥ-ਪੈਰ ਖ਼ੂਨ ਨਾਲ਼ ਭਰ ਗਏ ਸਨ, ਉਹਨਾਂ ਦਾ ਗੁੱਸਾ ਸ਼ਾਂਤ ਕਰਨ ਲਈ ਦੁਰਗਾ ਮਾਤਾ ਦਾ ਸ਼ਿੰਗਾਰ ਸੁਰ ਸੁੰਦਰੀ ਦੇਵੀ-ਮਹਿੰਦੀ ਨਾਲ਼ ਕੀਤਾ ਗਿਆ ਸੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin