Punjab

ਮੌਜੂਦਾ ਬਜਟ ਸੂਬੇ ਨੂੰ ਨਵੇਂ ਸਿਖਰਾਂ ’ਤੇ ਲਿਜਾਣ ਲਈ ਲੰਮਾ ਸਫਰ ਤੈਅ ਕਰੇਗਾ – ਭਗਵੰਤ ਮਾਨ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਸਾਲ 2022-23 ਦੇ ਸੂਬਾ ਸਰਕਾਰ ਦੇ ਕਰ ਮੁਕਤ ਬਜਟ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਨਵੇਂ ਪੰਜਾਬ ਲਈ ਰੂਪ-ਰੇਖਾ ਉਲੀਕਣ ਵਾਲਾ ਦੱਸਿਆ।

ਮੁੱਖ ਮੰਤਰੀ ਨੇ ਕਿਹਾ, ‘‘ਆਮ ਆਦਮੀ ਨਾਲ ਵਿਚਾਰ-ਵਟਾਂਦਰਾ ਕਰ ਕੇ ਬਣਾਇਆ ਇਤਿਹਾਸਕ ਬਜਟ ਪੇਸ਼ ਕਰਨ ਲਈ ਮੈਂ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵਧਾਈ ਦਿੰਦਾ ਹਾਂ।’’ਬਜਟ ਨੂੰ ਸੂਬਾ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਦਾ ਝਲਕਾਰਾ ਪੇਸ਼ ਕਰਨ ਵਾਲਾ ਸੰਤੁਲਿਤ ਤੇ ਵਿਕਾਸ ਨੂੰ ਹੁਲਾਰਾ ਦੇਣ ਵਾਲਾ ਦੱਸਦਿਆਂ ਮੁੱਖ ਮੰਤਰੀ ਨੇ ਇੱਥੇ ਅੱਜ ਜਾਰੀ ਬਿਆਨ ਵਿੱਚ ਕਿਹਾ ਕਿ ਸਿੱਖਿਆ, ਸਿਹਤ, ਖੇਤੀਬਾੜੀ ਤੇ ਵਣਜ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਜਨਤਾ ਦਾ ਬਜਟ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਸਰਕਾਰ ਲੋਕਾਂ ਨਾਲ ਕੀਤੀਆਂ ਸਾਰੀਆਂ ਗਰੰਟੀਆਂ ਨੂੰ ਜਲਦੀ ਪੂਰਾ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਵਿੱਤੀ ਖੇਤਰ ਵਿੱਚ ਜਲਦੀ ਹੀ ਕ੍ਰਾਂਤੀਕਾਰੀ ਸੁਧਾਰ ਦਿਸਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਬਜਟ ਸਮਾਜ ਦੇ ਸਾਰੇ ਵਰਗਾਂ ਵਿੱਚੋਂ ਕਮਜ਼ੋਰਾਂ ਵਿੱਚੋਂ ਸਭ ਤੋਂ ਕਮਜ਼ੋਰ ਅਤੇ ਗਰੀਬਾਂ ਵਿੱਚੋਂ ਸਭ ਤੋਂ ਗਰੀਬ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਬਜਟ ਸਮੁੱਚੇ ਵਿਕਾਸ, ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਸਮੁੱਚੀ ਖ਼ੁਸ਼ਹਾਲੀ  ਦਾ ਮੰਤਵ ਹਾਸਲ ਕਰਨ ਲਈ ਸੂਬਾ ਸਰਕਾਰ ਦੀ ਵਿਹਾਰਕ ਪਹੁੰਚ ਦਾ ਨਤੀਜਾ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਬਜਟ ਖੇਤੀਬਾੜੀ, ਸਨਅਤ, ਬੁਨਿਆਦੀ ਢਾਂਚੇ, ਊਰਜਾ, ਸਿੱਖਿਆ, ਸਿਹਤ ਖੇਤਰ ਤੋਂ ਇਲਾਵਾ ਔਰਤਾਂ ਨੂੰ ਵੱਧ ਅਖ਼ਤਿਆਰ ਦੇਣ ਤੇ ਸਮਾਜ ਦੇ ਪਛੜੇ ਵਰਗਾਂ ਦੇ ਬਹੁ-ਪੱਖੀ ਵਿਕਾਸ ਨੂੰ ਯਕੀਨਨ ਹੁਲਾਰਾ ਦੇਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਤਕਨੀਕੀ ਸਿੱਖਿਆ ਲਈ ਬਜਟ ਵਿਚ 48 ਫੀਸਦੀ ਵਾਧੇ ਦੀ ਵਿਵਸਥਾ ਕੀਤੀ ਗਈ ਹੈ ਤਾਂ ਕਿ ਸਵੈ-ਰੋਜ਼ਗਾਰ ਦੇ ਨਵੇਂ ਮੌਕੇ ਸਿਰਜਣ ਲਈ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਇਸੇ ਤਰਾਂ ਸੂਬੇ ਵਿਚ ਕਾਨੂੰਨ ਵਿਵਸਥਾ ਲਈ 9449 ਕਰੋੜ ਰੁਪਏ ਰੱਖੇ ਗਏ ਹਨ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਮੈਡੀਕਲ ਸਿੱਖਿਆ ਤੇ ਖੋਜ ਦਾ ਬਜਟ 57 ਫੀਸਦੀ ਵਧਾਇਆ ਗਿਆ, ਜਦੋਂ ਕਿ ਨੌਜਵਾਨਾਂ ਅਤੇ ਯੁਵਕ ਸੇਵਾਵਾਂ ਲਈ 52 ਫੀਸਦੀ, ਸਿਹਤ ਖੇਤਰ ਲਈ 24 ਫੀਸਦੀ, ਰੋਜ਼ਗਾਰ ਉਤਪਤੀ ਲਈ 32 ਫੀਸਦੀ, ਉਦਯੋਗ ਤੇ ਵਪਾਰ ਲਈ 48 ਫੀਸਦੀ ਦਾ ਇਜ਼ਾਫਾ ਕੀਤਾ ਗਿਆ ਹੈ, ਜਿਸ ਨਾਲ ਸੂਬੇ ਦੇ ਵਿਕਾਸ ਅਤੇ ਤਰੱਕੀ ਵਿਚ ਹੋਰ ਤੇਜ਼ੀ ਆਵੇਗੀ। ਭਗਵੰਤ ਮਾਨ ਨੇ ਕਿਹਾ ਕਿ ਬਜਟ ਵਿਚ 16 ਮੈਡੀਕਲ ਕਾਲਜਾਂ ਦਾ ਨਿਰਮਾਣ ਕਰਨ ਤੋਂ ਇਲਾਵਾ ਸਰਕਾਰੀ ਸਕੂਲਾਂ ਨੂੰ ਆਲਾ ਮਿਆਰੀ ਸਕੂਲ (ਸਕੂਲ ਆਫ ਐਮੀਨੈਂਸ) ਵਿਚ ਤਬਦੀਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰਾਂ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ, 45 ਅਤਿ ਆਧੁਨਿਕ ਬੱਸ ਸਟੈਂਡ ਦੀ ਉਸਾਰੀ ਦੀ ਵਿਵਸਥਾ ਵੀ ਬਜਟ ਵਿਚ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਮੌਜੂਦਾ ਬਜਟ ਨੂੰ ਮੀਲ ਪੱਥਰ ਕਰਾਰ ਦਿੱਤਾ ਜੋ ਸੂਬੇ ਨੂੰ ਨਵੇਂ ਸਿਖਰਾਂ ’ਤੇ ਲਿਜਾਣ ਲਈ ਵਿਕਾਸ ਅਤੇ ਤਰੱਕੀ ਦੇ ਨਵੇਂ ਦਿਸਹੱਦੇ ਕਾਇਮ ਕਰਨ ਦਾ ਲੰਮਾ ਸਫਰ ਤੈਅ ਕਰੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਨਵੇਂ ਪੰਜਾਬ ਦੇ ਟੀਚੇ ਨੂੰ ਸਾਕਾਰ ਕਰਨ ਲਈ ਸੂਬੇ ਦੇ ਲੋਕਾਂ ਦੀਆਂ ਉਮੀਦਾਂ ਉਤੇ ਖਰਾ ਉਤਰੇਗਾ। ਭਗਵੰਤ ਮਾਨ ਨੇ ਉਮੀਦ ਜਾਹਰ ਕੀਤੀ ਕਿ ਨਵਾਂ ਬਜਟ ਵਿੱਤੀ ਘਾਟੇ ਨੂੰ ਘੱਟ ਕਰਨ ਲਈ ਆਰਥਿਕ ਸੂਝ-ਬੂਝ ਦੇ ਨਾਲ ਬਹੁਤ ਜ਼ਿਆਦਾ ਵਿੱਤੀ ਅਨੁਸਾਸਨ ਲਿਆਏਗਾ ਅਤੇ ਵਸੀਲੇ ਜੁਟਾਉਣ ਰਾਹੀਂ ਮਾਲੀਆ ਵਧਾਉਣ ’ਤੇ ਧਿਆਨ ਕੇਂਦਰਿਤ ਕਰੇਗਾ। ਸਾਲ 2022-23 ਲਈ ਬਜਟ ਪ੍ਰਸਤਾਵਾਂ ਦੀ ਭਰਵੀਂ ਸਲਾਘਾ ਕਰਦਿਆਂ ਉਨਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਸੇਸ ਫੰਡ ਰੱਖਣ ਤੋਂ ਇਲਾਵਾ ਸਿਹਤ, ਸਿੱਖਿਆ, ਨੌਜਵਾਨਾਂ ਵਿੱਚ ਬੇਰੁਜਗਾਰੀ ਦੇ ਖਾਤਮੇ ਲਈ ਬਜਟ ਵਿੱਚ ਵਿਵਸਥਾ ਕਰਨ ਅਤੇ ਵਿੱਤੀ ਘਾਟੇ ਉਤੇ ਕਾਬੂ ਪਾਉਣ ਲਈ ਕਈ ਪਹਿਲਕਦਮੀਆਂ ਨੂੰ ਬਜਟ ਦਾ ਹਿੱਸਾ ਬਣਾਇਆ ਗਿਆ ਹੈ ਜੋ ਇਨਾਂ ਮਸਲਿਆਂ ਉਤੇ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਬਜਟ ਨਾਲ ਸਾਡਾ ਸੂਬਾ ਹੁਣ ਵਿਕਾਸ ਅਤੇ ਖੁਸਹਾਲੀ ਦੀਆਂ ਨਵੀਆਂ ਸਿਖਰਾਂ ਛੂਹੇਗਾ। ਉਨਾਂ ਨੇ ਮੌਜੂਦਾ ਬਜਟ ਨੂੰ ਉਦਯੋਗਿਕ ਖੇਤਰ ਦੀ ਸੁਰਜੀਤੀ ਅਤੇ ਸੂਬੇ ਦੀ ਖੜੋਤ ਵਾਲੀ ਖੇਤੀ ਆਰਥਿਕਤਾ ਨੂੰ ਨਵਾਂ ਹੁਲਾਰਾ ਦੇਣ ਲਈ ਖਾਕਾ ਕਰਾਰ ਦਿੱਤਾ।

Related posts

ਪਿੰਡ ਸੰਜਰਪੁਰ ਵਿੱਚ ਗੁਟਕਾ ਸਾਹਿਬ ਤੇ ਹਿੰਦੂ ਮੱਤ ਦੀਆਂ ਪੁਸਤਕਾਂ ਦੀ ਹੋਈ ਬੇਅਦਬੀ

editor

ਮਾਨ ਨੇ ‘ਆਪ’ ਦੇ 13 ਲੋਕ ਸਭਾ ਉਮੀਦਵਾਰਾਂ ਦੀ ਪੰਜਾਬ ਦੇ ਲੋਕਾਂ ਨਾਲ ਕਰਵਾਈ ਜਾਣ-ਪਛਾਣ , ਕਿਹਾ-ਇਹ ਸੰਸਦ ‘ਚ ਤੁਹਾਡੀ ਆਵਾਜ਼ ਬਣਨਗੇ

editor

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

editor