Articles Culture

ਪੰਜਾਬੀ ਸੱਭਿਆਚਾਰ ਵਿੱਚ ਚਿੱਤਰਕਾਰੀ ਦਾ ਵਿਸ਼ੇਸ਼ ਸਥਾਨ !

ਲੇਖਕ: ਪ੍ਰਿੰਸੀਪਲ ਪ੍ਰੇਮਲਤਾ, ਸਰਦਾਰ ਪਟੇਲ ਗਰੀਨ ਵੁੱਡ ਪਬਲਿਕ ਸੀ.ਸੈਕੰ.ਸਕੂਲ ਧੂਰੀ

ਮਨ ਦੇ ਚਾਵਾਂ ਦੀ ਤ੍ਰਿਪਤੀ ਲਈ ਮਨੁੱਖ ਨੇ ਮੁੱਢ ਕਦੀਮ ਤੋਂ ਸੂਖਮ ਕਲਾਵਾਂ ਦਾ ਵਿਕਾਸ ਕੀਤਾ। ਸੂਖਮ ਕਲਾਵਾਂ ਵਿੱਚ ਜਿੱਥੇ ਸੰਗੀਤ ਦਾ ਉੱਚਾ ਸਥਾਨ ਹੈ, ਉੱਥੇ ਚਿੱਤਰਕਾਰੀ ਵੀ ਇੱਕ ਅਹਿਮ ਸਥਾਨ ਰੱਖਦੀ ਹੈ। ਕਿਸੇ ਸੱਭਿਆਚਾਰ ਦੇ ਵਾਤਾਵਰਣ ਵਿੱਚ ਉਪਜੀਆਂ ਸੂਖਮ ਕਲਾਵਾਂ ਉਸ ਸੱਭਿਆਚਾਰ ਦੀ ਪਹਿਚਾਨ ਦੇ ਚਿੰਨ੍ਹ ਬਣ ਜਾਂਦੀਆਂ ਹਨ।

ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਉੱਤਰ-ਪੱਛਮ ਵੱਲੋਂ ਇਸਨੂੰ ਪਹਿਲਾਂ ਸਿਕੰਦਰ ਦਾ ਹਮਲਾ ਸਹਿਣਾ ਪਿਆ, ਫੇਰ ਤੁਰਕਾਂ ਅਤੇ ਮੁਗਲਾਂ ਦੇ ਹਮਲੇ ਸਹਿਣੇ ਪਏ। ਉਜੜਨਾ ਅਤੇ ਫੇਰ ਵੱਸਣਾ ਪੰਜਾਬ ਦੀ ਫਿਤਰਤ ਹੀ ਬਣ ਚੁੱਕੀ ਸੀ। ਪੰਜਾਬ ਦੇ ਲੋਕਾਂ ਨੂੰ ਜਦੋਂ ਵੱਸਣ ਦਾ ਮੌਕਾ ਮਿਲਦਾ ਸੀ, ਉਦੋਂ ਹੀ ਉਹ ਸੂਖਮ ਕਲਾਵਾਂ ਨਾਲ਼ ਆਪਣੇ ਮਨ ਦੀ ਤ੍ਰਿਪਤੀ ਕਰਦੇ ਸਨ।

ਹਮਲਾਵਰਾਂ ਨੇ ਇੱਥੇ 800 ਸਾਲ ਰਾਜ ਕੀਤਾ ਹੈ, ਹਮਲਾਵਾਰ ਜਿਸ ਧਰਮ ਨਾਲ਼ ਸੰਬੰਧ ਰੱਖਦੇ ਸਨ, ਉਹ ਧਰਮ ਸੂਖਮਕਲਾਵਾਂ ਦਾ ਸਖ਼ਤ ਵਿਰੋਧੀ ਵੀ ਸੀ। ਇਸ ਲਈ ਸਰਕਾਰੀ ਪੱਧਰ ਉੱਪਰ ਸੂਖਮਕਲਾਵਾਂ ਨੂੰ ਕੋਈ ਉਤਸ਼ਾਹ ਨਹੀਂ ਦਿੱਤਾ ਗਿਆ।

ਜੇਕਰ ਪੰਜਾਬ ਵਿੱਚ ਚਿੱਤਰਕਾਰੀ ਦਾ ਇਤਿਹਾਸ ਜਾਨਣਾ ਹੋਵੇ ਤਾਂ ਇਹ ਛੇ ਹਜਾਰ ਸਾਲ ਪੁਰਾਣੀ ਸਿੰਧ ਘਾਟੀ ਸੱਭਿਅਤਾ ਤੋਂ ਵੀ ਜਿਆਦਾ ਪੁਰਾਣਾ ਹੈ। ਮੱਧ ਪ੍ਰਦੇਸ਼ ਵਿੱਚ ਭੋਪਾਲ ਨੇੜੇ ਭੀਮ ਬੇਟਕਾ ਨਾਂ ਦੀਆਂ ਪ੍ਰਾਚੀਨ ਗੁਫਾਵਾਂ ਵਿੱਚ ਬਣੇ ਚਿੱਤਰ 20000 ਸਾਲ ਪੁਰਾਣੇ ਦੱਸੇ ਜਾਂਦੇ ਹਨ। ਆਦਿ ਮਨੁੱਖ ਵੱਲੋਂ ਆਪਣੇ ਜੀਵਨ ਵਿੱਚ ਵਰਤੀਆਂ ਅਤੇ ਅਨੁਭਵ ਕੀਤੀਆਂ ਜਾਂਦੀਆਂ ਭੌਤਿਕ ਵਸਤੂਆਂ ਨਾਲ਼ ਆਪਣੇ ਸਨੇਹ ਦਾ ਪ੍ਰਗਟਾਵਾ ਉਸਨੇ ਚਿੱਤਰਕਾਰੀ ਦੇ ਰੂਪ ਵਿੱਚ ਕੀਤਾ। ਇਸੇ ਕਰਕੇ ਆਦਿ ਮਾਨਵ ਵੇਲੇ ਦੀ ਚਿੱਤਰਕਾਰੀ ਵਿੱਚ ਪਸ਼ੂ-ਪੰਛੀ, ਜੰਗਲੀ ਜੀਵਨ ਅਤੇ ਪ੍ਰਕ੍ਰਿਤਿਕ ਸ਼ਕਤੀਆਂ ਦੀ ਝਲਕ ਮਿਲਦੀ ਹੈ।

ਸਿੰਧ ਘਾਟੀ ਸੱਭਿਅਤਾ ਵਿੱਚੋਂ ਮਿਲੀ ਚਿੱਤਰਕਾਰੀ :- ਸਿੰਧ ਘਾਟੀ ਸੱਭਿਅਤਾ ਦਾ ਮੁੱਖ ਸਥਾਨ ਹੜੱਪਾ ਪੰਜਾਬ ਵਿੱਚ ਹੀ ਸਥਿਤ ਹੈ। ਸਿੰਧ ਘਾਟੀ ਸੱਭਿਅਤਾ ਦੀ ਖੁਦਾਈ ਚੋਂ ਇੱਕ ਅਜਿਹੇ ਮਨੁੱਖ ਦਾ ਚਿੱਤਰ ਮਿਲਿਆ ਹੈ, ਜੋ ਵੱਖ-ਵੱਖ ਜੰਗਲੀ ਪਸ਼ੂਆਂ ਨਾਲ਼ ਘਿਰਿਆ ਹੈ, ਜਿਸਦੇ ਇੱਕ ਹੱਥ ਵਿੱਚ ਬਿੱਛੂ ਅਤੇ ਦੂਜੇ ਹੱਥ ਵਿੱਚ ਸੱਪ ਹੈ। ਉਸਦੇ ਸਿਰ ਉੱਪਰ ਤਾਜ ਵੀ ਹੈ, ਲੱਗਦਾ ਹੈ, ਇਹ ਉਨ੍ਹਾਂ ਦਾ ਦੇਵਤਾ ਸੀ। ਮਿਲੇ ਚਿੱਤਰਾਂ ਤੋਂ ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਦੀ ਪ੍ਰਕ੍ਰਿਤੀ ਨਾਲ਼ ਸਾਂਝ ਸਪੱਸ਼ਟ ਦਿਖਾਈ ਦਿੰਦੀ ਹੈ। ਹੜੱਪਾ, ਰਾਖੀਗੜ੍ਹੀ, ਹੁਸ਼ਿਆਰਪੁਰ ਅਤੇ ਰੂਪ ਨਗਰ ਪੰਜਾਬ ਵਿੱਚ ਸਿੰਧ ਘਾਟੀ ਸੱਭਿਅਤਾ ਦੇ ਮੁੱਖ ਕੇਂਦਰ ਸਨ।

ਈਸਾ ਪੂਰਵ ਛੇਵੀਂ ਸਦੀ ਵਿੱਚ ਹੋਏ ਬੁੱਧ ਅਤੇ ਜੈਨ ਮਤ ਨੇ ਸਾਰੇ ਭਾਰਤ ਵਿੱਚ ਅਤੇ ਨਾਲ ਲੱਗਦੇ ਦੇਸ਼ਾਂ ਵਿੱਚ ਮੂਰਤੀ ਅਤੇ ਚਿੱਤਰਕਲਾ ਨੂੰ ਚਰਮ ਸੀਮਾ ਤੇ ਪਹੁੰਚਾ ਦਿੱਤਾ। 300 ਈਸਾ ਪੂਰਵ ਇੱਥੇ ਰਾਜਾ ਅਸ਼ੋਕ ਦਾ ਰਾਜ ਰਿਹਾ ਹੈ। ਫੇਰ 100 ਈ. ਵਿੱਚ ਪੰਜਾਬ ਦਾ ਇਲਾਕਾ ਰਾਜਾ ਕਨਿਸ਼ਕ ਦੇ ਅਧੀਨ ਰਿਹਾ ਹੈ, ਸਤਵੀਂ ਸਦੀ ਵਿੱਚ ਇਹ ਰਾਜਾ ਹਰਸ਼ ਵਰਧਨ ਦੇ ਅਧੀਨ ਰਿਹਾ ਹੈ, ਜਿਸਦੀ ਰਾਜਧਾਨੀ ਪੰਜਾਬ ਦੇ ਥਾਣੇਸ਼ਵਰ (ਪੰਜਾਬ) ਰਹੀ ਹੈ। ਇਹ ਤਿੰਨੋਂ ਰਾਜੇ ਬੁੱਧ ਧਰਮ ਦੇ ਪਰਵਰਤਕ ਸਨ। ਇਨ੍ਹਾਂ ਰਾਜਿਆਂ ਦੇ ਸਮੇਂ ਗੰਧਰਵ ਸ਼ੈਲੀ ਦੀ ਮੂਰਤੀਕਲਾ ਅਤੇ ਚਿੱਤਰਕਲਾ ਬਹੁਤ ਜਿਆਦਾ  ਉੱਨਤ ਹੋ ਚੁੱਕੀ ਸੀ, ਜਿਸਦਾ ਪ੍ਰਭਾਵ ਪੰਜਾਬ ਉੱਪਰ ਪੈਣਾ ਲਾਜਮੀ ਸੀ। ਪੰਜਾਬ ਵਿੱਚ ਬੁੱਧ ਧਰਮ ਦੇ ਬਹੁਤ ਸਾਰੇ ਕੇਂਦਰ ਉੱਨਤ ਹੋ ਚੁੱਕੇ ਸਨ, ਜਿਨ੍ਹਾਂ ਵਿੱਚ ਤਕਸ਼ਿਲਾ, ਸਵਾਤ ਘਾਟੀ, ਸੰਘੋਲ, ਜਲੰਧਰ, ਛੀਨਾ ਪੱਟੀ ਆਦਿ। ਚੀਨੀ ਯਾਤਰੀ ਹਿਊਨਸਾਂਗ ਨੇ ਵੀ ਆਪਣੀਆਂ ਲਿਖਤਾਂ ਵਿੱਚ ਇਨ੍ਹਾਂ ਕੇਂਦਰਾਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਥਾਵਾਂ ਉੱਪਰ ਖੁਦਾਈ ਦੌਰਾਨ ਬੁੱਧ ਧਰਮ ਨਾਲ਼ ਸੰਬੰਧਤ ਮੂਰਤੀਕਲਾ ਵੱਡੇ ਪੱਧਰ ਉੱਪਰ ਮਿਲੀ ਹੈ।

 ਸਨਾਤਨੀ ਮੂਰਤੀਕਲਾ ਅਤੇ ਚਿੱਤਰਕਲਾ :- ਸਿੰਧ ਘਾਟੀ ਸੱਭਿਅਤਾ ਤੋਂ ਬਾਅਦ ਬੁੱਧ ਅਤੇ ਜੈਨ ਧਰਮ ਨਾਲ਼ ਸੰਬੰਧਤ ਮੂਰਤੀਕਲਾ ਤੋਂ ਪ੍ਰਭਾਵਿਤ ਹੋ ਕੇ ਸਨਾਤਨੀ ਪਰੰਪਰਾਵਾਂ ਨਾਲ਼ ਸੰਬੰਧਤ ਮੂਰਤੀਕਲਾ ਅਤੇ ਚਿੱਤਰਕਲਾ ਸਾਰੇ ਭਾਰਤ ਵਿੱਚ ਪ੍ਰਚੱਲਤ ਹੋਈ। ਜਿਸਦੇ ਪ੍ਰਭਾਵ ਅਧੀਨ ਪੰਜਾਬ ਵੀ ਆਇਆ। ਪੰਜਾਬ ਵਿੱਚ ਕ੍ਰਿਸ਼ਨ-ਗੋਪੀਆਂ, ਦੇਵੀ ਮਾਤਾ, ਰਮਾਇਣ ਅਤੇ ਸ਼ਿਵ ਪਰਿਵਾਰ ਨਾਲ਼ ਸੰਬੰਧਤ ਚਿੱਤਰਕਲਾ ਵਿਕਸਤ ਹੋਈ। ਪੰਜਾਬ ਦੇ ਹਰ ਇੱਕ ਪਿੰਡ ਵਿੱਚ ਮੁੱਖ ਦਰਵਾਜੇ ਦੀ ਨੁਕਰ ਵਿੱਚ ਹਨੁਮਾਨ ਜੀ ਦੀ ਮੂਰਤੀ ਲੱਗੀ ਹੁੰਦੀ ਹੈ, ਲੋਕ ਆਪਣੇ ਪਸ਼ੂਆਂ ਦੀ ਤੰਦਰੁਸਤੀ ਲਈ ਮੰਨੀ ਲਗਾਉਂਦੇ ਹਨ।

ਭਗਤੀ ਲਹਿਰ ਅਤੇ ਸਿੱਖ ਗੁਰੂਆਂ ਨਾਲ਼ ਸੰਬੰਧਤ ਚਿੱਤਰਕਲਾ :- ਪੂਰੇ ਉੱਤਰੀ ਭਾਰਤ ਵਿੱਚ ਭਗਤੀ ਲਹਿਰ ਦੇ ਪ੍ਰਭਾਵ ਹੇਠ ਸੰਤਾਂ ਨੂੰ ਦਰਸਾਉਂਦੀ ਚਿੱਤਰਕਲਾ ਵਿਕਸਤ ਹੋਈ। ਸਿੱਖੀ ਸਿਧਾਂਤ ਵਿੱਚ ਗੁਰੂਆਂ ਦੇ ਚਿੱਤਰ ਬਣਾਉਣੇ ਵਰਜਿਤ ਹਨ, ਪਰ ਸਿੱਖ ਗੁਰੂਆਂ ਦਾ ਲੋਕਾਂ ਦੇ ਮਨਾਂ ਵਿੱਚ ਵੱਸਣਾ ਅਤੇ ਸੱਭਿਆਚਾਰਕ ਪ੍ਰਭਾਵ ਕਾਰਨ ਪਿੰਡਾਂ ਵਿੱਚ ਘਰਾਂ ਦੇ ਬਹਾਰਲੇ ਦਰਵਾਜੇ ਉੱਪਰ ਗੁਰੂਆਂ ਨਾਲ਼ ਸੰਬੰਧਤ ਚਿੱਤਰਕਾਰੀ ਕੀਤੀ ਮਿਲਦੀ ਹੈ।

ਚਿੱਤਰਕਲਾ ਅਤੇ ਮੂਰਤੀਕਲਾ ਦੀ ਗੰਧਾਰ ਸ਼ੈਲੀ ਦੇ ਨਾਲ਼ ਮਥੁਰਾ ਸ਼ੈਲੀ ਵਿਕਸਤ ਹੋਈ। ਗੰਧਾਰ ਅਤੇ ਮਥੁਰਾ ਸ਼ੈਲੀਆਂ ਦੇ ਪ੍ਰਭਾਵ ਅਧੀਨ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਹੋਰ ਬਹੁਤ ਸਾਰੀਆਂ ਸ਼ੈਲੀਆਂ ਹੋਂਦ ਵਿੱਚ ਆਈਆਂ। ਜਿਨ੍ਹਾਂ ਵਿੱਚ ਰਾਜਸਥਾਨ ਦੀ ਉਦੇਪੁਰ ਅਤੇ ਪੰਜਾਬ-ਹਿਮਾਚਲ ਦੀ ਕਾਂਗੜਾ ਸ਼ੈਲੀਆਂ ਵਿਕਸਤ ਹੋਈਆਂ। ਇਨ੍ਹਾਂ ਸ਼ੈਲੀਆਂ ਨੇ ਪੰਜਾਬੀ ਸੱਭਿਆਚਾਰ ਵਿੱਚ ਮੂਰਤੀਕਲਾ ਅਤੇ ਚਿੱਤਰਕਲਾ ਨੂੰ ਪ੍ਰਫੁੱਲਤ ਅਤੇ ਉੱਨਤ ਕੀਤਾ।

ਪੰਜਾਬ ਦੀਆਂ ਰਸਮਾਂ-ਰਿਵਾਜਾਂ ਵਿੱਚ ਚਿੱਤਰਕਲਾ ਅਤੇ ਮੂਰਤੀਕਲਾ:-   ਸਾਉਣ ਦੇ ਮਹੀਨੇ ਵਿੱਚ ਇੱਕ ਖਾਸ ਦਿਨ ਉੱਪਰ ਪਰੋਹਿਤ ਪਰਿਵਾਰ ਦੀ ਬਜੁਰਗ ਔਰਤ ਘਰਾਂ ਵਿੱਚ ਮਿੱਟੀ ਦੇ ਬਣੇ ਘੌੜੇ ਦੇ ਕੇ ਜਾਂਦੀ ਹੈ। ਬੜਾ ਰੋਚਕ ਤੱਥ ਹੈ, ਕਿ ਇਨ੍ਹਾਂ ਮਿੱਟੀ ਦੇ ਘੋੜਿਆਂ ਨਾਲ਼ ਮਿਲਦੇ ਜੁਲਦੇ ਘੌੜੇ ਸਿੰਧ ਘਾਟੀ ਸੱਭਿਅਤਾ ਚੋਂ ਵੀ ਪ੍ਰਾਪਤ ਹੋਏ ਹਨ।

ਪੰਜਾਬੀ ਘਰਾਂ ਵਿੱਚ ਅਹੋਈ ਮਾਤਾ ਦੀ ਚਿੱਤਰਕਾਰੀ :- ਦਿਵਾਲੀ ਤੋਂ ਕੁਝ ਦਿਨ ਪਹਿਲਾਂ ਲਾਲ ਗੇਰੂ ਨਾਲ਼ ਪੰਜਾਬੀ ਘਰਾਂ ਦੀਆਂ ਸੁਆਣੀਆਂ ਵੱਲੋਂ ਅਹੋਈ ਮਾਤਾ ਦਾ ਚਿੱਤਰ ਬਣਾਇਆ ਜਾਂਦਾ ਹੈ। ਇਹ ਕੰਧ ਚਿੱਤਰ ਇੱਕ ਚੋਰਸ ਖਾਨਾ ਹੁੰਦਾ ਹੈ, ਜਿਸਦੇ ਹੇਠਾਂ ਦੋ ਪੈਰ ਲੱਗੇ ਹੁੰਦੇ ਹਨ, ਅਤੇ ਉੱਪਰ ਵੱਲ ਮੂੰਹ। ਇਹ ਚੌਰਸ ਖਾਨੇ ਵਿੱਚ ਘਰ ਦੇ ਬੱਚਿਆਂ ਦੇ ਸੰਕੇਤਕ ਚਿੱਤਰ ਅਤੇ ਪਸ਼ੂਆਂ ਦੇ ਚਿੱਤਰ ਬਣਾਏ ਜਾਂਦੇ ਹਨ।

ਸਾਂਝੀ ਮਾਤਾ ਦੀ ਮੂਰਤੀ :- ਸਾਂਝੀ ਮਾਤਾ ਜਿੱਥੇ ਦੇਵੀ ਮਾਤਾ ਦੀ ਪ੍ਰਤੀਕ ਹੈ, ਉੱਥੇ ਹੀ ਇਹ ਪ੍ਰਕ੍ਰਿਤੀ ਦੀ ਮਾਨਤਾ ਦੀ ਵੀ ਪ੍ਰਤੀਕ ਹੈ। ਘਰਾਂ ਦੀਆਂ ਸੁਆਣੀਆਂ ਅਤੇ ਕੁੜੀਆਂ ਵੱਲੋਂ ਚਿਕਣੀ ਮਿੱਟੀ ਵਿੱਚ ਗੋਬਰ ਮਿਲਾ ਕੇ ਉਸ ਨਾਲ਼ ਸੂਰਜ, ਚੰਦਰਮਾਂ, ਤਾਰੇ, ਸਾਂਝੀ ਮਾਤਾ ਦਾ ਸ਼ਰੀਰ, ਚਿੜੀਆਂ ਦਾ ਚੋਗਾ ਅਤੇ ਪਸ਼ੂ-ਪੰਛੀ ਬਣਾਏ ਜਾਂਦੇ ਹਨ। ਮੁਹੱਲੇ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਸ਼ਾਮ ਵੇਲੇ ਆਰਤੀ ਕਰਦੀਆਂ ਹਨ ਅਤੇ ਭੋਗ ਵੰਡਦੀਆਂ ਹਨ।

ਘਰੁੰਡੀ ਕਲਾ :- ਘਰੁੰਡੀ ਸ਼ਬਦ ਘਰ ਤੋਂ ਬਣਿਆ ਹੈ। ਪੰਜਾਬ ਵਿੱਚ ਘਰੁੰਡੀ ਕਲਾ ਬੇ-ਹੱਦ ਪ੍ਰਸਿੱਧ ਹੈ। ਘਰੁੰਡੀ, ਮਿੱਟੀ ਦਾ ਬਣਿਆ ਛੋਟਾ ਜਿਹਾ ਘਰ ਹੁੰਦਾ ਹੈ। ਪੰਜਾਬ ਦੇ ਹਰ ਇੱਕ ਘਰ ਵਿੱਚ ਦਿਵਾਲੀ ਵਾਲੇ ਦਿਨ ਅਹੋਈ ਮਾਤਾ ਦੇ ਚਿੱਤਰ ਕੋਲ ਘਰੁੰਡੀ ਰੱਖ ਕੇ ਪੂਜਾ ਕੀਤੀ ਜਾਂਦੀ ਹੈ। ਇਸ ਨੂੰ ਲਕਸ਼ਮੀ ਮਾਤਾ ਦਾ ਵਾਸ ਮੰਨਿਆ ਜਾਂਦਾ ਹੈ। ਮਿੱਟੀ ਦੇ ਖਿਡੌਣੇ ਵੀ ਘਰੁੰਡੀ ਕਲਾ ਨਾਲ਼ ਜੁੜੇ ਹੋਏ ਹਨ। ਮਿੱਟੀ ਦੇ ਖਿਡੋਣੇ ਪੰਜਾਬ ਦੇ ਮੇਲਿਆਂ ਦੀ ਸ਼ਾਨ ਹੁੰਦੇ ਹਨ।

ਘਰਾਂ ਵਿੱਚ ਚਿੱਤਰਕਾਰੀ :- ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਆਮ ਤੌਰ ਤੇ ਦੋ ਤਰਾਂ ਦੀ ਚਿੱਤਰਕਾਰੀ ਅਤੇ ਮੂਰਤੀ ਕਲਾ ਦੇਖਣ ਨੂੰ ਮਿਲਦੀ ਹੈ। ਇੱਕ ਹੈ ਸੁਆਣੀਆਂ ਵੱਲੋਂ ਆਪਣੇ ਹੱਥਾਂ ਨਾਲ਼ ਘਰਾਂ ਵਿੱਚ ਕੀਤੀ ਚਿੱਤਰਕਾਰੀ, ਦੂਜੀ ਹੈ ਅਮੀਰਾਂ ਵੱਲੋਂ ਕਾਰੀਗਰਾਂ ਤੋਂ ਆਪਣੀਆਂ ਹਵੇਲੀਆਂ ਉੱਪਰ ਜਾਂ ਸਾਂਝੀਆਂ ਜਗਾਵਾਂ ਉੱਪਰ ਕਰਵਾਈ ਚਿੱਤਰਕਾਰੀ ਜਾਂ ਮੂਰਤੀਕਲਾ। ਦੋਵੇਂ ਹੀ ਪੰਜਾਬੀ ਸੱਭਿਆਚਾਰ ਦੇ ਮਹੱਤਵਪੂਰਨ ਅੰਗ ਹਨ। ਪੰਜਾਬ ਵਿੱਚ ਬਿਜਲੀ ਪਹੁੰਚਣ ਤੋਂ ਪਹਿਲਾਂ, ਲੋਕ ਰਵਾਇਤੀ ਕੱਚੇ ਘਰਾਂ ਵਿੱਚ ਰਹਿੰਦੇ ਸਨ। ਪਰ ਸੁਆਣੀਆਂ ਦਾ ਆਪਣੇ ਕੱਚੇ ਘਰਾਂ ਨਾਲ਼ ਬੇਹੱਦ ਮੋਹ ਹੁੰਦਾ ਸੀ। ਜਿਸ ਕਾਰਨ ਉਹ ਚਿੱਤਰਕਾਰੀ ਨਾਲ਼ ਕੱਚੇ ਘਰਾਂ ਨੂੰ ਕਲਾਤਮਕ ਬਣਾ ਦਿੰਦੀਆਂ ਸਨ। ਚੌਂਕਿਆਂ ਦੀਆਂ ਕੰਧੋਲੀਆਂ ਤੇ ਚਿੱਤਰਕਾਰੀ, ਬਾਹਰਲੇ ਦਰਵਾਜਿਆਂ ਉੱਪਰ ਸੂਰਜ ਦੇਵਤਾ ਜਾਂ ਸਵਾਸਤਿਕ ਦੇ ਚਿੰਨ ਆਮ ਦੇਖੇ ਜਾ ਸਕਦੇ ਹਨ।

ਸਵਾਸਤਿਕ ਚਿੰਨ੍ਹ :- ਸਵਾਸਤਿਕ ਬੇਹੱਦ ਪ੍ਰਾਚੀਨ ਚਿੰਨ੍ਹ ਹੈ। ਇਹ ਸ਼ੂਰਜ ਵਾਂਗ ਅਜਿਹਾ ਚਿੰਨ੍ਹ ਹੈ, ਜਿਹੜਾ ਧਰਤੀ ਦੇ ਕੋਨੇ-ਕੋਨੇ ਵਿੱਚ ਉਸਰੀਆਂ ਲਗਭਗ ਸਾਰੀਆਂ ਪ੍ਰਾਚੀਨ ਸੱਤਿਆਤਾਵਾਂ ਦੀਆਂ ਮਾਨਤਾਵਾਂ ਵਿੱਚ ਪਵਿੱਤਰ ਮੰਨਿਆਂ ਜਾਂਦਾ ਸੀ। ਆਮ ਤੌਰ ਤੇ ਇਸ ਨੂੰ ਆਰੀਆ ਦਾ ਚਿੰਨ੍ਹ ਮੰਨਣਾ, ਇਹ ਭੁਲੇਖਾ ਹਿਟਲਰ ਵੱਲੋਂ ਨਾਜੀ ਸੇਨਾ ਲਈ ਵਰਤਿਆ ਸਵਾਸਤਿਕ ਚਿੰਨ੍ਹ ਤੋਂ ਪੈਂਦਾ ਹੈ। ਹਿਟਲਰ ਤੋਂ ਹਜਾਰਾਂ ਸਾਲ ਪਹਿਲਾਂ ਇਹ ਤਾਂ ਸੱਭਿਆਤਾਵਾਂ ਦਾ ਪਵਿੱਤਰ ਚਿੰਨ੍ਹ ਰਿਹਾ ਹੈ। ਯੁਕ੍ਰੇਨ ਵਿੱਚ ਦਸ ਹਜਾਰ ਸਾਲ ਪੁਰਾਣਾ ਸਵਾਸਤਿਕ ਚਿੰਨ੍ਹ ਮਿਲਿਆ ਹੈ। ਵੈਦਿਕ ਵਿਚਾਰਧਾਰਾ ਵਿੱਚ ਸਵਾਸਤਿਕ ਚਿੰਨ੍ਹ ਕਿਰਤ, ਨਿਰੰਤਰਤਾ, ਉੱਨਤੀ ਅਤੇ ਪੈਦਾਵਾਰ ਦਾ ਪ੍ਰਤੀਕ ਮੰਨਿਆ ਗਿਆ ਹੈ। ਪੰਜਾਬੀ ਸੱਭਿਆਚਾਰ ਵਿੱਚ ਵੀ ਇਸਨੂੰ ਸ਼ੁਭ ਮੰਨਿਆ ਜਾਂਦਾ ਹੈ। ਸਿੰਧ ਘਾਟੀ ਸੱਭਿਅਤਾ ਵਿੱਚੋਂ 3000ਈਸਾ ਪੂਰਵ ਦੇ ਸਵਾਸਤਿਕ ਚਿੰਨ੍ਹ ਮਿਲੇ ਹਨ।

ਦਰੀ ਦੀ ਬੁਣਾਈ ਵਿੱਚ ਚਿੱਤਰਕਲਾ :- ਪੰਜਾਬ ਦੀਆਂ ਸੁਆਣੀਆਂ ਘਰ ਦੀ ਵਰਤੋਂ ਲਈ ਜਾਂ ਧੀ ਦੇ ਦਾਜ ਦੀ ਅਗਾਉਂ ਤਿਆਰੀ ਲਈ ਦਰੀਆਂ ਬੁਣਦੀਆਂ ਹਨ। ਜਿਸ ਉੱਪਰ ਫੁੱਲ-ਬੂਟੀਆਂ ਦੇ ਡਿਜ਼ਾਇਨ ਪਾਏ ਜਾਂਦੇ ਹਨ।

ਫੁਲਕਾਰੀ, ਪੰਜਾਬੀ ਚਿੱਤਰਕਾਰੀ ਦਾ ਸਿਖਰ :- ਚਰਖਾ, ਤ੍ਰਿਝੰਣ ਅਤੇ ਫੁਲਕਾਰੀ ਇੱਕ ਦੂਜੇ ਨਾਲੋਂ ਵੱਖ ਨਹੀਂ ਹੋ ਸਕਦੇ। ਸਭ ਤੋਂ ਪਹਿਲਾਂ ਪੰਜਾਬੀ ਔਰਤਾਂ ਤ੍ਰਿਝੰਣ ਵਿੱਚ ਬੈਠ ਕੇ ਚਰਖੇ ਉੱਪਰ ਕਪਾਹ ਦੀ ਰੂੰ ਤੋਂ ਸੂਤ ਕੱਤਦੀਆਂ ਹਨ। ਉਸਤੋਂ ਬਾਅਦ ਉਸ ਸੂਤ ਨਾਲ਼ ਖੱਦਰ ਬੁਣਿਆ ਜਾਂਦਾ ਹੈ। ਫੇਰ ਉਸ ਖੱਦਰ ਨੂੰ ਸੂਹੇ ਲਾਲ ਰੰਗ ਨਾਲ਼ ਰੰਗਿਆ ਜਾਂਦਾ ਹੈ। ਵੱਡ ਅਕਾਰੀ ਦੁਪੱਟੇ ਦੇ ਰੂਪ ਚ ਸੂਹੇ ਲਾਲ ਰੰਗ ਦੇ ਖੱਦਰ ਉੱਪਰ ਫੁਲਕਾਰੀ ਦੀ ਕਢਾਈ ਕੱਢੀ ਜਾਂਦੀ ਹੈ। ਸੂਤ ਕੱਤਣ ਵੇਲੇ ਵੀ ਅਤੇ ਫੁਲਕਾਰੀ ਕੱਢਣ ਵੇਲੇ ਵੀ ਮੁਟਿਆਰਾਂ ਤ੍ਰਿੰਝਣ ਦਾ ਆਨੰਦ ਮਾਣਦੀਆਂ ਹਨ। ਫੁਲਕਾਰੀ ਉੱਪਰ ਫੁੱਲਾਂ ਦੀ ਤਰਕੀਬ, ਆਧੁਨਿਕ ਕੰਪਿਊਟਰ ਡਿਜ਼ਾਇਨ ਨਾਲ਼ ਪੂਰੀ ਤਰਾਂ ਮੇਲ ਖਾਂਦੀ ਹੈ। ਪੰਜਾਬੀ ਫੁਲਕਾਰੀ ਦੇ ਵੱਖ-ਵੱਖ ਡਿਜ਼ਾਇਨਾਂ ਮੁਤਾਬਿਕ ਉਸਦੇ ਨਾਮ ਕਰਨ ਹਨ, ਜਿਵੇਂ ਚੋਪ, ਸੁੱਭਰ, ਤਿਲ ਪੱਤਰਾ, ਨੀਲਕ, ਛਮਾਸ, ਰਾਜਸਥਾਨੀ ਫੁਲਕਾਰੀ ਅਤੇ ਸੈਂਚੀ ਫੁਲਕਾਰੀ ਆਦਿ।

ਪੰਜਾਬੀ ਸੱਭਿਆਚਾਰ ਦੇ ਚੇਹਰੇ-ਮੋਹਰੇ ਦੀ ਸਿਰਜਣਾ ਦਾ ਸੇਹਰਾ ਪੰਜਾਬੀ ਔਰਤਾਂ ਨੂੰ ਜਾਂਦਾ ਹੈ। ਉਂਝ ਵੀ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਕੋਮਲ ਕਲਾਵਾਂ ਦੀ ਪ੍ਰਵਿਰਤੀ ਵਧੇਰੇ ਪਾਈ ਜਾਂਦੀ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin