India

ਸਾਡਾ ਧਿਆਨ ਕੀ ਸਿੱਖਣੈ ਅਤੇ ਕਿਵੇਂ ਸਿੱਖਣੈ ’ਤੇ ਹੋਣਾ ਚਾਹੀਦਾ: ਦ੍ਰੌਪਦੀ ਮੁਰਮੂ

ਧਰਮਸ਼ਾਲਾ – ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (6 ਮਈ, 2024) ਧਰਮਸ਼ਾਲਾ ਵਿਖੇ ਹਿਮਾਚਲ ਪ੍ਰਦੇਸ਼ ਦੀ ਕੇਂਦਰੀ ਯੂਨੀਵਰਸਿਟੀ ਦੀ 7ਵੀਂ ਕਨਵੋਕੇਸ਼ਨ ਵਿੱਚ ਸ਼ਿਰਕਤ ਕੀਤੀ ਅਤੇ ਸੰਬੋਧਨ ਕੀਤਾ।ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਬਦਲਾਅ ਕੁਦਰਤ ਦਾ ਨਿਯਮ ਹੈ। ਪਰ, ਤਬਦੀਲੀ ਦੀ ਗਤੀ ਅਤੀਤ ਵਿੱਚ ਇੰਨੀ ਤੇਜ਼ ਨਹੀਂ ਸੀ। ਅੱਜ ਅਸੀਂ ਚੌਥੀ ਉਦਯੋਗਿਕ ਕ੍ਰਾਂਤੀ ਦੇ ਦੌਰ ਵਿੱਚ ਹਾਂ। ਆਰਟੀਫੀਸ਼ਿਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਜਿਹੇ ਨਵੇਂ ਖੇਤਰ ਤੇਜ਼ੀ ਨਾਲ ਉੱਭਰ ਰਹੇ ਹਨ। ਤਬਦੀਲੀ ਦੀ ਗਤੀ ਅਤੇ ਤੀਬਰਤਾ ਦੋਵੇਂ ਬਹੁਤ ਜ਼ਿਆਦਾ ਹਨ, ਜਿਸ ਕਾਰਨ ਟੈਕਨੋਲੋਜੀ ਅਤੇ ਲੋੜੀਂਦੇ ਸਕਿੱਲ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। 21ਵੀਂ ਸਦੀ ਦੀ ਸ਼ੁਰੂਆਤ ਵਿੱਚ ਕੋਈ ਨਹੀਂ ਜਾਣਦਾ ਸੀ ਕਿ ਅਗਲੇ 20 ਜਾਂ 25 ਵਰਿ੍ਹਆਂ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਦੇ ਸਕਿੱਲਸ ਦੀ ਲੋੜ ਹੋਵੇਗੀ। ਇਸੇ ਤਰ੍ਹਾਂ, ਬਹੁਤ ਸਾਰੇ ਮੌਜੂਦਾ ਸਕਿੱਲ ਭਵਿੱਖ ਵਿੱਚ ਉਪਯੋਗੀ ਨਹੀਂ ਹੋਣਗੇ। ਇਸ ਲਈ ਸਾਨੂੰ ਲਗਾਤਾਰ ਨਵੇਂ ਸਕਿੱਲਸ ਅਪਣਾਉਣੇ ਪੈਣਗੇ। ਸਾਡਾ ਧਿਆਨ ਲਚੀਲਾ ਦਿਮਾਗ ਵਿਕਸਿਤ ਕਰਨ ‘’ਤੇ ਹੋਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਤੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ਨਾਲ ਤਾਲਮੇਲ ਰੱਖ ਸਕੇ। ਸਾਨੂੰ ਵਿਦਿਆਰਥੀਆਂ ਵਿੱਚ 21ਵੀਂ ਸਦੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਲਈ ਉਨ੍ਹਾਂ ਵਿੱਚ ਉਤਸੁਕਤਾ ਅਤੇ ਸਿੱਖਣ ਦੀ ਇੱਛਾ ਨੂੰ ਮਜ਼ਬੂਤ ਕਰਨਾ ਹੋਵੇਗਾ।ਰਾਸ਼ਟਰਪਤੀ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਅਜਿਹੀ ਹੋਣੀ ਚਾਹੀਦੀ ਹੈ ਜੋ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਤਮ ਨਿਰਭਰ ਬਣਾਵੇ ਅਤੇ ਉਨ੍ਹਾਂ ਦੇ ਚਰਿੱਤਰ ਅਤੇ ਸ਼ਖਸੀਅਤ ਦਾ ਨਿਰਮਾਣ ਕਰੇ। ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਵਿੱਚ ਆਪਣੇ ਸੱਭਿਆਚਾਰ, ਪਰੰਪਰਾ ਅਤੇ ਸਭਿਅਤਾ ਬਾਰੇ ਜਾਗਰੂਕਤਾ ਲਿਆਉਣਾ ਵੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਬੰਧ ਵਿੱਚ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੇ ਕੰਮ ਦਾ ਦਾਇਰਾ ਸਿਰਫ਼ ਪੜ੍ਹਾਉਣ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਉਨ੍ਹਾਂ ‘’ਤੇ ਦੇਸ਼ ਦਾ ਭਵਿੱਖ ਬਣਾਉਣ ਦੀ ਵੱਡੀ ਜ਼ਿੰਮੇਵਾਰੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਧਿਆਨ ‘ਕੀ ਸਿੱਖਣਾ ਹੈ’ ਅਤੇ ‘ਕਿਵੇਂ ਸਿੱਖਣਾ ਹੈ’’ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਰੇਖਾਂਕਿਤ ਕੀਤਾ ਕਿ ਜਦੋਂ ਵਿਦਿਆਰਥੀ ਬਿਨਾਂ ਕਿਸੇ ਤਣਾਅ ਦੇ ਸੁਤੰਤਰ ਤੌਰ ‘’ਤੇ ਸਿੱਖਦੇ ਹਨ, ਤਾਂ ਉਨ੍ਹਾਂ ਦੀ ਰਚਨਾਤਮਕਤਾ ਅਤੇ ਕਲਪਨਾ ਉਡਾਰੀਆਂ ਮਾਰਦੀ ਹੈ। ਅਜਿਹੇ ਵਿੱਚ ਉਹ ਸਿੱਖਿਆ ਨੂੰ ਸਿਰਫ਼ ਆਜੀਵਿਕਾ ਦਾ ਸਮਾਨਾਰਥੀ ਨਹੀਂ ਸਮਝਦੇ। ਇਸ ਦੀ ਬਜਾਏ, ਉਹ ਇਨੋਵੇਟ ਕਰਦੇ ਹਨ, ਸਮੱਸਿਆਵਾਂ ਦੇ ਹੱਲ ਲੱਭਦੇ ਹਨ, ਅਤੇ ਉਤਸੁਕਤਾ ਨਾਲ ਸਿੱਖਦੇ ਹਨ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਮਾਨਵੀ ਕਦਰਾਂ-ਕੀਮਤਾਂ ਜਿਵੇਂ ਦਇਆ, ਫਰਜ਼ ਅਤੇ ਸੰਵੇਦਨਸ਼ੀਲਤਾ ਨੂੰ ਆਪਣਾ ਆਦਰਸ਼ ਬਣਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਕਦਰਾਂ-ਕੀਮਤਾਂ ਦੇ ਅਧਾਰ ‘’ਤੇ ਉਹ ਸਫਲ ਅਤੇ ਸਾਰਥਕ ਜੀਵਨ ਬਤੀਤ ਕਰ ਸਕਦੇ ਹਨ।ਰਾਸ਼ਟਰਪਤੀ ਨੇ ਕਿਹਾ ਕਿ ਨੌਜਵਾਨਾਂ ਵਿੱਚ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ। ਉਹ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਸਭ ਤੋਂ ਮਹੱਤਵਪੂਰਨ ਕੜੀ ਹਨ। ਇਸ ਲਈ ਉਨ੍ਹਾਂ ਨੂੰ ਆਪਣੇ ਆਪ ਨੂੰ ਕੌਮ ਨੂੰ ਸਮਰਪਿਤ ਕਰਨਾ ਚਾਹੀਦਾ ਹੈ। ਇਹ ਨਾ ਸਿਰਫ ਉਨ੍ਹਾਂ ਦਾ ਮਾਨਵੀ, ਸਮਾਜਿਕ ਅਤੇ ਨੈਤਿਕ ਕਰਤੱਵ ਹੈ, ਬਲਕਿ ਨਾਗਰਿਕ ਵਜੋਂ ਉਨ੍ਹਾਂ ਦਾ ਫਰਜ਼ ਵੀ ਹੈ।

Related posts

ਰੰਗ ਲਿਆਈ ਚੋਣ ਕਮਿਸ਼ਨ ਅਤੇ ਸਿਆਸੀ ਦਲਾਂ ਦੀ ਮਿਹਨਤ, ਚੌਥੇ ਪੜਾਅ ’ਚ ਸਭ ਤੋਂ ਵੱਧ ਵੋਟਿੰਗ

editor

ਕਿਰਗਿਜ਼ਸਤਾਨ ’ਚ ਦੱਖਣ ਏਸ਼ੀਆਈ ਵਿਦਿਆਰਥੀਆਂ ’ਤੇ ਹਮਲੇ, ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ

editor

6 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਰੁਕੀ ਦਿਲ ਦੀ ਧੜਕਨ, ਰੱਬ ਬਣ ਆਈ ਡਾਕਟਰ ਨੇ ਬਚਾਈ ਜਾਨ

editor