Articles Pollywood

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

ਲੇਖਕ: ਮਨਜਿੰਦਰ ਸਿੰਘ ਸਰੌਦ

ਲਗਪਗ ਪੰਜ ਦਹਾਕੇ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਟਿੱਬਾ ਦੀਆਂ ਗਲੀਆਂ ‘ਚ ਖੇਡਦਿਆਂ- ਖੇਡਦਿਆਂ ਜੁਆਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਬੰਬਈ ਦੀ ਮਹਾਨਗਰੀ ਤਕ ਪਹੁੰਚਣ ਵਾਲੇ ਪੰਜਾਬੀ ਸਿਨਮਾ ਦੇ ਯੁੱਗ-ਪੁਰਸ਼ ਦਾ ਲਕਬ ਪਾ ਚੁੱਕੇ ਸਰਦਾਰ ਸੋਹੀ ਦਾ ਨਾਮ ਪੂਰੀ ਦੁਨੀਆਂ ਦੇ ਪੰਜਾਬੀ ਲੋਕਾਂ ਲਈ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈ । ਆਪਣੀ ਜ਼ਿੰਦਗੀ ਦੇ ਲਗਪਗ 72 ਵਰ੍ਹੇ ਪੂਰੇ ਕਰ ਚੁੱਕਿਆ ਬਾਪੂ ਸ਼ਿਵਦੇਵ ਸਿੰਘ ਅਤੇ ਮਾਤਾ ਸਰੂਪ ਕੌਰ ਦੀ ਕੁੱਖ ਦਾ ਲਾਡਲਾ ਸਰਦਾਰ ਸੋਹੀ ਅੱਜ ਵੀ ਗਰਜਵੀਂ ਤੇ ਸੋਜ਼ਸ ਭਰਪੂਰ ਆਵਾਜ਼ ਰਾਹੀਂ ਪੰਜਾਬੀ ਸਿਨਮਾ ਦੇ ਦਰਸ਼ਕਾਂ ਨੂੰ ਨੂੰ ਕੀਲ ਕੇ ਆਪਣੀ ਕਲਾ ਦਾ ਲੋਹਾ ਮਨਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ । ਸਰਦਾਰ ਸੋਹੀ ਅੱਜ ਵੀ ਆਪਣੇ ਸੰਘਰਸ਼ ਭਰੇ ਦਿਨਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦਾ ਹੈ ਕਿ ਕਿੰਝ ਉਸ ਨੇ ਮਿਹਨਤ ਅਤੇ ਸਿਰੜ ਦੀ ਭੱਠੀ ਵਿੱਚ ਤਪ ਕੇ ਕੁੰਦਨ ਬਣਨ ਨੂੰ ਤਰਜੀਹ ਦਿੰਦਿਆਂ ਮਿਹਨਤ ਅਤੇ ਮੁਸ਼ੱਕਤ ਦੇ ਨਾਲ ਜ਼ਿੰਦਗੀ ਅੰਦਰ ਉਹ ਮੁਕਾਮ ਸਰ ਕੀਤਾ ਜੋ ਕਿਸੇ ਵਿਰਲੇ ਇਨਸਾਨ ਨੂੰ ਹਾਸਲ ਹੁੰਦਾ ਹੈ ।
ਜਦ ਪਿੰਡ ਤੋਂ ਕੁੱਝ ਕਰਨ ਦੀ ਤਾਕ ਧਾਰ ਕੇ ਸਰਦਾਰ ਸੋਹੀ ਨੇ ਬੰਬਈ ਦੀ ਧਰਤੀ ਤੇ ਪਹੁੰਚ ਕੇ ਥੀਏਟਰ ਦੀ ਦੁਨੀਆਂ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਉਨ੍ਹਾਂ ਨੂੰ ਮਹਿਜ਼ ਨੂੰ 250 ਰੁਪਏ ਕੰਮ ਕਰਨ ਦੇ ਦਿੱਤੇ ਜਾਂਦੇ ਸਨ । ਉਨ੍ਹਾਂ ਦੀ ਜ਼ਿੰਦਗੀ ਦਾ ਇਕ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਲਗਪਗ 12 ਵਰ੍ਹੇ ਥੀਏਟਰ ਦੀ ਦੁਨੀਆਂ ਅੰਦਰ ਵਿਚਰ ਕੇ ਜਦੋਂ ਵਾਪਸੀ ਕੀਤੀ ਤਾਂ ਉਸ ਸਮੇਂ ਵੀ ਉਨ੍ਹਾਂ ਨੂੰ ਮਿਹਨਤਾਨੇ ਦੇ ਰੂਪ ਵਿੱਚ ਸਿਰਫ਼ 850 ਰੁਪਏ ਦੇ ਕਰੀਬ ਮਿਲਦੇ ਸਨ । ਜਿਸ ਨੂੰ ਕਿਸੇ ਵੀ ਕਲਾਕਾਰ ਲਈ ਵੱਡਾ ਮਾਣ ਮੰਨਿਆ ਜਾਂਦਾ ਸੀ । ਰੰਗਕਰਮੀਆਂ ਦੇ ਜਨਮਦਾਤਾ ਮੰਨੇ ਜਾਂਦੇ ਹਰਪਾਲ ਸਿੰਘ ਟਿਵਾਣਾ ਦਾ ਚੰਡਿਆ ਸਰਦਾਰ ਸੋਹੀ ਥੀਏਟਰ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਯੁੱਗ ਪੁਰਸ਼ ਕਲਾਕਾਰ ਹੋ ਨਿੱਬੜਿਆ । ਮੌਜੂਦਾ ਸਮੇਂ ਪੰਜਾਬੀ ਫ਼ਿਲਮਾਂ ਦੇ ਅੰਦਰ ਸਰਦਾਰ ਸੋਹੀ ਦੀ ਮੌਜੂਦਗੀ ਤੋਂ ਬਿਨਾਂ ਫਿਲਮ ਨੂੰ ਅਧੂਰੀ ਮੰਨਿਆ ਜਾਂਦਾ ਹੈ ਅਤੇ ਸਿਨਮਿਆਂ ਅੰਦਰ ਦਰਸ਼ਕਾਂ ਵੱਲੋਂ ਜੋ ਪਿਆਰ ਇਸ ਮਹਾਨ ਫ਼ਨਕਾਰ ਨੂੰ ਦਿੱਤਾ ਜਾਂਦੈ ਉਹ ਵੇਖਣ ਯੋਗ ਹੁੰਦਾ ਹੈ । ਉੱਥੇ ਵੱਜ ਰਹੀਆਂ ਦਰਸ਼ਕਾਂ ਦੀਆਂ ਕਿਲਕਾਰੀਆਂ ਸਿੱਧ ਕਰ ਦਿੰਦੀਆਂ ਨੇ ਕੇ ਸਰਦਾਰ ਸੋਹੀ ਵਾਕਿਆ ਹੀ ਯੁੱਗ ਪੁਰਸ਼ ਕਲਾਕਾਰ ਹੈ ।
ਪੰਜਾਬੀ ਸਿਨਮੇ ਅੰਦਰ ਇੱਕ ਚੰਗੇ ਕਲਾਕਾਰ ਵਜੋਂ ਵਿਚਰ ਰਹੇ ਸਰਦਾਰ ਸੋਹੀ ਦੀ ਪਹਿਲੀ ਫ਼ਿਲਮ ਲੌਂਗ ਦਾ ਲਿਸ਼ਕਾਰਾ 1983 ਦੇ ਵਿੱਚ ਦਰਸ਼ਕਾਂ ਦੀ ਕਚਹਿਰੀ ਵਿੱਚ ਉਨ੍ਹਾਂ ਦੀ ਕਸਵੱਟੀ ਤੇ ਖਰੀ ਉਤਰੀ । ਫਿਲਮ ਅੰਦਰ ਸਰਦਾਰ ਸੋਹੀ ਦੇ ਨਾਲ ਰਾਜ ਬੱਬਰ ਅਤੇ ਓਮ ਪੁਰੀ ਦਾ ਰੋਲ ਵੀ ਸਲਾਹੁਣਯੋਗ ਰਿਹਾ । ਉਸ ਤੋਂ ਬਾਅਦ ਬਾਗੀ, ਜੀਹਨੇ ਮੇਰਾ ਦਿਲ ਲੁੱਟਿਆ, ਕੈਰੀ ਔਨ ਜੱਟਾ, ਬੰਬੂਕਾਟ ਅਤੇ ਅਰਦਾਸ ਵਰਗੀਆਂ ਹਿੱਟ ਫ਼ਿਲਮਾਂ ਪੰਜਾਬੀ ਸਿਨਮੇ ਦੀ ਝੋਲੀ ਵਿੱਚ ਪਾ ਕੇ ਵਾਹ ਵਾਹ ਖੱਟੀ । ਠੇਠ ਪੰਜਾਬੀ ਬੋਲੀ ਦੇ ਮੁਰੀਦ ਸਰਦਾਰ ਸੋਹੀ ਨੇ ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਅਤੇ ਬੀ ਐਨ ਸ਼ਰਮਾ ਵਰਗੇ ਉੱਚ ਕੋਟੀ ਦੇ ਕਲਾਕਾਰਾਂ ਨਾਲ ਬੇਮਿਸਾਲ ਕੰਮ ਦੀ ਨਵੀਂ ਛਾਪ ਛੱਡਦਿਆਂ ਪੰਜਾਬੀ ਸਿਨਮੇ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਿੱਚ ਡਾਹਢਾ ਯੋਗਦਾਨ ਪਾਇਆ । ਬੰਬਈ ਮਹਾਂਨਗਰੀ ਅੰਦਰ ਗਲੈਮਰ ਦੀ ਦੁਨੀਆਂ ਦੀ ਚਕਾਚੌਂਧ ਤੋਂ ਦੂਰ ਰਹਿੰਦਿਆਂ ਸੋਹੀ ਨੇ 5 ਹਿੰਦੀ ਫ਼ਿਲਮਾਂ, ਅਤੇ ਕਈ ਸੀਰੀਅਲਾਂ ਅੰਦਰ ਕਿਸਮਤ ਅਜ਼ਮਾ ਕੇ ਕੁਝ ਵੱਖਰਾ ਕਰਨ ਦਾ ਯਤਨ ਜ਼ਰੂਰ ਕੀਤਾ ਜੋ ਉਨ੍ਹਾਂ ਨੂੰ ਰਾਸ ਨਾ ਆਇਆ ਅਤੇ ਮਾਂ ਬੋਲੀ ਰਾਹੀਂ ਪ੍ਰਵਾਨ ਚੜ੍ਹਨ ਦੀ ਖਾਹਸ਼ ਨੂੰ ਭਾਲ ਕੇ ਅੱਗੇ ਵਧਣ ਦਾ ਯਤਨ ਕੀਤਾ ।
ਸਰਦਾਰ ਸੋਹੀ ਹੋਰਾਂ ਨੇ ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਦੀ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ ਜਿਸ ਸਮੇਂ ਉਹ ਬੰਬਈ ਦੀ ਗਲੈਮਰ ਭਰੀ ਦੁਨੀਆਂ ਦਾ ਹਿੱਸਾ ਬਣਨ ਲਈ ਯਤਨਸ਼ੀਲ ਸਨ । ਉਸ ਸਮੇਂ ਉਨ੍ਹਾਂ ਵੱਲੋਂ ਥੀਏਟਰ ਕਰਨ ਤੋਂ ਬਾਅਦ ਜਿਸ ਢਾਬੇ ਤੇ ਰੋਟੀ ਖਾਣ ਲਈ ਜਾਇਆ ਜਾਂਦਾ ਸੀ ਤਾਂ ਢਾਬੇ ਦੇ ਮਾਲਕ ਵੱਲੋਂ ਉਨ੍ਹਾਂ ਨੂੰ 70 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਰੋਟੀ ਖਵਾ ਕੇ ਕਿਹਾ ਜਾਂਦਾ ਕਿ ਰੋਟੀਆਂ ਦੇ ਪੈਸੇ ਲੱਗਣਗੇ ਜਦਕਿ ਦਾਲ ਜਿੰਨੀ ਮਰਜ਼ੀ ਖਾਓ ਤਾਂ ਸੋਹੀ ਸਾਹਿਬ ਹੁਰਾਂ ਵੱਲੋਂ ਆਖਿਆ ਜਾਂਦਾ ਕਿ ਸਾਡਾ ਤਾਂ ਸਰ ਜਾਊ ਪਰ ਸਾਡੇ ਨਾਲ ਦੇ ਉੱਘੇ ਕੁਮੈਂਟੇਟਰ ਅਤੇ ਥੀਏਟਰ ਦੇ ਕਲਾਕਾਰ ਦਰਸ਼ਨ ਬੜੀ ਹੋਰਾਂ ਨੂੰ ਰਜਾ ਦਿਓ ਤਾਂ ਬੜੀ ਮਿਹਰਬਾਨੀ ਹੋਵੇਗੀ । ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਰਦਾਰ ਸਰਦਾਰ ਸੋਹੀ ਹੋਰਾਂ ਦੀ ਜ਼ਿੰਦਗੀ ਨਾਲ ਜੁੜੀਆਂ ਅਤੇ ਉਨ੍ਹਾਂ ਨੇ ਘੋਰ ਗ਼ਰੀਬੀ ਹੰਢਾਈ । ਸਰਦਾਰ ਸੋਹੀ ਦੇ ਪਰਿਵਾਰ ਦਾ ਪਿਛੋਕੜੀ ਪਿੰਡ ਪਲਾਸੌਰ ਨੇੜੇ ਧੂਰੀ ਹੈ ਪਰ ਬਹੁਤ ਲੰਬਾ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੇ ਨਾਨਕੇ ਪਿੰਡ ਟਿੱਬਾ ਆ ਕੇ ਰੈਣ ਬਸੇਰਾ ਕੀਤਾ । ਜਿਥੇ ਅੱਜ ਕੱਲ ਉਨ੍ਹਾਂ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ ।
ਸਰਦਾਰ ਸੋਹੀ ਨੂੰ ਚਾਹੁਣ ਵਾਲੇ ਉਨ੍ਹਾਂ ਦੇ ਬੋਲੇ ਡਾਇਲਾਗਾਂ ਨੂੰ ਕਿਸੇ ਸੋਹਣੇ ਸੱਜਣ ਦੇ ਗਹਿਣੇ ਦੀ ਤਰ੍ਹਾਂ ਸਾਂਭ ਕੇ ਯਾਦ ਰੱਖਦੇ ਹਨ ।  ਲਗਪਗ 60 ਪੰਜਾਬੀ ਫ਼ਿਲਮਾਂ ਪੰਜਾਬੀ ਸਿਨਮਾ ਦੇ ਦਰਸ਼ਕਾਂ ਦੀ ਝੋਲੀ ਵਿੱਚ ਪਾ ਕੇ ਕੋਰੋਨਾ ਕਾਲ ਦੌਰਾਨ ਸਰਦਾਰ ਸੋਹੀ ਨੇ ਲੁਧਿਆਣਾ ਸ਼ਹਿਰ ਤੋਂ ਸ਼ੇਰਪੁਰ ਨੇੜਲੇ ਪਿੰਡ ਟਿੱਬਾ ਵਿੱਚ ਆ ਕੇ ਆਪਣਾ ਰਹਿਣ ਬਸੇਰਾ ਕਾਇਮ ਕੀਤਾ । ਵਿਆਹ ਕਰਾਉਣ ਦੀ ਗੱਲ ਨੂੰ ਖਾਸ ਨਾ ਸਮਝਦੇ ਹੋਏ ਸਰਦਾਰ ਸੋਹੀ ਨੇ ਆਪਣੇ ਭਰਾਵਾਂ ਅਤੇ ਭਤੀਜਿਆਂ ਦੇ ਨਾਲ ਜ਼ਿੰਦਗੀ ਦਾ ਆਖ਼ਰੀ ਸਮਾਂ ਬਿਤਾਉਣ ਦੀ ਗੱਲ ਨੂੰ ਪ੍ਰਵਾਨ ਚੜ੍ਹਾਉਣ ਦੇ ਲਈ ਸਮੇਂ ਦੀ ਹਿੱਕ ਤੇ ਲੀਕ ਵਾਹ ਦਿੱਤੀ ਹੈ । ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਸਰਦਾਰ ਸੋਹੀ ਦਾ ਅਸਲ ਨਾਮ ਪਰਮਜੀਤ ਸਿੰਘ ਸੋਹੀ ਹੈ । ਮਾਲਕ ਮਿਹਰ ਕਰੇ ਪੰਜਾਬੀ ਮਾਂ ਬੋਲੀ ਦਾ ਇਹ ਮਹਾਨ ਫ਼ਨਕਾਰ ਇਸੇ ਤਰ੍ਹਾਂ ਰਹਿੰਦੀ ਉਮਰ ਪੰਜਾਬੀ ਸਿਨਮੇ ਦਾ ਸ਼ਿੰਗਾਰ ਬਣ ਕੇ ਜ਼ਿੰਦਗੀ ਦੀਆਂ ਬਾਕੀ ਬਚੀਆਂ ਸੱਧਰਾਂ ਨੂੰ ਪੂਰੀਆਂ ਕਰਨ ਦੇ ਲਈ ਯਤਨਸ਼ੀਲ ਰਹੇ ਇਹ ਹੀ ਸਾਡੀ ਕਾਮਨਾ ਹੈ ।

Related posts

ਸਿਧਾਰਥ ਸ਼ੁਕਲਾ ਦੀ ਬਰਸੀ ‘ਤੇ ਸ਼ਹਿਨਾਜ਼ ਗਿੱਲ ਨੇ ਕਿਉਂ ਨਹੀਂ ਕੀਤੀ ਕੋਈ ਪੋਸਟ

editor

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਇਨ੍ਹਾਂ ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼

editor

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin