Poetry Geet Gazal

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

ਇਹ ਜਿੰਦਗੀ ਏ ਆਖਿਰ 
ਇਹ ਜਿੰਦਗੀ ਏ ਆਖਿਰ ਇਹਨੂੰ ਜਿਊਣਾ ਸੌਖਾ ਤਾਂ ਨਹੀਂ
ਭੱਜ ਜਾਣ ਨੂੰ ਮਨ ਨਹੀਂ ਮੰਨਿਆ ਭਾਵੇਂ  ਬਹੁਤਾ ਅੌਖਾ ਤਾਂ ਨਹੀਂ
ਅੌਕੜਾਂ ਨਾਲ ਵੀ ਭਿੜਾਂਗਾ ਪਤਝੜ ਵਿੱਚ  ਵੀ ਖਿੜਾਂਗਾ
ਭਾਵੇਂ  ਮੈਨੂੰ  ਦਿੱਤਾ ਕਿਸੇ ਨੇ ਮੌਕਾ ਤਾਂ ਨਹੀ
ਇਹ ਜਿੰਦਗੀ ਏ ਆਖਿਰ ਇਹਨੂੰ ਜਿਊਣਾ ਸੌਖਾ ਤਾਂ ਨਹੀਂ
ਆਪਣਿਆਂ ਲਈ ਆਪਣੇ ਹੁਣ ਰਹਿ ਗਏ ਨਾ ਆਪਣੇ
ਅੌਖੇ ਹੋ ਗਏ ਰਾਜ਼ ਡੂੰਘੇ ਦਿਲਾਂ ਵਿੱਚੋਂ ਨਾਪਣੇ
ਛੱਡ ਦੁਨੀਆਂ ਦਾ ਦਸਤੂਰ ਬਣ ਗਿਆ ਕੁਝ ਅਨੋਖਾ ਤਾਂ ਨਹੀਂ
ਇਹ ਜਿੰਦਗੀ ਏ ਆਖਿਰ ਇਹਨੂੰ ਜਿਊਣਾ ਸੌਖਾ ਤਾਂ ਨਹੀਂ
ਮੈਂ ਬੋਲਿਆ ਤਾਂ ਕਹਿਰ ਲੱਗੂ ਹੱਕ ਮੰਗਿਆ ਤਾਂ ਜਹਿਰ ਲੱਗੂ
ਕਹਿੰਦੇ ਤੂੰ ਇਹਦਾ ਕੀ ਲੱਗਦਾ ਹੋ ਚੱਲਿਆ ਕਿਤੇ ਧੋਖਾ ਤਾਂ ਨਹੀਂ
ਇਹ ਜਿੰਦਗੀ ਏ ਆਖਿਰ ਇਹਨੂੰ ਜਿਊਣਾ ਸੌਖਾ ਤਾਂ ਨਹੀਂ
ਮਸਾਂ ਪੁੰਘਰ ਰਹੇ ਨੂੰ ਮੇਰੇ ਆਪਣਿਆ ਨੇ ਈ ਦਬਾ ਦਿੱਤਾ
ਅੱਖ ਓੁੱਘੜ ਈ  ਰਹੀ ਸੀ ਕਿ ਮੈਨੂੰ  ਫੇਰ ਸੁਆ ਦਿੱਤਾ
ਦੁੱਖ ਲਿਖਣ ਵਿੱਚ ਹਰਜ਼ ਨਹੀਂ  ਕੋਈ ਗਲੀਏਂ ਦਿੱਤਾ ਹੋਕਾ ਤਾਂ ਨਹੀਂ
ਇਹ ਜਿੰਦਗੀ ਏ ਆਖਿਰ ਇਹਨੂੰ ਜਿਊਣਾ ਸੌਖਾ ਤਾਂ ਨਹੀਂ
ਤੂੰ “ਸੰਧੂਆ” ਲੱਖ ਕਰਲਾ ਰੋਸੇ ਸੁਣਨ ਵਾਲਾ ਵੀ ਜੇ ਤੈਨੂੰ ਈ ਕੋਸੇ
ਲੇਖਾਂ ਵਿੱਚ ਬਰਸਾਤਾਂ ਨਹੀਂ ਫਿਰ ਰੋ ਕੇ ਟੁੱਟਣਾ ਸੋਕਾ ਤਾਂ  ਨਹੀਂ
ਇਹ ਜਿੰਦਗੀ ਏ ਆਖਿਰ ਇਹਨੂੰ ਜਿਊਣਾ ਸੌਖਾ ਤਾਂ ਨਹੀਂ ।
———————00000———————
ਹੇਠਲੀ ਓਤਾਂਹ
ਜੱਗੋਂ ਹੋ ਜੇ ਤੇਰਵੀਂ ਜੇ ਹੇਠਲੀ ਓਤਾਂਹ ਹੋਜੇ
ਰੜਿਆਂ ‘ਤੇ ਬੈਠਿਆਂ ਦੇ ਸਿਰਾਂ ਓੁੱਤੇ ਛਾਂ ਹੋਜੇ
ਕੱਲ ਦਿਆਂ ਜੰਮਿਆ ਨੂੰ ਮਿਲ ਗਏ ਰਾਜ ਵੇਖੋ
ਖੋਹ ਲਏ ‘ਗਰੀਬਾਂ’ ਨੇ ਰਾਜਿਆਂ ਤੋਂ ਤਾਜ ਵੇਖੋ
ਖੁਦ ਨੂੰ ਗਰੀਬ ਆਖ ਪੈਰਾਂ ਦੇ ਸੀ ਵਿੱਚ ਬਹਿੰਦੇ
ਨਾਮ ਲੈਕੇ ਦੱਸੋ ਅਸੀਂ ਸਾਰਾ ਈ ਕੁਝ ਕਰ ਲੈਂਦੇ
ਓਹਨਾਂ ਨੂੰ ਵੀ ਲੋਕਾਂ ਦੀ ਕਚਹਿਰੀ ਵਿੱਚੋਂ ਨਾਂਹ ਹੋਜੇ
ਜੱਗੋਂ ਹੋ ਜੇ ਤੇਰਵੀਂ ਜੇ ਹੇਠਲੀ ਓਤਾਂਹ ਹੋਜੇ
ਦਿੱਲੀ ਦਿਆਂ ਹਾਕਮਾਂ ਦਾ ਸਿਰ ਜੋ ਨਿਵਾ ਕੇ ਮੁੜੇ
ਜਮਾਨਤਾਂ ਬਚਾਉਣ ਜੋਗੀ ਓਹਨਾਂ ਨੂੰ ਨਾ ਵੋਟ ਜੁੜੇ
ਨੀਲੀ ਸਿਰ ਬੰਨੀ ਕੰਮ ਓਹਦਾ ਕਾਲਾ ਕਹਿੰਦੇ
ਚਿੱਟੇ ਦਾ ਵਪਾਰੀ ਕੀਹਨੂੰ ਕੀਹਦਾ ਸਾਲਾ ਕਹਿੰਦੇ
ਰੇਤੇ ਦਿਆਂ ਫੱਕਿਆਂ ਤੋਂ ਕਿੰਨੇ ਸੌ ਕਰੋੜ ਖਾਧੇ
ਜੇਬਾਂ ਵਿੱਚ ਕੈਸ਼ ਲੋਕਾਂ ਹੱਥ ਖਾਲੀ ਵਾਅਦੇ
ਔਖਾ ਹੁੰਦਾ ਭੱਜਣਾ ਜੇ ਈਡੀ ਹੱਥ ਬਾਂਹ ਹੋਜੇ
ਜੱਗੋਂ ਹੋ ਜੇ ਤੇਰਵੀਂ ਜੇ ਹੇਠਲੀ ਓਤਾਂਹ ਹੋਜੇ
ਕਾਗਜ਼ਾਂ ਦੀ ਹਿੱਕ ਉੱਤੇ ਲਿਖੀ ਚੱਲ ਠੋਕ ਕੇ
‘ਸੰਧੂਆ’ ਤੂੰ ਜਾਨ ਭੱਠੀ ਸੱਚ ਵਾਲੀ ਝੋਕ ਕੇ
ਮਰ ਕੇ ਜਿਓਣ ਵਾਲੇ ਸ਼ਾਇਰਾਂ ਵਿੱਚ ਨਾਂ ਹੋਜੇ
ਜੱਗੋਂ ਹੋ ਜੇ ਤੇਰਵੀਂ ਜੇ ਹੇਠਲੀ ਓਤਾਂਹ ਹੋਜੇ
ਰੜਿਆਂ ‘ਤੇ ਬੈਠਿਆਂ ਦੇ ਸਿਰਾਂ ਓੁੱਤੇ ਛਾਂ ਹੋਜੇ।

———————00000———————

ਘਰ ਦੀਆਂ ਸਾਝਾਂ
ਸਾਡੇ ਘਰ ਦੀਆਂ ਸਾਝਾਂ ਕੈਸੀਆਂ ਹੋਵਣ
ਪੀਢੀਆਂ ਪੱਕੀਆਂ ਓਹ ਸਿਖਰਾਂ ਛੋਹਣ
ਦੁਨੀਆਂ ਲਈ ਮਿਸਾਲ ਬਣੇ ਸੋਭਾ ਢੋਵਣ
ਸਾਡੇ ਘਰ ਦੀਆਂ ਸਾਝਾਂ ਐਸੀਆਂ ਹੋਵਣ।
ਦੋ ਚੁੱਲੇ ਇੱਕੋ ਥਾਂ ਪੀਤੀ ਜਾਂਦੀ ਚਾਹ ਹੋਵੇ
ਦੋ ਘਰੀਂ ਇੱਕ ਸਾਂਝਾ ਨਿਕਲਦਾ ਰਾਹ ਹੋਵੇ
ਚਾਚੀਆਂ ਤਾਈਆਂ ਇੱਕੋ ਥਾਂ ਤੇਲ ਚੋਵਣ
ਸਾਡੇ ਘਰ ਦੀਆਂ ਸਾਂਝਾ ਐਸੀਆਂ ਹੋਵਣ।
ਵੰਡੀਆਂ ਦੇ ਦਰਦ ਕਿਸ ਨਹੀਂ ਹੰਡਾਓਣੇ
ਹੱਥ ਆਵਦੇ ਕਿਸ ਤਰਾਂ ਦੇ ਪੂਰਨੇ ਪਾਓਣੇ
ਪਿਓ ਚਾਚੇ ਦੇ ਸ਼ਿਕਵੇ ਪੁੱਤ ਰਲ ਕੇ ਧੋਵਣ
ਸਾਡੇ ਘਰ ਦੀਆਂ ਸਾਂਝਾਂ ਐਸੀਆਂ ਹੋਵਣ।
ਤੀਵੀਆਂ ਨੂੰ ਬੋਲਣ ਦੀ ਪੂਰੀ ਪੂਰੀ ਖੁੱਲ ਹੋਵੇ
ਮਰਿਆਦਾ ਰੁਲਜੇ ਐਸੀ ਵੀ ਨਾ ਭੁੱਲ ਹੋਵੇ
ਬਣਦਾ ਮਾਨ ਮਿਲੇ ਨਾ ਕਰਮਾਂ ਨੂੰ ਰੋਵਣ
ਸਾਡੇ ਘਰ ਦੀਆਂ ਸਾਂਝਾਂ ਐਸੀਆਂ ਹੋਵਣ।
‘ਸੰਧੂਆ’ ਤੇਰੇ ਘਰ ਨੂੰ ਲਾ ਤੀ ਨਜ਼ਰ ਕੀ ਲੋਕਾਂ ਨੇ
ਸਕਿਆਂ ਦਾ ਮੋਹ ਮਾਨਣ ਤੋਂ ਸਕਿਆਂ ਵੱਲੋਂ ਰੋਕਾਂ ਨੇ
ਪੁੱਤ ਫਸਲ ਨਾਂ ਵੱਢਦੇ ਪਿਆਰ ਵਾਲੀ
ਜੇ ਮਾਪੇ ਈ ਵੱਖਰਾ ਬੀਜ ਬੀਜਣ
ਸਾਡੇ ਘਰ ਦੀਆਂ ਸਾਂਝਾਂ ਕੈਸੀਆਂ ਹੋਵਣ

ਪੀਢੀਆਂ ਪੱਕੀਆਂ ਤੇ ਸਿਖਰਾਂ ਛੋਹਣ…।

———————00000———————

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਤਰਲੋਚਨ ਸਿੰਘ ‘ਦੁਪਾਲ ਪੁਰ’, ਅਮਰੀਕਾ

admin