Articles Religion

ਅੰਮ੍ਰਿਤਸਰ ਤੋਂ ਸਾਂਝੀਵਾਲਤਾ ਦੇ ਯੁਗ ਦੀ ਸ਼ੁਰੂਆਤ

ਲੇਖਕ: ਸੰਤੋਖ ਸਿੰਘ ਸੰਧੂ

ਜਦ ਨਾਨਕ ਗੱਦੀ ਦੇ ਪੰਜਵੇਂ ਵਾਰਿਸ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਤੇ ਸੰਪਾਦਨ ਕੀਤਾ ਤਾਂ ਉਸ ਸਮੇਂ ਭਾਰਤੀ ਸਮਾਜ ਜਾਤ-ਪ੍ਰਣਾਲੀ ਦੀ ਦਲਦਲ ਵਿੱਚ ਗ੍ਰੱਸਿਆ ਪਿਆ ਸੀ। ਇਹ ਸਮਾਜ ਬ੍ਰਹਮਣ, ਕਸ਼ੱਤਰੀ, ਵੈਸ਼ ਤੇ ਸ਼ੂਦਰ ਦੇ ਚਾਰ ਵਰਣਾ ਵਿੱਚ ਵੰਡਿਆ ਪਿਆ ਸੀ। ਬ੍ਰਹਮਣ ਵਰਣ ਸਭ ਤੋਂ ਉਤਮ ਮੰਨਿਆਂ ਜਾਂਦਾ ਸੀ ਅਤੇ ਬਾਕੀ ਵਰਣ ਕ੍ਰਮਵਾਰ ਨੀਵੇਂ ਮੰਨੇ ਜਾਂਦੇ ਸਨ। ਸ਼ੂਦਰ ਵਰਣ ਨੂੰ ਨਾ ਲਿਖਣ ਪੜ੍ਹਣ ਦੀ ਇਜਾਜ਼ਿਤ ਸੀ, ਨਾ ਕਿਸੇ ਧਾਰਮਿਕ ਅਸਥਾਨ ਵਿੱਚ ਦਾਖਿਲ ਹੋ ਸਕਦੇ ਸਨ, ਨਾ ਦੂਜੇ ਵਰਣਾ ਦੇ ਬਰਾਬਰ ਬੈਠ ਸਕਦੇ ਸਨ, ਨਾ ਉਨ੍ਹਾਂ ਨੂੰ ਛੂਹ ਸਕਦੇ ਸਨ। ਹਾਲਾਂ ਕਿ ਉਸ ਸਮੇਂ ਵਿੱਚ ਭਗਤ ਕਬੀਰ (ਜਾਤ ਜੁਲਾਹਾ), ਭਗਤ ਰਵੀਦਾਸ (ਜਾਤ ਚੁਮਾਰ) ਅਤੇ ਭਗਤ ਨਾਮਦੇਵ (ਜਾਤ ਛੀਂਬਾ) ਵਰਗੇ ਕਈ ਉਚ ਕੋਟੀ ਦੇ ਵਿਦਵਾਨ, ਪ੍ਰਭੂ ਭਗਤੀ ਦੇ ਸੱਚੇ ਸੁੱਚੇ ਪੈਰੋਕਾਰ ਅਤੇ ਮਨੁੱਖ ਜਾਤੀ ਨੂੰ ਇੱਕ ਰੂਪ ਸਮਝਣ ਤੇ ਕਹਿਣ ਵਾਲੇ ਵੀ ਪੈਦਾ ਹੋਏ। ਉਨ੍ਹਾਂ ਨੂੰ ਉਚੀਆਂ ਜਾਤਾਂ ਦੀ ਨਫਰਤ, ਤ੍ਰਿਸਕਾਰ ਅਤੇ ਜਿਆਦਤੀਆਂ ਵੀ ਸਹਿਣੀਆਂ ਪਈਆਂ। ਅਜਿਹੇ ਸਮੇਂ ਵਿੱਚ ਗੁਰੂ ਅਰਜੁਨ ਦੇਵ ਜੀ ਨੇ ਗੁਰੂ ਨਾਨਕ ਜੀ ਵੱਲੋਂ ਚਲਾਏ ਗਏ ‘ਸਿੱਖ ਪੰਥ’ ਦੀ ਸੋਚ ਉਤੇ ਚਲਦਿਆਂ ਇੱਕ ਅਜਿਹੇ ਗ੍ਰੰਥ ਦਾ ਸੰਕਲਨ ਕੀਤਾ ਜਿਸ ਵਿੱਚ ਆਪਣੇ ਤੋਂ ਪਹਿਲੇ ਚਾਰ ਗੁਰੂ ਸਾਹਿਬਾਨਾਂ ਦੀ ਬਾਣੀ, ਆਪਣੀ ਬਾਣੀ, ਹਿੰਦੂ ਭਗਤਾਂ, ਸੂਫੀ ਭਗਤਾਂ ਅਤੇ ਪ੍ਰਭੂ ਭਗਤੀ ਦੇ ਰੰਗ ਵਿੱਚ ਰੰਗੀਆਂ ਹੋਰ ਕਈ ਆਤਮਾਵਾਂ ਦੀਆਂ ਰਚਨਾਵਾਂ ਨੂੰ ਬਿਨਾਂ ਕਿਸੇ ਜਾਤੀ ਜਾਂ ਵਰਣ ਦੇ ਭੇਦਭਾਵ ਤੋਂ ਬਰਾਬਰ ਦਾ ਥਾਂ ਦੇ ਕੇ ਨਿਵਾਜਿਆ। ਨਿਰਸੰਦੇਹ ਗੁਰੂ ਜੀ ਵੱਲੋਂ ਉਸ ਸਮੇਂ ਕੀਤਾ ਗਿਆ ਇਹ ਇੱਕ ਮਹਾਨ ਉਪਰਾਲਾ ਅਤੇ ਯੁੱਗ ਪਲਟਾਊ ਯਤਨ ਸੀ, ਜਿਸ ਵਿੱਚ ਉਹ ਕਾਮਯਾਬ ਵੀ ਹੋਏ।

ਗੁਰੂ ਨਾਨਕ ਦੇਵ ਜੀ ਅਤੇ ਦੂਸਰੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਤੇ ਅਮਲ ਵਿੱਚ ਉਦਾਰਤਾ ਨੂੰ ਵੇਖਦੇ ਹੋਇਆਂ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਬਹੁਤ ਸਾਰੇ ਲੋਕਾਂ ਨੇ ਸਿੱਖ ਧਰਮ ਧਾਰਨ ਕਰ ਲਿਆ ਸੀ। ਉਹ ਜਿੱਥੇ ਕਿਤੇ ਵੀ ਰਹਿੰਦੇ ਸਨ, ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸਵੇਰੇ ਸ਼ਾਮ ਇਕੱਲੇ ਤੇ ਇਕੱਠ ਦੇ ਰੂਪ ਵਿੱਚ ਪਾਠ ਕਰਦੇ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦੂਸਰੇ ਸਿੱਖ ਗੁਰੁ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਹ ਬਾਣੀ ਇਕੱਤਰ ਕੀਤੀ ਅਤੇ ਇੰਝ ਬਾਣੀ ਇਕੱਤਰ ਕਰਨ ਦਾ ਸਿਲਸਿਲਾ ਪੰਜਵੇਂ ਗੁਰੁ, ਸ਼੍ਰੀ ਗੁਰੂ ਅਰਜੁਨ ਦੇਵ ਜੀ ਤੱਕ ਚਲਦਾ ਰਿਹਾ। ਗੁਰੂ ਅਰਜੁਨ ਦੇਵ ਜੀ ਨੇ ਇਸ ਬਾਣੀ ਦਾ ਇੱਕ ਪਵਿੱਤਰ ਗ੍ਰੰਥ ਤਿਆਰ ਕਰਨ ਦੀ ਲੋੜ ਮਹਿਸੂਸ ਕੀਤੀ। ਉਨ੍ਹਾਂ ਨੇ ਸਿੱਖ ਗੁਰਬਾਣੀ ਨਾਲ ਮੇਲ ਖਾਂਦੀ ਹੋਰ ਸੰਤਾਂ, ਭਗਤਾਂ ਤੇ ਫਕੀਰਾਂ ਦੀ ਬਾਣੀ ਇਕੱਤਰ ਕਰਨ ਲਈ ਆਪਣੇ ਸੇਵਕਾਂ ਨੂੰ ਦੇਸ਼ ਦੇ ਕੋਨੇ ਕੋਨੇ ਵਿੱਚ ਭੇਜਿਆ। ਉਨ੍ਹਾਂ ਨੇ ਦੂਸਰੇ ਧਰਮਾਂ ਨੂੰ ਆਪਣੇ ਧਾਰਮਿਕ ਸੰਤਾਂ, ਭਗਤਾਂ ਦੀਆਂ ਰਚਨਾਵਾਂ ਭੇਜਣ ਲਈ ਵੀ ਕਿਹਾ।

ਇਸ ਤਰ੍ਹਾਂ ਜਦ ਇਹ ਸਮੁੱਚੀ ਬਾਣੀ ਇਕੱਤਰ ਹੋ ਗਈ ਤਾਂ ਗੁਰੂ ਅਰਜੁਨ ਦੇਵ ਜੀ ਨੇ ਇਸ ਸਾਰੀ ਬਾਣੀ ਦਾ ਮੁਲਾਂਕਣ ਕਰਕੇ ਉਸ ਸਮੇਂ ਦੇ ਉਘੇ ਸਿੱਖ ਵਿਦਵਾਨ ਭਾਈ ਗੁਰਦਾਸ ਜੀ ਪਾਸੋਂ ਇੱਕ ਪਵਿੱਤਰ ਗ੍ਰੰਥ ਲਿਖਵਾ ਕੇ 1604 ਈ. ਵਿੱਚ ਤਿਆਰ ਕੀਤਾ, ਜਿਸ ਨੂੰ ‘ਆਦਿ ਗ੍ਰੰਥ ਸਾਹਿਬ’ ਕਿਹਾ ਜਾਂਦਾ ਹੈ। ਇਸਦੇ ਨਾਲ ਹੀ ਗੁਰੂ ਅਰਜੁਨ ਦੇਵ ਜੀ ਸ਼੍ਰੀ ਅੰਮ੍ਰਿਤਸਰ ਸਹਿਬ ਵਿੱਚ ਸ਼੍ਰੀ ਹਰਮੰਦਿਰ ਸਾਹਿਬ ਦੀ ਉਸਾਰੀ ਵੀ ਕਰਵਾ ਰਹੇ ਸਨ। ਇਹ ਉਸਾਰੀ ਸੰਪੂਰਨ ਹੋ ਗਈ ਸੀ। ਗੁਰੂ ਜੀ ਨੇ ਇਸਦੇ ਅੰਦਰ ਉਸ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ। ਬਾਬਾ ਬੁੱਢਾ ਜੀ ਨੂੰ ਸ਼੍ਰੀ ਹਰਮੰਦਿਰ ਸਾਹਿਬ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ। ਸ਼੍ਰੀ ਹਰਮੰਦਿਰ ਸਾਹਿਬ ਵਿੱਚ ਗੁਰਬਾਣੀ ਦਾ ਪਾਠ ਹੋਣਾ ਸ਼ੁਰੂ ਹੋ ਗਿਆ। ਦੂਰ-ਦੁਰਾਡੇ ਵੱਸਦੇ ਸਿੱਖਾਂ ਨੂੰ ਮੁੱਖ ਰੱਖਦੇ ਹੋਇਆਂ ਇਸ ਪਵਿੱਤਰ ਗ੍ਰੰਥ ਦੀਆਂ ਹੋਰ ਕਾਪੀਆਂ ਤਿਆਰ ਕਰਨ ਦੀ ਲੋੜ ਵੀ ਮਹਿਸੂਸ ਹੋਈ। ਅੱਗੇ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿ ਰਾਇ ਸਾਹਿਬ ਅਤੇ ਗੁਰੁ ਹਰਕਿਸ਼ਨ ਸਾਹਿਬ ਜੀ ਨੇ ਬਾਣੀ ਦੀ ਕੋਈ ਰਚਨਾ ਨਹੀਂ ਕੀਤੀ।

ਇਸ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਦੋ ਵਾਰ ਹੋਇਆ। ਪਹਿਲੀ ਵਾਰ ਗੁਰੂ ਅਰਜੁਨ ਦੇਵ ਜੀ ਨੇ ਸੰਨ 1604 ਵਿੱਚ ਕੀਤਾ, ਜਿਸ ਵਿੱਚ ਪੰਜ ਗੁਰੂ ਸਾਹਿਬਾਨਾਂ ਤੋਂ ਇਲਾਵਾ ਹੇਠ ਲਿਖੇ ਹੋਰ ਸੰਤਾਂ, ਭਗਤਾਂ ਦੀ ਬਾਣੀ ਦਰਜ ਕੀਤੀ ਗਈ:

1 ਭਗਤ ਕਬੀਰ ਜੀ, 2. ਭਗਤ ਰਵਿਦਾਸ ਜੀ, 3. ਭਗਤ ਨਾਮਦੇਵ ਜੀ, 4. ਭਗਤ ਬੇਨੀ ਜੀ, 5. ਭਗਤ ਭੀਖਨ ਜੀ, 6. ਭਗਤ ਧੰਨਾ ਜੀ, 7. ਭਗਤ ਜੈ ਦੇਵ ਜੀ, 8. ਭਗਤ ਪਰਮਾਨੰਦ ਜੀ, 9. ਭਗਤ ਪੀਪਾ ਜੀ, 10. ਭਗਤ ਰਾਮਾਨੰਦ ਜੀ, 11. ਭਗਤ ਸਦਨਾ ਜੀ, 12. ਭਗਤ ਸੈਣ ਜੀ, 13. ਭਗਤ ਸੂਰਦਾਸ ਜੀ, 14. ਭਗਤ ਤ੍ਰਲੋਚਨ ਜੀ, 15. ਬਾਬਾ ਫਰੀਦ ਜੀ, ਚਾਰ ਸਿੱਖ – ਭਾਈ ਮਰਦਾਨਾ ਜੀ, ਭਾਈ ਸੱਤਾ ਜੀ, ਭਾਈ ਬਲਵੰਡ ਜੀ ਤੇ ਬਾਬਾ ਸੁੰਦਰ ਜੀ ਅਤੇ 13 ਭੱਟ: 1. ਭੱਟ ਬਾਲ੍ਹ, 2. ਭੱਟ ਭਾਲ੍ਹ, 3. ਭੱਟ ਭੀਖਾ, 4. ਭੱਟ ਗਯਾਂਡ, 5. ਭੱਟ ਹਰਬੰਸ, 6. ਭੱਟ ਜਾਲਾਪ, 7. ਭੱਟ ਕੀਰਤ, 8. ਭੱਟ ਮਥੁਰਾ, 9. ਭੱਟ ਨਾਲ੍ਹ, 10. ਭੱਟ ਸਾਲ੍ਹ, 11. ਭੱੱਟ ਕਾਲਸ਼ਰ, 12. ਭੱਟ ਕਾਲ੍ਹ ਅਤੇ 13. ਭੱਟ ਤਾਲ੍ਹ। (ਕੁਝ ਇੱਕੋ ਜਿਹੇ ਨਾਵਾਂ ਦੇ ਭੁਲੇਖੇ ਨਾਲ ਕਈ ਵਿਦਵਾਨ ਭੱਟਾਂ ਦੀ ਗਿਣਤੀ 11 ਮੰਨਦੇ ਹਨ)।

ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿੱਚ ਹੈ, ਜਿਸ ਵਿੱਚ 14 ਰਾਗ ਅਤੇ 17 ਰਾਗਣੀਆਂ ਹਨ। ਰਾਗਾਂ ਵਿੱਚ ਸ੍ਰੀ ਰਾਗ, ਮੰਝ ਰਾਗ, ਰਾਗ ਗਾਉੜੀ, ਰਾਗ ਆਸਾ, ਰਾਗ ਗੂਜਰੀ, ਰਾਗ ਦੇਵਗੰਧਾਰੀ, ਰਾਗ ਬਿਹਾਗੜਾ, ਰਾਗ ਵਡਹੰਸ, ਸੋਰਠ ਰਾਗ, ਰਾਗ ਧਨਾਸਰੀ, ਜੈਤਸ੍ਰੀ ਰਾਗ, ਰਾਗ ਟੋਡੀ, ਰਾਗ ਬੈਰਾੜੀ, ਰਾਗ ਤਿਲੰਗ, ਸੂਹੀ ਰਾਗ, ਰਾਗ ਬਿਲਾਵਲ, ਰਾਗ ਗੌਂਡ, ਰਾਗ ਰਾਮਕਲੀ, ਨਟ-ਨਰਾਇਣ, ਮਾਲੀ-ਗਾਉੜਾ, ਰਾਗ ਮਾਰੂ, ਤੁਖਾਰੀ ਰਾਗ, ਕੇਦਾਰ ਰਾਗ, ਭੈਰਵ ਰਾਗ, ਰਾਗ ਬਸੰਤ, ਸਾਰੰਗ ਰਾਗ, ਰਾਗ ਮਲਾਰ, ਕੰਨੜ ਰਾਗ, ਰਾਗ ਕਲਿਆਣ, ਰਾਗ ਪ੍ਰਭਾਤੀ ਅਤੇ ਰਾਗ ਜੈਜੈਵੰਤੀ ਸ਼ਾਮਿਲ ਹਨ। ਇਸਤੋਂ ਇਲਾਵਾ 22 ਵਾਰਾਂ ਹਨ, ਜਿਨ੍ਹਾਂ ਵਿੱਚੋਂ 9 ਵਾਰਾਂ ਗਾਉਣ ਦੀ ਵਿਸ਼ੇਸ਼ ਤਰਜ਼ ਹੈ ਅਤੇ ਬਾਕੀ 13 ਵਾਰਾਂ ਨੂੰ ਕਿਸੇ ਵੀ ਤਰਜ਼ ਵਿੱਚ ਗਾਇਆ ਜਾ ਸਕਦਾ ਹੈ।

ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ :

1.ਸਾਰੇ ਮਨੁੱਖ ਬਰਾਬਰ ਹਨ: ਮਨੁੱਖ ਨੇ ਇਸ ਸ੍ਰਿਸ਼ਟੀ ਉਤੇ ਧਰਮਾਂ, ਫਿਰਕਿਆਂ, ਊਚ, ਨੀਚ ਦੇ ਨਾਂ ਉਤੇ ਮਨੁੱਖਾਂ ਵਿੱਚ ਵੰਡੀਆਂ ਪਾਈਆਂ ਹੋਈਆਂ ਹਨ। ਗੁਰਬਾਣੀ ਵਿੱਚ ਇਨ੍ਹਾਂ ਵੰਡੀਆਂ ਦੀ ਨਿਖੇਧੀ ਕੀਤੀ ਗਈ ਹੈ ਅਤੇ ਸਭ ਮਨੁੱਖਾਂ ਨੂੰ ਬਰਾਬਰ ਮੰਨਿਆਂ ਗਿਆ ਹੈ :

“ਜਹ ਜਹ ਦੇਖਾ ਤਹ ਤਹ ਸੁਆਮੀ ॥ ਤੂ ਘਟਿ ਘਟਿ ਰਵਿਆ ਅੰਤਰਜਾਮੀ ॥” (ਅੰਗ 96)

“ਸਭ ਏਕ ਦ੍ਰਿਸਟਿ ਸਮਤੁ ਕਰਿ ਦੇਖੈ ਸਭ ਆਤਮ ਰਾਮ ਪਛਾਨ ਜੀਉ ॥” (ਅੰਗ 446)

2. ਮਰਦ ਤੇ ਔਰਤ ਵਿੱਚ ਕੋਈ ਉਤਮ ਤੇ ਕੋਈ ਘਟੀਆ ਨਹੀਂ : ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਹੈ। ਔਰਤਾਂ ਨੂੰ ਮਰਦ ਤੋਂ ਘਟੀਆ ਮੰਨਿਆਂ ਜਾਂਦਾ ਸੀ । ਇਹ ਵਿਤਕਰਾ ਅੱਜ ਵੀ ਮੌਜੂਦ ਹੈ। ਹਾਂ ਪਹਿਲੇ ਨਾਲੋਂ ਘੱਟ ਜ਼ਰੂਰ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਸਮਾਜਿਕ ਕੁਰੀਤੀ ਦੀ ਨਿਖੇਧੀ ਕਰਦਿਆਂ ਆਖਿਆ :

“ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵਿਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥

ਭੰਡ ਮੂਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤਿ ਜੰਮੈ ਰਾਜਾਨ॥” (ਅੰਗ 473)

3. ਪ੍ਰਮਾਤਮਾ ਇੱਕ ਹੀ ਹੈ : ਮਨੁੱਖ ਨੇ ਪ੍ਰਮਾਤਮਾ ਨੂੰ ਆਪਣੇ ਧਰਮ, ਜਾਤ, ਨਸਲ, ਦੇਸ਼ ਅਤੇ ਖਿੱਤੇ ਦੇ ਅਨੁਸਾਰ ਵੰਡ ਕੇ ਆਪਣੀ ਮਾਨਤਾ ਅਨੁਸਾਰ ਉਸਦੇ ਵੱਖ ਵੱਖ ਨਾਮ ਰੱਖ ਲਏ ਹਨ। ਇੰਝ ਇਹ ਇੱਕ ਭੁਲੇਖਾ ਬਣ ਗਿਆ ਕਿ ਸਭਨਾਂ ਦਾ ਪ੍ਰਭੂ ਵੱਖਰਾ ਵੱਖਰਾ ਹੈ। ਗੁਰਬਾਣੀ ਦਾ ਸੰਦੇਸ਼ ਹੈ ਕਿ ਸਾਰੀ ਸ੍ਰਿਸ਼ਟੀ ਦਾ ਮਾਲਿਕ ਪ੍ਰਭੂ ਇੱਕ ਹੀ ਹੈ:

“ਇਕੁ ਪਛਾਣੁ ਜੀਅ ਕਾ ਇਕੋ ਰਖਣਹਾਰ॥ ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰ॥” (ਅੰਗ 45)

“ਪਾਰਬ੍ਰਹਮੁ ਪ੍ਰਭ ਏਕੁ ਹੈ ਦੂਜਾ ਨਾਹੀ ਕੋਇ॥ (ਅੰਗ 45)

4. ਪ੍ਰਭੂ ਸਦਾ ਸੱਚ ਹੈ ਅਤੇ ਸਭਨਾਂ ਅੰਦਰ ਵੱਸਦਾ ਹੈ: ਗੁਰਬਾਣੀ ਵਿੱਚ ਪ੍ਰਭੂ ਦੀ ਹੋਂਦ ਉਤੇ ਬੜਾ ਜ਼ੋਰ ਦਿੱਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਹੈ ਕਿ ਪ੍ਰਭੂ ਇੱਕ ਸੱਚਾਈ ਹੈ। ਉਸਦਾ ਘਟ ਘਟ ਵਿੱਚ ਵਾਸ ਹੈ:

“ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥” (ਅੰਗ 1)

“ਭਗਤਾਂ ਮਨਿ ਆਨੰਦੁ ਹੈ ਸਚੈ ਸਬਦ ਰੰਗਿ ਰਾਤੇ॥” (ਅੰਗ 69)

“ਸਦਾ ਸਚੇ ਕੇ ਗੁਣ ਗਾਵਾਂ ਭਾਈ ਸਦਾ ਸਚੇ ਕੈ ਸੰਗਿ ਰਹਾਉ॥” {ਅੰਗ 1419)

5. ਪੰਜ ਵੱਕਾਰਾਂ ਉਤੇ ਕਾਬੂ : ਮਨੁੱਖ ਦੇ ਜੀਵਨ ਵਿੱਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨਾਂ ਦੇ ਪੰਜ ਵੱਕਾਰ ਹਨ। ਇਨ੍ਹਾਂ ਵੱਕਾਰਾਂ ਵਿੱਚ ਲਿਪਿਤ ਹੋ ਕੇ ਮਨੁੱਖ ਕਈ ਤਰ੍ਹਾਂ ਦੇ ਪਾਪ ਕਰਦਾ ਹੋਇਆ ਪ੍ਰਭੂ ਤੋਂ ਦੂਰ ਹੋ ਜਾਂਦਾ ਹੈ। ਗੁਰਬਾਣੀ ਮਨੁੱਖ ਨੂੰ ਇਨ੍ਹਾਂ ਵੱਕਾਰਾਂ ਨੂੰ ਕਾਬੂ ਵਿੱਚ ਰੱਖਦਿਆਂ ਪ੍ਰਭੂ ਨਾਲ ਹਮੇਸ਼ਾ ਜੁੜੇ ਰਹਿਣ ਦਾ ਸੰਦੇਸ਼ ਦਿੰਦੀ ਹੈ:

“ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ॥” (ਅੰਗ 81)

“ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ॥ ਪਾਂਚਉ ਲਰਿਕੇ ਮਾਰਿ ਕੈ ਰਹੇ ਰਾਮ ਲਿੳੇ ਲਾਇ॥” (ਅੰਗ 1368)

6. ਸਦਾ ਪ੍ਰਭੂ ਦੇ ਹੁਕਮ ਵਿੱਚ ਰਹੋ: ਦੁੱਖ ਸੁੱਖ ਜਿੰਦਗੀ ਦਾ ਹਿੱਸਾ ਹੈ । ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਨੂੰ ਹਮੇਸ਼ਾ ਪ੍ਰਭੂ ਦੀ ਰਜ਼ਾ ਵਿੱਚ ਰਹਿਣ ਦੀ ਨਸੀਹਤ ਕੀਤੀ ਗਈ ਹੈ:

“ਪਾਰਬ੍ਰਹਮ ਪੂਰਨ ਪਰਮੇਸਰੁ ਮਨ ਤਾ ਕੀ ਓਟ ਗਹੀਜੈ ਰੇ॥

ਜਿਨਿ ਧਾਰੇ ਬ੍ਰਹਮੰਡ ਖੰਡ ਹਰਿ ਤਾ ਕੋ ਨਾਮੁ ਜਪੀਜੈ ਰੇ॥” (ਅੰਗ 209)

“ਸਤਿਗੁਰ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ॥” (ਅੰਗ 1245)

7. ਸਦਾ ਪ੍ਰੇਮ, ਦਯਾ, ਨਿਮਰਤਾ ਤੇ ਹਮਦਰਦੀ ਧਾਰਨ ਕਰੋ: ਗੁਰਬਾਣੀ ਵਿੱਚ ਮਨੁੱਖ ਨੂੰ ਇਨ੍ਹਾਂ ਗੁਣਾਂ ਨੂੰ ਧਾਰਨ ਕਰਨ ਉਤੇ ਥਾਂ ਥਾਂ ਜ਼ੋਰ ਦਿੱਤਾ ਗਿਆ ਹੈ:

“ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥

ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥” (ਅੰਗ 1384)

“ਸੰਜਮੁ ਸਤੁ ਸੰਤੋਖੁ ਸੀਲ ਸੰਨਾਹੁ ਮਫੁਟੈ॥” (ਅੰਗ 1397)

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin