Articles Religion

ਪਦਮ ਸ੍ਰੀ ਨਾਲ ਸਨਮਾਨੇ ਜਾਣ ਵਾਲੇ ਕੀਰਤਨੀਏ ਭਾਈ ਨਿਰਮਲ ਸਿੰਘ ਜੀ ਖ਼ਾਲਸਾ !

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਜੇਕਰ ਅਸੀਂ ਮਹਾਨ ਸ਼ਖਸ਼ੀਅਤਾਂ ਵਾਲੇ  ਗੁਰੂ ਘਰ ਦੇ ਸੇਵਕ ਗੁਰੂ ਦੀ ਉਪਮਾ ਕਰਨ ਵਾਲੇ ਸਿੱਖ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀ ਗੁਰ ਲੜ  ਲਾਉਣ ਵਾਲਿਆਂ ਦੀ ਗੱਲ ਕਰੀਏ ਤਾਂ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਦਾ ਨਾਮ ਪਹਿਲੀ ਕਤਾਰ ਵਿਚ ਆਉਂਦਾ ਹੈ। ਭਾਈ ਨਿਰਮਲ ਸਿੰਘ ਖ਼ਾਲਸਾ ਜੀ ਦਾ ਜਨਮ 12 ਅਪਰੈਲ 1958 ਨੂੰ ਪਿੰਡ ਜੰਡਵਾਲਾ ਭੀਮਸ਼ਾਹ ਜਿਲ੍ਹਾ ਫਿਰੋਜ਼ਪੁਰ ਵਿਚ ਸ੍ਰ. ਚੰਨਣ ਸਿੰਘ ਦੇ ਘਰ ਗੁਰਦੇਵ ਕੌਰ ਦੀ ਕੁਖੋਂ ਹੋਇਆ। ਇਹਨਾਂ ਨੇ ਸਕੂਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਅੱਠਵੀ ਜਮਾਤ ਤੱਕ ਪਾਸ ਕੀਤੀ। 1958 ਵਿਚ ਇਹ ਪਰੀਵਾਰ ਪਿੰਡ ਮੰਡਾਲਾ ਜਿਲ੍ਹਾ ਜਲੰਧਰ ਦੇ ਮੰਡ ਖੇਤਰ ਵਿਚ ਜਮੀਨ ਅਲਾਟ ਹੋਣ ਕਰਕੇ ਉੱਥੇ ਵੱਸ ਗਿਆ। ਪਿਤਾ ਪੁਰਖੀ ਖੇਤੀਬਾੜੀ ਦਾ ਕੰਮ ਧੰਦਾ ਹੋਣ ਕਰਕੇ ਇਹਨਾਂ ਨੂੰ ਵੀ ਕੁਝ ਸਮਾਂ ਖੇਤਾਂ ਵਿਚ ਕੰਮ ਕਰਨਾ ਪਿਆ।

ਭਾਈ ਨਿਰਮਲ ਸਿੰਘ ਛੋਟੇ ਹੁੰਦਿਆਂ ਪਿੰਡ ਦੇ ਪੰਚਾਇਤੀ ਰੇਡੀਓੁ ਤੋਂ ਪਾਕਿਸਤਾਨ ਦੇ ਪਰੋਗਰਾਮ ਪੰਜਾਬੀ ਦਰਬਾਰ ਵਿਚ ਭਾਈ ਮਰਦਾਨੇ ਦੀ ਵੰਸ ਵਿਚੋਂ ਭਾਈ ਲਾਲ ਸਿੰਘ ਅਤੇ ਹੋਰ ਭਾਈ ਸਮੁੰਦ ਸਿੰਘ, ਭਾਈ ਸੰਤਾ ਸਿੰਘ ਅਤੇ ਭਾਈ ਚਾਂਦ ਸਿੰਘ ਆਦਿ ਰਾਗੀਆਂ ਦੇ ਸ਼ਬਦ ਸੁਣਦਾ ਰਹਿੰਦਾ ਸੀ। ਭਾਈ ਨਿਰਮਲ ਸਿੰਘ ਨੂੰ ਗਾਉਣ ਦਾ ਸ਼ੌਂਕ ਪਹਿਲਾਂ ਹੀ ਸੀ। ਇਹ ਖੇਤਾਂ ਵਿਚ ਕੰਮ ਕਰਦੇ ਉੱਚੀ ਆਵਾਜ਼ ਵਿਚ ਗਾਉਂਦੇ ਰਹਿੰਦੇ। ਸੱਥਾਂ ਵਿਚ ਬੈਠੇ ਬਜ਼ੁਰਗਾਂ ਨੂੰ ਲੋਕ ਗਥਾਵਾਂ ਗਾ ਕੇ ਸਣਾਉਂਦੇ ਰਹਿੰਦੇ। ਪਰਿਵਾਰ ਨੇ ਇਹਨਾਂ ਦਾ ਇਹ ਸ਼ੌਂਕ ਵੇਖ ਕੇ ਸ਼ਹੀਦ ਸਿੱਖ ਮਸ਼ੀਨਰੀ ਕਾਲਜ ਅੰਮ੍ਰਿਤਸਰ ਵਿਚ ਸੰਗੀਤ ਦੇ ਪ੍ਰੋਫ਼ੈਸਰ ਅਵਤਾਰ ਸਿੰਘ ਨਾਜ ਕੋਲ ਦਾਖ਼ਲਾ ਦਿਵਾ ਦਿੱਤਾ। ਉੱਥੇ ਉਹਨਾਂ ਸੰਗੀਤਕ ਸੁਰਾਂ ਨੂੰ ਬਰੀਕੀ ਨਾਲ ਜਾਚਿਆ ਅਤੇ ਦੋ ਸਾਲ ਦਾ ਡਿਪਲੋਮਾ 1976 ਵਿਚ ਪਾਸ ਕੀਤਾ। ਇਹ ਸਭ ਤੋਂ ਪਹਿਲਾਂ ਰਾਗੀ ਦੇ ਤੌਰ ‘ਤੇ ਬੰਗਲਾ ਸਾਹਿਬ ਰੋਹਤਕ ਵਿਖੇ ਨਿਯੁਕਤ ਹੋਏ। ਕੁਝ ਸਮਾਂ ਰਿਸ਼ੀਕੇਸ਼, ਤਰਨ ਤਾਰਨ ਵਿਚ ਵੀ ਡਿਊਟੀ ਕੀਤੀ। 1978 ਵਿਚ ਕੁਝ ਸਮਾਂ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਵਿਚ ਕੰਡਕਟਰ ਦੇ ਤੌਰ ਤੇ ਨੌਕਰੀ ਵੀ ਕੀਤੀ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬੁੱਢਾ ਜੋਹੜ (ਰਾਜਸਤਾਨ) ਵਿਖੇ ਦੋ ਸਾਲ ਗੁਰਮਤਿ ਸੰਗੀਤ ਦੀ ਵਿਦਿਆ ਵਿਦਿਆਰਥੀਆਂ ਨੂੰ ਦਿੱਤੀ।
1979 ਵਿਚ ਭਾਈ ਨਿਰਮਲ ਸਿੰਘ ਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਹਾਇਕ ਰਾਗੀ ਵਜੋਂ ਨਿਯੁਕਤੀ ਹੋ ਗਏ ਅਤੇ ਇਹ 1985 ਤੱਕ ਭਾਈ ਗੁਰਮੇਜ ਸਿੰਘ ਜੀ ਨਾਲ ਸਹਾਇਕ ਰਾਗੀ ਵਜੋਂ ਸੇਵਾ ਨਿਭਾਉਂਦੇ ਰਹੇ। 1986 ਵਿਚ ਆਪਣਾ ਰਾਗੀ ਜੱਥਾ ਬਣਾ ਲਿਆ ਅਤੇ ਲੰਬਾ ਸਮਾਂ ਭਾਈ ਦਰਸ਼ਨ ਸਿੰਘ ਸਹਾਇਕ ਰਾਗੀ ਅਤੇ ਭਾਈ ਕਰਤਾਰ ਸਿੰਘ ਤਬਲੇ ‘ਤੇ ਇਹਨਾਂ ਨਾਲ ਸੇਵਾ ਨਿਭਾਉਂਦੇ ਰਹੇ ਹਨ। 1987 ਵਿਚ ਸਰਕਾਰ ਵਲੋਂ ਕੀਤੇ ਗਏ ਬਲੈਕ ਥੰਡਰ ਦੌਰਾਨ ਪੁਲੀਸ ਤਸ਼ੱਦਦ ਵੀ ਝੱਲਣਾ ਪਿਆ। ਉਹਨਾਂ ਵਲੋਂ ਗਾਇਆ ਜਾਂਦਾ ਸ਼ਬਦ ‘ਬੰਬੀਹਾ ਅੰਮ੍ਰਿਤ ਵੇਲੇ ਬੋਲਿਆ’ ਨੂੰ ਸੰਗਤਾਂ ਵਾਰ ਵਾਰ ਸਰਵਣ ਕਰਦੀਆਂ ਰਹਿੰਦੀਆਂ। ਭਾਈ ਨਿਰਮਲ ਸਿੰਘ ਗੁਰਬਾਣੀ ਨੂੰ ਨਿਰਧਾਰਤ ਰਾਗਾਂ ਵਿਚ ਗਾਉਣ ਦੀ ਮੁਹਾਰਤ ਰੱਖਦੇ ਸਨ। ਇਹਨਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 31 ਰਾਗਾਂ ਵਿਚ ਸ਼ਬਦ ਗਾ ਕੇ ਪੁਰਾਤਨ ਕੀਰਤਨ ਸ਼ੈਲੀ ਬਹਾਲ ਕੀਤੀ। ਉਹ ਗੁਰਬਾਣੀ ਪੁਰਾਤਨ ਰੀਤਾਂ ਅਨੁਸਾਰ ਤੰਤੀ ਸਾਜਾਂ ਨਾਲ ਗਾਉਂਦੇ ਸਨ।
ਭਾਈ ਨਿਰਮਲ ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਚਨਾਂ ਸ੍ਰੀ ਸੁਖਮਨੀ ਸਾਹਿਬ ਜੀ ਨੂੰ ਗਾਉੜੀ ਰਾਗ ਵਿਚ ਗਾਇਆ। ਇਹਨਾਂ ਨੇ ਬਾਬਾ ਫ਼ਰੀਦ ਜੀ ਦੇ ਸਲੋਕਾਂ ਨੂੰ ਵੀ ਸੁਫ਼ੀਆਨਾ ਅੰਦਾਜ ਵਿਚ ਗਾਇਆ। ਉਹ ਕੀਰਤਨੀਏ ਤੋਂ ਇਲਾਵਾ ਵਧੀਆ ਲਿਖਾਰੀ ਵੀ ਸਨ। ਉਹਨਾਂ ਦੇ ਲੇਖ ਵੱਖ-ਵੱਖ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਛਪਦੇ ਰਹਿੰਦੇ ਸਨ ਅਤੇ ਉਹਨਾਂ ਦੀਆਂ ਦੋ ਪੁਸਤਕਾਂ ਵੀ ਛਪੀਆਂ।
1999 ਨੂੰ ਵਿਸਾਖੀ ‘ਤੇ ਤਿੰਨ ਸੋ ਸਾਲਾ ਸ਼ਤਾਬਦੀ ਨੂੰ 50 ਤੋਂ ਵੱਧ ਮੁੱਖ ਸੰਗੀਤ ਕੰਪਨੀਆਂ ਨੇ ਇਹਨਾਂ ਦੇ ਕੀਰਤਨ ਦੀਆਂ ਐਲਬਮਾਂ ਰਿਕਾਰਡ ਕੀਤੀਆਂ। ਭਾਈ ਨਿਰਮਲ ਸਿੰਘ ਖ਼ਾਲਸਾ ਨੂੰ ਬਹੁਤ ਸਾਰੇ ਐਵਾਰਡ ਪ੍ਰਾਪਤ ਹੋਏ 1999 ਵਿਚ ਹੀ ਇੰਡੀਅਨ ਮਿਊਜ਼ੀਕਲ ਇੰਡਸਟਰੀ ਮੁੰਬਈ ਦੁਆਰਾ ਦੀਵਾ ਨੈਸ਼ਨਲ ਐਵਾਰਡ ਮਿਲਿਆ। 1999 ਵਿਚ ਹੀ ਖ਼ਾਲਸਾ ਫ਼ਤਿਹ ਜੰਗ ਦੁਆਰਾ ਗੋਲਡ ਮੈਡਲ ਅਤੇ ਸ਼੍ਰੋਮਣੀ ਰਾਗੀ ਐਵਾਰਡ ਮਿਲਿਆ। 2004 ਵਿਚ ਭਾਈ ਹੀਰਾ ਸਿੰਘ ਅਨੰਦ ਐਵਾਰਡ ਮਿਲਿਆ। 2006 ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੁਆਰਾ ਸ਼੍ਰੋਮਣੀ ਐਵਾਰਡ ਪ੍ਰਾਪਤ ਹੋਇਆ। 2009 ਨੂੰ ਪਦਮ ਸ਼੍ਰੀ ਐਵਾਰਡ ਨਾਲ ਨਿਵਾਜਿਆ ਗਿਆ। ਉਹਨਾਂ ਦਾ ਕਹਿਣਾ ਸੀ ਮੈਂ ਜੋ ਕੁਝ ਵੀ ਹਾਂ ਸਭ ਗੁਰੂ ਸ਼ਬਦ ਦੀ ਕਮਾਈ ਤੇ ਗੁਰਬਾਣੀ ਨੂੰ ਸਮਰਪਿਤ ਹੋਣ ਦੀ ਪ੍ਰਤੱਖ ਕਰਾਮਾਤ ਹੈ। ਮੰਡ ਖੇਤਰ ਤੋਂ ਚੱਲ ਕੇ ਰਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਨਿਵਾਸ, ਕਨੇਡਾ ਦੀ ਪਾਰਲੀਮੈਂਟ ਤੱਕ ਦਾ ਸਫ਼ਰ ਉਸ ਗੁਰੂ ਦੀ ਮਿਹਰ ਸਦਕਾ ਹੋਇਆ।
ਸਾਲ 2020 ਵਿਚ ਭਾਈ ਨਿਰਮਲ ਸਿੰਘ ਮਹਾਂਮਾਰੀ ਕੋਵਿਡ-19 ਦੇ ਸ਼ਿਕਾਰ ਹੋ ਗਏ। 2 ਅਪਰੈਲ 2020 ਨੂੰ ਅੰਮ੍ਰਿਤਸਰ ਵਿਚ ਦਮ ਤੋੜ ਗਏ ਸਨ। ਚਲੋ! ਜਾਣਾ ਤਾਂ ਸਭ ਨੇ ਹੀ ਹੈ ਪਰ ਉਹਨਾਂ ਦਾ ਸਮੇਂ ਤੋਂ ਪਹਿਲਾਂ ਜਾਣ ਕਰਕੇ ਬਹੁਤ ਦੁੱਖ ਹੋਇਆ ਪਰ ਇਸ ਤੋਂ ਵੱਡਾ ਦੁੱਖ ਉਸ ਵੇਲੇ ਹੋਇਆ ਜਦ ਪਿੰਡ ਵੇਰਕਾ (ਅੰਮ੍ਰਿਤਸਰ) ਦੇੇ ਕੁਝ ਵਸਨੀਕਾਂ ਨੇ ਪਿੰਡ ਦੀ ਸ਼ਮਸ਼ਾਨ ਘਾਟ ਵਿਚ ਉਹਨਾਂ ਦੇ ਸਰੀਰ ਦਾ ਸਸਕਾਰ ਨਾ ਹੋਣ ਦਿੱਤਾ ਫਿਰ ਉਹਨਾਂ ਦੇ ਸਰੀਰ ਦਾ ਸਸਕਾਰ ਪਿੰਡ ਸ਼ੁਕਰਚੱਕ ਵਿਚ ਕੀਤਾ ਗਿਆ। ਕਰੋਨਾ ਵਾਇਰਸ ਦੇ ਭੈਅ ਕਾਰਨ ਕਰਫ਼ਿਊ ਲਗਿਆ ਹੋਣ ਕਰਕੇ ਕੋਈ ਸਿੱਖ ਉਹਨਾਂ ਦੇ ਅੰਤਿਮ ਦਰਸ਼ਨ ਨਾ ਕਰ ਸਕਿਆ।  ਸਿਰਫ ਸਸਕਾਰ ਵੇਲੇ ਉਹਨਾਂ ਦਾ ਪੁੱਤਰ ਹੀ ਹਾਜ਼ਰ ਸੀ ਉਸ ਨੇ ਚਿੱਖਾ ਨੂੰ ਅਗਨੀ ਵਿਖਾਈ। ਉਹ ਆਪਣੀ ਆਵਾਜ਼ ਕਰਕੇ ਸਾਡੇ ਵਿਚ ਜਿਊਂਦੇ ਰਹਿਣਗੇ ਅਤੇ ਉਹਨਾਂ ਦਾ ਰਸ ਭਿੰਨਾ ਕੀਰਤਨ ਸਾਡੇ ਕੰਨਾਂ ਵਿਚ ਰਸ ਘੋਲਦਾ ਰਹੇਗਾ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin