Articles

ਯਾਰੀ ਦਾ ਮੁੱਲ।

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਮੇਰਾ ਪੜਨਾਨਾ ਸੁਹੇਲ ਸਿੰਘ ਢਿੱਲੋਂ ਅੰਗਰੇਜ਼ ਰਾਜ ਵੇਲੇ ਪਿੰਡ ਭਸੀਨ, ਜਿਲ੍ਹਾ ਲਾਹੌਰ ਦਾ ਨੰਬਰਦਾਰ ਸੀ। ਉਸ ਜ਼ਮਾਨੇ ਵਿੱਚ ਪੰਚ ਸਰਪੰਚ ਨਹੀਂ ਹੁੰਦੇ ਸਨ ਤੇ ਪਿੰਡਾਂ ਵਿੱਚ ਨੰਬਰਦਾਰਾਂ, ਜ਼ੈਲਦਾਰਾਂ ਅਤੇ ਸਫੈਦਪੋਸ਼ਾਂ ਦੀ ਹੀ ਚੌਧਰ ਚੱਲਦੀ ਸੀ। ਨੰਬਰਦਾਰ ਕਿਸਾਨਾਂ ਕੋਲੋਂ ਲਗਾਨ ਵਸੂਲ ਕੇ ਸਰਕਾਰੀ ਖਜ਼ਾਨੇ ਵਿੱਚ ਜ਼ਮ੍ਹਾ ਕਰਵਾਉਂਦੇ ਸਨ ਤੇ ਨਾਲੇ ਚੰਗੇ ਮਾੜੇ ਬੰਦੇ ‘ਤੇ ਨਜ਼ਰ ਰੱਖਣ ਲਈ ਸਰਕਾਰ ਦੀਆਂ ਅੱਖਾਂ ਤੇ ਕੰਨਾਂ ਵਜੋਂ ਕੰਮ ਕਰਦੇ ਸਨ। ਉਨ੍ਹਾਂ ਦੀ ਸਰਕਾਰੇ ਦਰਬਾਰੇ ਖੂਬ ਚੱਲਦੀ ਹੁੰਦੀ ਸੀ। ਜਦੋਂ ਵੀ ਪਿੰਡ ਵਿੱਚ ਕਿਸੇ ਅਫਸਰ ਜਾਂ ਪੁਲਿਸ ਵਾਲੇ ਦਾ ਦੌਰਾ ਹੁੰਦਾ ਤਾਂ ਉਸ ਦੇ ਰਹਿਣ ਸਹਿਣ ਅਤੇ ਖਾਣ ਪੀਣ ਦੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਨੰਬਰਦਾਰ ਦੀ ਹੁੰਦੀ ਸੀ। ਪੜਨਾਨੇ ਕੋਲ ਖੁਲ੍ਹੀ ਜ਼ਮੀਨ ਸੀ ਤੇ ਮੇਰਾ ਨਾਨਾ ਲਾਭ ਸਿੰਘ ਉਸ ਦੀ ਇੱਕਲੌਤੀ ਔਲਾਦ ਸੀ। ਉਸ ਵੇਲੇ ਕਾਨੂੰਨ ਸੀ ਕਿ ਜੇ ਜ਼ਮੀਨ ਦਾ ਮਾਲਕ ਲਾਵਲਦ (ਬਿਨਾਂ ਔਲਾਦ ਦੇ) ਮਰ ਜਾਵੇ ਤਾਂ ਜ਼ਾਇਦਾਦ ਸ਼ਰੀਕਾਂ (ਬਾਪ ਵਾਲੇ ਪਾਸਿਉਂ ਖਾਨਦਾਨ ਦੇ ਰਿਸ਼ਤੇਦਾਰ) ਦੇ ਨਾਮ ਚੜ੍ਹ ਜਾਂਦੀ ਸੀ। ਸ਼ਰੀਕਾਂ ਨੇ ਸੋਚਿਆ ਕਿ ਜੇ ਸੁਹੇਲ ਸਿੰਘ ਮਾਰ ਦਿੱਤਾ ਜਾਵੇ ਤਾਂ ਸਾਰੀ ਜ਼ਮੀਨ ਆਪਣੀ ਹੋ ਜਾਵੇਗੀ। ਬਾਅਦ ਵਿੱਚ ਬੱਚੇ ਨੂੰ ਵੀ ਮਾਰ ਦਿਆਂਗੇ ਜਾਂ ਪੜਨਾਨੀ ਦਾ ਵਿਆਹ ਜਬਰਦਸਤੀ ਕਿਸੇ ਸ਼ਰੀਕ ਨਾਲ ਕਰ ਦਿਆਂਗੇ। ਉਨ੍ਹਾਂ ਨੇ ਸਕੀਮ ਬਣਾ ਕੇ ਲਾਇਲਪੁਰ ਵੱਲੋਂ ਗੋਮਾ ਨਾਮ ਦੇ ਮਸ਼ਹੂਰ ਜਾਂਗਲੀ ਬਦਮਾਸ਼ (ਬਾਰਾਂ ਵਿੱਚ ਵੱਸਣ ਵਾਲੇ ਆਦਿਵਾਸੀ) ਨੂੰ ਨੰਬਰਦਾਰ ਦੇ ਕਤਲ ਦਾ ਬਿਆਨਾ (ਸੁਪਾਰੀ) ਦੇ ਦਿੱਤਾ। ਗੋਮੇ ਨੇ ਸਿਆਲਾਂ ਦੇ ਇੱਕ ਦਿਨ ਘਾਤ ਲਗਾ ਕੇ ਦੁਪਹਿਰੇ ਸੱਥ ਵਿੱਚ ਤਾਸ਼ ਖੇਡ ਰਹੇ ਨੰਬਰਦਾਰ ਦਾ ਕਤਲ ਕਰ ਦਿੱਤਾ ਤੇ ਫਰਾਰ ਹੋ ਗਿਆ।
ਪੁਲਿਸ ਨੇ ਨੰਬਰਦਾਰ ਦੇ ਕਤਲ ਦਾ ਮੁੱਕਦਮਾ ਦਰਜ਼ ਕਰ ਲਿਆ ਪਰ ਸ਼ਰੀਕਾਂ ਵੱਲੋਂ ਡਰਾਉਣ ਧਮਕਾਉਣ ਤੇ ਲਾਲਚ ਦੇਣ ਕਾਰਨ ਕੋਈ ਪਿੰਡ ਵਾਸੀ ਮੌਕੇ ਦਾ ਗਵਾਹ ਬਣਨ ਨੂੰ ਤਿਆਰ ਨਾ ਹੋਇਆ। ਪੁਲਿਸ ਨੇ ਵੀ ਮੋਟੇ ਪੈਸੇ ਖਾ ਕੇ ਕਮਜ਼ੋਰ ਜਿਹਾ ਕੇਸ ਤਿਆਰ ਕਰ ਦਿੱਤਾ। ਪਰ ਸ਼ਰੀਕਾਂ ਦੇ ਹੱਥ ਪੱਲੇ ਕੁਝ ਨਾ ਪਿਆ, ਕਿਉਂਕਿ ਇਸ ਤੋਂ ਪਹਿਲਾਂ ਕਿ ਉਹ ਮੇਰੇ ਨਾਨੇ ਜਾਂ ਪੜਨਾਨੀ ਨੂੰ ਕੋਈ ਨੁਕਸਾਨ ਪਹੁੰਚਾਉਂਦੇ, ਉਹ ਨੰਬਰਦਾਰ ਦੇ ਅੰਤਿਮ ਸੰਸਕਾਰ ਤੋਂ ਫੌਰਨ ਬਾਅਦ ਭਰਿਆ ਭਰਾਇਆ ਘਰ ਛੱਡ ਕੇ ਮੇਰੇ ਨਾਨੇ ਨੂੰ ਕੁੱਛੜ ਚੁੱਕ ਕੇ ਆਪਣੇ ਪੇਕੇ ਪਿੰਡ ਚਲੀ ਗਈ। ਕਈ ਸਾਲਾਂ ਬਾਅਦ ਨਾਨਾ ਉਥੋਂ ਜਵਾਨ ਹੋ ਕੇ ਹੀ ਵਾਪਸ ਆਇਆ ਤੇ ਮੁੜ ਆਪਣੀ ਜ਼ਮੀਨ ਸੰਭਾਲ ਲਈ। ਕੁਝ ਦਿਨਾਂ ਬਾਅਦ ਗੋਮਾ ਗ੍ਰਿਫਤਾਰ ਕਰ ਲਿਆ ਗਿਆ ਤੇ ਕੇਸ ਲਾਹੌਰ ਅਦਾਲਤ ਵਿੱਚ ਸ਼ੁਰੂ ਹੋ ਗਿਆ। ਕੇਸ ਜਿਸ ਜੱਜ ਦੀ ਅਦਾਲਤ ਵਿੱਚ ਲੱਗਾ, ਉਹ ਨੰਬਰਦਾਰ ਦਾ ਜਿਗਰੀ ਯਾਰ ਸੀ। ਪਰ ਪੁਲਿਸ ਵੱਲੋਂ ਪੇਸ਼ ਕੀਤੇ ਕਮਜ਼ੋਰ ਕੇਸ ਅਤੇ ਮੌਕੇ ਦੀਆਂ ਗਵਾਹੀਆਂ ਦੀ ਅਣਹੋਂਦ ਕਾਰਨ ਉਸ ਨੂੰ ਮਜ਼ਬੂਰਨ ਗੋਮੇ ਨੂੰ ਬਰੀ ਕਰਨਾ ਪਿਆ। ਪਰ ਇਸ ਗੱਲ ਦਾ ਜੱਜ ਦੇ ਮਨ ਵਿੱਚ ਬਹੁਤ ਕਸਕ ਸੀ ਕਿ ਉਸ ਦੀ ਹੀ ਅਦਾਲਤ ਵਿੱਚ ਉਸ ਦੇ ਦੋਸਤ ਦਾ ਕਤਲ ਕੇਸ ਘਾਗ ਵਕੀਲਾਂ ਦੀਆਂ ਕਾਨੂੰਨੀ ਪੇਚੀਦਗੀਆਂ ਵਿੱਚ ਫਸ ਕੇ ਰੁਲ ਗਿਆ ਹੈ।
ਪਰ ਕੁਦਰਤ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਕੁਝ ਮਹੀਨਿਆਂ ਬਾਅਦ ਉਸ ਜੱਜ ਦੀ ਬਦਲੀ ਲਾਇਲਪੁਰ ਜਿਲ੍ਹੇ ਦੀ ਉਸ ਅਦਾਲਤ ਵਿੱਚ ਹੋ ਗਈ ਜਿਸ ਅਧੀਨ ਗੋਮੇ ਦਾ ਪਿੰਡ ਪੈਂਦਾ ਸੀ। ਗੋਮੇ ਦਾ ਆਪਣੇ ਸਕੇ ਭਰਾ ਤੇ ਭਾਬੀ ਨਾਲ ਜ਼ਮੀਨ ਦੀ ਵੰਡ ਕਾਰਨ ਸਿੱਰ ਵੱਢਵਾਂ ਵੈਰ ਚੱਲ ਰਿਹਾ ਸੀ। ਦੋਵਾਂ ਧਿਰਾਂ ਵਿੱਚ ਕਈ ਵਾਰ ਮਾਰ ਕੁਟਾਈ ਹੋ ਚੁੱਕੀ ਸੀ। ਇੱਕ ਦਿਨ ਭਰਾ ਦੀ ਗੈਰਹਾਜ਼ਰੀ ਵਿੱਚ ਗੋਮੇ ਅਤੇ ਉਸ ਦੀ ਭਾਬੀ ਦਰਮਿਆਨ ਝਗੜਾ ਹੋ ਗਿਆ ਤੇ ਗੋਮੇ ਨੇ ਭਾਬੀ ਦੀ ਰੱਜ ਕੇ ਕੁੱਟਮਾਰ ਕੀਤੀ। ਰੋਜ਼ਾਨਾ ਦੀ ਮਾਰ ਕੁੱਟ ਅਤੇ ਗੋਮੇ ਦੀ ਭੈੜੀ ਸ਼ੋਹਰਤ ਤੋਂ ਦੁਖੀ ਭਾਬੀ ਨੇ ਉਸ ਦਾ ਟੰਟਾ ਹਮੇਸ਼ਾਂ ਲਈ ਮੁਕਾਉਣ ਲਈ ਆਪਣੀ ਦੁੱਧ ਚੁੰਘਦੀ ਲੜਕੀ ਕੰਧ ਨਾਲ ਪਟਕਾ ਕੇ ਮਾਰ ਦਿੱਤੀ ਤੇ ਉਸ ਦੇ ਕਤਲ ਦਾ ਮੁਕੱਦਮਾ ਗੋਮੇ ਦੇ ਖਿਲਾਫ ਦਰਜ਼ ਕਰਵਾ ਦਿੱਤਾ। ਗੋਮਾ ਗ੍ਰਿਫਤਾਰ ਹੋ ਗਿਆ ਤੇ ਉਸ ਦੀ ਭਾਬੀ ਅਤੇ ਭਰਾ ਮੌਕੇ ਦੇ ਗਵਾਹ ਬਣ ਗਏ। ਝੂਠੇ ਮੁਕੱਦਮਿਆਂ ਵਿੱਚ ਸਬੂਤ ਅਤੇ ਗਵਾਹੀਆਂ ਬਹੁਤ ਠੋਕ ਕੇ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਦੁਸ਼ਮਣ ਕਿਤੇ ਬਰੀ ਨਾ ਹੋ ਜਾਵੇ। ਗੋਮੇ ਦਾ ਕੇਸ ਉਸ ਲਾਹੌਰ ਵਾਲੇ ਜੱਜ ਦੀ ਅਦਾਲਤ ਵਿੱਚ ਹੀ ਚੱਲਣਾ ਸੀ। ਜਦੋਂ ਕੇਸ ਚੱਲਿਆ ਤਾਂ ਜੱਜ ਨੇ ਗੋਮੇ ਨੂੰ ਤੇ ਗੋਮੇ ਨੇ ਜੱਜ ਨੂੰ ਪਹਿਚਾਣ ਲਿਆ। ਗੋਮੇ ਦੇ ਭਰਾ ਨੂੰ ਪਤਾ ਸੀ ਕਿ ਜੇ ਹੁਣ ਗੋਮਾ ਬਚ ਗਿਆ ਤਾਂ ਉਸ ਨੇ ਉਨ੍ਹਾਂ ਨੂੰ ਜ਼ਿੰਦਾ ਨਹੀਂ ਛੱਡਣਾ। ਇਸ ਲਈ ਉਨ੍ਹਾਂ ਨੇ ਉਸ ਦੇ ਖਿਲਾਫ ਚਿਣ ਚਿਣ ਕੇ ਗਵਾਹੀਆਂ ਦਿੱਤੀਆਂ। ਜਦੋਂ ਸਾਰੀਆਂ ਗਵਾਹੀਆਂ ਤੇ ਸਬੂਤ ਪੇਸ਼ ਹੋ ਗਏ ਤਾਂ ਜੱਜ ਨੇ ਗੋਮੇ ਨੂੰ ਪੁੱਛਿਆ, “ਗੋਮਿਆਂ ਪਛਾਣਿਆਂ ਈ ਮੈਨੂੰ?”  “ਹਾਂ ਜੀ ਪਛਾਣ ਲਿਆ,” ਮਸਕੀਨ ਜਿਹੇ ਬਣ ਕੇ ਹੱਥ ਜੋੜੀ ਖੜ੍ਹੇ ਗੋਮੇ ਨੇ ਡਰ ਨਾਲ ਕੰਬਦੇ ਹੋਏ ਕਿਹਾ। “ਗੱਲ ਸੁਣ ਲੈ ਮੇਰੀ ਫਿਰ ਧਿਆਨ ਨਾਲ। ਨੰਬਰਦਾਰ ਸੁਹੇਲ ਸਿੰਘ ਨੇ ਕਤਲ ਕੇਸ ਵਿੱਚ ਤਾਂ ਤੂੰ ਬਰੀ ਹੋ ਗਿਆ ਸੀ ਉਸ ਦੇ ਸ਼ਰੀਕਾਂ ਦੀ ਗੱਦਾਰੀ ਕਾਰਨ। ਪਰ ਹੁਣ ਇਸ ਕੇਸ ਵਿੱਚ ਮੈਂ ਤੈਨੂੰ ਫਾਂਸੀ ਲਾਵਾਂਗਾ। ਜੋ ਖਾਣ ਪੀਣਾ ਈ ਖਾ ਪੀ ਲੈ ਚਾਰ ਦਿਨ,” ਜੱਜ ਗਰਜਿਆ।
ਮੌਤ ਸਾਹਮਣੇ ਵੇਖ ਕੇ ਤਾਂ ਵੱਡੇ ਵੱਡੇ ਸੂਰਮੇ ਗੋਡਿਆਂ ਪਰਨੇ ਡਿੱਗ ਪੈਂਦੇ ਹਨ, ਫਿਰ ਗੋਮਾ ਤਾਂ ਛਿਪ ਕੇ ਵਾਰ ਕਰਨ ਵਾਲਾ ਇੱਕ ਘਟੀਆ ਬਦਮਾਸ਼ ਸੀ। ਜੱਜ ਦੇ ਗੁੱਸੇ ਭਰੇ ਬੋਲ ਸੁਣ ਕੇ ਉਹ ਚੱਕਰ ਖਾ ਕੇ ਕਟਹਿਰੇ ਵਿੱਚ ਹੀ ਡਿੱਗ ਪਿਆ, “ਮਾਈ ਬਾਪ ਮੈਂ ਆਪਣੀ ਜ਼ਿੰਦਗੀ ਵਿੱਚ ਪੈਸੇ ਦੀ ਖਾਤਰ ਬੜੇ ਬੜੇ ਵੱਡੇ ਬੰਦੇ ਮਾਰੇ ਆ, ਨੰਬਰਦਾਰ ਸੁਹੇਲ ਸਿੰਘ ਦਾ ਕਤਲ ਵੀ ਮੈਂ ਈ ਕੀਤਾ ਸੀ। ਪਰ ਇਹ ਮਾਸੂਮ ਲੜਕੀ ਮਾਰਨ ਵਾਲਾ ਪਾਪ ਮੈਂ ਨਈਂ ਕੀਤਾ। ਮੇਰੇ ਨਾਮ ‘ਤੇ ਕੁੜੀਮਾਰ ਹੋਣ ਦਾ ਦਾਗ ਨਾ ਲਾਉ। ਮੈਂ ਮੌਤ ਤੋਂ ਬਾਅਦ ਰੱਬ ਨੂੰ ਕੀ ਮੂੰਹ ਵਿਖਾਵਾਂਗਾ? ਜੇ ਮੈਨੂੰ ਫਾਂਸੀ ਹੀ ਲਗਾਉਣੀ ਈ ਆ ਤਾਂ ਨੰਬਰਦਾਰ ਵਾਲੇ ਕੇਸ ਵਿੱਚ ਲਗਾ ਦਿਉ। ਮੈਂ ਉਸ ਕਤਲ ਦਾ ਇਕਬਾਲ ਕਰ ਲੈਂਦਾ ਹਾਂ।” ਜੱਜ ਨੇ ਉਸ ਕੋਲੋਂ ਨੰਬਰਦਾਰ ਦੇ ਕਤਲ ਦਾ ਇਲਜ਼ਾਮ ਕਬੂਲ ਕਰਵਾ ਕੇ ਇਕਬਾਲੀਆ ਬਿਆਨ ਦਰਜ਼ ਕਰ ਲਏ ਤੇ ਕੁੜੀ ਮਾਰਨ ਵਾਲੇ ਕੇਸ ਵਿੱਚੋਂ ਬਰੀ ਕਰਨ ਦਾ ਵਾਅਦਾ ਕਰ ਲਿਆ।  ਗੋਮੇ ‘ਤੇ ਉੱਪਰਲੀ ਅਦਾਲਤ ਵਿੱਚ ਦੁਬਾਰਾ ਕੇਸ ਚੱਲਿਆ ਤੇ ਉਸ ਨੂੰ ਨੰਬਰਦਾਰ ਦੇ ਕਤਲ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ। ਗੋਮੇ ਨੇ ਹਾਈ ਕੋਰਟ ਤੱਕ ਕੇਸ ਲੜਿਆ ਪਰ ਹਾਰ ਗਿਆ। ਜੱਜ ਨੇ ਆਪਣਾ ਵਾਅਦਾ ਨਿਭਾਇਆ ਤੇ ਗੋਮੇ ਨੂੰ ਲੜਕੀ ਮਾਰਨ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ। ਕੁਝ ਮਹੀਨਿਆਂ ਬਾਅਦ ਉਸ ਨੂੰ ਫਾਂਸੀ ‘ਤੇ ਲਟਕਾ ਦਿੱਤਾ ਗਿਆ। ਜੱਜ ਨੇ ਆਪਣੇ ਮਿੱਤਰ ਦੇ ਕਤਲ ਵਿੱਚ ਇਨਸਾਫ ਕਰ ਕੇ ਦੋਸਤੀ ਦਾ ਫਰਜ਼ ਨਿਭਾਅ ਵਿਖਾਇਆ। ਅਜ਼ਾਦੀ ਤੋਂ ਬਾਅਦ ਮੇਰੇ ਨਾਨਕਿਆਂ ਨੂੰ ਅਜਨਾਲੇ ਦੇ ਨਜ਼ਦੀਕ ਮਾਨਾਂਵਾਲਾ ਪਿੰਡ ਵਿੱਚ ਜ਼ਮੀਨ ਅਲਾਟ ਹੋ ਗਈ ਜਿੱਥੇ ਉਹ ਹੁਣ ਵੱਸ ਰੱਸ ਰਹੇ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin