Punjab

ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ ਉਮੀਦਵਾਰ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ,  ਭਗਵੰਤ ਮਾਨ ਨਜ਼ਰ ਆਏ ਆਪਣੇ ਪੁਰਾਣੇ ਅੰਦਾਜ਼ ‘ਚ, ਭਾਰੀ ਗਿਣਤੀ ‘ਚ ਮੋਟਰਸਾਈਕਲ ਅਤੇ ਲੋਕਾਂ ਦਾ ਹੋਇਆ ਇਕੱਠ

ਬਰਨਾਲਾ – ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਬਰਨਾਲਾ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਮੀਤ ਹੇਅਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।

ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਹਮੇਸ਼ਾਂ ਰਹੇਗੀ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਵੀ ਸੰਗਰੂਰ ਦੀ ਬਹੁਤ ਚਿੰਤਾ ਹੈ। ਉਹ ਮੈਨੂੰ ਹਮੇਸ਼ਾ ਸੰਗਰੂਰ ਬਾਰੇ ਹੀ ਪੁੱਛਦੇ ਰਹਿੰਦੇ ਹਨ।

ਪਿਛਲੀ ਵਾਰ ਜਦੋਂ ਮੈਂ ਉਨ੍ਹਾਂ ਨੂੰ ਜੇਲ੍ਹ ਵਿਚ ਮਿਲਣ ਗਿਆ ਸੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਸੰਗਰੂਰ ਬਾਰੇ ਹੀ ਪੁੱਛਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਅਗਲੀ ਵਾਰ ਜਦੋਂ ਮੈਂ ਉਨ੍ਹਾਂ ਨੂੰ ਮਿਲਣ ਆਵਾਂਗਾ ਤਾਂ ਮੈਂ ਉਨ੍ਹਾਂ ਨੂੰ ਸੰਗਰੂਰ ਦੀ ਅਸਲ ਸਥਿਤੀ ਦੱਸਾਂਗਾ ਅਤੇ ਅੱਜ ਇੱਥੇ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਸਪੱਸ਼ਟ ਹੋ ਗਿਆ ਹੈ ਕਿ ਅਸੀਂ ਸੰਗਰੂਰ ਤੋਂ ਵੱਡੇ ਫ਼ਰਕ ਨਾਲ ਜਿੱਤ ਰਹੇ ਹਾਂ। ਹੁਣ ਮੈਂ ਉਨ੍ਹਾਂ ਨੂੰ ਸੰਗਰੂਰ ਵਿਖੇ ਜਿੱਤ ਦੀ ਖ਼ਬਰ ਭਰੋਸੇ ਨਾਲ ਦੱਸ ਸਕਦਾ ਹਾਂ। ਉਨ੍ਹਾਂ ਕਿਹਾ ਕਿ ਅੱਜ ਹੀ ਇਤਫ਼ਾਕ ਨਾਲ ਮੇਰਾ ਉਨ੍ਹਾਂ ਨੂੰ ਮਿਲਣ ਦਾ ਪ੍ਰੋਗਰਾਮ 30 ਤਰੀਕ ਨੂੰ ਤੈਅ ਹੋਇਆ ਹੈ।

ਭਾਸ਼ਣ ਦੌਰਾਨ ਭਗਵੰਤ ਮਾਨ ਨੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ‘ਤੇ ਵੀ ਹਮਲਾ ਬੋਲਿਆ।  ਉਨ੍ਹਾਂ ਕਿਹਾ ਕਿ ਤਿੰਨੇ ਪਾਰਟੀਆਂ ਲੋਕ ਸਭਾ ਲਈ 13 ਉਮੀਦਵਾਰ ਵੀ ਨਹੀਂ ਲੱਭ ਸਕੀਆਂ । ਉਨ੍ਹਾਂ ਦੇ ਆਗੂ ਚੋਣ ਲੜਨ ਤੋਂ ਇਨਕਾਰ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਹਾਰ ਪੱਕੀ ਹੈ ਅਤੇ ਉਨ੍ਹਾਂ ਦੀ ਮੌਜੂਦਾ ਹਾਲਾਤ ਉਨ੍ਹਾਂ ਦੀਆਂ ਕਰਤੂਤਾਂ ਕਾਰਨ ਹੀ ਪੈਦਾ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਪਿਛਲੇ ਦੋ ਗੇੜ ‘ਚ ਦੇਸ਼ ‘ਚ ਕਰੀਬ 190 ਸੀਟਾਂ ‘ਤੇ ਚੋਣਾਂ ਹੋਈਆਂ ਹਨ। ਰਿਪੋਰਟ ਮੁਤਾਬਿਕ ਇੰਡੀਆ ਅਲਾਇੰਸ ਨੂੰ ਕਰੀਬ 120 ਤੋਂ 125 ਸੀਟਾਂ ਮਿਲ ਰਹੀਆਂ ਹਨ। ਇਸ ਵਾਰ ਭਾਰਤ ਵਿੱਚ ਗੱਠਜੋੜ ਦੀ ਸਰਕਾਰ ਬਣਨੀ ਤੈਅ ਹੈ। ਆਮ ਆਦਮੀ ਪਾਰਟੀ ਇਸ ਸਰਕਾਰ ਵਿੱਚ ਭਾਈਵਾਲ ਹੋਵੇਗੀ। ਅਗਲੀ ਸਰਕਾਰ ਆਮ ਆਦਮੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਨਹੀਂ ਬਣ ਸਕਦੀ। ਅਸੀਂ ਤੈਅ ਕਰਾਂਗੇ ਕਿ ਦੇਸ਼ ਦੀ ਸਰਕਾਰ ਕਿਹੋ ਜਿਹੀ ਹੋਵੇਗੀ। ਫਿਰ ਅਸੀਂ ਪੰਜਾਬ ਨੂੰ ਦੇਸ਼ ਦਾ ਨੰਬਰ-1 ਸੂਬਾ ਬਣਾਵਾਂਗੇ।

ਉਨ੍ਹਾਂ ਆਪਣੇ ਕੰਮਾਂ ਦੀ ਗਿਣਤੀ ਕਰਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਅਸੀਂ ਪੰਜਾਬ ਵਿੱਚ ਬਹੁਤ ਸਾਰੇ ਇਤਿਹਾਸਕ ਕੰਮ ਕੀਤੇ ਹਨ। ਅਸੀਂ ਪੰਜਾਬ ਦੇ 90 ਫੀਸਦੀ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਹੈ। ਹੁਣ ਤੱਕ ਅਸੀਂ 14 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ, ਜਿਸ ਕਾਰਨ ਲੋਕਾਂ ਦੀ ਆਰਥਿਕ ਬੱਚਤ ਹੋ ਰਹੀ ਹੈ। ਪਿਛਲੀ ਸਰਕਾਰ ਪੈਸੇ ਲੈ ਕੇ ਟੋਲ ਪਲਾਜ਼ਾ ਦੀ ਮਿਆਦ ਵਧਾ ਦਿੰਦੀ ਸੀ।

ਅਸੀਂ ਸੜਕਾਂ ‘ਤੇ ਲੋਕਾਂ ਦੀ ਸੁਰੱਖਿਆ ਲਈ ਰੋਡ ਸੇਫ਼ਟੀ ਫੋਰਸ ਬਣਾਈ ਹੈ। ਇਸ ਤੋਂ ਪਹਿਲਾਂ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਰੋਜ਼ਾਨਾ 17 ਲੋਕਾਂ ਦੀ ਮੌਤ ਹੋ ਜਾਂਦੀ ਸੀ।  ਫਰਵਰੀ-ਮਾਰਚ ਦੀ ਰਿਪੋਰਟ ਮੁਤਾਬਿਕ ਇਸ ਵਾਰ ਦੋ ਮਹੀਨਿਆਂ ‘ਚ ਸਿਰਫ 33 ਲੋਕਾਂ ਦੀ ਮੌਤ ਹੋਈ ਹੈ।  ਇਸ ਤੋਂ ਇਲਾਵਾ ਪੁਲਿਸ ਫੋਰਸ ਦੇ ਜਵਾਨਾਂ ਨੂੰ ਵੀ ਸਨਮਾਨਿਤ ਕਰ ਰਹੇ ਹਾਂ। ਉਨ੍ਹਾਂ ਦੇ ਜਨਮ ਦਿਨ ‘ਤੇ, ਅਸੀਂ ਮੁੱਖ ਮੰਤਰੀ ਵੱਲੋਂ ਇਕ ਪੱਤਰ ਰਾਹੀਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹਾਂ।  ਇਸ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਅਤੇ ਉਹ ਤਨਦੇਹੀ ਨਾਲ ਕੰਮ ਵੀ ਕਰਦੇ ਹਨ।

ਇਸ ਤੋਂ ਇਲਾਵਾ ਕਿਸਾਨਾਂ ਦੀ ਸਹੂਲਤ ਲਈ ਅਸੀਂ ਉਨ੍ਹਾਂ ਨੂੰ ਦਿਨ ਵਿੱਚ 11 ਘੰਟੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ, ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਿੱਚ ਕਾਫ਼ੀ ਕਮੀ ਆਈ ਹੈ ਅਤੇ ਉਨ੍ਹਾਂ ਦੇ ਸਮੇਂ ਦੀ ਵੀ ਬੱਚਤ ਹੋਈ ਹੈ।  ਇਸ ਦੇ ਨਾਲ ਹੀ ਰਾਤ ਨੂੰ ਕਈ ਰਾਜਾਂ ਨੂੰ ਬਿਜਲੀ ਵੇਚ ਕੇ ਕਰੀਬ 90 ਕਰੋੜ ਰੁਪਏ ਕਮਾਏ ਹਨ।  ਇਸ ਤੋਂ ਇਲਾਵਾ ਬਿਜਲੀ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਲਈ ਅਸੀਂ ਪੰਜਾਬ ਦੇ ਲਗਭਗ 60 ਫੀਸਦੀ ਖੇਤਰ ਨੂੰ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਹੈ। ਜੋ ਕਿ ਅਕਤੂਬਰ ਤੱਕ ਇਹ ਅੰਕੜਾ 70 ਫੀਸਦੀ ਤੱਕ ਪਹੁੰਚ ਜਾਵੇਗਾ।  ਉਨ੍ਹਾਂ ਕਿਸਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਅਪੀਲ ‘ਤੇ ਪੂਸਾ-44 ਦੀ ਬਜਾਏ ਹੋਰ ਕਿਸਮਾਂ ਦੀ ਕਣਕ ਦੀ ਬਿਜਾਈ ਕੀਤੀ |

ਜਨਸਭਾ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਬਹੁਤ ਹੀ ਖ਼ੁਸ਼ਕਿਸਮਤੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਭ ਤੋਂ ਅਹਿਮ ਸੀਟ ਸੰਗਰੂਰ ਲਈ ਪਾਰਟੀ ਨੇ ਮੇਰੇ ‘ਤੇ ਭਰੋਸਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਇਹ ਪਹਿਲੀ ਸਰਕਾਰ ਹੈ, ਜਿਸ ਨੇ ਚੋਣਾਂ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਸ ਤੋਂ ਵੱਧ ਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਕੰਮ ਕੀਤੇ ਹਨ। ਜਿਵੇਂ- ਅਸੀਂ ਟੋਲ ਪਲਾਜ਼ੇ ਬੰਦ ਕੀਤੇ, ਸੜਕ ਸੁਰੱਖਿਆ ਫੋਰਸ ਬਣਾਈ, ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮਾਣ ਭੱਤਾ ਦਿੱਤਾ, 43 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ, ਪੰਜਾਬ ਦੇ ਹਰ ਮੁਹੱਲੇ ਵਿਚ ਮੁਹੱਲਾ ਕਲੀਨਿਕ ਖੋਲੇ ਅਤੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖ਼ਰੀਦੇ ਆਦਿ।

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਹਮੇਸ਼ਾ ਕਹਿੰਦੇ ਸਨ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਸਾਡੀ ਸਰਕਾਰ (ਆਮ ਆਦਮੀ ਪਾਰਟੀ ਦੀ ਸਰਕਾਰ) ਨੇ ਹਰ ਖੇਤਰ ਵਿੱਚ ਰਿਕਾਰਡ ਤੋੜ ਕਮਾਈ ਕੀਤੀ ਹੈ। ਇਸੇ ਲਈ ਪੰਜਾਬ ਵਿੱਚ ਐਨਾ ਕੰਮ ਹੋ ਰਿਹਾ ਹੈ। ਪਹਿਲਾਂ ਸਰਕਾਰ ਨੂੰ ਉਕਤ ਖੇਤਰਾਂ ‘ਚ 5-6 ਫੀਸਦੀ ਆਮਦਨ ਹੁੰਦੀ ਸੀ, ਪਰੰਤੂ ਹੁਣ ਉਨ੍ਹਾਂ ਹੀ ਖੇਤਰਾਂ ‘ਚ ਸਰਕਾਰ 13 ਤੋਂ 14 ਫੀਸਦੀ ਕਮਾਈ ਕਰ ਰਹੀ ਹੈ ਅਤੇ ਇਸ ਪੈਸੇ ਨਾਲ ਸਰਕਾਰ ਲੋਕ ਭਲਾਈ ਦੇ ਕੰਮ ਕਰ ਰਹੀ ਹੈ। ਅਜਿਹਾ ਇਸ ਲਈ ਸੰਭਵ ਹੋਇਆ, ਕਿਉਂਕਿ ਭਗਵੰਤ ਮਾਨ ਸਰਕਾਰ ਦਿਨ-ਰਾਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਨੀਅਤ ‘ਤੇ ਕੋਈ ਸ਼ੱਕ ਨਹੀਂ ਕਰ ਸਕਦਾ। ਮੀਤ ਹੇਅਰ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਰੰਗਲਾ ਪੰਜਾਬ, ਖ਼ੁਸ਼ਹਾਲ ਪੰਜਾਬ ਬਣਾ ਦੇਣਗੇ।

Related posts

ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ

editor

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਬਿੱਟੂ ਦੀ ਸਰਕਾਰੀ ਰਿਹਾਇਸ਼ ਦੇ ਨੋ ਡਿਊ ਸਰਟੀਫਿਕੇਟ ਬਾਰੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਤੋਂ ਰਿਪੋਰਟ ਮੰਗੀ 

editor

ਮੁੱਖ ਮੰਤਰੀ ਭਗਵੰਤ ਮਾਨ ਨੇ ਉੱਘੇ ਪੰਜਾਬੀ ਕਵੀ ਸੁਰਜੀਤ ਪਾਤਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ

editor