Poetry Geet Gazal

ਤਰਲੋਚਨ ਸਿੰਘ ‘ਦੁਪਾਲ ਪੁਰ’, ਅਮਰੀਕਾ

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਵਿਆਹ ’ਚ ਬੀ ਦਾ ਲੇਖਾ ?

ਪੈਂਦੀ ਹੋਵੇ ‘ਗੜਗੱਜ’ ਮਨਮਰਜੀਆਂ ਦੀ

ਉਦੋਂ ਵਿਰਸੇ ਦਾ ‘ਡੌਰੂ’ ਖੜਕਾਈ ਦਾ ਨਹੀਂ।

‘ਧਨੀਂ ਅਕਲ’ ਦਾ ਸਾਰਾ ਜਹਾਨ ਹੋਇਆ

ਮੱਤਾਂ ਦੇਣ ਲਈ ਸਿਰ ਖਪਾਈ ਦਾ ਨਹੀਂ।

ਢਕੀ ਰਿੱਝਦੀ ਕਿਸੇ ਨੇ ਰਿੰਨ੍ਹ ਲਈ ਜੇ

‘ਤੁੜਕਾ’ ਹੋਰ ਫਿਰ ਓਸ ਨੂੰ ਲਾਈ ਦਾ ਨਹੀਂ।

ਖਾਊ ‘ਅੱਗ’ ਜੋ ਉਹੀ ਅੰਗਿਆਰ ਹੱਗੂ

ਐਂਵੇਂ ਆਪਣਾ ਆਪ ਸੜਾਈ ਦਾ ਨਹੀਂ।

ਵੇਲੇ ਸਿਰ ‘ਨਮਾਜ’ ਹੀ ਪੜ੍ਹੀ ਸੋਂਹਦੀ

ਮਗਰੋਂ ਰਾਗ ‘ਕੁਵੇਲੇ ਦਾ’ ਗਾਈ ਦਾ ਨਹੀਂ।

ਹੁੰਦੇ ਵਿਆਹ ‘ਬੀ-ਲੇਖੇ’ ਦੇ ਦੇਖ ਲਈਏ

‘ਬੀ ਦਾ ਲੇਖਾ’ ਵਿਆਹਾਂ ਵਿੱਚ ਪਾਈ ਦਾ ਨਹੀਂ !

  ———————00000———————

ਰਾਜ ਕਿਨ੍ਹਾਂ ਦਾ ਐ ?

‘ਤੂਤੀ’ ਬੋਲਦੀ ਸੁਣੇ ਸੰਵਿਧਾਨ ਦੀ ਨਾ

ਰੌਲ਼ਾ ‘ਸਿਆਸਤੀ ਢੋਲ’ ਦੇ ਡੱਗਿਆਂ ਦਾ।

ਮੋਹਰੇ ਕੇਂਦਰ ਦੇ ‘ਰਾਜ’ ਬੇਬੱਸ ਹੋ ਕੇ

ਮੂੰਹ ਕਰ ਲੈਂਦੇ ਜਿਸ ਤਰਾਂ ਠੱਗਿਆਂ ਦਾ।

ਸੀ.ਐੱਮ ਕਰ ਨਹੀਂ ਸਕਦਾ ਵਾਲ਼ ਵਿੰਗਾ

ਨਾਲ਼ ‘ਵੱਡੀ ਸਰਕਾਰ’ ਦੇ ਲੱਗਿਆਂ ਦਾ।

ਚੌਂਹ ਕੁ ਦਿਨਾਂ ਲਈ ਹੋਣ ਮਸ਼ਹੂਰ ਚਮਚੇ

ਨਾਮ ਰਹਿੰਦਾ ਏ ‘ਦੁੱਲਿਆਂ ਜੱਗਿਆਂ’ ਦਾ।

ਬਦਲੇ ਅਰਥ ਕਹਾਵਤ ਦੇ ਹੋਣ ਲੱਗਾ

ਕਹੇ ਕਾਵਾਂ ਦੇ ਅੰਤ ਹੁਣ ‘ਢੱਗਿਆਂ’ ਦਾ।

ਰਾਜ ਲੋਕਾਂ ਦਾ ਕਹਿਣ ਨੂੰ ਦੇਸ ਅੰਦਰ

ਰਾਜ ਅਸਲ ਵਿੱਚ ਭਗਵਿਆਂ ਬੱਗਿਆਂ ਦਾ!

———————00000———————

ਬਚੋ ਡੱਬੂਆਂ ਤੋਂ 

ਵਿਗੜੇ ਹੋਏ ਭੜਕਾ ਕੇ ਹੋਰਨਾਂ ਨੂੰ

ਪੁੱਠੇ ਰਾਹੇ ਪਾ ਆਪ ਵੀ ਫੱਸਦੇ ਨੇ।

ਲਾਉਂਦੇ ਮੂੰਹ ਨਾ ਉਨ੍ਹਾਂ ਨੂੰ ਆਪਣੇ ਵੀ

ਖੁਦ ਨੂੰ ‘ਚੌਧਰੀ’ ਧਰਮ ਦੇ ਦੱਸਦੇ ਨੇ।

ਬੋਲਣ ਲੱਗਿਆਂ ਕੱਢਦੇ ਜ਼ਹਿਰ ਮੂੰਹੋਂ

ਵਾਂਗੂੰ ਨਾਗ ਦੇ ਕਈਆਂ ਨੂੰ ਡੱਸਦੇ ਨੇ।

ਸ਼ਹਿ ਹੁੰਦੀ ਸਰਕਾਰ ਜਾਂ ‘ਮਾਲਕਾਂ’ ਦੀ

ਮਾਰ-ਧਾੜ ਤੇ ਯਾਰ ਘੜਮੱਸ ਦੇ ਨੇ।

ਵਸਦੇ ਰਸਦਿਆਂ ਘਰਾਂ ਵਿੱਚ ਵੈਣ ਪੈਂਦੇ

ਸੁਣ ਕਲਜੋਗਣਾ ਵਾਂਗ ਉਹ ਹੱਸਦੇ ਨੇ।

ਭਾਂਬੜ ਬਾਲ਼ ਕੇ ਗਲ਼ੀ ਮੁਹੱਲਿਆਂ ਵਿਚ

‘ਡੱਬੂ’ ਫੇਰ ਨਿਆਈਆਂ ਨੂੰ ਨੱਸਦੇ ਨੇ !

———————00000———————

ਫੇਸ-ਬੁੱਕ ਤੇ ਫੀਲਡ ਦਾ ਫਰਕ

ਆਪਣੀ ਹੀ ਪੋਸਟ ਨੂੰ ਮੰਨਕੇ ਅਖੀਰੀ ਸੱਚ

ਖੁੰਬ ਠੱਪ ਦਿੰਦੇ ਐ ਸਿਆਣੇ ਕਿਸੇ ਯਾਰ ਦੀ।

ਹੋਰਨਾਂ ਦੀ ਸੌ ਵੀ ਸੁਨਿਆਰ ਵਾਲ਼ੀ ਜਾਪਦੀ

ਆਪੇ ਲਿਖੀ ਇੱਕ ਨੂੰ ਵੀ ਦੱਸਦੇ ਲੁਹਾਰ ਦੀ।

ਦੇਖ ਕੇ ਅਸਹਿਮਤੀ ਨੂੰ ਲੋਹੇ ਲਾਖੇ ਝੱਟ ਹੁੰਦੇ

ਫੀਤ੍ਹੀ ਜੜ ਦਿੰਦੇ ਐ ਜੀ ਭਗਤ-ਗੱਦਾਰ ਦੀ।

ਭਾਵਨਾਂ ਲਿਖਤ ਵਿੱਚੋਂ ਸਾਫ ਹੀ ਨਜ਼ਰ ਆਵੇ

ਦਿਲ ਵਿੱਚ ਭਰੀ ਪਈ ਖਾਰ ਜਾਂ ਪਿਆਰ ਦੀ।

ਸਿੰਗ ਹੀ ਫਸਾ ਲੈਂਦੇ ਨੇ ਬਹੁਤੇ ਏਸ ਮੰਚ ਉੱਤੇ

ਮਿਹਣੇ ਮਾਰਦੇ ਨੇ ਗੱਲ ਛੱਡ ਕੇ ਵਿਚਾਰ ਦੀ।

ਫੀਲਡ ਦੇ ਵਿੱਚ ਤਾਂ ਹਾਲਾਤ ਹੁੰਦੇ ਆਮ ਜਿਹੇ

ਫੇਸ-ਬੁੱਕ ਰਹਿੰਦੀ ਏ ਉਬਾਲ਼ੇ ਸਦਾ ਮਾਰਦੀ !

———————00000———————

ਨਵਿਆਂ ਦਾ ਇਮਤਹਾਨ

ਰੱਖਿਆ ਕਰਨਗੇ ਰੱਖੀਏ ਆਸ ਯਾਰੋ

ਭ੍ਰਿਸ਼ਟਾਚਾਰ ਦੇ ਵਾਢੂ ਜਿਹੇ ਦੰਦਿਆਂ ਤੋਂ।

ਨਾਲ ਜੁੜਨਗੇ ਆਪਣੇ ‘ਆਪ’ ਲੋਕੀ

ਜੇ ਬਚਾਉਣਗੇ ਰਿਸ਼ਵਤ ਦੇ ਫੰਧਿਆਂ ਤੋਂ।

ਮੁਕਤ ਹੋਣ ਲਈ ਲੱਗਣਾ ਟਾਈਮ ਹਾਲੇ

ਪਾਏ ‘ਸਿਸਟਮ’ ਦੇ ਪੂਰਨੇ ਗੰਦਿਆਂ ਤੋਂ।

ਆਉਣੀ ਹੋਰ ‘ਗਰਾਂਟ’ ਨਾ ਕਿਤੋਂ ਕੋਈ

ਬਿਨਾਂ ਰਾਜ ਸਰਕਾਰ ਦੇ ‘ਚੰਦਿਆਂ’ ਤੋਂ।

ਅਫਸਰ ਕਿੱਥੋਂ ਲਿਆਉਣਗੇ ‘ਦੁੱਧ-ਧੋਤੇ’

ਰਹਿਤ ਹੋਣ ਬਦਨਾਮੀ ਦੇ ‘ਧੰਦਿਆਂ’ ਤੋਂ।

ਜੁਗਤੀ ਨਾਲ਼ ਕਰਵਾਉਣੇ ਨੇ ਕੰਮ ਪੈਣੇ

ਮਾਲਕ ਦਫਤਰਾਂ ਦੇ ‘ਅਤੁਲ ਨੰਦਿਆਂ’ ਤੋਂ!

  ———————00000———————

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin