Australia

ਐਨਜ਼ੈਕ ਡੇਅ ਮੌਕੇ ਆਸਟਰੇਲੀਆਈ ਨਾਗਰਿਕਾਂ ਵੱਲੋਂ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ

ਬਿ੍ਰਸਬੇਨ – ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਹਜ਼ਾਰਾਂ ਲੋਕਾਂ ਨੇ ਐਨਜ਼ੈਕ ਡੇਅ ਪਰੇਡ ਸਮਾਰੋਹਾਂ ਵਿੱਚ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪਾਪੂਆ ਨਿਊ ਗਿਨੀ ਵਿੱਚ ਆਸਟਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਨੁਸਾਰ ਇਹ ਦਿਨ 1.5 ਮਿਲੀਅਨ ਤੋਂ ਵੱਧ ਮਰਦਾਂ ਅਤੇ ਔਰਤਾਂ ਦਾ ਸਨਮਾਨ ਕਰਦਾ ਹੈ, ਜਿਨ੍ਹਾਂ ਨੇ ਸਾਰੇ ਸੰਘਰਸ਼ਾਂ, ਯੁੱਧਾਂ ਅਤੇ ਸ਼ਾਂਤੀ ਰੱਖਿਅਕ ਕਾਰਜਾਂ ਵਿੱਚ ਦੋਵਾਂ ਦੇਸ਼ਾਂ ਦੀ ਸੇਵਾ ਕੀਤੀ ਹੈ। ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬਿ੍ਰਸਬੇਨ ਵਿੱਚ ਤਕਰੀਬਨ 15,000 ਲੋਕ ਐਨਜ਼ੈਕ ਸੁਕੇਅਰ ਵਿੱਚ ਤੜਕੇ 3.30 ਵਜੇ ਇਕੱਠੇ ਹੋਏ। ਗਵਰਨਰ ਜੀਨੇਟ ਯੰਗ ਨੇ 16,000 ਆਸਟਰੇਲੀਆਈ ਅਤੇ ਨਿਊਜ਼ੀਲੈਂਡ ਸੈਨਿਕਾਂ ਨੂੰ ਯਾਦ ਕੀਤਾ। ਬਿ੍ਰਸਬੇਨ ਤੋਂ ਪ੍ਰਣਾਮ ਸਿੰਘ ਹੇਅਰ ਅਤੇ ਰਛਪਾਲ ਸਿੰਘ ਅਨੁਸਾਰ ਸਨੀਬੈਂਕ ਆਰਐੱਸਐੱਲ ਵਿੱਚ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਵੱਲੋਂ ਵਿਸ਼ੇਸ਼ ਸਿੱਖ ਪਰੇਡ ਕਰਵਾਈ ਗਈ। ਸਮਾਗਮ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਕੈਨਬਰਾ ਵਿੱਚ ਤਕਰੀਬਨ 32,000 ਲੋਕਾਂ ਨੇ ਵਾਰ ਮੈਮੋਰੀਅਲ ਵਿੱਚ ਤੜਕੇ 5.30 ਵਜੇ ਇੱਕ ਮਿੰਟ ਦੇ ਮੌਨ ਨਾਲ ਸ਼ਰਧਾਂਜਲੀ ਸਮਾਰੋਹ ਸ਼ੁਰੂ ਕੀਤਾ। ਇੱਥੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਉਪ-ਮੁਖੀ ਡੇਵਿਡ ਜੌਹਨਸਟਨ ਅਤੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਸ਼ਰਧਾਂਜਲੀ ਭੇਟ ਕਰਦਿਆਂ ਦੋਵਾਂ ਦੇਸ਼ਾਂ ਦੇ ਸੈਨਿਕਾਂ ਦੀ ਬਹਾਦਰੀ, ਦੋਸਤੀ ਅਤੇ ਧੀਰਜ ਦੀ ਪ੍ਰਸ਼ੰਸ਼ਾ ਕੀਤੀ। ਮੈਲਬਰਨ ਵਿੱਚ ਤਕਰੀਬਨ 40,000 ਤੋਂ ਵੱਧ ਲੋਕਾਂ ਨੇ ਸ਼ਰਾਈਨ ਆਫ ਰੀਮੇਮਬਰੈਂਸ ਜੰਗੀ ਯਾਦਗਾਰ ’ਚ ਸ਼ਿਰਕਤ ਕੀਤੀ। ਇੱਥੇ ਪ੍ਰੀਮੀਅਰ ਜੈਕਿੰਟਾ ਐਲਨ, ਵਿਕਟੋਰੀਆ ਪੁਲੀਸ ਦੇ ਮੁੱਖ ਕਮਿਸ਼ਨਰ ਸ਼ੇਨ ਪੈਟਨ, ਰਾਜ ਦੇ ਵਿਰੋਧੀ ਧਿਰ ਦੇ ਨੇਤਾ ਜੌਨ ਪੇਸੂਟੋ ਅਤੇ ਵਿਕਟੋਰੀਆ ਦੀ ਗਵਰਨਰ ਮਾਰਗਰੇਟ ਗਾਰਡਨਰ ਹਾਜ਼ਰ ਸਨ। ਸਿਡਨੀ ਦੇ ਮਾਰਟਿਨ ਪਲੇਸ ਵਿੱਚ ਮੌਜੂਦਾ ਅਤੇ ਸਾਬਕਾ ਸੈਨਿਕਾਂ ਨੂੰ ਦੇਖਣ ਅਤੇ ਸਨਮਾਨਤ ਕਰਨ ਲਈ ਹਜ਼ਾਰਾਂ ਲੋਕ ਸ਼ਹਿਰ ਦੀਆਂ ਸੜਕਾਂ ’ਤੇ ਸਵੇਰ ਤੋਂ ਖੜ੍ਹੇ ਸਨ। ਪਰੇਡ ਵਿੱਚ ਦੂਜੇ ਵਿਸ਼ਵ ਯੁੱਧ, ਕੋਰੀਆ, ਮਲਾਇਆ, ਬੋਰਨੀਓ, ਵੀਅਤਨਾਮ, ਖਾੜੀ ਯੁੱਧ, ਪੂਰਬੀ ਤਿਮੋਰ ਅਤੇ ਅਫਗਾਨਿਸਤਾਨ ਵਿੱਚ ਸੇਵਾ ਕਰਨ ਵਾਲੇ ਸਾਬਕਾ ਸੈਨਿਕ ਸ਼ਾਮਲ ਸਨ।

Related posts

ਆਸਟ੍ਰੇਲੀਆ ਸਰਕਾਰ ਵੱਲੋਂ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ’ਚ ਮਦਦ ਲਈ ਨਵੇਂ ਫੰਡ ਦਾ ਐਲਾਨ

editor

ਆਸਟ੍ਰੇਲੀਆਈ ਨੇ ਚਾਕੂ ਹਮਲੇ ’ਚ ਮਾਰੇ ਗਏ ਪਾਕਿ ਸੁਰੱਖ਼ਿਆ ਗਾਰਡ ਨੂੰ ਦੱਸਿਆ ਰਾਸ਼ਟਰੀ ਹੀਰੋ

editor

ਮੈਂਬਰ ਪਾਰਲੀਮੈਂਟ ਸੈਮ ਰੇਅ ਵੱਲੋਂ ਵਿਸਾਖੀ ਮੌਕੇ ਸਿੱਖ ਭਾਈਚਾਰੇ ਲਈ ਰਾਤਰੀ ਭੋਜ ਦਾ ਆਯੋਜਨ

editor