Articles

ਪੰਜਾਬ ਦੇ ਲੋਕ ਦਹੀਂ ਦੇ ਭੁਲੇਖੇ ਕਪਾਹ ਦਾ ਫੁੱਟ ਤਾਂ ਨਹੀਂ ਨਿਗਲਣ ਲੱਗੇ ?

ਲੇਖਕ: ਕੁਲਵੰਤ ਸਿੰਘ ਢੇਸੀ, ਯੂ ਕੇ

ਬੜੇ ਬੇਆਬਰੂ ਹੋਕਰ ਤੇਰੇ ਕੂਚੇ ਸੇ ਹਮ ਨਿਕਲੇ !

ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਨਤੀਜਿਆਂ ਨੇ ਤਹਿਲਕੇ ਵਾਲੇ ਹਾਲਾਤ ਪੈਦਾ ਕੀਤੇ ਹੋਏ ਹਨ। ਬੇਸ਼ਕ ਪੇਸ਼ਨਗੋਈਆਂ ਤਾਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਦੇਰ ਤੋਂ ਹੋ ਰਹੀਆਂ ਸਨ ਪਰ ਆਮ ਚਰਚਾ ਇਹ ਹੀ ਸੀ ਕਿ ਇਹਨਾ ਚੋਣਾਂ ਵਿਚ ਬਹੁਮੱਤ ਕਿਸੇ ਵੀ ਸਿਆਸੀ ਦਲ ਨੂੰ ਨਹੀਂ ਮਿਲਣਾ ਇਸ ਕਾਰਨ ਜਾਂ ਤਾਂ ਪੰਜਾਬ ਵਿਚ ਮਿਲਗੋਭਾ ਸਰਕਾਰ ਬਣੇਗੀ ਅਤੇ ਜਾਂ ਰਾਜਨੀਤਕ ਖਿਲਾਰਾ ਐਸਾ ਪਏਗਾ ਕਿ ਪੰਜਾਬ ਵਿਚ ਰਾਸ਼ਰਪਤੀ ਰਾਜ ਦੇ ਹਾਲਾਤ ਪੈਦਾ ਕਰ ਦੇਵੇਗਾ। ਇਹ ਤਾਂ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਇਹਨਾ ਚੋਣਾਂ ਵਿਚ ਆਪ ਦੀ ਬਹੁਕਰ ਵਿਰੋਧੀਆਂ ਦਾ ਕੂੜਾ ਹੀ ਕਰ ਦੇਵੇਗੀ। ਆਪ ਦੀ ਬਹੁਕਰ ਐਸੀ ਫੀਰੀ ਕਿ ਪੰਜਾਬ ਦੇ ਸਾਰੇ ਢੁੱਠਾਂ ਵਾਲੇ ਵੱਡੇ ਚਿਹਰੇ ਮੂਧੇ ਮੂੰਹ ਜਾ ਪਏ। ਇਹਨਾ ਢੁੱਠਾਂ ਵਾਲਿਆਂ ਵਿਚ ਪੰਜਾਬ ਦੇ ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ, ਬੀਬੀ ਭੱਠਲ, ਨਵਜੋਤ ਸਿੱਧੂ ਅਤੇ ਅਕਾਲੀ ਦਲ ਦੇ ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ; ਬਿਕਰਮ ਸਿੰਘ ਮਜੀਠੀਆ ਅਤੇ ਅਨੇਕਾਂ ਹੋਰ ਨਾਮ ਸ਼ਾਮਲ ਹਨ। ਕਾਂਗਰਸ ਅਤੇ ਅਕਾਲੀਆਂ ਤੋਂ ਬਾਗੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵਗੈਰਾ ਵੀ ਰਾਜਨੀਤਕ ਤੌਰ ‘ਤੇ ਅਣਹੋਏ ਹੋ ਕੇ ਰਹਿ ਗਏ। ਇਹਨਾ ਦੇ ਨਾਲ ਨਾਲ ਅਮ੍ਰਿਤਸਰ ਅਕਾਲੀ ਦਲ ਦੇ ਆਗੂ ਸਿਮਰਨਜੀਤ ਸਿੰਘ ਮਾਨ ਦਾ ਹਾਰ ਜਾਣਾ ਅਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਜਮਾਨਤ ਜ਼ਬਤ ਹੋਣਾ ਵੀ ਵੱਡਾ ਧਮਾਕਾ ਸਾਬਤ ਹੋਇਆ ਅਤੇ ਇਹਨਾ ਦੋਹਾਂ ਦਲਾਂ ਦਾ ਤਾਂ ਇੱਕ ਵੀ ਵਿਧਾਇਕ ਕਾਮਯਾਬ ਨਾ ਹੋ ਸਕਿਆ। ਵਿਧਾਨ ਸਭਾ ਨਤੀਜਿਆਂ ‘ਤੇ ਮੋਟੀ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ ਨੇ ਜਿੱਥੇ 92 ਸੀਟਾਂ ‘ਤੇ ਕਾਮਯਾਬੀ ਪ੍ਰਾਪਤ ਕਰਕੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ ਉਥੇ ਕਾਂਗਰਸ ਦੇ ਹਿੱਸੇ 18 ਸੀਟਾਂ ,ਅਕਾਲੀ ਦਲ ਹਿੱਸੇ ਕੇਵਲ ੩ ਸੀਟਾਂ ਅਤੇ ਭਾਜਪਾ ਦੋ ਸੀਟਾਂ ‘ਤੇ ਸਿਮਟ ਗਈ ਹੈ। ਇਸ ਵੇਲੇ ਸਭ ਤੋਂ ਮਾੜੀ ਹਾਲਤ ਅਕਾਲੀ ਦਲ ਦੀ ਹੈ ਜਿਸ ਨੂੰ ਪੰਜਾਬ ਦੀ ਵਾਰਸ ਪਾਰਟੀ ਕਹਿ ਕੇ ਸਨਮਾਨਿਆਂ ਜਾਂਦਾ ਰਿਹਾ ਹੈ। ਇਹ ਤਾਂ ਕਿਸੇ ਦੇ ਸੁੱਖ ਸੁਫਨੇ ਵਿਚ ਵੀ ਨਹੀਂ ਸੀ ਕਿ 95 ਸਾਲ ਦੀ ਉਮਰ ਨੂੰ ਢੁੱਕ ਕੇ ਸ: ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਰਾਜਨੀਤੀ ਵਿਚੋਂ ਇਸ ਤਰਾਂ ਬੇਆਬਰੂ ਹੋ ਕੇ ਅਲੋਪ ਹੋ ਜਾਣਗੇ।

ਬੜੇ ਧੂਮ ਤੜਾਕੇ ਨਾਲ ਹੋ ਰਿਹਾ ਹੈ ‘ਆਮ ਆਦਮੀ’ ਦਾ ਰਾਜ ਤਿਲਕ

ਪੰਜਾਬ ਦੇ ਨਵੇਂ ਬਣੇ ਮੁਖ ਮੰਤਰੀ ਸ: ਭਗਵੰਤ ਸਿੰਘ ਮਾਨ ਮੂਲ ਰੂਪ ਵਿਚ ਕਾਮੇਡੀਅਨ ਹੋਣ ਕਾਰਨ ਰਿਵਾਇਤੀ ਆਗੂਆਂ ਦਾ ‘ਵਿਅਕਤੀ ਵਿਸ਼ੇਸ਼’ ਹੋਣ ਕਾਰਨ ਬੇਹੱਦ ਤਵਾ ਲਾਉਂਦੇ ਰਹੇ ਹਨ ਜਦ ਕਿ ਆਪਣੇ ਆਪ ਨੂੰ ਉਹ ਇੱਕ ‘ਆਮ ਆਦਮੀ’ ਦੱਸਦੇ ਰਹੇ ਹਨ ਜਿਸ ਨੂੰ ਨਾ ਤਾਂ ਕਿਸੇ ਵਿਸ਼ੇਸ਼ ਸਕਿਓਰਟੀ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਕਿਸੇ ਹੋਰ ਧੂਮ ਤੜਾਕੇ ਦੀ। ਪਰ ਰਾਜਨੀਤਕ ਜਿੱਤ ਪ੍ਰਾਪਤ ਕਰਨ ਮਗਰੋਂ ਜਿਸ ਤਰਾਂ ਅੰਮ੍ਰਿਤਸਰ ਵਿਖੇ ਉਸ ਨੇ ਰੋਡ ਸ਼ੋ ਕੀਤਾ ਹੈ ਉਹ ਸੁਰਖੀਆਂ ਵਿਚ ਹੈ ਕਿ ਇਸ ਰੋਡ ਸ਼ੋ ਵਿਚ ਨਾ ਕੇਵਲ ਰੋਡਵੇਜ਼ ਦੀਆਂ ਬੱਸਾਂ ਦੀ ਵਰਤੋਂ ਕਰਕੇ ਜਨਤਕ ਹਿੱਤਾਂ ਨੂੰ ਢਾਅ ਲਾਈ ਹੈ ਸਗੋਂ ਇਸ ਰੋਡ ਸ਼ੋ ਵਿਚ ਐੰਬੂਲੈਂਸਾਂ ਦੇ ਫਸੇ ਹੋਣ ਦੀਆਂ ਵੀ ਖਬਰਾਂ ਹਨ। ਇਸ ਦੇ ਨਾਲ ਨਾਲ ਹੀ ਸ: ਭਗਵੰਤ ਮਾਨ ਨੇ ਆਪਣੇ ਰਾਜ-ਤਿਲਕ ਦੀ ਰਸਮ ਵੀ ਸ਼ਹੀਦ ਭਗਤ ਸਿੰਘ ਦੀ ਜਨਮਭੂਮੀ ਖਟਕੜਕਲਾਂ ਵਿਖੇ ਕਰਨੀ ਐਲਾਨੀ ਹੈ ਜਿਸ ‘ਤੇ ਦੋ ਕਰੋੜ ਰੁਪਏ ਦਾ ਖਰਚ ਆਵੇਗਾ।

ਪੰਜਾਬੀ ਲੋਕ ਬੇਸ਼ਕ ਜਜ਼ਬਾਤੀ ਲੋਕ ਹਨ ਅਤੇ ਉਹ ਅਕਸਰ ਹੀ ਉਲਾਰ ਨਾਅਰਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀਆਂ ਨੇ ਹੁਣ ਉਲਾਰ ਅਤੇ ਜਜ਼ਬਾਤੀ ਨਾਅਰਿਆਂ ਦਾ ਸ਼ਿਕਾਰ ਹੋਣਾ ਛੱਡ ਦਿੱਤਾ ਹੈ। ਪੰਜਾਬੀ ਲੋਕਾਂ ਨੇ ਜਿਥੇ ਨਹਿਰੂ ਗਾਂਧੀ ਦੀ ਅਖੌਤੀ ਤੌਰ ਤੇ ਧਰਮ ਨਿਰਪੱਖ ਜਾਂ ਧਰਮ ਨਿਰਪੇਖ ਕਾਂਗਰਸ ਵਲੋਂ ਮੂੰਹ ਮੋੜ ਲਿਆ ਹੈ ਉਥੇ ਆਰ ਐਸ ਐਸ ਦੇ ਹਿੰਦੁਤਵਾ ਏਜੰਡੇ ਨੂੰ ਵੀ ਮੂੰਹ ਨਹੀਂ ਲਾਇਆ। ਪੰਜਾਬੀਆਂ ਨੇ ਤਾਂ ਉਸ ਅਕਾਲੀ ਦਲ ਬਾਦਲ ਦੀ ਵੀ ਫੱਟੀ ਪੋਚ ਦਿੱਤੀ ਹੈ ਜੋ ਕਿ ਆਪਣੇ ਆਪ ਨੂੰ ਪੰਜਾਬ ਅਤੇ ਪੰਥ ਦੀ ਰੂਹੇ ਰਵਾਂ ਸਮਝਦਿਆਂ ਪੰਜਾਬ ਵਿਚ ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਦੇਣ ਦੇ ਦਾਅਵੇ ਕਰਦਾ ਰਿਹਾ ਹੈ । ਇਸ ਦੇ ਨਾਲ ਹੀ ਪੰਜਾਬੀਆਂ ਨੇ ਉਸ ਸੋਚ ਦੀਆਂ ਜਮਾਨਤਾਂ ਵੀ ਜ਼ਬਤ ਕਰਵਾ ਦਿੱਤੀਆਂ ਜੋ ਕਿ ਪੰਜਾਬ ਨੂੰ ਖਾਲਿਸਤਾਨ ਬਨਾਉਣ ਦਾ ਐਲਾਨ ਲਗਾਤਾਰ ਕਰਦੀ ਰਹਿੰਦੀ ਹੈ।

ਪੰਜਾਬੀ ਲੋਕ ਹੁਣ ਉਸ ਰਾਜਨੀਤਕ ਦਲ ਨੂੰ ਪਰਖਣਾ ਚਹੁੰਦੇ ਹਨ ਜੋ ਕਿ ਪੰਜਾਬ ਦੇ ਜਨਤਕ ਮੁੱਦਿਆਂ ਨੂੰ ਪਹਿਲ ਦੇਵੇ। ਭਗਵੰਤ ਮਾਨ ਨੂੰ ਕੰਧ ‘ਤੇ ਲਿਖਿਆ ਪੜ੍ਹਨਾ ਚਾਹੀਦਾ ਹੈ ਕਿ ਉਹ ਧੂਮ ਤੜਾਕੇ ਦਾ ਪ੍ਰਗਟਾਵਾ ਕਰਕੇ ਲੋਕਾਂ ਨੂੰ ਬਹੁਤਾ ਚਿਰ ਜਨਤਕ ਮੁੱਦਿਆਂ ਤੋਂ ਨਹੀਂ ਵਰਗਲਾ ਸਕਦਾ।

ਡਾ: ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ਦਾ ਪ੍ਰਗਟਾਵਾ

ਸ: ਭਗਵੰਤ ਸਿੰਘ ਮਾਨ ਨੇ ਇਹ ਫੈਸਲਾ ਕੀਤਾ ਕਿ ਸਰਕਾਰੀ ਅਦਾਰਿਆਂ ਵਿਚ ਕਿਤੇ ਵੀ ਮੁਖ ਮੰਤਰੀ ਦੀ ਫੋਟੋ ਨਹੀਂ ਲਾਈ ਜਾਏਗੀ ਸਗੋਂ ਡਾ: ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ । ਇਸ ਦਾ ਕਾਰਨ ਉਹ ਇਹ ਦੱਸ ਰਹੇ ਹਨ ਕਿ ਸ਼ਹੀਦ ਭਗਤ ਸਿੰਘ ਵਰਗੇ ਇਨਕਲਾਬੀਆਂ ਨੇ ਜਿਥੇ ਭਾਰਤ ਨੂੰ ਅਜ਼ਾਦੀ ਲੈ ਕੇ ਦਿੱਤੀ ਉਥੇ ਡਾ: ਅੰਬੇਦਕਰ ਨੇ ਉਸ ਅਜ਼ਾਦੀ ਨੂੰ ਮਾਨਣ ਲਈ ਭਾਰਤੀ ਸੰਵਿਧਾਨ ਬਣਾ ਕੇ ਦਿੱਤਾ ਸੀ। ਇਸ ਸਬੰਧੀ ਦੋ ਗੱਲਾਂ ਸਮਝਣੀਆਂ ਜਰੂਰੀ ਹਨ ਕਿ ਸ: ਮਾਨ ਨੂੰ ਪੰਜਾਬ ਵਿਚ ਜਿਸ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਕੰਮ ਕਰਨਾ ਪੈਣਾ ਹੈ ਉਹ ਇੱਕ ਗਾਂਧੀਵਾਦੀ ਵਿਅਕਤੀ ਹੈ। ਇਹ ਗੱਲ ਇਤਹਾਸਕ ਤੌਰ ‘ਤੇ ਸਾਰੇ ਜਾਣਦੇ ਹਨ ਕਿ ਮੋਹਨ ਚੰਦ ਕਰਮ ਚੰਦ ਗਾਂਧੀ ਜੋ ਕਿ ਗੁਰੂ ਗੋਬਿੰਦ ਸਿੰਘ ਨੂੰ ਇਸ ਕਰਕੇ ਭੁੱਲਿਆ ਭਟਕਿਆ ਦੇਸ਼ ਭਗਤ ਕਹਿੰਦਾ ਸੀ ਉਸ ਦੀ ਅਖੌਤੀ ‘ਅਹਿੰਸਾ ਪਰਮੋ ਧਰਮ’ ਵਿਚ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਕੋਈ ਥਾਂ ਨਹੀਂ ਸੀ। ਇਹ ਤੱਥ ਵੀ ਸਭ ਜਾਣਦੇ ਹਨ ਕਿ ਗਾਂਧੀ ਨੇ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਦੀ ਫਾਂਸੀ ਨੂੰ ਰੱਦ ਕਰਨ ਲਈ ਅੰਗ੍ਰੇਜ਼ ਸਰਕਾਰ ਨੂੰ ਕੋਈ ਅਪੀਲ ਤਕ ਵੀ ਨਹੀਂ ਸੀ ਕੀਤੀ। ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਜੋ ਕਿ ਇੱਕ ਗਾਂਧੀਵਾਦੀ ਵਿਅਕਤੀ ਹੈ ਉਸ ਨੇ ਭਵਿੱਖ ਦੇ ਪੰਜਾਬ ਵਿਚ ਸ਼ਹੀਦ ਭਗਤ ਸਿੰਘ ਦੇ ਬਿੰਬ ਦੀ ਉਸਾਰੀ ਨਹੀਂ ਹੋਣ ਦੇਣੀ ਸਗੋਂ ਉਸ ਨੇ ਤਾਂ ਭਾਜਪਾ ਵਾਂਗ ਇਨਕਲਾਬੀਆਂ ਅਤੇ ਸਿੱਖ ਸ਼ਹੀਦਾਂ ਦੇ ਆਦਰਸ਼ਾਂ ਨੂੰ ਨਿਕਾਰਨ ਦੀ ਕੋਸ਼ਿਸ਼ ਕਰਨੀ ਹੈ। ਇਹ ਸਮਝਣਾ ਜਰੂਰੀ ਹੈ ਕਿ ਡਾ: ਅੰਬੇਦਕਰ ਜਾਂ ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ਦੀ ਪਾਲਣਾ ਦਾ ਵਿਖਾਵਾ ਕਰਦਿਆਂ ਖਟਕੜ ਕਲਾਂ ਵਿਚ ਦੋ ਕਰੋੜ ਰੁਪਏ ਦੀ ਰਾਸ਼ੀ ਖਰਚ ਕਰਕੇ ਭਗਵੰਤ ਮਾਨ ਵਲੋਂ ਕੀਤੀ ਜਾ ਰਹੀ ਆਪਣੀ ਤਾਜਪੋਸ਼ੀ ਮਹਿਜ਼ ਵਕਤੀ ਗੁੱਡਾ ਬੰਨ੍ਹਣ ਲਈ ਹੀ ਹੈ।

ਸ: ਭਗਵੰਤ ਸਿੰਘ ਮਾਨ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਹੀ ਬਣਾਏ ਸੰਵਿਧਾਨ ਪ੍ਰਤੀ ਡਾ: ਅੰਬੇਦਕਰ ਦੇ ਕੀ ਖਿਆਲ ਸਨ। ਸਿੱਖ ਪ੍ਰਤੀਨਿਧਾਂ ਨੇ ਤਾਂ ਇਸ ਸੰਵਿਧਾਨ ਦੀ ਸਹਿਮਤੀ ਲਈ ਆਪਣੇ ਹਸਤਾਖਰ ਤਕ ਵੀ ਨਹੀਂ ਸੀ ਕੀਤੇ। ਇਹ ਇੱਕ ਇਤਹਾਸਕ ਤੱਥ ਹੈ ਕਿ ਡਾ: ਅੰਬੇਦਕਰ ਖੁਦ ਇੱਕ ਸਿੱਖ ਬਣਕੇ ਭਾਰਤ ਦੇ ਸਾਰੇ ਦਲਿਤਾਂ ਨੂੰ ਸਿੱਖ ਬਨਾਉਣਾ ਚਹੁੰਦੇ ਸਨ ਅਤੇ ਡਾ: ਅੰਬੇਦਕਰ ਦੇ ਕਹਿਣ ‘ਤੇ ਬੰਬਈ ਵਿਖੇ ਦੋ ਖਾਲਸਾ ਕਾਲਜਾਂ ਦੀ ਸਥਾਪਨਾ ਵੀ ਕੀਤੀ ਗਈ ਸਿ ਪਰ ਫਿਰ ਗਾਂਧੀ ਨੇ ਮਰਨ ਵਰਤ ਦੀ ਧਮਕੀ ਦੇ ਕੇ ਡਾ: ਅੰਬੇਦਕਰ ਦੇ ਖਿਆਲ ਬਦਲ ਦਿੱਤੇ ਕਿ ਜੇਕਰ ਗਾਂਧੀ ਭੁੱਖਾ ਰਹਿ ਕੇ ਮਰ ਗਿਆ ਤਾਂ ਭਾਰਤ ਵਿਚ ਦਲਿਤਾਂ ਦੀ ਨਸਲਕੁਸ਼ੀ ਹੋ ਜਾਵੇਗੀ। ਗਾਂਧੀ ਤਾਂ ਇਥੋਂ ਤਕ ਕਹਿੰਦਾ ਸੀ ਕਿ ਭਾਰਤੀ ਦਲਿਤ ਮੁਸਲਮਾਨ ਬਣਨਾ ਚਹੁੰਦਾ ਹੈ ਤਾਂ ਬਣ ਜਾਵੇ ਪਰ ਸਿੱਖ ਤਾਂ ਕਿਸੇ ਵੀ ਹਾਲਤ ਵਿਚ ਵੀ ਨਾ ਬਣੇ। ਗਾਂਧੀ ਦੇ ਆਦਰਸ਼ਾਂ ਦੀ ਪਾਲਣਾ ਕਰਨ ਵਾਲੇ ਕੇਜਰੀਵਾਲ ਨੇ ਦਿੱਲੀ ਦੀ ਰਾਜਨੀਤੀ ਵਿਚ ਕਿਸੇ ਸਿੱਖ ਵਿਧਾਇਕ ਨੂੰ ਵੀ ਨਹੀਂ ਸੀ ਸਵੀਕਾਰਿਆ ਅਤੇ ਹੁਣ ਪੰਜਾਬ ਵਿਚ ਭਗਵੰਤ ਮਾਨ ਦੇ ਚਿਹਰੇ ਨੂੰ ਸਵੀਕਾਰਨਾ ਉਸ ਦੀ ਵਕਤੀ ਮਜ਼ਬੂਰੀ ਹੈ। ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਆਪ ਦੇ ਮੁੱਦੇ ‘ਤੇ ਪੰਜਾਬ ਦੇ ਲੋਕ ਦਹੀਂ ਦੇ ਭੁਲੇਖੇ ਕਪਾਹ ਦਾ ਫੁੱਟ ਤਾਂ ਨਹੀਂ ਨਿਗਲਣ ਲੱਗੇ।

ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਤੋਂ ਪਹਿਲਾਂ ਵੱਡੀਆਂ ਕੁਰਸੀਆਂ ‘ਤੇ ਬੈਠੇ ਬੌਣੇ ਲੋਕਾਂ ਦਾ ਹਸ਼ਰ ਦੇਖ ਲਵੇ। ਸਿਵਾਏ ਗੁਰਨਾਮ ਸਿੰਘ ਗਿੱਲ ਦੇ ਪੰਜਾਬ ਦੇ ਲੋਕ ਇਹਨਾ ਬੌਣੇ ਆਗੂਆਂ ਦਾ ਨਾਮ ਤਕ ਨਹੀ ਸੁਣਨਾ ਚਹੁੰਦੇ। ਪੰਜਾਬ ਦੇ ਲੋਕ ਤਾਂ ਇਹ ਵੀ ਪੁੱਛਦੇ ਹਨ ਕਿ ਭਗਵੰਤ ਮਾਨ ਆਪਣੇ ਇਲਾਕੇ ਦੇ ਸ਼ਹੀਦ ਊਧਮ ਸਿੰਘ ਨੂੰ ਨਜ਼ਰ ਅੰਦਾਜ਼ ਕਰਕੇ ਭਗਤ ਸਿੰਘ ਨੂੰ ਪਹਿਲ ਕਿਓਂ ਦੇ ਰਿਹਾ ਹੈ। ਅਸੀਂ ਭਗਵੰਤ ਮਾਨ ਨੂੰ ਸ਼ਹੀਦ ਭਗਤ ਸਿੰਘ ਦੀ ਉਹ ਮੁਲਾਕਾਤ ਪੜ੍ਹਨ ਦੀ ਸਿਫਾਰਸ਼ ਕਰਾਂਗੇ ਜੋ ਕਿ ਗਦਰੀ ਸੂਰਮੇ ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਲ ਲਹੌਰ ਜਿਹਲ ਵਿਚ ਹੋਈ ਸੀ। ਬੇਸ਼ੱਕ ਪੰਜਾਬ ਦੇ ਕਮਿਊਨਿਸਟਾਂ ਨੇ ਇਸ ਤੱਥ ਨੂੰ ਝੁਠਲਾਉਣ ਲਈ ਖੂਨ ਪਸੀਨਾ ਇੱਕ ਕੀਤਾ ਹੋਇਆ ਹੈ ਕਿ ਆਪਣੇ ਆਖਰੀ ਦਿਨਾ ਵਿਚ ਨਾਸਤਿਕਤਾ ਤੂੰ ਛੱਡ ਕੇ ਭਗਤ ਸਿੰਘ ਸਿੱਖੀ ਤੋਂ ਪ੍ਰੇਰਤ ਹੋ ਗਏ ਸਨ ਅਤੇ ਉਹਨਾ ਨੇ ਕੇਸ ਰੱਖ ਲਏ ਸਨ ਜਦ ਕਿ ਭਾਈ ਰਣਧੀਰ ਸਿੰਘ ਜੀ ਕੋਲ ਉਸ ਨੇ ਮੰਨਿਆਂ ਸੀ ਕਿ ਉਸ ਦੇ ਪਤਿਤ ਹੋਣ ਦਾ ਕਾਰਨ ਮਹਿਜ਼ ਭਾਰਤ ਦੀ ਹਿੰਦੂ ਮਾਨਸਿਕਤਾ ਵਿਚ ਲੋਕ-ਪ੍ਰਿਅ ਹੋਣ ਲਈ ਹੀ ਸੀ।

ਇਹ ਸਭ ਵਿਆਖਿਆ ਦੇਣ ਤੋਂ ਸਾਡਾ ਮਤਲਬ ਕੇਵਲ ਇੱਕੋ ਹੀ ਹੈ ਕਿ ਬੇਸ਼ਕ ਇਸ ਸਚਾਈ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਭਾਰਤ ਦੀ ਅਜ਼ਾਦੀ ਦਾ ਸਿਹਰਾ ਸਿੱਖਾਂ ਸਿਰ ਰਿਹਾ ਹੈ ਅਤੇ ਇਥੋਂ ਤਕ ਕਿ ਮੌਜੂਦਾ ਕਿਸਾਨੀ ਅੰਦੋਲਨ ਵਿਚ ਸਿੱਖਾਂ ਦੀ ਅਗਵਾਈ ਕਾਰਨ ਹੀ ਅੰਦੋਲਨ ਵਿਚ ਸਫਲਤਾ ਮਿਲੀ ਅਤੇ ਮੋਦੀ ਨੂੰ ਆਖਰ ਮੂਧੇ ਮਾਰਿਆ ਗਿਆ ਪਰ ਹੁਣ ਭਗਵੰਤ ਸਿੰਘ ਮਾਨ ਦੇ ਸਿਰ ‘ਤੇ ਜਿਸ ਗਾਂਧੀ ਟੋਪੀ ਦਾ ਪ੍ਰਛਾਵਾਂ ਹੈ, ਇਸ ਪ੍ਰਛਾਵੇਂ ਨੇ ਹਰ ਕੋਸ਼ਿਸ਼ ਕਰਨੀ ਹੈ ਕਿ ਜਿਥੋਂ ਤਕ ਹੋ ਸਕੇ ਇਸ ਸੱਚ ਨੂੰ ਝੁਠਲਾਇਆ ਜਾ ਸਕੇ ਕਿ ‘ਪੰਜਾਬ ਜੀਂਦਾ ਹੈ ਗੁਰਾਂ ਦੇ ਨਾਮ ‘ਤੇ’।

ਮਾਨ ਨੂੰ ਕੰਧ ‘ਤੇ ਲਿਖਿਆ ਪੜ੍ਹਨਾ ਚਾਹੀਦਾ ਹੈ ਕਿ ਮੌਜੂਦਾ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਹੋਰਾਂ ਦੀ ਰਾਜਨੀਤਕ ਫੱਟੀ ਪੋਚੀ ਜਾਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਇਹਨਾ ਸਭਨਾ ਨੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਰੋਕਣ ਲਈ ਕੁਝ ਨਹੀਂ ਕੀਤਾ ਸਗੋਂ ਇਹ ਰਾਜਨੀਤਕ ਦਲ ਤਾਂ ਅਜੇਹਾ ਕੁਕਰਮ ਕਰਨ ਵਾਲਿਆਂ ਦੇ ਇਸ਼ਾਰਿਆਂ ਤੇ ਨੱਚਦੇ ਰਹੇ ਹਨ। ਪੰਜਾਬ ਸਿੱਖ ਬਹੁਗਿਣਤੀ ਵਾਲਾ ਸੂਬਾ ਹੈ ਅਤੇ ਇਥੇ ਸਿੱਖ ਵਿਰੋਧੀ ਨੀਤੀਆਂ ਅਪਨਾਉਣ ਵਾਲੀ ਕੋਈ ਵੀ ਰਾਜਸੀ ਪਾਰਟੀ ਦੇਰ ਅਵੇਰ ਲੋਕਾਂ ਦੇ ਮਨਾ ਤੋਂ ਲਹਿ ਹੀ ਜਾਵੇਗੀ।

ਪੰਜਾਬ ਵਿਚ ਹਰ ਧਰਮ ਦਾ ਸਤਕਾਰ ਹੋਣਾ ਚਾਹੀਦਾ ਹੈ । ਨਸ਼ਿਆਂ ਦੀ ਰੋਕਥਾਮ ਦੇ ਨਾਲ ਨਾਲ ਭ੍ਰਿਸਟਾਚਾਰ ਦਾ ਖਾਤਮਾ ਹੋਣਾ ਚਾਹੀਦਾ ਹੈ ਅਤੇ ਹਰ ਸਰਕਾਰੀ ਅਦਾਰੇ ਦੀ ਸਫਾਈ ਹੋਣੀ ਚਾਹੀਦੀ ਹੈ। ਹੁਣ ਆਮ ਆਦਮੀ ਪਾਰਟੀ ਦੇ ਕੁਝ ਵਾਧਾਇਕਾਂ ਵਲੋਂ ਸਕੂਲਾਂ ਹਸਪਤਾਲਾਂ ਵਿਚ ਛਾਪੇ ਮਾਰਨ ਦੀਆਂ ਖਬਰਾਂ ਆ ਰਹੀਆਂ ਹਨ ਜਿਸ ਨੂੰ ਕਿ ਚੰਗੀ ਸ਼ੁਰੂਆਤ ਕਿਹਾ ਜਾ ਸਕਦਾ ਹੈ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੂੰ ਧੂਮ ਤੜਾਕੇ ਦੇ ਪ੍ਰਗਟਾਵੇ ਅਤੇ ਹੋਰ ਕਲਾਬਾਜੀਆਂ ਛੱਡ ਕੇ ਜਨਤਕ ਮੁੱਦਿਆਂ ‘ਤੇ ਕੇਂਦਰਤ ਹੋਣ ਦੀ ਲੋੜ ਹੈ।

ਹੁਣ ਬਾਦਲ ਮੁਕਤ ਪੰਜਾਬ ਦਾ ਨਾਅਰਾ ਬੁਲੰਦ ਹੋਣ ਲੱਗਾ

ਬੇਸ਼ਕ ਅਕਾਲੀ ਦਲ ਦੀ ਕੋਰ ਕਮੇਟੀ ਨੇ ਸ਼ਰਮਾਨਕ ਹਾਰ ਹੋਣ ਦੇ ਬਾਵਜੂਦ ਵੀ ਆਪਣਾ ਵਿਸ਼ਵਾਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਬਣਾਈ ਰੱਖਿਆ ਹੈ ਪਰ ਇਸ ਤੱਥ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਪੰਜਾਬ ਦੇ ਲੋਕ ਬਾਦਲਾਂ ਦੀ ਰਾਜਨੀਤਕ ਅਗਵਾਈ ਨੂੰ ਬੁਰੀ ਤਰਾਂ ਨਕਾਰ ਚੁੱਕੇ ਹਨ। ਪੰਜਾਬ ਦੇ ਸਿੱਖ ਤਾਂ ਸ਼੍ਰੋਮਣੀ ਕਮੇਟੀ ਨੂੰ ਵੀ ਬਾਦਲਾਂ ਤੋਂ ਮੁਕਤ ਦੇਖਣਾ ਚਹੁੰਦੇ ਹਨ। ਹੁਣੇ ਹੁਣੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਇਸ ਬਿਆਨ ‘ਤੇ ਸਿੱਖ ਸਮੂਹ ਬਲੋਂ ਤਿੱਖਾ ਪ੍ਰਤੀਕਰਮ ਹੋਇਆ ਹੈ ਕਿ ਅਕਾਲੀ ਦਲ ਦਾ ਖਤਮ ਹੋਣਾ ਦੇਸ਼ ਅਤੇ ਪੰਜਾਬ ਲਈ ਬੇਹੱਦ ਘਾਤਕ ਹੈ। । ਸੱਚ ਤਾਂ ਇਹ ਹੈ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਆਦਰਸ਼ਾਂ ਨੂੰ ਬਾਦਲ ਪਰਿਵਾਰ ਵਲੋਂ ਵੱਡੀ ਢਾਅ ਲਾਈ ਗਈ ਹੈ। ਇਹ ਗੱਲ ਬੜੀ ਹੀ ਅਫਸੋਸਜਨਕ ਹੈ ਕਿ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਜਥੇਦਾਰ ਹਰਪ੍ਰੀਤ ਸਿੰਘ ਬਾਦਲਾਂ ਦੀ ਜੀ ਹਜੂਰੀ ਵਿਚ ਬੜੇ ਬਚਕਾਨਾ ਬਿਆਨ ਦੇ ਰਹੇ ਹਨ। ਖਤਰਾ ਅਕਾਲੀ ਦਲ ਨੂੰ ਨਹੀਂ ਹੈ ਸਗੋਂ ਬਾਦਲਾਂ ਨੂੰ ਹੈ। ਸੱਚ ਇਹ ਹੈ ਕਿ ਬਾਦਲ ਦਲ ਪੰਥ ਅਤੇ ਪੰਜਾਬ ਦੀ ਅਗਵਾਈ ਕਰਨ ਵਿਚ ਬੁਰੀ ਤਰਾਂ ਅਸਫਲ ਹੋਇਆ ਹੈ ਅਤੇ ਹੁਣ ਇਸ ਨੂੰ ਅਕਾਲੀ ਦਲ ਕਹਿਣ ਨਾਲੋਂ ਸ਼ਾਇਦ ਬਾਦਲਾਂ ਦੀ  ‘ਦਲ ਦਲ’ ਕਹਿਣ ਜ਼ਿਆਦਾ ਮੁਨਾਸਬ ਹੋਵੇਗਾ।

ਈ ਵੀ ਐਮ ਮਸ਼ੀਨਾ ਦੀ ਜਿੱਤ ਦਾ ਖਦਸ਼ਾ

ਪੰਜਾਬ ਦੇ ਲੋਕਾਂ ਨੇ ਆਪਣੀ ਵੋਟ ਦੀ ਵਰਤੋਂ ਕਰਕੇ ਜੋ ਮਾਨਵੀ ਹਿੱਤਾਂ ਵਿਰੁਧ ਭੁਗਤਣ ਵਾਲੇ ਆਗੂਆਂ ਨੂੰ ਫਤਵਾ ਦਿੱਤਾ ਹੈ ਉਸ ਨਾਲ ਆਮ ਲੋਕਾਂ ਵਿਚ ਖੁਸ਼ੀ ਦਾ ਆਲਮ ਹੈ ਅਤੇ ਹੁਣ ਦੇਖਣਾ ਇਹ ਹੈ ਕਿ ਨਵਾਂ ਰਾਜਸੀ ਬਦਲ ਪੰਜਾਬ ਦੇ ਲੋਕ ਜੀਵਨ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ। ਇਸ ਦੇ ਨਾਲ ਨਾਲ ਕੁਝ ਲੋਕਾਂ ਵਲੋਂ ਈ ਵੀ ਐਮ ਮਸ਼ੀਨਾਂ ਪ੍ਰਤੀ ਸ਼ੰਕੇ ਜਾਹਿਰ ਕੀਤੇ ਹਨ ਕਿ ਹੁਣ ਜਿਥੇ ਭਾਜਪਾ ਦੀ ਮਾੜੀ ਰਾਜੀਨੀਤਕ ਕਾਰਗੁਜ਼ਾਰੀ ਦੇ ਹੁੰਦਿਆਂ ਹੋਇਆਂ ਵੀ ਉਸ ਨੂੰ ਪੰਜ ਰਾਜਾਂ ਵਿਚ ਜਿਤਾ ਕੇ ਪੰਜਾਬ ਨੂੰ ਭਾਜਪਾ ਦੀ ਬੀ ਟੀਮ ਹਵਾਲੇ ਕੀਤਾ ਜਾ ਰਿਹਾ ਹੈ ਤਾਂ ਉਸ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਜੇਕਰ ਇੰਝ ਨਾ ਕੀਤਾ ਜਾਂਦਾ ਤਾਂ ਪੰਜਾਬ ਤੋਂ ਈ ਵੀ ਐਮ ਮਸ਼ੀਨਾਂ ਖਿਲਾਫ ਅੰਦੋਲਨ ਜਾਰੀ ਹੋਣ ਦੇ ਖਦਸ਼ੇ ਹਨ ਵਰਨਾ ਭਾਰਤ ਜੋ ਹੁਣ ਇੱਕ ਪਾਰਟੀ ਸਟੇਟ ਬਣਦਾ ਜਾ ਰਿਹਾ ਹੈ ਤਾਂ ਇਸ ਪਿੱਛੇ ਕੀ ਸਾਜਸ਼ ਕੰਮ ਕਰ ਰਹੀ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin