Articles Pollywood

ਪਰਦੇ ਪਿੱਛੇ ਦਾ ਤਕਨੀਕੀ ਕਲਾਕਾਰ ਤੇ ਸਹਾਇਕ ਨਿਰਦੇਸ਼ਕ ਹੁਣ ਬਣਿਆ ਨਿਰਦੇਸ਼ਕ

ਸਤਿੰਦਰ ਸਿੰਘ ‘ਦੇਵ’ ਪੰਜਾਬੀ ਸਿਨਮੇ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜਿਆ ਪਰਦੇ ਪਿੱਛੇ ਦਾ ਤਕਨੀਕੀ ਕਲਾਕਾਰ ਹੈ ਜਿਸਨੇ ਬਤੌਰ ਸਹਾਇਕ ਨਿਰਦੇਸ਼ਕ ਅਨੇਕਾਂ ਫ਼ਿਲਮਾਂ ਲਈ ਆਪਣਾ ਯੋਗਦਾਨ ਪਾਇਆ। ਸਤਿੰਦਰ ਦੇਵ ਨੇ ਰਵਿੰਦਰ ਪੀਪਟ, ਸਿਤਿਜ਼ ਚੌਧਰੀ ਅਤੇ ਸਮੀਪ ਕੰਗ ਵਰਗੇ ਸੁਲਝੇ ਹੋਏ ਨਿਰਦੇਸ਼ਕਾਂ ਨਾਲ ਕੰਮ ਕਰਕੇ ਆਪਣਾ ਗਿਆਨ ਵਧਾਇਆ ਹੈ। ਇੰਨੀ੍ ਦਿਨੀਂ ਸਤਿੰਦਰ ਦੇਵ ਬਤੌਰ ਨਿਰਦੇਸ਼ਕ ਆਪਣੀ ਪਲੇਠੀ ਪੰਜਾਬੀ ਫ਼ਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਲੈ ਕੇ ਆ ਰਿਹਾ ਹੈ। ਰੰਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਰਿਲੀਜ਼ ਹੋਵੇਗੀ। ਸਤਿੰਦਰ ਦੇਵ ਨੇ ਗੱਲਬਾਤ ਕਰਦਿਆਂ ਕਿਹਾ ਬਤੌਰ ਨਿਰਦੇਸ਼ਕ ਇਹ ਉਸਦੀ ਪਹਿਲੀ ਫ਼ਿਲਮ ਹੈ ਜੋ ਕਾਮੇਡੀ ਭਰਪੂਰ ਰੁਮਾਂਟਿਕ ਫ਼ਿਲਮ ਹੈ। ਇਸ ਫ਼ਿਲਮ ਦੀ ਕਹਾਣੀ ਸਾਡੇ ਸਮਾਜ ਦਾ ਹਿੱਸਾ ਹੈ ਜਿਸਨੂੰ ਬਹੁਤ ਹੀ ਖੂਬਸੁਰਤ ਤਰੀਕੇ ਨਾਲ ਪੇਸ਼ ਕੀਤਾ ਹੈ। ਅਕਸਰ ਵੇਖਿਆ ਗਿਆ ਹੈ ਕਿ ਆਮ ਜਿੰਦਗੀ ਵਿੱਚ ਲੋਕ ਕਿਸੇ ਦੇ ਕੱਦ, ਰੰਗ ਰੂਪ ਪਹਿਰਾਵੇ ਆਦਿ ਨੂੰ ਲੈ ਕੇ ਟਿੱਚਰ ਜਾਂ ਮਜ਼ਾਕ ਕਰਦੇ ਹਨ। ਇਸ ਰਾਹੀਂ ਵਿਖਾਇਆ ਗਿਆ ਹੈ ਕਿ ਕਿਸੇ ਵੀ ਇੰਨਸਾਨ ਦੀ ਪਛਾਣ ਉਸਦੇ ਗੁਣਾਂ ਤੋਂ ਹੁੰਦੀ ਹੈ ਨਾ ਕਿ ਕੱਦ ਕਾਠ ਜਾਂ ਉਸਦੀ ਸਰੀਰਕ ਦਿੱਖ ਤੋਂ..। ਇਸ ਫ਼ਿਲਮ ਦੀ ਕਹਾਣੀ ਇੱਕ ਮਧਰੇ ਕੱਦ ਦੇ ਬੰਦੇ ਅਧਾਰਤ ਹੈ।
ਆਪਣੇ ਕਲਾ ਸਫ਼ਰ ਬਾਰੇ ਗੱਲ ਕਰਦਿਆਂ ਸਤਿੰਦਰ ਸਿੰਘ ਦੇਵ ਨੇ ਕਿਹਾ ਕਿ ‘‘ਉਹ ਹਰਿਆਣਾ ਦੇ ਪ੍ਰਸਿੱਧ ਕੁਰਕੂਸ਼ੇਤਰ ਜਿਲ੍ਹੇ ਦੇ ਲਾਡਵਾਂ ਸ਼ਹਿਰ ਤੋਂ ਹੈ। ਫ਼ਿਲਮਾਂ ਵੱਲ ਆਉਣ ਤੋਂ ਪਹਿਲਾਂ ਕਾਲਜ ਪੜ੍ਹਦਿਆਂ ਪੰਜਾਬੀ ਸਿੰਗਰਾਂ ਹਰਭਜਨ ਮਾਨ, ਦਲੇਰ ਮਹਿੰਦੀ ਆਦਿ ਦੇ ਲਾਇਵ ਸ਼ੋਅ ਵੇਖਣ ਦਾ ਸ਼ੌਂਕ ਸੀ। ਉਸਦੇ ਪਿਤਾ ਸਵ ਰਣਜੀਤ ਸਿੰਘ ਜੀ ਕਿਸੇ ਵੇਲੇ ਰਾਜ ਕਪੂਰ ਦੇ ਬਹੁਤ ਵੱਡੇ ਫੈਨ ਸੀ। ਉਹ ਅਕਸਰ ਫ਼ਿਲਮੀ ਹਸਤੀਆਂ ਨੂੰ ਮਿਲਣ ਦੇ ਇਛੁੱਕ ਰਹੇ। ਪਿਤਾ ਜੀ ਵਾਂਗ ਇੱਕ ਵਾਰ ਹਰਭਜਨ ਮਾਨ ਦੇ ਸ਼ੋਅ ਦੌਰਾਨ ਮੈਂ ਵੀ ਰਵਿੰਦਰ ਪੀਪਟ ਜੀ ਨੂੰ ਮਿਲਿਆ ਜਿੰਨ੍ਹਾਂ ਤੋਂ ਪ੍ਰਭਾਵਿਤ ਹੁੰਦਿਆਂ ਮੈਂ ਵੀ ਫ਼ਿਲਮ ਖੇਤਰ ਵੱਲ ਆਉਣ ਦਾ ਮਨ ਬਣਾਇਆ ਤੇ ਉਨ੍ਹਾਂ ਨੂੰ ਆਪਣਾ ਉਸਤਾਦ-ਗੁਰੂ ਮੰਨ ਲਿਆ। ਉਨ੍ਹਾਂ ਮੈਨੂੰ ਫ਼ਿਲਮ ‘ਯਾਰਾਂ ਨਾਲ ਬਹਾਰਾਂ’ ਅਤੇ ‘ਵਾਰਿਸ ਸ਼ਾਹ’ ਫ਼ਿਲਮਾਂ ਵਿੱਚ ਬਤੌਰ ਟਰੇਨੀ ਸ਼ਾਮਿਲ ਕਰਕੇ ਫ਼ਿਲਮ ਖੇਤਰ ਨਾਲ ਜੋੜਿਆ। ਮੇਰੀ ਲਗਨ ਅਤੇ ਮੇਹਨਤ ਨੂੰ ਵੇਖਦਿਆਂ ਉਨ੍ਹਾਂ ਮੈਨੂੰ ਆਪਣੀ ਅਗਲੀ ਫ਼ਿਲਮ ਆਪਣੀ ਬੋਲੀ ਆਪਣਾ ਦੇਸ਼ ਵਿੱਚ ਬਤੌਰ ‘ਏ ਡੀ’ ਕੰਮ ਕਰਨ ਦਾ ਮੌਕਾ ਦਿੱਤਾ। ਉਸ ਤੋਂ ਬਾਅਦ ਰਵਿੰਦਰ ਪੀਪਟ ਜੀ ਨਾਲ ‘ਪੰਜਾਬ ਬੋਲਦਾ, ਵੈਲਕਮ ਟੂ ਪੰਜਾਬ, ਪਤਾ ਨੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ’ ਫ਼ਿਲਮਾਂ ਤੋਂ ਇਲਾਵਾ ਇੱਕ ਮੈਗਾ ਲੜੀਵਾਰ ‘ਜਿਊਰੀ ’ਵੀ ਕੀਤਾ, ਜਿਸਦੀਆਂ ਕਿਸ਼ਤਾਂ ਡੇਢ ਸਾਲ ਤੱਕ ਚੱਲੀਆਂ। ਰਵਿੰਦਰ ਪੀਪਟ ਜੀ ਤੋਂ ਬਹੁਤ ਕੁਝ ਸਿੱਖਿਆ ਜਿਸਦੀ ਬਦੌਲਤ ਪੰਜਾਬੀ ਸਿਨਮੇ ਦੇ ਨਾਮੀਂ ਨਿਰਦੇਸ਼ਕ ਸਿਤਿਜ਼ ਚੌਧਰੀ ਨਾਲ ਬਤੌਰ ਚੀਫ਼ ਅਸਿਸਟੈਟ ਯਾਰਾਂ ਓ ਦਿਲਦਾਰਾਂ ਕੀਤੀ ਫਿਰ ਸਮੀਪ ਕੰਗ, ਗਿੱਪੀ ਗਰੇਵਾਲ ਨਾਲ 30 ਤੋਂ ਵੱਧ ਫ਼ਿਲਮਾਂ ਕੀਤੀਆਂ। ਪੰਜਾਬੀ ਤੋਂ ਇਲਾਵਾ ਉਸਨੇ ਅਕਸ਼ੇ ਕੁਮਾਰ ਦੀ ਬਾਲੀਵੁੱਡ ਫ਼ਿਲਮ ‘ਸਿੰਘ ਇਜ਼ ਬਲਿੰਗ’ ਵੀ ਕੀਤੀ। ਇੰਡਸਟਰੀ ਦੇ ਹਰੇਕ ਨਿਰਦੇਸ਼ਕ ਤੋਂ ਉਸਨੇ ਹਮੇਸ਼ਾਂ ਸਿੱਖਿਆ ਹੀ ਹੈ। ਸੱਭ ਨੇ ਬਹੁਤ ਪਿਆਰ ਦਿੱਤਾ ਹੈ ਜਿੰਨ੍ਹਾ ਦੇ ਆਸ਼ੀਰਵਾਦ ਸਦਕਾ ਅੱਜ ਮੈਂ ‘ਮਾਹੀ ਮੇਰਾ ਨਿੱਕਾ ਜਿਹਾ’ ਫ਼ਿਲਮ ਨਾਲ ਡਾਇਰੈਕਟਰ ਵਜੋਂ ਕਰਨ ਦੇ ਕਾਬਲ ਹੋਇਆ ਹਾਂ। ਇਸ ਤੋਂ ਪਹਿਲਾਂ ਇੱਕ ਸ਼ਾਰਟ ਫ਼ਿਲਮ ‘ਇੱਕ ਹੋਰ ਜੰਨਤ ’ ਵੀ ਕੀਤੀ ਜਿਸਨੂੰ ਬਹੁਤ ਪਿਆਰ ਮਿਲਿਆ। ‘ਮਾਹੀ ਮੇਰਾ ਨਿੱਕਾ ਜਿਹਾ’ ਵੀ ਕਮਾਲ ਦੀ ਫ਼ਿਲਮ ਹੈ ਜੋ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ’’।
ਇਸ ਫ਼ਿਲਮ ਦਾ ਨਿਰਮਾਤਾ ਰੰਜੀਵ ਸਿੰਗਲਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਸਿਨਮੇ ਨਾਲ ਜੁੜਿਆ ਸਫ਼ਲ ਨਿਰਮਾਤਾ ਹੈ, ਜਿਸਨੇ ‘ਲਾਵਾਂ ਫੇਰੇ, ਮਿੰਦੋ ਤਸੀਲਦਾਰਨੀ, ਕੁੜੀਆਂ ਜਵਾਨ-ਬਾਪੂ ਪ੍ਰੇਸ਼ਾਨ’ ਅਤੇ ‘ਹੇਟਰਜ਼’ ਵਰਗੀਆਂ ਚੰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। ‘ਮਾਹੀ ਮੇਰਾ ਨਿੱਕਾ’ ਜਿਹਾ ਫ਼ਿਲਮ ਵੀ ‘ਰੰਜੀਵ ਸਿੰਗਲਾ’ ਪ੍ਰੋਡਕਸ਼ਨ ਦੇ ਬੈਨਰ ਵਲੋਂ ਬਣਾਈ ਗਈ ਹੈ। ਜੋ ਇਕ ਮਧਰੇ ਕੱਦ ਦੇ ਵਿਅਕਤੀ ਦੇ ਜੀਵਨ ਅਧਾਰਤ ਰੁਮਾਂਟਿਕ ਅਤੇ ਕਾਮੇਡੀ ਨਾਲ ਜੁੜੀ ਕਮਾਲ ਦੀ ਕਹਾਣੀ ਹੈ। ਫ਼ਿਲਮ ’ਚ ਪੁਖਰਾਜ ਭੱਲਾ, ਹਸ਼ਨੀਨ ਚੌਹਾਨ, ਜਸਵਿੰਦਰ ਭੱਲਾ, ਅਨੀਤਾ ਦੇਵਗਨ, ਸੀਮਾ ਕੌਸ਼ਲ, ਕਰਨਵੀਰ ਦਿਓਲ,ਸੁੱਖੀ ਚਹਿਲ, ਏਕਤਾ ਖੇੜਾ, ਹਨੀ ਮੱਟੂ, ਜੱਗੀ ਧੂਰੀ, ਅਸ਼ੋਕ ਪਾਠਕ, ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ‘ਜਗਦੇਵ ਸੇਖੋਂ’ ਨੇ ਲਿਖੀ ਹੈ। ਸਕਰੀਨਪਲੇਅ ਅਮਨ ਸਿੱਧੂ ਤੇ ਸੰਵਾਦ ਭਿੰਦੀ ਤੋਲਾਵਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਇਸ ਫ਼ਿਲਮ ਦੇ ਨਿਰਮਾਤਾ ਰੰਜੀਵ ਸਿੰਗਲਾ ਹਨ ਤੇ ਰਾਜੇਸ਼ ਗੋਇਲ,ਨਵਨੀਤ ਗੋਇਲ, ਅੰਕਿਤ ਜਿੰਦਲ ਅਤੇ ਐਡਵੋਕੇਟ ਰਮਨ ਗੋਇਲ ਸਹਿ ਨਿਰਮਾਤਾ ਹਨ। ਇਸ ਫ਼ਿਲਮ ਦੇ ਐਗਜ਼ੀਕਿਊਟਿਰ ਪ੍ਰੋਡਿਊਸਰ ਤੇ ਰਾਜਿੰਦਰ ਕੁਮਾਰ ਗਗਾਹਰ ਤੇ ਇੰਦਰ ਬਾਂਸਲ ਕਰੇਟਿਵ ਪ੍ਰੋਡਿਊਸਰ ਹਨ। ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜੋ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਆਸ ਕਰਦੇ ਹਾਂ ਕਿ ਸਤਿੰਦਰ ਦੇਵ ਦਾ ਨਿਰਦੇਸ਼ਨ ਦੇ ਖੇਤਰ ਵਿੱਚ ਰੱਖਿਆ ਕਦਮ ਉਸਨੂੰ ਸਫ਼ਲਤਾ ਦੀਆਂ ਮੰਜਲਾਂ ਵੱਲ ਲੈ ਕੇ ਜਾਵੇਗਾ।

Related posts

ਮੂਸੇਵਾਲਾ ਦੇ ‘ਐਸ ਵਾਈ ਐਲ’ ਗੀਤ ਕਾਰਣ ਸਰਕਾਰਾਂ ‘ਚ ਘਬਰਾਹਟ !

editor

ਭਾਰਤ ਦੀ ਦੂਜੀ ਪੁਰਾਣੀ ਪਾਰਟੀ ਅਕਾਲੀ ਦਲ ਦਾ ਪੁਨਰਗਠਨ, ਚਿੰਤਾ ਅਤੇ ਭਵਿੱਖ !

admin

ਸੋਚਣ ਵਾਲੀ ਮਸ਼ੀਨ ਤੋਂ ਇਨਸਾਨ ਨੂੰ ਖ਼ਤਰਾ !

editor