Articles Literature

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

ਲੇਖਕ: ਸੁਖਚੈਨ ਸਿੰਘ ਕੁਰੜ, ਮਾਨਾ ਸਿੰਘ ਵਾਲ਼ਾ, ਫ਼ਿਰੋਜ਼ਪੁਰ

ਸ:ਸ:ਮੀਸ਼ਾ (ਸੋਹਣ ਸਿੰਘ ਮੀਸ਼ਾ) ਦਾ ਜਨਮ 30 ਅਗਸਤ,1934 ਨੂੰ ਮਾਤਾ ਸ੍ਰੀਮਤੀ ਗੁਰਵੰਤ ਕੌਰ ਪਿਤਾ ਸ੍ਰ. ਇੰਦਰ ਸਿੰਘ ਦੇ ਘਰ ਪਿੰਡ ਭੇਟ ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਇਹ ਵੇਰਵਾ ਸ:ਸ: ਮੀਸ਼ਾ ਦੀ ਸੁਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਮੀਸ਼ਾ ਵੱਲੋਂ ਸੰਪਾਦਤ ਪੁਸਤਕ ਚਪਲ ਚੇਤਨਾ ਦੇ ਆਰੰਭ ਵਿੱਚ ਮਿਲ਼ਦਾ ਹੈ। ਪਰ ਪੰਜਾਬੀ ਲੇਖਕ ਕੋਸ਼ ਵਿੱਚ ਸ:ਸ: ਮੀਸ਼ਾ ਦੇ ਜਨਮ ਦਾ ਵੇਰਵਾ 15 ਮਾਰਚ 1933 ਦਾ ਵੀ ਮਿਲ਼ਦਾ ਹੈ।

ਮੀਸ਼ਾ ਨੇ ਮੁਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਅਤੇ ਦਸਵੀਂ ਰਣਧੀਰ ਹਾਈ ਸਕੂਲ ਕਪੂਰਥਲਾ ਤੋਂ ਕੀਤੀ। ਉਸ ਤੋਂ ਬਾਅਦ ਐਫ.ਏ. ਰਣਧੀਰ ਕਾਲਜ ਕਪੂਰਥਲੇ ਤੋਂ ਅਤੇ ਬੀ.ਏ. ਅਤੇ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਕਾਲਜ ਹੁਸ਼ਿਆਰਪੁਰ ਤੋਂ 1957 ਈ. ਵਿੱਚ ਐਮ.ਏ.(ਅੰਗਰੇਜ਼ੀ) ਕੀਤੀ।
ਮੀਸ਼ਾ ਨੇ 1957 ਤੋਂ 1966 ਤੱਕ ਨੈਸ਼ਨਲ ਕਾਲਜ ਸਠਿਆਲਾ ਵਿੱਚ ਲੈਕਚਰਾਰ ਦੇ ਤੌਰ ਤੇ ਸੇਵਾ ਨਿਭਾਈ। ਉਨ੍ਹਾਂ ਦੇ ਪੜ੍ਹਾਏ ਹੋਏ ਕਾਫੀ ਵਿਦਿਆਰਥੀ ਆਈ.ਏ.ਐਸ ਤੇ ਆਈ.ਪੀ.ਐਸ ਵੀ ਬਣੇ।
1966 ਤੋਂ ਬਾਅਦ ਆਲ ਇੰਡੀਆ ਰੇਡੀਓ ਜਲੰਧਰ ਵਿੱਚ ਪ੍ਰੋਡਿਊਸਰ ਦੇ ਤੌਰ ‘ਤੇ ਕੰਮ ਕੀਤਾ।
ਸਾਹਿਤਕ ਸਫ਼ਰ:-
ਸ:ਸ: ਮੀਸ਼ਾ ਨੇ ਬੇਸ਼ੱਕ ਬਹੁਤ ਘੱਟ ਲਿਖਿਆ ਪਰ ਜੋ ਲਿਖਿਆ ਉਹ ਪੰਜਾਬੀ ਸਾਹਿਤ ਦੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਉਹਨਾਂ ਦੇ 30 ਸਾਲਾਂ ਸਾਹਿਤ ਸਿਰਜਣ ਦੇ ਸਮੇਂ ਵਿੱਚ ਵਿੱਚ ਚੁਰਸਤਾ 1961, ਦਸਤਕ 1966, ਧੀਮੇ ਬੋਲ 1969, ਕੱਚ ਦੇ ਵਸਤਰ 1974( ਜਿਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ) ਤੇ ਚਪਲ ਚੇਤਨ 2013 (ਜੋ ਕਿ ਬਾਅਦ ਵਿੱਚ ਉਹਨਾਂ ਦੀ ਪਤਨੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ) ਇਸ ਪੁਸਤਕ ਵਿੱਚ 6 ਅਣਛਪੀਆਂ ਕਵਿਤਾਵਾਂ, 21 ਗਜ਼ਲਾਂ ਤੇ 5 ਗੀਤ ਸ਼ਾਮਲ ਹਨ)
ਵੱਖੋ-ਵੱਖ ਵਿਦਵਾਨਾਂ ਦੇ ਮੀਸ਼ਾ ਦੀ ਸਿਰਜਣ ਕਲਾ ਬਾਰੇ ਵਿਚਾਰ:-
ਸੰਤ ਸਿੰਘ ਸੇਖੋਂ ਦੇ ਸ਼ਬਦਾਂ ਅਨੁਸਾਰ, “ਪੰਜਾਬੀਆਂ ਨੂੰ ਵੱਡੇ ਤੇ ਉਚੇ ਬੋਲ ਬੋਲਣ ਦੀ ਵਾਦੀ ਹੈ। ਮੀਸ਼ਾ ਦੀ ਕਵਿਤਾ ਦੇ ਬੋਲ, ਉਸ ਦੇ ਮੂੰਹ ਦੇ ਬੋਲਾਂ ਵਾਂਗ,ਸੱਚ ਹੀ ਧੀਮੇ ਹਨ।”
ਸੇਖੋਂ ‘ਮੀਸ਼ੇ’ ਦੀ ਕਵਿਤਾ ਸਬੰਧੀ ਲਿਖਦਿਆਂ ਉਸ ਨੂੰ ‘ਸਿਆਣਪਵਾਦੀ’ ਕਵੀ ਹੋਣ ਦਾ ਮਾਣ ਵੀ ਬਖ਼ਸ਼ਦਾ ਹੈ।
ਸੁਰਜੀਤ ਪਾਤਰ ਦੇ ਸ਼ਬਦਾਂ ਵਿੱਚ, “ਉਹ ਸੱਚੀ ਨਿਰਾਸ਼ਾ, ਕੌੜੇ ਸੱਚਾਂ ਤੇ ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ ਅਣਗੌਲੀਆਂ ਭਾਵਨਾਵਾਂ ਦਾ ਕਵੀ ਸੀ।
ਸੁਰਜੀਤ ਪਾਤਰ ਮੀਸ਼ੇ ਨਾਲ਼ ਆਪਣੀ ਆਖਰੀ ਮੁਲਾਕਾਤ ਦੀ ਗੱਲ ਕਰਦਿਆਂ ਕਹਿੰਦਾ ਹੈ ਕਿ ਉਸਦੀ ਕਵਿਤਾ ਦਾ ਜਾਦੂ ਉਸ ਦੀ ਤਰਾਸ਼ੀ ਹੋਈ ਬੋਲੀ ਤੇ ਅਨੁਭਵ ਦੇ ਸੁਹਿਰਦ ਪ੍ਰਗਟਾਵੇ ਵਿੱਚ ਸੀ। ਉਹ ਸੁਪਨਿਆਂ ਤੇ ਰੀਝਾਂ ਨੂੰ ਅਸਲੀਅਤ ਦੀ ਭੱਠੀ ਚਾੜ ਕੇ ਕਵਿਤਾ ਕਸ਼ੀਦੇ ਕਰਦਾ ਸੀ। ਸੁਣਾਉਣ ਵੇਲੇ ਇੱਕ-ਇੱਕ ਸ਼ਬਦ ਨੂੰ ਟੁਣਕਾਉਂਦਾ ਸੀ।
ਸੁਰਿੰਦਰ ਕੌਰ ਮੀਸ਼ਾ ਦੇ ਸ਼ਬਦਾਂ ਵਿੱਚ, “ਪਹਿਲਾਂ ਵਿਦਿਆਰਥੀ ਹੁੰਦਿਆਂ ਤੇ ਫੇਰ ਸਠਿਆਲਾ ਵਾਲੇ ਕਾਲਜ ਵਿਚ ਪੜ੍ਹਾਉਂਦਿਆਂ ਨਿੱਕੇ ਵੱਡੇ ਕਵੀ ਦਰਬਾਰਾਂ ਵਿਚ ਪੜ੍ਹੀਆਂ ਉਨ੍ਹਾਂ ਦੀਆਂ ਕਵਿਤਾਵਾਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ”।
ਕਰਤਾਰ ਸਿੰਘ ਦੁੱਗਲ ਦੇ ਸ਼ਬਦਾਂ ਵਿੱਚ, “ਸਾਹਿਤ ਅਕਾਦਮੀ ਦੇ ਇਨਾਮ ਜੇਤੂਆਂ ਦੀ ਜਮਾਤ ਵਿਚ ਉਸ ਦੇ ਸ਼ਾਮਿਲ ਹੋਣ ਨਾਲ ਰੌਣਕ ਵੀ ਵਧੀ ਹੈ ਤੇ ਮਹਿਕ ਵੀ।”
ਅਜਮੇਰ ਰੋਡੇ ਦੇ ਸ਼ਬਦਾਂ ਅਨੁਸਾਰ, “ਭਾਰਤੀ ਸਾਹਿਤ ਅਕਾਦਮੀ ਵਲੋਂ ਮੀਸ਼ਾ ਜੀ ਦਾ ਸਨਮਾਣ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਦਾ ਸਨਮਾਣ ਹੈ।”
ਗੁਲਜ਼ਾਰ ਸਿੰਘ ਸੰਧੂ ਅਨੁਸਾਰ, “ਪੰਜਾਬੀ ਗਜ਼ਲਗੋਈ ਨੂੰ ਉਰਦੂ ਗਜ਼ਲਗੋਈ ਦੇ ਟਾਕਰੇ ਦੀ ਬਣਾਉਣ ਵਾਲੇ ਤਿੰਨ ਕਵੀਆਂ- ਸ:ਸ: ਮੀਸ਼ਾ, ਸੁਰਜੀਤ ਪਾਤਰ ਤੇ ਸੁਖਵਿੰਦਰ ਅੰਮ੍ਰਿਤ ਵਿੱਚੋਂ ਉਹ ਸਭ ਤੋਂ ਪਹਿਲਾ ਹੋਇਆ ਸੀ।ਉਸ ਨੇ ਪੰਜਾਬੀ ਗਜ਼ਲ ਨੂੰ ਸਹਿਜ ਤੇ ਸੁਹਜ ਹੀ ਨਹੀਂ ਬਖਸ਼ਿਆ, ਇਸ ਨੂੰ ਬੜਬੋਲੀ ਹੋਣ ਤੋਂ ਵੀ ਬਚਾਇਆ।”
ਮੀਸ਼ਾ ਆਧੁਨਿਕ ਯੁੱਗ ਦਾ ਚਿੰਤਨਸ਼ੀਲ ਕਵੀ ਸੀ। ਮੀਸ਼ੇ ਦਾ ਦ੍ਰਿਸ਼ਟੀਕੋਣ ਮਾਨਵਵਾਦੀ ਰਿਹਾ। ਮੀਸ਼ੇ ਦੀਆਂ ਕਵਿਤਾਵਾਂ ਦਾ ਮੁੱਖ ਵਿਸ਼ਾ ਅਜੋਕੇ ਸ਼ਹਿਰੀ ਮੱਧਵਰਗੀ ਮਨੁੱਖ ਦੀਆਂ ਸਮੱਸਿਆਵਾਂ ਤੇ ਉਸ ਦੀਆਂ ਮਾਨਸਿਕ ਤੇ ਬੋਧਿਕ ਗੁੰਝਲਾਂ ਦੀ ਪੇਸ਼ਕਾਰੀ ਸੀ।
ਸ:ਸ: ਮੀਸ਼ਾ ਦੀਆਂ ਸਾਹਿਤਕ ਰਚਨਾਵਾਂ ਨੂੰ ਪੜ੍ਹਦਿਆਂ,ਮਹਿਸੂਸ ਕਰਦਿਆਂ ਉਹਨਾਂ ਦੀ ਸ਼ਖ਼ਸੀਅਤ ਬਾਰੇ ਜਿੰਨ੍ਹਾਂ ਵੀ ਲਿਖਿਆ ਜਾਵੇ ਉਹਨਾਂ ਹੀ ਥੋੜ੍ਹਾ ਰਹੇਗਾ। ਸਮੇਂ ਦੇ ਗੇੜ੍ਹ ਵਿੱਚ 22 ਸਤੰਬਰ 1986 ਦਾ ਦਿਨ ਅਜਿਹਾ ਦਿਨ ਸੀ ਜਿਸ ਦਿਨ ਕਾਂਜਲੀ ਨੇੜੇ ਸੁਲਤਾਨਪੁਰ ਵੇਈਂ ਨਦੀ ਵਿੱਚ ਡੁੱਬ ਕੇ ਸ:ਸ: ਮੀਸ਼ਾ ਦੀ ਚੀਕ ਬੁਲਬਲੀ ਹਮੇਸ਼ਾਂ ਲਈ ਖਾਮੋਸ਼ ਹੋ ਗਈ ਪਰ ਉਹਨਾਂ ਦੀਆਂ ਲਿਖੀਆਂ ਰਚਨਾਵਾਂ ਆਪਣੇ ਸਮੇਂ ਦੀਆਂ ਹਾਣੀ ਹੋਕੇ ਮੀਸ਼ੇ ਦੀ ਸਾਹਿਤਕ ਪਹਿਚਾਣ ਨੂੰ ਹਮੇਸ਼ਾਂ ਮਾਣ ਬਖ਼ਸ਼ੀਆਂ ਰਹਿਣਗੀਆਂ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin