Articles

ਬਬਰ ਅਕਾਲੀ ਦੀ ਬਰਸੀ ਤੇ ਸਾਡੀ ਤੀਜੀ ਪੀੜ੍ਹੀ

ਇਸ ਲੇਖ ਦੇ ਲੇਖਕ ਸਰਦਾਰ ਦੁਪਾਲ ਪੁਰੀ ਪੁਰੀ ਬਰਸੀ ਸਮਾਗਮ ਵਿੱਚ ਜਥੇਦਾਰ ਟੌਹੜਾ ਸਾਹਿਬ ਦੇ ਸਵਾਗਤੀ-ਚਿੰਨ੍ਹ ਲਗਾਉਂਦੇ ਹੋਏ।
ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਫੋਟੋ: ਇਸ ਲੇਖ ਦੇ ਲੇਖਕ ਸਰਦਾਰ ਦੁਪਾਲ ਪੁਰੀ ਪੁਰੀ ਬਰਸੀ ਸਮਾਗਮ ਵਿੱਚ ਜਥੇਦਾਰ ਟੌਹੜਾ ਸਾਹਿਬ ਦੇ ਸਵਾਗਤੀ-ਚਿੰਨ੍ਹ ਲਗਾਉਂਦੇ ਹੋਏ।

ਦੇਸ ਦੇ ਗਲ਼ੋਂ ਗੁਲਾਮੀ ਦਾ ਜੂਲ਼ਾ ਲਾਹੁਣ ਲਈ ਕੈਨੇਡਾ ਤੋਂ ਆਪਣੇ ਭਰੇ ਭਕੁੰਨੇ ਘਰ ਤੇ ਜਮੀਨ ਜਾਇਦਾਦ ਛੱਡ ਕੇ ਪੰਜਾਬ ਪਹੁੰਚੇ ਬਬਰ ਅਕਾਲੀ ਸੂਰਮਿਆਂ ਵਿੱਚ ‘ਐਡੀਟਰ’ ਦਾ ਤਖੱਲਸ ਗ੍ਰਹਿਣ ਕਰਨ ਵਾਲੇ ਬਬਰ ਕਰਮ ਸਿੰਘ ਥਾਂਦ੍ਹੀ ਦਾ ਪਿੰਡ ਦੌਲਤ ਪੁਰ ਅਤੇ ਮੇਰਾ ਪਿੰਡ ਦੁਪਾਲ ਪੁਰ, ਜਿਲ੍ਹਾ ਨਵਾਂ ਸ਼ਹਿਰ ਦੇ ਪੁਰਾਤਨ ਕਸਬੇ ਜਾਡਲੇ ਦੇ ਸੱਜੇ ਖੱਬੇ ਵਾਕਿਆ ਸਥਿਤ ਹਨ।ਜਾਡਲੇ ਤੋਂ ਉੱਤਰ ਵੱਲ੍ਹ ਦੇ ਪਾਸੇ ਜਿੰਨਾਂ ਕੁ ਦੂਰ ਦੌਲਤ ਪੁਰ ਪੈਂਦਾ ਹੈ ਓਦੂੰ ਕੁੱਝ ਵੱਧ ਦੂਰ ਦੱਖਣ ਵੱਲ੍ਹ ਦੁਪਾਲ ਪੁਰ।ਸਾਡੇ ਲਈ ਇਹ ਮਾਣ ਭਰਿਆ ਇਤਫਾਕ ਹੀ ਸਮਝੋ ਕਿ ਸਾਨੂੰ ਆਪਣੇ ਨਾਨਕੇ, ਦੋ ਮਾਸੀਆਂ ਅਤੇ ਕੁੱਝ ਹੋਰ ਰਿਸ਼ਤੇਦਾਰਾਂ ਦੇ ਪਿੰਡਾਂ ’ਚ ਜਾਣ-ਆਉਣ ਸਮੇਂ ਦੌਲਤ ਪੁਰ ਵਿੱਚੋਂ ਹੀ ਲੰਘਣਾ ਪੈਂਦਾ।ਦੌਲਤ ਪੁਰ ਪਿੰਡ ਦੀ ਮਹੱਤਤਾ ਇਤਹਾਸਿਕ ਅਸਥਾਨ ਟਾਹਲੀ ਸਾਹਿਬ ਕਰਕੇ ਵੀ ਹੈ ਜਿੱਥੇ ਮਹਾਨ ਕੋਸ਼ ਮੁਤਾਬਿਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ, ਕੀਰਤ ਪੁਰ ਸਾਹਿਬ ਨੂੰ ਜਾਣ ਸਮੇਂ ਕੁੱਝ ਸਮਾਂ ਬਿਰਾਜੇ ਸਨ।ਪਰ ਇੱਥੇ ਮੈਂ ਬਬਰ ਕਰਮ ਸਿੰਘ ਦੌਲਤ ਪੁਰ ਦੀ ਸਾਲਾਨਾ ਬਰਸੀ ਬਾਰੇ ਗੱਲ ਕਰ ਰਿਹਾ ਹਾਂ ਜੋ ਹਰ ਸਾਲ ਇੱਕ ਸਤੰਬਰ ਨੂੰ ਇਸ ਪਿੰਡ ਵਿੱਚ ਵੱਡੇ ਪੱਧਰ ’ਤੇ ਮਨਾਈ ਜਾਂਦੀ ਹੈ।

ਮੇਰੇ ਸੁਰਤਿ ਸੰਭਾਲਣ ਮੌਕੇ ਸਾਡੇ ਭਾਈਆ ਜੀ ਦੌਲਤ ਪੁਰ ਟਾਹਲੀ ਸਾਹਿਬ ਵਿਖੇ ਮਨਾਏ ਜਾਂਦੇ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਵੀ ਜਰੂਰ ਜਾਂਦੇ ਹੁੰਦੇ ਸਨ ਅਤੇ ਬਬਰ ਦੀ ਬਰਸੀ ਮੌਕੇ ਵੀ।ਮੈਨੂੰ ਯਾਦ ਹੈ ਕਿ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੋਢੀ ਨਿਰਮਲ ਸਿੰਘ ਦਾ ਪੋਸਟ ਕਾਰਡ ਡਾਕ ਰਾਹੀਂ ਆਉਂਦਾ ਹੁੰਦਾ ਸੀ ਅਤੇ ਬਰਸੀ ਮੌਕੇ ਭਾਈਆ ਜੀ ਆਪਣੇ ਸਾਥੀਆਂ ਸਮੇਤ ਹਾਜਰੀ ਭਰਿਆ ਕਰਦੇ ਸਨ। ਮੈਨੂੰ ਇਹ ਵੀ ਯਾਦ ਹੈ ਕਿ ਜਦੋਂ ਬਬਰ ਕਰਮ ਸਿੰਘ ਦੀ ਬਰਸੀ,ਕੁੱਝ ਕਮਿਊਨਿਸਟ ਜਥੇਬੰਦੀਆਂ ਆਪਣੇ ਢੰਗ ਨਾਲ ਮਨਾਉਣ ਲੱਗ ਪਈਆਂ ਤਾਂ ਪੁਰਾਤਨ ਸਿੰਘ ਸਭੀਏ ਸੁਭਾਅ ਦੇ ਹੋਣ ਕਾਰਨ ਭਾਈਆ ਜੀ ਬਰਸੀ ਮਨਾਉਣ ਦੇ ਢੰਗ ਤਰੀਕਿਆਂ ਦੀ ਇਹ ਕਹਿ ਕੇ ਨੁਕਤਾਚੀਨੀ ਕਰਦੇ ਹੁੰਦੇ ਸਨ ਕਿ ਬਬਰ ਅਕਾਲੀ ਸਿੰਘਾਂ ਦੀ ਬਰਸੀ ’ਤੇ ‘ਡਰਾਮਿਆਂ’ ਦਾ ਕੀ ਕੰਮ ? ਪਰ ਉਹ ਉਸ ਸਮਾਗਮ ਲਈ ਦੁੱਧ ਬਗੈਰਾ ਇਕੱਠਾ ਕਰਕੇ ਇੱਕ ਸਤੰਬਰ ਨੂੰ ਦੌਲਤ ਪੁਰ ਜਰੂਰ ਪਹੁੰਚਦੇ!

ਬਬਰ ਕਰਮ ਸਿੰਘ ਅਤੇ ਉਨ੍ਹਾਂ ਦੇ ਤਿੰਨ ਹੋਰ ਸਾਥੀ ਬਬਰਾਂ ਦਾ ਸ਼ਹੀਦੀ ਅਸਥਾਨ ਨੇੜੇ ਗੁਰਦੁਆਰਾ ਚੌਂਤਾ ਸਾਹਿਬ ਬਬੇਲੀ (ਕਪੂਰਥਲ਼ਾ)

ਫਿਰ ਆਈ ਸਾਡੀ ਵਾਰੀ।ਇਹ ਗੱਲ ਸੰਨ 77 ਜਾਂ 78 ਦੀ ਹੋਵੇਗੀ।ਮੈਂ ਤੇ ਛੋਟਾ ਭਰਾ ਅਸੀ ਦੋਵੇਂ ਜਣੇ ਸਾਈਕਲ ’ਤੇ ਆਪਣੇ ਨਾਨਕੇ ਪਿੰਡ ਧਮਾਈ ਮਿਲਣ ਗਿਲਣ ਜਾ ਰਹੇ ਸਾਂ।ਜਦ ਅਸੀਂ ਦੌਲਤ ਪੁਰ ਵਿੱਚ ਵੜਨ ਲੱਗੇ ਤਾਂ ਅਸੀਂ ਦੇਖਿਆ ਕਿ ਪਿੰਡ ਦੀਆਂ ਗਲ਼ੀਆਂ ਵਿੱਚ ਰੰਗ-ਬਰੰਗੀਆਂ ਪਤੰਗੀਆਂ (ਝੰਡੀਆਂ) ਲੱਗੀਆਂ ਹੋਈਆਂ ਹਨ ਅਤੇ ਆਲ਼ੇ ਦੁਆਲ਼ੇ ਦੇ ਪਿੰਡਾਂ ਦੀਆਂ ਦੌਲਤ ਪੁਰ ਨੂੰ ਆਉਂਦੀਆਂ ਫਿਰਨੀਆਂ ਉੱਤੇ ਲੋਕ ਵਾਹੋ ਦਾਹੀ ਏਧਰ ਨੂੰ ਤੁਰੇ ਆ ਰਹੇ ਹਨ।ਅਸੀਂ ਆਪਣੇ ਹਾਣ-ਪ੍ਰਵਾਣ ਦੇ ਇੱਕ ਮੁੰਡੇ ਨੂੰ ਪੁੱਛਿਆ ਤਾਂ ਉਸਨੇ ਹੁੱਬ ਕੇ ਦੱਸਿਆ ਕਿ ਅੱਜ ਇੱਥੇ ਕੁਲਦੀਪ ਮਾਣਕ ਨੇ ਆਉਣਾ ਐਂ ! ਮਾਣਕ ਦਾ ਨਾਂ ਸੁਣ ਕੇ ਸਾਨੂੰ ਵੀ ਨਾਨਕੇ ਜਾਣਾ ਭੁੱਲ ਗਿਆ ਤੇ ਤੂੰਬੀ ਸੁਣਨ ਦਾ ਚਾਅ ਚੜ੍ਹ ਗਿਆ। ਅਸੀਂ ਵੀ ਨਾਨਕੇ ਪਿੰਡ ਧਮਾਈ ਦਾ ਰਾਹ ਛੱਡ ਕੇ ਲੋਕਾਂ ਮਗਰ ਪਿੰਡ ਵਿੱਚ ਨੂੰ ਹੋ ਤੁਰੇ ਜਿੱਧਰੋਂ ਕਿ ਲਾਊਡ ਸਪੀਕਰ ਰਾਹੀਂ ਪਾਠ ਦੇ ਭੋਗ ਪੈਂਦੇ ਦੀ ਅਵਾਜ ਆ ਰਹੀ ਸੀ!

ਦੌਲਤ ਪੁਰ ਪਿੰਡ ਦੇ ਵਿਚਕਾਰ ਜਿਹੇ ਚਾਨਣੀਆਂ ਕਨਾਤਾਂ ਲੱਗੀਆਂ ਹੋਈਆਂ ਸਨ ਤੇ ਭੋਗ ਉਪਰੰਤ ਲੱਗੇ ਢਾਡੀ ਜਥੇ ਤੋਂ ਬਾਅਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਕੱਠ ਨੂੰ ਸੰਬੋਧਨ ਕੀਤਾ।ਮੇਰਾ ਇਹ ਸ਼ਾਇਦ ਪਹਿਲਾ ਮੌਕਾ ਸੀ ਜਦ ਮੈਂ ਟੌਹੜਾ ਸਾਹਿਬ ਨੂੰ ਸਾਹਮਣੇ ਬਹਿ ਕੇ ਸੁਣਿਆਂ।ਮੈਨੂੰ ਚੰਗੀ ਤਰਾਂ ਯਾਦ ਹੈ ਕਿ ਉਸ ਵੇਲੇ ਇਕੱਠ, ਮਾਣਕ ਨੂੰ ਸੁਣਨ ਲਈ ਕਾਹਲ਼ਾ ਪੈ ਰਿਹਾ ਸੀ ਪਰ ਟੌਹੜਾ ਸਾਹਿਬ ਦੇ ਲੰਮੇਂ ਲੈਕਚਰ ਦੌਰਾਨ ਅਚਾਨਕ ਬਿਜਲੀ ਫੇਲ੍ਹ ਹੋਣ ’ਤੇ ਜਦੋਂ ਮੋਹਰੇ ਬੈਠੇ ਕਈ ਨੌਜਵਾਨ ਸ੍ਰੋਤੇ ਹਵਾ ਝੱਲਣ ਲਈ ਆਪਣੇ ਰੁਮਾਲ ਕੱਢ ਕੇ ਲਹਿਰਾਉਣ ਲੱਗੇ ਤਾਂ ਟੌਹੜਾ ਸਾਹਿਬ ਨੇ ਉਨ੍ਹਾਂ ’ਤੇ ਤੰਨਜ ਕੱਸਦਿਆਂ ਆਖਿਆ ਸੀ-‘ਹੱਦ ਹੋ ਗਈ ! ਐਨੀਂ ਕੁ ਗਰਮੀਂ ਵੀ ਨਹੀਂ ਸਹਾਰ ਸਕਦੇ ਵੱਡੇ ਇਨਕਲਾਬੀਉ ?’

ਟੌਹੜਾ ਸਾਹਬ ਤੋਂ ਬਾਅਦ ਜਦ ਮਾਣਕ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਸ਼ੁਰੂ ਕੀਤੀ ਤਾਂ ਪੰਡਾਲ ਵਿੱਚ ਸੰਨਾਟਾ ਛਾ ਗਿਆ!ਇਕ ਮਨਚਲੇ ਵਲੋਂ ‘ਤੇਰੇ ਟਿੱਲੇ ਤੋਂ ਔਹ ਸੂਰਤ ਦੀਹਦੀ ਆ ਹੀਰ ਦੀ’ ਫੁਰਮਾਇਸ਼ ਸੁਣਕੇ ਮਾਣਕ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੱਲ੍ਹ ਦੋਏ ਹੱਥ ਜੋੜ ਕੇ ਕਿਹਾ ਸੀ ਕਿ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਮੈਂ ਅਜਿਹੇ ਗੀਤ ਨਹੀਂ ਗਾ ਸਕਦਾ!

ਫਿਰ ਆਇਆ ਸੰਨ 96-97 ਦਾ ਦੌਰ।ਮੈਂ ਬਤੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(ਸ੍ਰੀ ਅੰਮ੍ਰਿਤਸਰ),ਬਬਰ ਕਰਮ ਸਿੰਘ ਜੀ ਦੀ ਸਾਲਾਨਾ ਬਰਸੀ ਮੌਕੇ ਜਥੇਦਾਰ ਟੌਹੜਾ ਸਾਹਿਬ ਦੇ ਨਾਲ਼ ਹਾਜਰੀ ਭਰਦਾ ਰਿਹਾ।ਉਦੋਂ ਸਟੇਜ ਉੱਤੇ ਟੌਹੜਾ ਸਾਹਿਬ ਨਾਲ ਬੈਠਿਆਂ ਬੈਠਿਆਂ ਮੈਂ ਅਤੀਤ ਵਿੱਚ ਇਸੇ ਬਰਸੀ ਸਮਾਗਮ ਵਿੱਚ ਕੀਤੀ ਓਸ ਪੁਰਾਣੀ ਸ਼ਮੂਲੀਅਤ ਬਾਰੇ ਸੋਚਦਾ ਹੁੰਦਾ ਸਾਂ ਕਿ ਉਸ ਵੇਲੇ ਇਹ ਮਨ-ਚਿੱਤ ਵੀ ਨਹੀਂ ਸੀ ਕਿ ਟੌਹੜਾ ਸਾਹਿਬ ਬਰਾਬਰ ਕਦੇ ਇਸੇ ਸਟੇਜ ਉੱਪਰ ਵੀ ਬੈਠਾਂ ਗਾ !ਜਥੇਦਾਰ ਟੌਹੜਾ ਤੋਂ ਇਲਾਵਾ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਅਤੇ ਜਥੇਦਾਰ ਤਲਵੰਡੀ ਸਾਹਬ ਨਾਲ ਵੀ ਬਰਸੀ ਸਮਾਗਮ ਵਿੱਚ ਸ਼ਾਮਲ ਹੁੰਦਾ ਰਿਹਾ।

ਹੁਣ ਬਰਸੀ ਸਮਾਗਮ ਵਿੱਚ ਸੇਵਾ ਨਿਭਾਉਣ ਦੀ ਵਾਰੀ ਹੈ ਸਾਡੀ ਤੀਜੀ ਪੀੜ੍ਹੀ ਦੀ!ਮੇਰਾ ਵੱਡਾ ਬੇਟਾ ਹਰਦੀਪ ਸਿੰਘ ਬਬਰ ਕਰਮ ਸਿੰਘ ਮੈਮੋਰੀਅਲ ਸਕੂਲ ਦੌਲਤ ਪੁਰ ਵਿਖੇ ਸੰਗੀਤ ਅਧਿਆਪਕ ਦੀ ਡਿਊਟੀ ਨਿਭਾਉਂਦਿਆਂ ਹਰ ਸਾਲ ਸਤੰਬਰ ਮਹੀਨੇ ਬਰਸੀ ਸਮਾਗਮ ਦੀ ਪ੍ਰਬੰਧਕੀ ਪ੍ਰਕਿਰਿਆ ਵਿੱਚ ਮੋਹਰੀ ਰੋਲ ਅਦਾ ਕਰਦਾ ਹੈ।ਇਸ ਵਾਰ ਇੱਕ ਸਤੰਬਰ 2022 ਨੂੰ ਬਬਰ ਕਰਮ ਸਿੰਘ ਜੀ ਦੀ ਬਰਸੀ ਮੌਕੇ ਬਬਰ ਦੇ ਸ਼ਹੀਦੀ ਅਸਥਾਨ ਬਬੇਲੀ ਤੋਂ ਦੌਲਤ ਪੁਰ ਤੱਕ 28 ਅਗਸਤ ਨੂੰ ਵਿਸ਼ਾਲ ਨਗਰ-ਕੀਰਤਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਜਿਸਦੀ ਰੂਪ-ਰੇਖਾ ਉਲੀਕਣ ਲਈ ਬਬਰ ਕਰਮ ਸਿੰਘ ਟ੍ਰਸਟ ਦੇ ਮੁੱਖ ਸੇਵਾਦਾਰ ਭਾਈ ਤਰਨਜੀਤ ਸਿੰਘ ਥਾਂਦ੍ਹੀ (ਸਪੁੱਤਰ ਬਾਨੀ ਪ੍ਰਧਾਨ ਕਮਾਂਡਰ ਬਚਨ ਸਿੰਘ ਥਾਂਦ੍ਹੀ) ਦੀ ਸਰਪ੍ਰਸਤੀ ਹੇਠ ਬਬੇਲੀ ਵਿਖੇ ਅਹਿਮ ਮੀਟਿੰਗ ਕੀਤੀ ਗਈ।ਸਾਰੀਆਂ ਤਿਆਰੀਆਂ ਦਾ ਲਿਖਤੀ ਰਿਕਾਰਡ ਸਾਂਭਣ ਦੀ ਸੇਵਾ ਆਪਣੇ ਪੁੱਤਰ ਹਰਦੀਪ ਸਿੰਘ (ਮੀਟਿੰਗ ਵਾਲ਼ੀ ਫੋਟੋ ਵਿੱਚ ਹਰੀ ਦਸਤਾਰ ਵਾਲ਼ਾ) ਨੂੰ ਨਿਭਾਉਂਦਾ ਦੇਖ ਕੇ ਮੈਨੂੰ ਹਾਰਦਿਕ ਪ੍ਰਸੰਨਤਾ ਹੋਣੀ ਵਾਜਬ ਹੀ ਹੈ!

ਹੁਣ ਬਰਸੀ ਮੌਕੇ ਸਜਾਏ ਜਾ ਰਹੇ ਨਗਰ-ਕੀਰਤਨ ਦੀਆਂ ਤਿਆਰੀਆਂ ਲਈ ਬਬੇਲੀ ਦੀ ਸੰਗਤ ਨਾਲ ਕੀਤੀ ਗਈ ਮੀਟਿੰਗ ਵਿੱਚ ਲੇਖਕ ਦਾ ਪੁੱਤਰ ਹਰਦੀਪ ਸਿੰਘ (ਹਰੀ ਦਸਤਾਰ) ਕਾਰਵਾਈ ਲਿਖਦੇ ਹੋਏ।

ਜਿਸ ਬਰਸੀ ਸਮਾਗਮ ਵਿੱਚ ਮੈਂ ਜਥੇਦਾਰ ਟੌਹੜਾ ਸਾਹਿਬ ਤੇ ਕੁਲਦੀਪ ਮਾਣਕ ਨੂੰ ਪਹਿਲੀ ਵਾਰ ਸਾਹਮਣੇ ਬਹਿ ਕੇ ਸੁਣਿਆਂ ਸੀ,ਉਸਦੇ ਪ੍ਰਬੰਧਕ ਨੌਜਵਾਨਾਂ ਵਿੱਚ ਉਦੋਂ ਸ਼ਾਮਲ ਰਹੇ ਦੌਲਤ ਪੁਰ ਵਾਲ਼ੇ ਨਰਿੰਦਰ ਸਿੰਘ ਥਾਂਦ੍ਹੀ ਜੋ ਹੁਣ ਸੈਕਰਾਮੈਂਟੋ ਯੂ.ਐੱਸ.ਏ ਵਿੱਚ ਰਹਿੰਦੇ ਹਨ,ਨਾਲ ਜਦੋਂ ਮੈਂ ਉਕਤ ਬਰਸੀ ਵੇਲੇ ਦੀ ਪੁਰਾਣੀ ਯਾਦ ਸਾਂਝੀ ਕੀਤੀ ਤਾਂ ਉਨ੍ਹਾਂ ਮੈਨੂੰ ਦੱਸਿਆ ਕਿ ਓਸ ਮੌਕੇ ਅਸੀਂ ਕੁਲਦੀਪ ਮਾਣਕ ਨੂੰ ਕੁੱਲ ਨੌਂ ਸੌ ਰੁਪਏ ਵਿੱਚ ਲਿਆਂਦਾ ਸੀ।ਉਨ੍ਹਾਂ ਉਸ ਮੌਕੇ ਦੀਆਂ ਹੋਰ ਵੀ ਕਈ ਦਿਲਚਸਪ ਗੱਲਾਂ ਸੁਣਾੀੲਆਂ।ਆਪਣੇ ਸਕੂਲ ਵੇਲੇ ਤੋਂ ਹੀ ਬਬਰ ਕਰਮ ਸਿੰਘ ਦੀ ਬਰਸੀ ਮੌਕੇ ਦਿਲੋਂ ਮਨੋਂ ਸਹਿਯੋਗ ਦਿੰਦੇ ਆ ਰਹੇ ਸਰਦਾਰ ਨਰਿੰਦਰ ਸਿੰਘ ਹੁਣਾ ਦੱਸਿਆ ਕਿ ਆਉਂਦੇ ਸਾਲ ਸਤੰਬਰ 2023 ਵਿੱਚ ਬਾਬਾ ਜੀ (ਥਾਂਦ੍ਹੀ ਜੀ ਬਬਰ ਕਰਮ ਸਿੰਘ ਹੁਣਾ ਨੂੰ ਹਮੇਸ਼ਾਂ ‘ਬਾਬਾ ਜੀ’ ਹੀ ਕਹਿੰਦੇ ਹਨ) ਅਤੇ ਉਨ੍ਹਾਂ ਦੇ ਤਿੰਨ ਸਾਥੀਆਂ ਭਾਈ ਉਦੈ ਸਿੰਘ ਰਾਮਗੜ੍ਹ ਝੁੰਗੀਆਂ,ਭਾਈ ਬਿਸ਼ਨ ਸਿੰਘ ਮਾਂਗਟ ਅਤੇ ਭਾਈ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਹੁਣਾ ਦੀ ਸ਼ਹੀਦੀ ਸ਼ਤਾਬਦੀ ਅਸੀਂ ਕੌਮਾਂਤਰੀ ਪੱਧਰ ’ਤੇ ਮਨਾਉਣ ਦਾ ਟੀਚਾ ਮਿੱਥਿਆ ਹੈ ਜਿਸ ਵਿੱਚ ਪੰਜਾਬ ਸਰਕਾਰ ਅਤੇ ਦੇਸਾਂ ਵਿਦੇਸ਼ਾਂ ਵਿੱਚ ਵਸਦੇ ਬਬਰ ਅਕਾਲੀ ਲਹਿਰ ਦੇ ਪ੍ਰਸੰਸਕ ਅਤੇ ਸ਼ੁੱਭਚਿੰਤਕ ਵੀ ਸ਼ਾਮਲ ਹੋਣਗੇ।ਸਰਦਾਰ ਨਰਿੰਦਰ ਸਿੰਘ ਥਾਂਦ੍ਹੀ ਨੇ ਦੌਲਤ ਪੁਰ ਨਾਲ ਸਬੰਧਿਤ ਵਿਦੇਸ਼ਾਂ ਵਿੱਚ ਵੱਸਦੇ ਸਮੂੰਹ ਵੀਰਾਂ ਭੈਣਾ ਅਤੇ ਬੱਚਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਹੁਣ ਤੱਕ ਬਬਰ ਅਕਾਲੀ ਸੂਰਮਿਆਂ ਨੂੰ ਓਨਾ ਮਾਣ ਸਨਮਾਨ ਨਹੀਂ ਮਿਲਿਆ ਜਿੱਡੀ ਵੱਡੀ ਉਨ੍ਹਾਂ ਦੀ ਕੁਰਬਾਨੀ ਹੈ।ਇਸ ਕਰਕੇ ਹੁਣ ਅਗਲੇ ਸਾਲ ਬਬਰ ਸ਼ਹੀਦਾਂ ਦੀ ਸ਼ਹੀਦੀ ਸ਼ਤਾਬਦੀ ਮੌਕੇ ਕੋਈ ਵਿਲੱਖਣ ਪ੍ਰੋਗਰਾਮ ਉਲੀਕੀਏ!

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin