Articles Literature

ਪੰਜਾਬੀ ਵਾਰਤਕ ਦੇ ਪਿਤਾਮਾ ਪੰਡਿਤ ਸ਼ਰਧਾ ਰਾਮ ਫਿਲੌਰੀ

ਲੇਖਕ: ਸੁਖਚੈਨ ਸਿੰਘ ਕੁਰੜ, ਮਾਨਾ ਸਿੰਘ ਵਾਲ਼ਾ, ਫ਼ਿਰੋਜ਼ਪੁਰ

ਪੰਜਾਬੀ ਵਾਰਤਕ ਦੇ ਪਿਤਾਮਾ ਅਤੇ “ਓਮ ਜੈ ਜਗਦੀਸ਼ ਹਰੇ” ਦੀ ਪ੍ਰਸਿੱਧ ਆਰਤੀ ਦੇ ਰਚਨਹਾਰ ਪੰਡਿਤ ਸ਼ਰਧਾ ਰਾਮ ਦਾ ਜਨਮ 30 ਸਤੰਬਰ, 1807 ਈ. ਵਿੱਚ ਪਿਤਾ ਜੈ ਦਿਆਲ ਜੋਸ਼ੀ ਤੇ ਮਾਤਾ ਵਿਸ਼ਣੂ ਦੇਈ ਦੇ ਗ੍ਰਹਿ ਫਿਲੌਰ ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਪਿਤਾ ਪੁਰਖੀ ਜੋਤਿਸ਼ ਦਾ ਕੰਮ ਸੀ ਅੱਗੇ ਚੱਲਕੇ ਸ਼ਰਧਾ ਰਾਮ ਨੇ ਵੀ ਪਹਿਲਾਂ ਜੋਤਿਸ਼ ਨੂੰ ਅਪਣਾਇਆ ਸੀ।

ਸ਼ਰਧਾ ਰਾਮ ਨੇ ਆਪਣੀ ਮੁੱਢਲੀ ਸਿੱਖਿਆ ਗੁਰਮੁਖੀ ’ਚ ਪ੍ਰਾਪਤ ਕੀਤੀ। ਫਿਰ ਪੰਡਿਤ ਰਾਮ ਚੰਦਰ ਤੋਂ ਸੰਸਕ੍ਰਿਤ ਅਤੇ ਸਯਦ ਅਬਦੁਲੇ ਸਾਹ ਤੋਂ ਫ਼ਾਰਸੀ ਸਿੱਖੀ। ਇਸ ਤੋਂ ਬਿਨਾਂ ਸੰਗੀਤ ਦੇ ਨਾਲ਼ ਧਾਰਮਿਕ ਗ੍ਰੰਥਾਂ ਦਾ ਅਧਿਐਨ ਵੀ ਅਰੰਭ ਕੀਤਾ।
ਸ਼ਰਧਾ ਰਾਮ ਦੀ ਵਿਆਹ ਬਹੁਤ ਜਲਦੀ ਹੀ ਹੋ ਗਿਆ ਸੀ ਪਰ ਉਹਨਾਂ ਦੇ ਘਰ ਕੋਈ ਔਲਾਦ ਪੈਦਾ ਨਾ ਹੋਈ। ਉਹਨਾਂ ਦੀ ਪਤਨੀ ਦੀ ਇੱਕ ਹਾਦਸੇ ਕਾਰਨ ਮੌਤ ਹੋ ਗਈ। 1864 ਵਿੱਚ ਉਹਨਾਂ ਦਾ ਦੂਜਾ ਵਿਆਹ ਹੁਸ਼ਿਆਰਪੁਰ ਦੇ ਮੇਘੇਵਾਲ ਪਿੰਡ ਦੇ ਵਾਸੀ ਸ੍ਰੀ ਹਰਗੋਬਿੰਦ ਦੀ ਪੁੱਤਰੀ ਮਹਿਤਾਬ ਕੌਰ ਨਾਲ ਹੋਇਆ । ਪਰ ਦੂਜੇ ਵਿਆਹ ਤੋਂ ਵੀ ਉਹਨਾਂ ਦੇ ਘਰ ਔਲਾਦ ਦੀ ਪ੍ਰਾਪਤੀ ਨਾ ਹੋਈ।
1855 ਈ. ਵਿੱਚ ਸ਼ਰਧਾ ਰਾਮ ਨੇ ਕਥਾ ਵਾਚਕ ਦੇ ਤੌਰ ‘ਤੇ ਆਪਣਾ ਕੰਮ ਅਰੰਭਿਆ ਸੀ। ਉਹ ਮਹਾਂਭਾਰਤ ਦੀ ਕਥਾ ਬਹੁਤ ਵਧੀਆ ਤਰੀਕੇ ਨਾਲ ਸੁਣਾਇਆ ਕਰਦੇ ਸਨ। ਵਧੀਆ ਬੁਲਾਰੇ ਹੋਣ ਕਾਰਨ ਉਹ ਸਰੋਤਿਆਂ ਨੂੰ ਆਪਣੇ ਨਾਲ਼ ਜੋੜਨ ਦਾ ਹੁਨਰ ਰੱਖਦੇ ਸਨ। ਕਥਾ ਕਰਦੇ ਹੋਏ ਉਹ ਹੌਲ਼ੀ-ਹੌਲ਼ੀ ਲੋਕਾਂ ਨੂੰ ਦੇਸ਼ ਭਗਤੀ ਬਾਰੇ ਵੀ ਜਾਗ੍ਰਿਤ ਕਰਨ ਲੱਗ ਪਏ। ਜਿਸ ਦੀ ਖਬਰ ਅੰਗਰੇਜ਼ ਅਫ਼ਸਰਾਂ ਕੋਲ ਪੁੱਜਣ ‘ਤੇ ਉਨ੍ਹਾਂ ਨੂੰ ਕੁੱਝ ਸਮੇਂ ਲਈ ਫਿਲੌਰ ਤੋਂ ਬਾਹਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਪਟਿਆਲਾ ਚਲੇ ਗਏ ਅਤੇ ਫਿਰ ਕੁੱਝ ਸਮਾਂ ਹਰਿਦੁਆਰ ਰਹਿ ਕੇ ਉਹ ਲੁਧਿਆਣੇ ਆ ਗਏ। ਜਦ ਉਹ ਲੁਧਿਆਣੇ ਆਏ ਉਸ ਸਮੇਂ ਲੁਧਿਆਣਾ ਸ਼ਹਿਰ ਇਸਾਈ ਮਿਸ਼ਨਰੀਆਂ ਦਾ ਗੜ੍ਹ ਸੀ। ਇੱਥੇ ਹੀ ਸ਼ਰਧਾ ਰਾਮ ਦਾ 1858 ਵਿੱਚ ਇਸਾਈ ਪਾਦਰੀ ਨਿਊਟਨ ਨਾਲ ਮੇਲ਼ ਹੋਇਆ। ਉਹਨਾਂ ਦੀ ਸਰਪ੍ਰਸਤੀ ਸਦਕਾ ਮਿਸ਼ਨ ਪ੍ਰੈਸ, ਲੁਧਿਆਣਾ ਵਿੱਚ ਨੌਕਰੀ ਕਰਦਿਆਂ ਸ਼ਰਧਾ ਰਾਮ ਨੇ ਇਸਾਈਅਤ ਦੇ ਪ੍ਰਚਾਰ ਲਈ ਪੰਜਾਬੀ, ਹਿੰਦੀ ਤੇ ਉਰਦੂ ਵਿੱਚ ਅਨੇਕ ਪੁਸਤਕਾਂ ਦੇ ਅਨੁਵਾਦ ਕੀਤੇ ਅਤੇ ਉਹਨਾਂ ਨੂੰ ਮੌਲਿਕ ਲੇਖਣੀ ਲਈ ਹੱਲਾਸ਼ੇਰੀ ਵੀ ਇੱਥੋਂ ਹੀ ਮਿਲ਼ੀ। ਕੁੱਝ ਕਾਰਨਾਂ ਕਰਕੇ 1861 ਈ. ਵਿੱਚ ਉਹਨਾਂ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਫਿਰ ਧਰਮ ਪ੍ਰਚਾਰ ਲਈ ਪੰਜਾਬ ਦੇ ਦੌਰਿਆਂ ਤੇ ਨਿਕਲ ਗਏ।
1863 ਈ. ਵਿੱਚ ਉਹਨਾਂ ਵੱਲੋਂ ਲਿਖੀ ਆਰਤੀ ‘ਓਮ ਜੈ ਜਗਦੀਸ਼ ਹਰੇ’ ਪੰਜਾਬੀ ਜਾਂ ਹਿੰਦੀ ਦੀ ਹੀ ਨਹੀਂ ਸਗੋਂ ਆਮ ਲੋਕਾਈ ਦੇ ਮਨਾਂ ਉੱਤੇ ਐਸੀ ਉੱਕਰੀ ਗਈ ਕਿ ਅੱਜ ਤੱਕ ਸ਼ਰਧਾ ਰਾਮ ਫਿਲੌਰੀ ਦੀ ਕਲਮ ਨੂੰ ਜਿਊਂਦੇ ਰੱਖਿਆ ਹੋਇਆ।
1866 ਈ. ਵਿੱਚ ਸ਼ਰਧਾ ਰਾਮ ਫਿਲੌਰੀ ਨੇ ‘ਸਿੱਖਾਂ ਦੇ ਰਾਜ ਦੀ ਵਿਥਿਆ’ ਕਿਤਾਬ ਦੀ ਰਚਨਾ ਕੀਤੀ। ਇਸ ਕਿਤਾਬ ਦੇ ਤਿੰਨ ਕਾਂਡ ਹਨ।
ਪਹਿਲੇ ਕਾਂਡ ਵਿੱਚ ਸਿੱਖ ਧਰਮ ਦੇ ਦਸ ਗੁਰੂਆਂ ਦੇ ਜੀਵਨ ਦਾ ਸੰਖੇਪ ਹਾਲ ਬਿਆਨ ਕੀਤਾ। ਦੂਜੇ ਕਾਂਡ ਵਿੱਚ ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ਾਂ ਤੱਕ ਦੇ ਹਾਲ ਦਾ ਵਰਣਨ ਕੀਤਾ। ਤੀਜੇ ਭਾਗ ਵਿੱਚ ਪੰਜਾਬ ਦੀਆਂ ਜਾਤਾਂ, ਰੀਤਾਂ, ਰਸਮਾਂ, ਗੀਤਾਂ ਤੇ ਅਖਾਉਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
1875 ਈ. ਵਿੱਚ ਸ਼ਰਧਾ ਰਾਮ ਫਿਲੌਰੀ ਨੇ ‘ਪੰਜਾਬੀ ਬਾਤ ਚੀਤ’ ਕਿਤਾਬ ਦੀ ਰਚਨਾ ਕੀਤੀ। ਇਹ ਪੁਸਤਕ ਨੂੰ ਵੀ ਤਿੰਨ ਹਿੱਸਿਆਂ ਵਿੱਚ ਵੰਡਿਆਂ ਗਿਆ। ਪਹਿਲੇ ਭਾਗ ਵਿੱਚ ਮਾਝੇ ਦੇ ਲੋਕਾਂ ਦੇ ਕਾਰ-ਵਿਹਾਰ,ਦੈਨਿਕ ਜੀਵਨ ਤੇ ਉਹਨਾਂ ਦੇ ਰਹਿਣ-ਸਹਿਣ ਦੇ ਵੇਰਵੇ ਦਿੱਤੇ ਗਏ। ਦੂਜੇ ਭਾਗ ਵਿੱਚ ਦੁਆਬੇ ਦੇ ਲੋਕਾਂ ਦੇ ਕਾਰ-ਵਿਹਾਰ ,ਦੈਨਿਕ ਜੀਵਨ ਤੇ ਉਹਨਾਂ ਦੇ ਰਹਿਣ-ਸਹਿਣ ਦੇ ਵੇਰਵੇ ਦਿੱਤੇ ਗਏ। ਤੀਜੇ ਭਾਗ ਵਿੱਚ ਦੁਆਬੇ ਦੇ ਮੁਸਲਮਾਨਾਂ,ਕਾਂਗੜੇ ਦੇ ਪਹਾੜੀਆਂ ਤੇ ਮਾਲਵੇ ਦੇ ਜੱਟਾਂ ਦੀ ਬੋਲੀ, ਰਸਮਾਂ-ਰਿਵਾਜ਼ਾਂ ਆਦਿ ਨੂੰ ਸ਼ਾਮਲ ਕੀਤਾ ਗਿਆ।
ਇਸ ਕਿਤਾਬ ਦੀ ਬੋਲੀ ਕਈ ਉਪ-ਭਾਸ਼ਾਵਾਂ ਮਾਝੀ,ਦੁਆਬੀ,ਮਲਵਈ ਤੇ ਕਾਂਗੜੀ ‘ਤੇ ਆਧਾਰਤ ਹੈ। ਅਸਲ ‘ਚ ਇਹ ਕਿਤਾਬ ‘ਪੰਜਾਬੀ ਬਾਤ ਚੀਤ’ ਅੰਗਰਜਾਂ ਨੂੰ ਪੰਜਾਬੀ ਲੋਕਾਂ ਦੀ ਜੀਵਨ-ਜਾਚ ਸਿਖਾਉਣ ਬਾਰੇ ਹੀ ਲਿਖੀ ਗਈ ਸੀ। ਇਹ ਕਿਤਾਬ ਖ਼ਾਸ ਤੌਰ ਤੇ ਅੰਗਰੇਜ਼ਾਂ ਨੂੰ ਸਥਾਨਕ ਬੋਲੀ ਨੂੰ ਸਮਝਣ ਵਿੱਚ ਮਦਦ ਕਰਨ ਲਈ ਲਿਖੀ ਗਈ ਸੀ। ਗੁਰਮੁਖੀ ਲਿਪੀ ਤੋਂ ਰੋਮਨ ਸਕਰਿਪਟ ਵਿੱਚ ਲਿਪੀਅੰਤਰ ਕੀਤੀ ਗਈ ਸ਼ਾਇਦ ਇਹ ਪਹਿਲੀ ਕਿਤਾਬ ਹੈ। ਸਭ ਤੋਂ ਜ਼ਰੂਰੀ ਤੱਥ ਇਹ ਕਿ ਉਸ ਸਮੇਂ ਪ੍ਰਬੰਧਕੀ ਸੇਵਾ ਵਿੱਚ ਦਾਖਲੇ ਲਈ ਇਸ ਕਿਤਾਬ ਦਾ ਅਧਿਐਨ ਕਰਨਾ ਜ਼ਰੂਰੀ ਸੀ।
ਪੰਜਾਬੀ ਭਾਸ਼ਾ ਲਈ ਉਨ੍ਹਾਂ ਦੀ ਸਾਹਿਤਕ ਦੇਣ ਤੋਂ ਇਲਾਵਾ ਹਿੰਦੀ ਭਾਸ਼ਾ ਵਿੱਚ ਉਹਨਾਂ ਦੀਆਂ ਲਿਖੀਆਂ ਬਹੁਤ ਰਚਨਾਵਾਂ ਹਨ। ਪਰ ਹਿੰਦੀ ਭਾਸ਼ਾ ਦੇ ਸਾਹਿਤ ਦੀ ਖੋਜ ਤੋਂ ਇਹ ਪੱਖ ਉਹਨਾਂ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਕਿ ਹਿੰਦੀ ਭਾਸ਼ਾ ਵਿੱਚ ਲਿਖਿਆ ਗਿਆ ਪਹਿਲਾ ਨਾਵਲ ‘ਭਾਗਿਆਵਤੀ’ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਹੀ ਲਿਖਿਆ ਹੋਇਆ ਹੈ। ਇਸ ਨਾਵਲ ਵਿੱਚ ਉਹਨਾਂ ਨੇ ਕਾਸ਼ੀ ਦੇ ਇੱਕ ਪੰਡਤ ਉਮਾਦੱਤ ਦੀ ਧੀ ਭਗਵਤੀ ਦੇ ਕਿਰਦਾਰ ਦੇ ਮਾਧਿਅਮ ਨਾਲ ਬਾਲ ਵਿਆਹ ਪ੍ਰਥਾ ‘ਤੇ ਚੋਟ ਕੀਤੀ ਹੈ। ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਮੌਤ ਤੋਂ ਬਾਅਦ 1888 ਵਿੱਚ ਛਪਿਆ ਇਹ ਨਾਵਲ ‘ਭਾਗਿਆਵਤੀ’ ਹਿੰਦੀ ਦੇ ਲੇਖਕ ‘ਸ੍ਰੀਨਿਵਾਸ’ ਦੇ ਲਿਖੇ ਨਾਵਲ ‘ਪ੍ਰੀਕਸਾ਼ ਗੁਰੂ’ ਜੋ ਕਿ 1902 ਵਿੱਚ ਲਿਖਿਆ ਗਿਆ ਸੀ ਨੂੰ ਵੀ ਮਾਤ ਦੇਕੇ ਹਿੰਦੀ ਭਾਸ਼ਾ ਦੇ ਪਹਿਲੇ ਨਾਵਲ ਹੋਣ ਦਾ ਮਾਣ ਖੱਟਦਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਡੀਨ ਅਤੇ ਵਿਭਾਗ ਦੇ ਮੁਖੀ ਡਾ. ਹਰਮਹਿੰਦਰ ਸਿੰਘ ਬੇਦੀ ਨੇ ਖੋਜ ਕਾਰਜ ਦੇ ਆਧਾਰ ਤੇ ਇਸ ਤੱਥ ਨੂੰ ਸਵੀਕਾਰਿਆ ਹੈ।
ਸਿੱਖ ਇਤਿਹਾਸ ਸਬੰਧਿਤ ਪੁਸਤਕਾਂ ਅਤੇ ਹਿੰਦੂ ਧਰਮ ਪ੍ਰਵਾਨਿਤ ਆਰਤੀ ਰਚਣ ਤੋਂ ਬਾਅਦ ਇਸਾਈਆਂ ਦੇ ਪਵਿੱਤਰ ਗ੍ਰੰਥ ਬਾਈਬਲ ਦੇ ਕੁਝ ਭਾਗਾਂ ਦਾ ਗੁਰਮੁਖੀ ਵਿੱਚ ਅਨੁਵਾਦ ਕਰਨ ਦਾ ਮਾਣ ਵੀ ਸ਼ਰਧਾ ਰਾਮ ਫਿਲੌਰੀ ਦੇ ਹਿੱਸੇ ਹੀ ਆਇਆ ਹੈ। 1881 ਈ. ਵਿੱਚ ਉਹਨਾਂ ਨੂੰ ਇੱਕ ਬਿਮਾਰੀ ਨੇ ਆ ਘੇਰਿਆ 24 ਜੂਨ ਦੇ ਦਿਨ ਫਿਲੌਰ ਵਿਖੇ ਹੀ ਉਹਨਾਂ ਦੀ ਮੌਤ ਹੋ ਗਈ।
ਹਿੰਦੀ,ਸੰਸਕ੍ਰਿਤ,ਉਰਦੂ ਤੇ ਪੰਜਾਬੀ ਭਾਸ਼ਾ ਦੇ ਸਾਹਿਤਕ ਮਹੌਲ ਵਿੱਚ ਜਿਊਂਦਿਆਂ ਸ਼ਰਧਾ ਰਾਮ ਫਿਲੌਰੀ ਨੇ ਆਪਣੀ ਕਲਮ ਚਲਾਈ। ਪੰਜਾਬੀ ਵਾਰਤਕ ਦੇ ਪਿਤਾਮਾ ਹੋਣ ਦਾ ਮਾਣ ਦਾ ਮਾਣ ਵੀ ਖੱਟਿਆ। ਓਮ ਜੈ ਜਗਦੀਸ਼ ਹਰੇ ਨਾਂ ਦੀ ਆਰਤੀ ਲਿਖਕੇ ਤਾਂ ਸ਼ਰਧਾ ਰਾਮ ਦਾ ਨਾਂ ਹਮੇਸ਼ਾਂ ਲਈ ਹੀ ਅਮਰ ਹੋ ਗਿਆ। ਸ਼ਰਧਾ ਰਾਮ ਫਿਲੌਰੀ ਵਾਰਤਕ ਵਿੱਚ ਸੱਚਮੁੱਚ ਟੱਕਰ ਦਾ ਉਸਤਾਦ ਸੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin