Articles Culture

ਲੰਬੀ ਹੇਕ ਦਾ ਧਨੀ ਸੁਰਜੀਤ ਬਿੰਦਰੱਖੀਆ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਪੰਜਾਬੀ ਸਭਿਆਚਾਰ ਇਕ ਅਮੀਰ ਵਿਰਸਾ ਹੈ। ਪੰਜਾਬੀ ਮਾਂ ਬੋਲੀ ਵਿਚ ਗਿੱਧਾ,ਭੰਗੜਾ, ਜਾਗੋ , ਮਾਹੀਆ, ਟੱਪੇ, ਕੋਕਾ, ਛੱਲਾ ਆਦਿ ਪੰਜਾਬੀ ਲੋਕ ਬੜੇ ਖੁਸ਼ ਹੋ ਕੇ ਗਾਉਂਦੇ ਅਤੇ ਸੁਣਦੇ ਹਨ। ਪੰਜਾਬੀ ਸਭਿਆਚਕ ਗੀਤ ਲਾ ਕੇ ਅਤੇ ਢੋਲ ਦੇ ਡੱਗੇ ਤੇ ਭੰਗੜਾ ਪਾਉਣਾ ਵੀ ਪੰਜਾਬੀਆਂ ਦਾ ਵੱਖਰਾ ਸੌਂਕ ਹੈ। ਪੰਜਾਬੀਆਂ ਦੇ ਇਸ ਸੌਂਕ ਨੂੰ ਪੂਰਾ ਕਰਨ ਲਈ ਮਾਲਵੇ ਦੀ ਧਰਤੀ ਤੇ ਇਕ ਕਲਾਕਾਰ ਨੇ ਜਨਮ ਲਿਆ ਸੀ। ਜਿਸ ਦਾ ਨਾਮ ਸੁਰਜੀਤ ਬਿੰਦਰੱਖੀਆ ਹੈ। ਇਸ ਨੂੰ ਡੀ ਜੇ ਕਿੰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਸੁਰਜੀਤ ਬਿੰਦਰੱਖੀਏ ਦਾ ਜਨਮ 15 ਅਪਰੈਲ 1962 ਨੂੰ ਪਿਤਾ ਸੁੱਚਾ ਸਿੰਘ ਬੈਂਸ ਦੇ ਘਰ  ਮਾਤਾ ਗੁਰਚਰਨ ਕੌਰ ਦੀ ਕੁੱਖੋਂ ਪਿੰਡ ਬਿੰਦਰੱਖ ਜ਼ਿਲ੍ਹਾ ਰੋਪੜ ਵਿੱਖੇ ਹੋਇਆ। ਸੁਰਜੀਤ ਬਿੰਦਰੱਖੀਆ ਚਾਰ ਭੈਣਾਂ ਦਾ ਇਕੱਲਾ ਭਰਾ ਸੀ। ਇਸ  ਨੇ ਪ੍ਰਇਮਰੀ ਸਕੂਲ ਦੀ ਪੜ੍ਹਾਈ  ਪਿੰਡ ਤੋਂ ਪਾਸ ਕਰਕੇ ਦਸਵੀਂ ਪਰਖਾਲੀ ਪਿੰਡ ਤੋਂ ਪਾਸ ਕੀਤੀ। ਉਪਰਲੀ ਪੜ੍ਹਾਈ ਰੋਪੜ, ਅਨੰਦਪੁਰ ਸਾਹਿਬ,  ਸੰਘੇੜਾ ਦੇ ਕਾਲਜਾਂ ਤੋਂ ਪ੍ਰਾਪਤ ਕੀਤੀ।ਇਸ ਦੇ ਪਿਤਾ ਮੰਨੇ ਪ੍ਰਮੰਨੇ ਪਹਿਲਵਾਨ ਸਨ।ਉਹਨਾਂ ਦੀ ਸੋਚ ਸੀ ਸੁਰਜੀਤ ਨੂੰ ਵੀ ਇਸ ਖੇਤਰ ਵਿਚ ਲਿਆ ਕੇ ਪਹਿਲਵਾਨ ਬਣਾਇਆ ਜਾਵੇ ਇਸ ਨੂੰ ਪਹਿਲਵਾਨੀ ਦੀ ਚੇਟਕ ਲੱਗ ਗਈ ਪਹਿਲਵਾਨੀ ਦੇ ਅਖਾੜਿਆਂ ਵਿੱਚ ਜਾ ਕੇ ਇਨਾਮ ਜਿੱਤਣ ਲੱਗਾ ਪਰ ਛੇਤੀ ਹੀ ਇਸ ਸੌਂਕ ਨੂੰ ਛੱਡ ਗਿਆ।
ਸੁਰਜੀਤ ਸਕੂਲ ਕਾਲਿਜ ਟਾਇਮ ਪੜ੍ਹਨ ਸਮੇ ਭੰਗੜਾ ਪਾਉਣ ਦੇ ਨਾਲ ਨਾਲ ਭੰਗੜੇ ਵਿੱਚ ਬੋਲੀਆਂ ਵੀ ਪਾਉਂਦਾ ਸੀ। ਇਹ ਰੁੱਚੀ ਇਸ ਨੂੰ ਗਾਇਕੀ ਦੇ ਖੇਤਰ ਵਿਚ ਅਜਿਹਾ ਲੈ ਕੇ ਆਈ ਇਸ ਨੇ  ਗਾਇਕੀ ਨੂੰ ਕਿੱਤੇ ਵਜੋਂ ਅਪਣਾ ਲਿਆ। ਸੁਰਜੀਤ ਬਿੰਦਰੱਖੀਏ ਨੇ ਆਪਣਾ ਉਸਤਾਦ ਸੰਗੀਤਕਾਰ ਅਤੁੱਲ ਸ਼ਰਮੇ ਨੂੰ  ਧਾਰ ਲਿਆ।
ਸੁਰਜੀਤ ਬਿੰਦਰੱਖੀਆ  ਸਟੇਜ ਪ੍ਰੋਗਰਾਮ ਕਰਨ ਸਮੇ ਰੰਗਦਾਰ ਕੁੜਤਾ ਚਾਦਰਾ ਪਾ ਕੇ ਸਿਰ ਤੇ ਕੁੜਤੇ ਚਾਦਰੇ ਨਾਲ ਦੀ ਨੋਕਦਾਰ ਪੇਚਾਂ ਵਾਲੀ ਪੱਗ ਬੰਨ ਕੇ ਗਾਉਂਦਾ ਸੀ। ਉਸ ਦੀ ਪੱਗ ਦੀ ਨੋਕ ਉਪਰ ਇਕ ਸਟਾਰ ਲੱਗਿਆ ਹੁੰਦਾ ਸੀ ਜੋ ਉਸ ਦੀ ਵੱਖਰੀ ਪਛਾਣ ਬਣਾਉਂਦਾ ਸੀ। ਕਦੇ ਕਦੇ ਉਹ ਨੋਕਦਾਰ ਪੱਗ ਦੀ ਥਾਂ ਤੁਰਲੇ ਵਾਲੀ ਪੱਗ ਵੀ ਬੰਨ ਲੈਂਦਾ ਸੀ।
ਇਸ ਦੇ ਪਿਤਾ ਦੀ ਪਛਾਣ ਸੁੱਚਾ ਸਿੰਘ ਬਿੰਦਰੱਖ ਦੇ ਨਾਮ ਨਾਲ ਬਣੀ ਹੋਣ ਕਰਕੇ  ਸੁਰਜੀਤ ਨੇ ਵੀ ਆਪਣੇ ਨਾਮ ਦੇ ਮਗਰ ਬਿੰਦਰੱਖੀਆ ਲਗਾ ਕੇ ਸਰੋਤਿਆਂ ਦਾ ਹਰਮਨ ਪਿਆਰਾ ਸੁਰਜੀਤ ਬਿੰਦਰੱਖੀਆ ਬਣ ਗਿਆ ਸੀ।
1982 ਵਿੱਚ ਏਸ਼ੀਅਨ ਖੇਡਾਂ ਦਿੱਲੀ ਵਿਖੇ ਹੋਈਆਂ ਉਹਨਾਂ ਵਿੱਚ ਪੰਮੀ ਬਾਈ ਦੀ ਪ੍ਰੇਰਨਾਂ ਸਦਕਾ ਅਜਿਹੀਆਂ ਬੋਲੀਆਂ ਪਾਈਆਂ ਸਰੋਤਿਆਂ ਦੇ ਦਿਲ ਜਿੱਤ ਲਏ ਲੋਕੀ ਪੁੱਛਣ ਲਗ ਪਏ ਇਹ ਕੌਣ ਹੈ? 1988 ਵਿੱਚ ਚੰਡੀਗ੍ਹੜ ਟੈਗੋਰ ਥਾਈਟਰ ਵਿੱਚ ਬਿੰਦਰੱਖੀਆ ਨਾਈਟ  ਸ਼ੌਅ ਹੋਇਆ ਉਸ ਵਿੱਚ ਬਿੰਦਰੱਖੀਏ ਦੀ ਵੱਖਰੀ ਆਵਾਜ਼ ਨੇ ਸਰੋਤੇ ਕੀਲ ਲਏ।
ਮੈਂ ਇਹ ਗੱਲ ਲਿਖਦਾ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹਾਂ ਸਾਡੇ ਪਿੰਡ ਮੁੱਲਾਂਪੁਰ ਦਾਖਾ ਦੇ ਬੇਟ ਏਰੀਏ ਵਿੱਚ ਸੰਧੂ ਪਰੀਵਾਰਾਂ ਨਾਲ ਸਬੰਧ ਰੱਖਣ ਵਾਲੇ ਦੋ ਮਹਾਨ ਗੀਤਕਾਰਾਂ ਨੇ ਜਨਮ ਲਿਆ ਸਵਰਗੀ ਦੀਦਾਰ ਸੰਧੂ ਅਤੇ ਸਮਸ਼ੇਰ ਸੰਧੂ! ਸਮਸ਼ੇਰ ਸੰਧੂ ਸਿੱਧਵਾਂ ਬੇਟ ਕੋਲ ਪਿੰਡ ਮਦਾਰਪੁਰੇ ਦਾ ਹੈ। ਸਮਸ਼ੇਰ ਸੰਧੂ ਦੀ ਕਲਮ ਵਿੱਚ ਕਲਾ ਦਾ ਜਾਦੂ ਹੈ। ਸਮਸ਼ੇਰ ਸੰਧੂ ਨੂੰ ਇੱਕ ਅਜਿਹੀ ਆਵਾਜ਼ ਦੀ ਲੋੜ ਸੀ ਜੋ ਉਸ ਦੀ ਕਲਮ ਦੇ ਜਾਦੂ ਨੂੰ ਸਿਰ ਚੜ੍ਹ ਕੇ ਬੁਲਾ ਦੇਵੇ। ਇਹ ਆਵਾਜ਼ ਉਸ ਨੂੰ ਟੈਗੋਰ ਥਾਏਟਰ ਵਿੱਚ ਉਚੇਚੇ ਤੌਰ ਤੇ ਲੱਭਣ ਗਏ ਨੂੰ ਬਿੰਦਰੱਖੀਆ ਨਾਈਟ ਸ਼ੋਅ ਵਿਚੋਂ ਬਿੰਦਰੱਖੀਏ ਦੀ ਆਵਾਜ਼ ਮਿਲ ਗਈ !
ਸੁਰਜੀਤ ਬਿੰਦਰੱਖੀਅਾ ਦਾ ਕਹਿਣਾ ਸੀ ਮੈਂ ਜਿਸ ਮੁਕਾਮ ਤੇ ਪਹੁੰਚਿਅਾ ਹਾਂ ੲਿਸ ਮੁਕਾਮ ਤੇ ਸ਼ਮਸ਼ੇਰ ਸੰਧੂ ਦੀ ਬਦੌਲਤ ਹੀ ਪਹੁੰਚਿਅਾ ਹਾਂ ਕਲਾਕਾਰ ਫਿਲਮਾਂ ਤੱਕ ਆਪਣਾ ਨਾਮ ਬਣਾ ਕੇ ਪਹੁੰਚਦੇ ਹਨ ਪਰ ਮੈਨੂੰ ਮੇਰੇ ਗੀਤਾਂ ਦੀ ਰਿਕਾਡਿੰਗ ਤੋਂ ਪਹਿਲਾ ਹੀ ਸ਼ਮਸ਼ੇਰ ਸੰਧੂ ਫਿਲਮਾਂ ਵਿੱਚ ਲੈ ਆਇਆ।’ਅੱਣਖ ਜੱਟਾ ਦੀ ‘ ਫਿਲਮ ਦਾ ਟਾਈਟਲ ਗੀਤ ਸ਼ਮਸ਼ੇਰ ਸੰਧੂ ਦਾ ਲਿਖਿਆ  ਅਤੇ ਮੇਰਾ ਗਾਇਆ ਹੋਇਆ ਹੈ।
ਗੀਤ ਦੇ ਬੋਲ……
ਬਾਣੀਏ ਨੇ ਜੱਟ ਢਾਅ ਲਿਆ
ਲੋਕੀ ਦੇਖਦੇ ਤਮਾਸ਼ਾ ਖੜਕੇ
ਜੱਟ ਕਹਿੰਦਾ ਉਠ ਲੈਣ ਦੇ…
ਅਪਰੈਲ 1990 ਵਿੱਚ ਬਿੰਦਰੱਖੀਏ ਦਾ ਵਿਆਹ ਪ੍ਰੀਤ ਕਮਲ ਨਾਲ ਹੋਇਆ।ਇਹਨਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਬੇਟੀ ਮਨਾਜ ਅਤੇ ਬੇਟਾ ਗਿਤਾਜ ਬਿੰਦਰੱਖੀਆ ਜੋ ਵਧੀਆ ਗਾਇਕ ਹੈ।
ਸੁਰਜੀਤ ਬਿੰਦਰੱਖੀਏ ਦੀ ਪਹਿਲੀ ਕੈਸਿਟ ‘ਮੁੰਡਾ ਕੀ ਮੰਗਦਾ’ 1990 ਵਿਚ ਰਿਕਾਰਡ ਹੋਈ ਅਤੇ 1991 ਵਿਚ ਰਿਲੀਜ਼ ਹੋ ਕੇ  ਮਾਰਕੀਟ ਵਿੱਚ ਆਈ। ਉਸ ਕੈਸਿਟ ਦੇ ਸਾਰੇ  ਗੀਤ ਵਧੀਆ ਹਨ। ਉਸ ਕੈਸਿਟ ਦਾ ਇੱਕ ਗੀਤ ਟੀ. ਵੀ. ਤੇ ਆਉਣ ਕਰਕੇ ਸਰੋਤਿਆਂ ਦੀ ਜ਼ੁਬਾਨ ਤੇ ਬਹੁਤ ਜਿਆਦਾ ਚੜ੍ਹ ਗਿਆ ਸੀ…
ਇਥੇ ਮੇਰੀ ਨੱਥ ਡਿੱਗ ਪਈ…
ਨਿਉਂ ਕੇ ਵੇਖੀ ਜਵਾਨਾ…
ਬਿੰਦਰੱਖੀਏ ਨੇ ਜਿਆਦਾ ਗੀਤ ਸ਼ਮਸ਼ੇਰ ਸੰਧੂ ਦੇ ਲਿਖੇ ਹੀ ਗਾਏ ਉਹ ਗੀਤ ਲਿਖ ਕੇ ਦੇਈ ਗਿਆ ਬਿੰਦਰੱਖੀਆ ਗਾਈ ਗਿਆ ਅਤੁੱਲ ਸ਼ਰਮਾ ਗੀਤਾਂ ਨੂੰ ਸੁਰਾਂ ਨਾਲ ਸ਼ਿੰਗਾਰੀ ਗਿਆ। ਜਿੰਨਾਂ ਚਿਰ ਬਿੰਦਰੱਖੀਏ ਦੀਆਂ ਕੈਸੇਟਾਂ ਮਾਰਕੀਟ ਵਿਚ ਆਉਂਦੀਆ ਰਹੀਆ ਉਨਾਂ ਚਿਰ ਗਾਇਕੀ ਦੇ ਖੇਤਰ ਵਿੱਚ ਤਿੰਨਾਂ ਦਾ ਨਾਮ ਇਕੋ ਸੰਗਲ ਦੀਆਂ ਮਜਬੂਤ ਕੜੀਆਂ ਬਣ ਕੇ ਸਿਖਰ ਤੇ ਰਿਹਾ।
ਸਮਸ਼ੇਰ ਸੰਧੂ ਦਾ ਕਹਿਣਾ ਹੈ ਸੁਰਜੀਤ ਬਿੰਦਰੱਖੀਏ ਨੂੰ ਗੀਤਾਂ ਦੀ ਰਿਕਾਰਡਿੰਗ ਵੇਲੇ ਬਹੁਤੀ ਮਿਹਨਤ ਨਹੀ ਸੀ ਕਰਨੀ ਪੈਂਦੀ ਕਿਉਂਕੇ ਗਾੲਿਕੀ ਉਸ ਨੂੰ ਰੱਬ ਕੋਲੋ ਮਿਲੀ ਕੁਦਰਤੀ ਦਾਤ ਸੀ। ਬਿੰਦਰੱਖੀਏ ਕੋਲ ਪ੍ਰੋਗਰਾਮਾ ਦੀ ਬੁਕਿੰਗ ਬਹੁਤ ਜਿਆਦਾ ਰਹਿੰਦੀ ਸੀ ਇਸ ਕਰਕੇ ਰਿਕਾਡਿੰਗ ਕਰਵਾੳਣ ਦਾ ਟਾਇਮ  ਨਹੀ ਹੁੰਦਾ ਸੀ ਫਿਰ ਮੈਂ ਅਤੇ ਅਤੁੱਲ ਸ਼ਰਮੇ ਨੇ ਗੀਤਾਂ ਦੇ ਹਿਸਾਬ ਨਾਲ ਸੰਗੀਤ ਤਿਆਰ ਕਰ ਲੈਣਾ ਬਿੰਦਰੱਖੀਏ ਨੂੰ ਤਾਂ ਸਿਰਫ ਆਵਾਜ਼ ਡੱਬ ਕਰਨ ਵੇਲੇ ਹੀ ਬੁਲਾਇਆ ਜਾਂਦਾ ਸੀ। ਕਈ ਕਲਾਕਾਰਾਂ ਕੋਲੋ ਇਕ ਦਿਨ ਵਿਚ ਇਕ ਗੀਤ ਹੀ ਡੱਬ ਹੁੰਦਾ ਹੈ।ਕਈ ਕਲਾਕਾਰ ਇਕ ਗੀਤ ਡੱਬ ਕਰਵਾਉਣ ਨੂੰ ਦੋ ਤਿੰਨ ਦਿਨ ਲਗਾ ਦਿੰਦੇ ਹਨ। ਬਿੰਦਰੱਖੀਏ ਕੋਲ ਗਾਉਣ ਲਈ ਦਮ (ਸਾਹ) ਦੀ ਸਮਰੱਥਾ ਇਤਨੀ ਸੀ ਉਹ ਸੱਤ ਅੱਠ ਗੀਤ ਇਕੋ ਸ਼ਿਫਟ ਵਿਚ ਡੱਬ ਕਰਵਾ ਦਿੰਦਾ ਸੀ। ਉਸ ਦੀ  ਸਮਰੱਥਾ ਦਾ ਇਕ ਰਾਜ ੲਿਹ ਵੀ ਸੀ ਉਹ ਆਪਣੇ ਪਿਤਾ ਦੇ ਕਹਿਣ ਤੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਰੋਟੀ ਖਾਣ ਸਮੇ ਪਾਣੀ ਦੀ ਥਾਂ ਦੁੱਧ ਪੀਂਦਾ ਸੀ।
ਬਿੰਦਰੱਖੀਏ ਦੀਆਂ ਕੈਸਿਟਾਂ ਟੀ- ਸੀਰਜ ਕੰਪਨੀ ਵਿੱਚ ਆਈਆਂ। ਹਰ ਸਾਲ ਦੋ ਤਿੰਨ ਕੈਸਿਟਾਂ ਮਾਰਕੀਟ ਵਿੱਚ ਆ ਜਾਂਦੀਆ ਸਨ। ਕੁਝ ਗੀਤਾਂ ਦੇ ਮੁਖੜੇ…
ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ…
ਤੇਰੇ ‘ਚ ਤੇਰਾ ਯਾਰ ਬੋਲਦਾ….
ਸਾਨੂੰ ਟੇਡੀ ਟੇਡੀ ਤੱਕਦੀ ਤੂੰ…
ਇਹ ਗਲੀ ਸਰਕਾਰੀ ਏ…
ਤੇਰੇ ਲਈ ਮੈਂ ਜਿੰਦ ਤੱਲੀ ਤੇ ਟਿਕਾਉਣੀਆ..
ਨੀ ਤੂੰ ਜੱਟ ਦੀ ਪਸੰਦ ਜੱਟ ਨੇ ਵਿਆਉਣੀਆ..
ਮੋਢੇ ਤੋਂ ਤਿਲਕਦਾ ਜਾਵੇ
ਸਤਾਰਾਂ ਵੱਲ ਖਾਵੇ…
ਦੁਪੱਟਾ ਤੇਰਾ ਸਤਰੰਗ ਦਾ..
ਲੱਭ ਕਿਤੋਂ ਲੱਭ ਕਿਤੋਂ ਭਾਬੀਏ
ਕੋਈ ਹੀਰ ਜਿਹੀ ਸੋਹਣੀ ਮੁਟਿਆਰ..
ਆਵੇ ਸਮਝ ਨਾਂ ਕਾਹਤੋਂ ਮੱਤਾਂ ਮਾਰੀਆ…
ਕੱਚੇ ਤੰਦਾ ਜਿਹੀਆਂ ਅੱਜ ਕੱਲ ਯਾਰੀਆਂ..
ਹੋਈ ਮਸਤ ਨਾਂ ਰਹੀ ਮੈਨੂੰ ਸਾਰ….
ਲੋਕੀ ਕਹਿੰਦੇ ਬਸ ਕਰ ਬਸ ਕਰ……
ਲੱਕ ਟਣੂ ਟਣੂ…
ਡੀ.ਜੇ ਦੇ ਪ੍ਰੋਗਰਾਮਾਂ ਵਿਚ ਬਿੰਦਰਖੀਏ ਦੇ ਗੀਤ ਹੀ ਵੱਜਦੇ ਹੁੰਦੇ ਸਨ ਜੋ ਅੱਜ ਵੀ ਉਸ ਤਰਾਂ ਹੀ ਵਜਦੇ ਹਨ। ਇਸ ਦੇ ਗੀਤ ਸੁਣ ਕੇ ਮਨ ਨਹੀਂ ਭਰਦਾ ਹੁਣ ਵੀ ਉਸ ਤਰਾਂ ਹੀ ਤਾਜੇ  ਲਗਦੇ ਹਨ। ‘ਦਪੁੱਟਾ ਤੇਰਾ ਸਤਰੰਗ ਦਾ ‘ ਗੀਤ 1995 ਨੂੰ ਮਾਰਕੀਟ ਵਿਚ ਆਇਆ। ਜੋ ਬਹੁਤ ਮਕਬੂਲ ਹੋਇਆ। ਬੀ. ਬੀ. ਸੀ ਲੰਦਨ ਵਾਲਿਆ ਨੇ ਮੁਕਾਬਲੇ ਲੲੀ 10 ਗੀਤ ਚੁਣੇ ਸਨ।ਇਹ ਗੀਤ ਪਹਿਲੇ ਨੰਬਰ ਤੇ ਆਇਆ ਜੋ ਤਿੰਨ ਮਹੀਨੇ ਤੱਕ ਰਿਹਾ।ਇਸ ਗੀਤ ਬਦਲੇ ਉਹਨਾਂ ਨੇ ਸੁਰਜੀਤ ਬਿੰਦਰਖੀਆ, ਸ਼ਮਸ਼ੇਰ ਸੰਧੂ ਤੇ ਅਤੁੱਲ ਸ਼ਰਮੇ ਦਾ ਵੈਮਲੇਰੀਨਾਂ ਹਾਲ ਵਿਚ ਸੀਲਡਾਂ ਦੇ ਕੇ ਸਨਮਾਨ ਕੀਤਾ।
ਸੁਰਜੀਤ ਬਿੰਦਰਖੀਏ ਨੇ ਸ਼ਮਸ਼ੇਰ ਸੰਧੂ ਤੋਂ ਇਲਾਵਾ ਹੋਰ ਵੀ ਕਈ  ਗੀਤਕਾਰਾਂ ਦੇ ਗੀਤ ਗਾਏ ਪਰ ਉਹਨਾਂ ਦੀ ਗਿਣਤੀ ਘੱਟ ਸੀ ਜਿਵੇ…
ਅਲਬੇਲ ਬਰਾੜ ਦਿਊਨ ਵਾਲਾ, ਬਿੱਲਾ ਲਸੋਈ ਵਾਲਾ, ਰਾਜ ਬਰਾੜ,ਅਜਮੇਰ ਘਰਾਚੋ ਵਾਲਾ, ਜਗਦੇਵ ਮਾਨ, ਹਰਵਿੰਦਰ ਓੁਹੜਪੁਰੀ ਆਦਿ।
ਸੁਰਜੀਤ ਬਿੰਦਰੱਖੀਏ  ਦੁਆਂ ਤਿੰਨ ਧਾਰਮਿਕ ਕੈਸੇਟਾਂ ਮਾਰਕੀਟ ਵਿਚ ਆਈਆਂ..
ਕੰਬਣ ਦਿਲ ਗਦਾਰਾਂ ਦੇ
ਜਨਮ ਦਿਹਾੜਾ ਖਾਲਸੇ  ਦਾ
ਸਿੰਘੋ ਸੇਵਾਦਾਰ ਬਣੋ।
ਬਿੰਦਰੱਖੀਏ ਨੇ ਮਾਵਾਂ ਧੀਅਾਂ ਦਾ ਅਜਿਹਾ ਗੀਤ ਗਾਇਆ ਸੁਣ ਕੇ ਹਰ  ਅੱਖ ਨਮ ਹੋ ਜਾਂਦੀ ਹੈ..
ਮੈਂ ਨੀ ਮਾਂ ਹੁਣ ਪੈਕੇ ਆਉਣਾ…
ਪੇਕੇ ਹੁੰਦੇ ਮਾਵਾਂ ਨਾਲ…
ਇਕ ਵਾਰ ਅਜਿਹਾ ਸਮਾਂ ਆ ਗਿਆ ਸੀ ਜਦ ਫ਼ਿਲਮ ਵਿਚ ਬਿੰਦਰਖੀਏ ਦਾ ਅਖਾੜਾ ਫ਼ਿਲਮਾਉਣਾ ਜਰੂਰੀ ਹੋ ਗਿਅਾ ਸੀ ਇਸ ਲਈ ਬਿੰਦਰਖੀਏ ਦੇ ਅਖਾੜੇ ਨਾਲ ਹੀ ਫ਼ਿਲਮ ਹਿੱਟ ਹੁੰਦੀ ਸੀ।ਇਸ ਕਰਕੇ ਬਿੰਦਰਖੀਏ ਨੇ ਸੱਤ ਫ਼ਿਲਮਾਂ ਵਿੱਚ ਗੀਤ ਗਾਏ।
ਅੱਣਖ ਜੱਟਾਂ ਦੀ, ਬਦਲਾ ਜੱਟੀ ਦਾ,ਜੱਟ ਜਿਊਣਾ ਮੋੜ, ਕਚਿਹਰੀ, ਜ਼ੋਰਾਵਰ, ਇਸ਼ਕ ਨਚਾਵੇ ਗਲੀ ਗਲੀ ਅਤੇ ਰੱਬ ਦੀਆਂ ਰੱਖਾਂ। ਸੁਰਜੀਤ ਬਿੰਦਰਖੀਏ ਦੇ ਗੀਤਾਂ ਦੀਆਂ ਲਗਭਗ 32 ਸੋਲੋ ਕੈਸਟਾਂ ਮਾਰਕੀਟ ਵਿੱਚ ਆਈਆਂ।
ਸੁਰਜੀਤ ਬਿੰਦਰਖੀਏ ਦੀ ਜੁਗਨੀ ਬਹੁਤ ਵਧੀਆ ਗਾਈ ਹੋਈ ਹੈ ਉਸ ਵਿੱਚ  28 ਸੈਕਿੰਡ ਦੀ ਹੇਕ ਲਾਈ ਸੀ ਜੋ ਗਨੀਜ਼ ਬੁੱਕ ਵਿੱਚ ਦਰਜ ਹੈ। ਹੌਲੀ ਹੌਲੀ ਤਜੱਰਬਾ ਵੱਧਣ ਨਾਲ ਬਿੰਦਰੱਖੀਅਾ ਸਟੇਜ ਤੇ 38 ਸੈਕਿੰਡ ਦੀ ਹੇਕ ਲਾੳਣ ਲੱਗ ਪਿਅਾ ਸੀ। ਬਿੰਦਰਖੀਏ ਦੀ ਕੈਸਿਟ ‘ਇਸ਼ਕੇ ਦੀ ਅੱਗ’ 2003 ਵਿੱਚ ਆਈ ਉਸ ਵਿਚ ਗੀਤ ਸੀ…
ਤਿੱੜਕੇ ਘੜੇ ਦਾ ਪਾਣੀ.. ਮੈਂ ਕੱਲ੍ਹ ਤੱਕ ਨਹੀਂ ਰਹਿਣਾ…
ਇਸ ਨੂੰ ਬਿੰਦਰਖੀਏ ਨੇ ਸਟੇਜਾਂ ਤੇ ਬਹੁਤ ਗਾਇਆ ਪਰ ਅਸੀਂ ਸਮਝ ਨਾਂ ਸਕੇ ਇਹ ਗੀਤ ਉਸ ਦੀ ਜਿੰਦਗੀ ਲਈ ਸੱਚ ਹੋ ਨਿਬੜੇਗਾ।
ਬਿੰਦਰਖੀਆ ਤੋਤਲੀ ਬੋਲੀ ਬੋਲਦੇ ਬੱਚਿਆਂ, ਪਰੀਵਾਰ ਦੇ ਮੈਬਰਾਂ ਅਤੇ ਦੇਸ਼ ਵਿਦੇਸ਼ ਵਿੱਚ ਚਾਹੁੰਣ ਵਾਲੇ ਸਰੋਤਿਆਂ ਨੂੰ ਛੱਡ 13 ਸਾਲ ਗਇਕੀ ਦੀ ਸਿਖਰ ਦਾ ਸਫ਼ਰ ਤਹਿ ਕਰਦਾ ਹੋਇਆ ਭਰ ਜਵਾਨੀ 41 ਸਾਲ ਦੀ ਉਮਰ ਵਿਚ 17 ਨਵੰਬਰ 2003 ਨੂੰ ਮੁਹਾਲੀ ਵਿਖੇ ਤੜਕੇ ਦਿਲ ਦਾ ਦੌਰਾ ਪੈਣ ਕਰਕੇ ਸਾਡੇ ਕੋਲੋ ਸਦਾ ਲਈ ਵਿਛੜ ਗਿਆ ਪਰ ਉਸ ਦੀ ਆਵਾਜ਼ ਸਾਡੇ ਕੋਲ ਹੈ ਜੋ ਸਦਾ ਹੀ ਸਾਡੇ ਖੁਸ਼ੀ ਦੇ ਪ੍ਰੋਗਰਾਮਾ ਵਿਚ ਡੀ ਜੇ ਤੇ ਗੁੰਜਦੀ ਰਹੇਗੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin