Articles Culture

ਸਹੇਲੀਆਂ ਤੇ ਹਾਨਣਾਂ ਨੂੰ ਮਿਲਣ ਦੀ ਤਾਂਘ ਦਾ ਪ੍ਰਤੀਕ ‘ਤੀਆਂ ਤੀਜ’ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਸਾਵਣ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ । ਇਸ ਮਹੀਨੇ ਨੂੰ ਬਰਸਾਤੀ ਝੜੀਆਂ ਵਾਲਾ ਮਹੀਨਾ ਵੀ ਕਿਹਾ ਜਾਂਦਾ ਹੈ, ਕਈ ਕਈ ਦਿਨ ਤਿਣ ਮਿਣ ਹੁੰਦੀ ਰਹਿੰਦੀ ਹੈ , ਘਰਾਂ ਚ ਮਾਹਲ ਪੂੜੇ ਤੇ ਹੋਰ ਚੰਗੇ ਚੰਗੇ ਪਕਵਾਨ ਬਣਦੇ ਹਨ । ਇਸ ਦੇ ਨਾਲ ਹੀ ਅਸੀਂ ਇਹ ਵੀ ਜਾਣਦੇ ਹਾਂ ਕਿ ਪੰਜਾਬ ਤਿਉਹਾਰਾਂ ਦੀ ਧਰਤੀ ਹੈ, ਜਿੱਥੇ ਹਰ ਦਿਨ ਹੀ ਕੋਈ ਨ ਕੋਈ ਤਿਓਂਹਾਰ ਮਨਾਇਆਂ ਜਾਂਦਾ ਹੈ । ਇਸੇ ਤਰਾਂ ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦਾ ਖ਼ਾਸ ਮਹੱਤਵ ਹੈ । ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਂਹਦੜ ਧੀਆਂ ਵਾਸਤੇ ਉਹਨਾਂ ਦੇ ਸਹੁਰੇ ਘਰ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰ ਮਠਿਆਈਆਂ ਲੈ ਕੇ ਜਾਂਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਵੀ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਸਖੀਆਂ ਸਹੇਲੀਆਂ ਤੇ ਹਾਨਣਾਂ ਨੂੰ ਮਿਲਣ ਦੀ ਤਾਂਘ ਬੜੀ ਪ੍ਰਬਲ ਹੁੰਦੀ ਹੈ, ਪਰ ਅਮੀਰ ਪੰਜਾਬੀ ਸੱÎਭਿਆਚਾਰ ‘ਤੇ ਪਏ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ‘ਚੋਂ ਤੀਆਂ ਦੇ ਪਿੜਾਂ ਦਾ ਲਗਭਗ ਭੋਗ ਹੀ ਪਾ ਕੇ ਰੱਖ ਦਿੱਤਾ ਹੈ । ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਸੰਘਣੇ ਦਰਖ਼ਤਾਂ ਦੇ ਝੁੰਡਾਂ ਹੇਠ ਪੀਂਘਾਂ ਝੂਟਦੀਆਂ ਤੇ ਗਿੱਧਾ ਪਾਉਂਦੀਆਂ ਹੋਈਆਂ ਬੋਲੀਆਂ ਦੇ ਰੂਪ ਚ ਇੱਕ-ਦੂਜੀ ਨਾਲ ਦੁੱਖ ਸੁੱਖ ਸਾਂਝੇ ਕਰਦੀਆਂ ਸਨ । ਜਿਹੜੀਆਂ ਔਰਤਾਂ ਨੇ ਬਚਪਨ ਵਿੱਚ ਤੀਆਂ ਦਾ ਮਾਹੌਲ ਦੇਖਿਆ ਹੈ, ਉਨ੍ਹਾਂ ਦੇ ਮਨ ਵਿੱਚ ਦੁਬਾਰਾ ਤੀਆਂ ‘ਤੇ ਜਾਣ ਦਾ ਬਹੁਤ ਚਾਅ ਹੁੰਦਾ ਸੀ । ਏਹੀ ਕਾਰਨ ਸੀ ਕਿ ਪਿੰਡਾਂ ਦੀਆਂ ਬਜ਼ੁਰਗ ਔਰਤਾਂ ਨੂੰ ਪਹਿਲੇ ਸਮੇਂ ਵਿੱਚ ਸਾਉਣ ਮਹੀਨੇ ਦੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਸੀ, ਪਰ ਹੁਣ ਲੋਕਾਂ ਵਿੱਚੋਂ ਪਿਆਰ ਦੀ ਖਿੱਚ ਘਟਣ ਤੇ ਸਵਾਰਥ ਤੇ ਪੂੰਜੀ ਦੀ ਖਿਚ ਵਧਣ ਕਰਕੇ ਤੀਆਂ ਦਾ ਰੰਗ ਬਹੁਤ ਫਿੱਕਾ ਪੈ ਗਿਆ ਹੈ। ਪਿੰਡਾਂ ਦੇ ਪਿੜਾਂ ਵਿੱਚ ਤੀਆਂ ਦੇ ਖੜਾਕ ਪੈਣ ਦੀ ਥਾਂ ਹੁਣ ਇਹ ਤੀਆਂ ਸਕੂਲਾਂ, ਕਾਲਜਾਂ ਦੀਆਂ ਸਟੇਜਾਂ ਦੀਆਂ ਕੁਝ ਕ ਘੰਟੇ ਵਾਸਤੇ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ। ਭਾਵੇਂ ਪੰਜਾਬੀ ਸੱਭਿਆਚਾਰ ਦੇ ਹਮਦਰਦ ਇਸ ਤਿਉਹਾਰ ਨੂੰ ਜਿਉਂਦਾ ਰੱਖਣ ਲਈ ਵਿਸ਼ੇਸ਼ ਉੱਪਰਾਲੇ ਕਰਦੇ ਹੋਏ ਪੰਜਾਬ ਦੀਆਂ ਇੱਕਾ-ਦੁੱਕਾ ਥਾਵਾਂ ‘ਤੇ ਤੀਆਂ ਦੇ ਮੇਲੇ ਆਯੋਜਿਤ ਕਰਵਾ ਰਹੇ ਹਨ, ਪਰ ਟੀ ਵੀ ਚੈਨਲਾਂ ਦੇ ਪ੍ਰਭਾਵ ਕਾਰਨ ਜਿਹੜੀਆਂ ਕੁੜੀਆਂ ਇਨ੍ਹਾਂ ਤੀਆਂ ਦੇ ਵਿਹੜਿਆਂ ਵਿੱਚ ਆਉਂਦੀਆਂ ਵੀ ਹਨ, ਉਨ੍ਹਾਂ ਦੇ ਕੱਪੜੇ ਅਤੇ ਰਹਿਣ-ਸਹਿਣ ਦਾ ਢੰਗ ਪੱਛਮੀ ਸੱਭਿਆਚਾਰ ਵਾਲਾ ਹੋਣ ਕਰ ਕੇ ਤੀਆਂ ਵਿੱਚ ਹੁਣ ਪਹਿਲਾਂ ਵਾਲੀ ਧਮਾਲ ਤੇ ਜਲਵਾ ਨਜਰ ਨਹੀਂ ਪੈਂਦਾ । ਇਹਨਾ ਮੇਲਿਆ ਚ ਸੁੱਚਾ ਹੁਸਨ ਅਜਕਲ ਗਾਇਬ ਹੈ । ਬਜ਼ੁਰਗ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਅੱਤਵਾਦ ਦੀ ਭੱਠੀ ਵਿੱਚ ਝੁਲਸ ਰਿਹਾ ਸੀ, ਉਸ ਸਮੇਂ ਵੀ ਪੰਜਾਬ ਵਿੱਚ ਤੀਆਂ ਦੀ ਪੂਰੀ ਧਮਾਲ ਪੈਂਦੀ ਸੀ, ਪਰ ਪੰਜਾਬ ਵਿੱਚ ਬਿਜਲਈ ਤੇ ਸ਼ੋਸ਼ਲ ਮੀਡੀਏ ਕਾਰਨ ਚੱਲੀ ਪੱਛਮੀ ਸੱਭਿਆਚਾਰ ਦੀ ਹਨੇਰੀ, ਅੱਤਵਾਦ ਤੋਂ ਵੀ ਵੱਧ ਘਾਤਕ ਸਾਬਤ ਹੋ ਰਹੀ ਹੈ। ਵਰਤਮਾਨ ਸਮੇਂ ਇਹ ਤੀਆਂ ਨਿੱਜੀ ਸਮਾਜ ਸੇਵੀ ਸੰਸਥਾਵਾਂ ਜਾਂ ਸਕੂਲਾਂ-ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਲਗਾਈਆਂ ਜਾਂਦੀਆਂ ਹਨ, ਜਿਥੇ ਕੁੜੀਆਂ ਬਿਊਟੀ ਪਾਰਲਰਾਂ ਤੋਂ ਤਿਆਰ ਹੋ ਕੇ, ਮੂੰਹ ‘ਤੇ ਗੁਲਾਲ ਲਗਾ ਕੇ ਤੇ ਬਨਾਉਟੀ ਗਹਿਣੇ ਪਾ ਕੇ ਗਿੱਧਾ ਪਾਉਂਦੀਆਂ ਹਨ, ਜਿਸ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਤਾਂ ਕਿਤੇ ਨ ਕਿਤੇ ਜ਼ਰੂਰ ਪੈਂਦੀ ਹੈ, ਪਰ ਤਿਓਂਹਾਰ ਦੇ ਸ਼ੁੱਧ ਰੂਪ ਦਾ ਝਲਕਾਰਾ ਕਿਧਰੇ ਦੂਰ ਦੂਰ ਤੱਕ ਵੀ ਨਜਰ ਨਹੀਂ ਪੈਂਦਾ ।
ਇੱਥੇ ਇਹ ਦੱਸਣਾ ਜ਼ਰੂਰੀ ਬਣ ਜਾਂਦਾ ਹੈ ਕਿ ਉੰਜ ਤਾਂ ਸਾਉਣ ਦਾ ਸਾਰਾ ਮਹੀਨਾ ਹੀ ਤੀਆਂ ਦੇ ਤਿਓਂਹਾਰ ਵਜੋਂ ਮਨਾਇਆ ਜਾਂਦਾ ਹੈ , ਪਰ ਰਿਵਾਇਤ ਮੁਤਾਬਿਕ ਇਹਨਾਂ ਦੀ ਸ਼ੁਰੂਆਤ ਸਾਉਣ ਦੇ ਮਹੀਨੇ ਦੀ ਤੀਜ ਨੂੰ ਸ਼ੁਰੂ ਹੁੰਦੀ ਹੈ, ਜੋ ਪੁੰਨਿਆਂ ਤੱਕ ਚਲਦੀ ਰਹਿੰਦੀ ਹੈ । ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਦੇ ਹਨ। ਕੁੜੀਆਂ ਹੱਥਾਂ ਤੇ ਮਹਿੰਦੀ ਲਾਉਦੀਆਂ ਹਨ ਤੇ ਨਾਲੇ ਰੰਗ ਬਰੰਗੀਆਂ ਚੂੜੀਆਂ ਵੀ ਚੜਾਉਦੀਆਂ ਹਨ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ‘ਤੇ ਜਾਂਦੀਆਂ ਹਨ, ਪਿੱਪਲਾਂ, ਟਾਹਲੀਆਂ ‘ਤੇ ਪੀਘਾਂ ਪਾਉਦੀਆਂ ਹਨ, ਗੋਲ ਘੇਰਾ ਬਣਾ ਕੇ ਗਿੱਧਾ ਪਾਉਦੀਆਂ ਹਨ, ਇੱਕ ਕੁੜੀ ਬੋਲੀ ਪਾਉਂਦੀ ਹੈ ਤੇ ਬਾਕੀ ਸਾਰੀਆਂ ਆਖਰੀ ਟੱਪੇ ਨੂੰ ਬਾਰ ਬਾਰ ਦੁਹਰਾ ਕੇ ਬੋਲਦੀਆਂ ਹਨ ਤੇ ਦੋ ਜਾਂ ਵੱਧ ਘੇਰੇ ਅੰਦਰ ਨੱਚਦੀਆਂ ਹਨ, ਪੁੰਨਿਆਂ ਵਾਲੇ ਦਿਨ ਵੱਲੋ ਪਾਈ ਜਾਂਦੀ ਹੈ, ਕੁੜੀਆਂ ਘਰ ਨੂੰ ਵਾਪਸ ਜਾਂਦੀਆਂ ਵਾਰ ਵਾਰ ਰੁਕ ਰੁਕ ਕੇ ਗਿੱਧਾ ਪਾਉਂਦੀਆਂ ਜਾਂਦੀਆਂ ਤੇ ਨਾਲੇ ਗੀਤ ਗਾਉਂਦੀਆਂ ਘਰਾਂ ਨੂੰ ਵਾਪਸ ਜਾਦੀਆਂ ਹਨ। ਤੀਆਂ ਤੋਂ ਬਾਅਦ ਜਦੋਂ ਕੁੜੀਆਂ ਆਪਣੇ ਸਹੁਰੇ ਘਰ ਵਾਪਸ ਜਾਂਦੀਆਂ ਹਨ ਤਾਂ ਪੇਕੇ ਕੁੜੀਆਂ ਨੂੰ ਕੱਪੜੇ ਤੇ ਬਿਸਕੁਟ ਸਮੇਤ ਹੋਰ ਬਹੁਤ ਕੁੱਜ ਸਰਦਾ ਬਣਦਾ ਦੇ ਕੇ ਤੋਰਦੇ ਹਨ |
ਹੁਣ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਚ ਜਾ ਵਸੇ ਹਨ ਜਿੱਥੇ ਉਹਨਾਂ ਨੇ ਆਪਣੀਆ ਵਿਰਸਾਗਤ ਸਰਗਰਮੀਆਂ ਸ਼ੁਰੂ ਕਰਕੇ ਪੰਜਾਬੀ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਦੀ ਕਵਾਇਦ ਜਾਰੀ ਰੱਖੀ ਹੈ । ਏਹੀ ਕਾਰਨ ਹੈ ਕਿ ਇਸ ਸਮੇ ਕਨੇਡਾ, ਅਮਰੀਕਾ, ਆਸਟਰੇਲੀਆਂ ਤੇ ਯੂ ਕੇ ਵਿਚ ਵੀ ਪਿਛਲੇ ਕਈ ਸਾਲਾਂ ਤੋਂ ਹੋਰ ਸਭਿਆਚਾਰਕ ਸਰਗਰਮੀਆ ਦੇ ਨਾਲ ਨਾਲ ਤੀਜ ਦੀਆਂ ਤੀਆਂ ਦੇ ਤਿਓਂਹਾਰ ਵੀ ਮਨਾਏ ਜਾਂਦੇ ਹਨ , ਜੋ ਕਿ ਬਹੁਤ ਚੰਗੀ ਗੱਲ ਹੈ, ਕਿਉਂਕਿ ਇਸ ਤਰਾਂ ਕਰਨ ਨਾਲ ਵਿਰਸੇ ਦੀ ਹੋਂਦ ਵੀ ਬਰਕਰਾਰ ਰੱਖੀ ਜਾ ਸਕਦੀ ਹੈ, ਵਿਰਸੇ ਨੂੰ ਅਗਲੀਆ ਪੀੜ੍ਹੀਆ ਤੱਕ ਸਹੀ ਸਲਾਮਤ ਪਹੁੰਚਾਇਆ ਵੀ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਇਸ ਮਾਨਸਿਕ ਟੁੱਟ ਭੱਜ ਵਾਲੇ ਤੇਜ ਰਫਤਾਰ ਅਜੋਕੇ ਯੁੱਗ ਵਿਚ ਕੁਜ ਪਲ ਰਾਹਤ ਦੇ ਵੀ ਮਹਿਸੂਸ ਕੀਤੇ ਜਾ ਸਕਦੇ ਹਨ । ਇਸ ਦਿਸ਼ਾ ਚ ਉਪਰਾਲੇ ਕਰਨ ਵਾਲੀਆ ਜਥੇਬੰਦੀਆ ਵੱਡੀ ਵਧਾਈ ਦਆਂ ਹੱਕਦਾਰ ਹਨ, ਜਿਹਨਾਂ ਦੀ ਹੌਂਸਲਾ ਅਫਜਾਈ ਕਰਨੀ ਤੇ ਪਿੱਠ ਥਾਪੜਨੀ ਸਾਡਾ ਸਭਨਾ ਦਾ ਨੈਤਿਕ ਫਰਜ ਬਣਦਾ ਹੈ । ਸ਼ਾਲਾ ! ਸੁੱਚੇ ਤਿਓਂਹਾਰਾਂ ਦਾ ਇਹ ਕਾਫ਼ਲਾ ਜੁਗੋ ਜੁੱਗ ਇਸੇ ਤਰ੍ਹਾਂ ਨਿਰੰਤਰ ਚਲਦਾ ਰਹੇ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin