Articles

ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਔਰਤਾਂ !

Harkirat Kaur Sabhara
ਲੇਖਕ: ਹਰਕੀਰਤ ਕੌਰ, ਤਰਨਤਾਰਨ

ਜਦੋਂ ਔਰਤ ਦੀ ਸਿਫ਼ਤ ਵਿੱਚ ਔਰਤ ਦੇ ਗੁਣਾਂ ਦਾ ਜ਼ਿਕਰ ਕਰਦੇ ਹਾਂ ਤਾਂ ਅਸੀਂ ਸਾਰੇ ਬਹੁਤ ਹੀ ਮਾਣ ਨਾਲ ਉਸਨੂੰ ਸ਼ਹਿਣਸ਼ੀਲਤਾ ਦੀ ਦੇਵੀ ਕਹਿ ਸਤਿਕਾਰਦੇ ਹਾਂ। ਕਿੰਨਾ ਵਧੀਆ ਲੱਗਦਾ ਹੈ ਸਮਾਜ ਨੂੰ ਔਰਤ ਦਾ ਸਭ ਕੁੱਝ ਚੁੱਪ ਚਾਪ ਸਹਿੰਦਿਆਂ ਦਾ ਰੂਪ।  ਕਿੰਨੇ ਅਫਸੋਸ ਦੀ ਗੱਲ ਹੈ ਕਿ ਸਾਡੇ ਸਮਾਜ ਵਿੱਚ ਉਹਨਾਂ ਔਰਤਾਂ ਨੂੰ ਸਾਊ, ਖਾਨਦਾਨੀ, ਇੱਜ਼ਤਦਾਰ ਤੇ ਸਿਆਣੀਆਂ ਹੋਣ ਦਾ ਖਿਤਾਬ ਦਿੱਤਾ ਜਾਂਦਾ ਹੈ, ਜੋ ਚੁੱਪ ਚਾਪ ਘਰਾਂ ਵਿੱਚ ਸਮਾਜ ਵਿੱਚ ਆਪਣੇ ਨਾਲ ਹੁੰਦੀਆਂ ਵਧੀਕੀਆਂ ਨੂੰ ਸਹਿੰਦੀਆਂ ਹੋਈਆਂ ਆਪਣੇ ਅਰਮਾਨਾਂ ਦਾ ਗਲਾ ਘੁੱਟਦੀਆਂ ਰਹਿਣ, ਜਿੰਨਾਂ ਲਈ ਆਪਣੇ ਸਵੈ ਦੀ ਕੋਈ ਮਹੱਤਤਾ ਨਹੀਂ ਹੈ ਅਤੇ ਜਿੰਨਾਂ ਨੇ ਕਦੇ ਆਪਣੇ ਲਈ ਜਿਊਣਾ ਸਿੱਖਿਆ ਹੀ ਨਹੀਂ।

ਅਸੀਂ ਭਾਵੇਂ ਕਿੰਨੇ ਵੀ ਦਾਅਵੇ ਕਰ ਲਈਏ ਕਿ ਔਰਤਾਂ ਦੀ ਹਾਲਤ ਸੁਧਰ ਗਈ ਹੈ। ਅੱਜ ਔਰਤ ਸੁਤੰਤਰ ਹੈ, ਸੁੱਰਖਿਅਤ ਹੈ, ਪਰ ਇਹ ਸੱਚ ਨਹੀਂ ਹੈ, ਕੈਮਰੇ ਦੀਆਂ ਅੱਖਾਂ, ਇੰਟਰਨੈੱਟ ਦੀ ਦੁਨੀਆਂ, ਅਖਬਾਰਾਂ ਦੀਆਂ ਸੁਰਖੀਆਂ ਦੀ ਪਹੁੰਚ ਤੋਂ ਦੂਰ ਬੈਠੀਆਂ ਅਜਿਹੀਆਂ ਪਤਾ ਨਹੀਂ ਕਿੰਨੀਆਂ ਕੁ ਔਰਤਾਂ ਹਨ ਜੋ ਅੱਜ ਵੀ ਨਿੱਤ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਜਿੰਨਾਂ ਦੇ ਘਰਾਂ ਵਿੱਚ ਅੱਜ ਵੀ ਔਰਤ ਸਿਰਫ਼ ਪੈਰ ਦੀ ਜੁੱਤੀ ਸਮਝੀ ਜਾਂਦੀ ਹੈ ਤੇ ਜਿੰਨਾਂ ਲਈ ਅੱਜ ਵੀ ਕੋਈ ਧਰਤੀ ਦਾ ਹਿੱਸਾ ਆਪਣਾ ਨਹੀਂ। ਹਜ਼ਾਰਾਂ ਲੱਖਾਂ ਅਜਿਹੀਆਂ ਔਰਤਾਂ ਹਨ ਜੋ ਨਿੱਤ ਸਰੀਰਕ ਤੇ ਮਾਨਸਿਕ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ।ਭਾਰਤ ਦੇ ਕਈ ਸੂਬੇ ਅਜਿਹੇ ਹਨ ਜਿੱਥੇ ਮਰਦਾਂ ਦੁਆਰਾ ਘਰ ਦੀਆਂ ਔਰਤਾਂ ਦਾ  ਸਰੀਰਕ ਸ਼ੋਸ਼ਣ ਕਰਨਾ, ਮਾਰ ਕੁਟਾਈ ਕਰਨਾ ਉਹਨਾਂ ਦੇ ਨਿੱਤ ਦੇ ਕੰਮਾਂ ਵਿਚੋਂ ਇੱਕ ਹੈ।

ਪਹਿਲਾਂ ਪਹਿਲ ਘਰੇਲੂ ਹਿੰਸਾ ਗਾਲੀ ਗਲੋਚ ਤੋਂ ਸ਼ੁਰੂ ਹੁੰਦੀ ਹੈ, ਔਰਤ ਆਪਣੇ ਸਾਥੀ ਜਾਂ ਪਰਿਵਾਰਿਕ ਮੈਬਰਾਂ ਦਾ ਸਤਿਕਾਰ ਕਰਨਾ ਆਪਣਾ ਫਰਜ਼ ਸਮਝਦੀ ਹੋਈ ਕਦੇ ਵੀ ਇਸਦਾ ਵਿਰੋਧ ਨਹੀਂ ਕਰਦੀ ਅਤੇ ਨਾ ਇਸ ਬਾਰੇ ਕਦੇ ਸੋਚਦੀ , ਹੌਲੀ ਹੌਲੀ ਇਹ ਗਾਲੀ ਗਲੋਚ ਹੱਥ ਚੁੱਕਣ ਤੱਕ ਵੱਧ ਜਾਂਦਾ ਹੈ ਅਤੇ ਫਿਰ ਨਿੱਤ ਦੀ ਆਦਤ ਬਣ ਜਾਂਦਾ  ਹੈ। ਬਹੁਤਾਤ ਔਰਤਾਂ ਇਸ ਹਿੰਸਾ ਨੂੰ ਆਪਣੇ ਬੱਚਿਆਂ, ਪਰਿਵਾਰ ਕਰਕੇ ਚੁੱਪ ਚਾਪ ਸਹਿੰਦੀਆਂ ਰਹਿੰਦੀਆਂ ਹਨ। ਭਾਰਤੀ ਸਮਾਜ ਦੀਆਂ ਰਵਾਇਤਾਂ ਅਨੁਸਾਰ ਇੱਕ ਲੜਕੀ ਦਾ ਵਿਆਹ ਜਿਸ ਪਰਿਵਾਰ ਵਿੱਚ ਹੋ ਜਾਂਦਾ ਹੈ, ਉਹੀ ਉਸਦਾ ਆਖਰੀ ਘਰ ਹੁੰਦਾ ਹੈ, ਚਾਹੇ ਉਹ ਕਿੰਨੇ ਵੀ ਮਾੜੇ ਹਲਾਤਾਂ ਵਿੱਚ ਜਾਂ ਸਰੀਰਕ ਜਾਂ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੋਵੇ, ਜਿਆਦਾਤਰ ਪਰਿਵਾਰਾਂ ਵੱਲੋਂ ਲੜਕੀਆਂ ਨੂੰ ਉਹਨਾਂ ਨਾਲ ਹੋਣ ਵਾਲੀਆਂ ਵਧੀਕੀਆਂ ਚੁੱਪ ਚਾਪ ਸਹਿਣ ਦੀ ਹੀ ਸਿੱਖਿਆ ਦਿੱਤੀ ਜਾਂਦੀ ਹੈ।

ਘਰੇਲੂ ਹਿੰਸਾ ਦੇ ਜਿਆਦਾਤਰ ਕਾਰਨ ਪਤੀ ਦਾ ਨਸ਼ੇ ਕਰਨਾ, ਬੇਟਿਆਂ ਦੀ ਚਾਹਤ , ਵਿਆਹ ਤੋਂ ਬਾਅਦ ਗੈਰ ਸੰਬੰਧ, ਸ਼ੱਕੀ ਸੁਭਾਅ, ਪਰਿਵਾਰਿਕ ਲੜਾਈ ਝਗੜੇ ਆਦਿ ਰਹਿੰਦੇ ਹਨ। ਇਹ ਸਿਰਫ਼ ਭਾਰਤੀ ਸਮਾਜ ਦੀ ਹੀ ਕਹਾਣੀ ਨਹੀਂ ਬਲਕਿ ਦੁਨੀਆਂ ਭਰ ਦੇ ਦੇਸ਼ਾਂ ਦੀ ਕਹਾਣੀ ਹੈ । ਏਥੋਂ ਤੱਕ ਕਿ ਅਮਰੀਕਾ, ਕਨੈਡਾ ਵਰਗੇ ਬਹੁਤ ਵਿਕਸਿਤ ਦੇਸ਼ਾਂ ਵਿੱਚ ਵੀ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ। ਕੁਝ ਦਿਨ ਪਹਿਲਾਂ ਅਮਰੀਕਾ ਦੇ ਇੱਕ ਸ਼ਹਿਰ ਵਿੱਚ ਪੰਜਾਬਣ ਲੜਕੀ ਦੁਆਰਾ ਘਰੇਲੂ ਹਿੰਸਾ ਤੋਂ ਤੰਗ ਆਕੇ ਆਤਮ ਹੱਤਿਆ ਕਰ ਲਈ ਗਈ, ਜੋ ਆਪਣੇ ਪਿੱਛੇ ਦੋ ਛੋਟੀਆਂ ਬੱਚੀਆਂ ਨੂੰ ਛੱਡ ਗਈ। ਇਸ ਲੜਕੀ ਦੇ ਮਾਰ ਕੁਟਾਈ ਦਾ ਕਾਰਣ ਬੇਟੇ ਦੀ ਇੱਛਾ ਸੀ।ਇਸ ਘਟਨਾ ਨੇ ਪੂਰੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਡਬਲਿਊ ਐੱਚ ਓ ( ਵਰਡ ਹੈੱਲਥ ਆਰਗਨਾਈਜ਼ੇਸ਼ਨ) ਦੁਆਰਾ ਯੂ ਐੱਨ ਓ ( ਯੂਨਾਈਟਡ ਨੈਸ਼ਨਜ ਆਰਗਨਾਈਜ਼ੇਸ਼ਨ) ਦੀ ਮਦਦ ਨਾਲ ਸਾਲ 2018 ਵਿੱਚ ਇੱਕ ਸਰਵੇਖਣ ਕੀਤਾ ਗਿਆ ਜਿਸ ਵਿੱਚ ਦੁਨੀਆਂ ਭਰ ਤੋਂ 161 ਦੇਸ਼ਾਂ ਦੀ ਸੂਚੀ ਤਿਆਰ ਕੀਤੀ ਗਈ,ਇਸ ਸਰਵੇਖਣ ਵਿੱਚ  ਸਾਲ 2000  ਤੋਂ 2018 ਤੱਕ ਦੇ ਅੰਕੜੇ ਇਕੱਠੇ ਕੀਤੇ ਗਏ ਜਿੰਨਾਂ ਦੇ ਨਤੀਜਿਆਂ ਤੋਂ ਪਤਾ ਲੱਗਾ ਕਿ ਦੁਨੀਆਂ ਭਰ ਵਿੱਚ ਹਰ 3 ਔਰਤਾਂ ਵਿੱਚ ਇੱਕ ਔਰਤ ਘਰੇਲੂ ਹਿੰਸਾ ਦੀ ਸ਼ਿਕਾਰ ਹੋ ਰਹੀ ਹੈ। ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਵਿੱਚ 15 ਸਾਲ ਦੀਆਂ ਬੱਚੀਆਂ ਜੋ ਆਪਣੇ ਮਤਰਏ ਮਾਤਾ ਪਿਤਾ ਹੱਥੋਂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਤੋਂ ਲੈਕੇ 45 ਸਾਲ ਦੀ ਉਮਰ ਤੱਕ ਦੀਆਂ ਔਰਤਾਂ ਦੀ ਗਿਣਤੀ ਜਿਆਦਾ ਸ਼ਾਮਿਲ ਹੈ । ਦੁਨੀਆਂ ਭਰ ਵਿੱਚ ਔਰਤਾਂ ਦੇ ਹੋਣ ਵਾਲੇ ਕਤਲਾਂ ਵਿਚੋਂ 38% ਘਰੇਲੂ ਹਿੰਸਾ ਕਾਰਣ ਕੀਤੇ ਜਾਂਦੇ ਹਨ ।

ਅਜਿਹੀਆਂ ਘਟਨਾਵਾਂ ਜਿੱਥੇ ਔਰਤਾਂ ਦੇ ਅਸਹਿ ਦਰਦ ਨੂੰ ਬਿਆਨ ਕਰਦੀਆਂ ਹੋਈਆ ਔਰਤ ਜਾਤ ਦੇ ਸਵੈਭਿਮਾਨ ਨੂੰ ਠੇਸ ਪਹੁੰਚਾਉਂਦੀਆਂ ਹਨ ਉੱਥੇ ਬੱਚਿਆਂ ਦੇ ਮਾਨਸਿਕ ਸਿਹਤ ਨੂੰ ਬਹੁਤ ਪ੍ਭਾਵਿਤ ਕਰਦੀਆਂ ਹਨ, ਆਪਣੇ ਘਰ ਦੀਆਂ ਔਰਤਾਂ ਨੂੰ ਹਿੰਸਾ ਸਹਿੰਦਿਆਂ ਵੇਖਦੇ ਬੱਚੇ ਜਾਂ ਤੋਂ ਬਹੁਤ ਜਿਆਦੇ ਡਰੇ ਸਹਿਮੇ ਨਿਕਲਦੇ ਹਨ ਜਾਂ ਫਿਰ ਏਨੇ ਕੁ ਜਿਆਦਾ ਗੁਸੈਲੇ ਕਿ ਕਈ ਵਾਰ ਸਮਾਜ ਲਈ ਵੀ ਹਾਨੀਕਾਰਕ ਸਾਬਿਤ ਹੁੰਦੇ ਹਨ। ਇਸ ਤੋਂ ਇਲਾਵਾ ਸਮਾਜ ਉੱਤੇ ਬਹੁਤ ਬੁਰਾ ਪ੍ਭਾਵ ਪੈਂਦਾ ਹੈ ਅਤੇ ,ਸਮਾਜ ਦੇ ਮੱਥੇ ਤੇ ਹਿੰਸਕ ਸਮਾਜ ਦਾ ਧੱਬਾ ਲੱਗ ਜਾਂਦਾ ਹੈ ਅਤੇ ਆਮ ਲੋਕਾਂ ਲਈ ਸਵਾਲ ਖੜਾ ਹੋ ਜਾਂਦਾ  ਹੈ ਕਿ ਆਖਰ ਕਿਉਂ ਅਸੀਂ ਇੱਕ ਚੰਗਾ ਤੇ ਸੱਭਿਅਕ ਸਮਾਜ ਸਿਰਜਣ ਵਿੱਚ ਅਸਫ਼ਲ ਰਹੇ ਹਾਂ।

ਅੱਜ ਲੋੜ ਹੈ ਅਜਿਹੇ ਲੋਕਾਂ ਵਿਰੁੱਧ  ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ। ਆਪਣੀਆਂ ਧੀਆਂ ਨੂੰ ਸਭ ਕੁਝ ਚੁੱਪ ਚਪੀਤੇ ਸਹਿਣ ਦੀ ਸਿੱਖਿਆ ਦੇਣ ਦੀ ਬਜਾਇ  ਧੀਆਂ ਨੂੰ ਏਨੇ ਕਾਬਿਲ ਬਣਾਉਣ ਦੀ ਕਿ ਉਹ ਉਹਨਾਂ  ਸਾਰੀਆਂ ਅਖੌਤੀ ਰਵਾਇਤਾਂ ਦੀਆਂ ਬਾਹਾਂ ਭੰਨ੍ਹ ਸਕਣ ਜੋ ਉਹਨਾਂ ਦੇ ਅਸਤਿਤ੍ਤਵ ਉੱਪਰ ਹਿੰਸਾ ਦੇ ਨਿਸ਼ਾਨ ਛੱਡਦੀਆਂ ਹਨ। ਲੋੜ ਹੈ ਮਾਪੇ, ਸਕੂਲਾਂ ਕਾਲਜਾਂ, ਅਖਬਾਰਾਂ, ਰਸਾਲਿਆਂ ਰਾਹੀਂ ਔਰਤਾਂ ਨੂੰ ਉਹਨਾਂ ਦੇ ਹੱਕਾਂ ਤੇ ਆਪਣੀ ਸੁਰੱਖਿਆ ਲਈ ਅਵਾਜ਼ ਉਠਾਉਣ ਪ੍ਤੀ ਜਾਗਰੂਕ ਕਰਨ ਦੀ । ਜੇਕਰ ਤੁਸੀਂ ਧਰਤੀ ਤੇ ਆਏ ਹੋ ਤਾਂ ਤੁਹਾਡਾ ਆਪਣਾ ਇੱਕ ਵਜੂਦ ਹੈ, ਹਰ ਔਰਤ ਨੂੰ ਸ਼ਾਨ ਨਾਲ ਜਿਊਣ ਦਾ ਹੱਕ ਹੈ, ਹੁਣ ਔਰਤ ਨੂੰ ਮਜਲੂਮ ਤੇ ਮਾਸੂਮ ਬਣ ਚੁੱਪ ਚਾਪ ਸਹਿਣ ਦੀ ਜਰੂਰਤ ਨਹੀਂ, ਆਓ ਆਪਣੇ ਆਪੇ ਲਈ ਆਪਣੀ ਢਾਲ ਆਪ ਬਣੀਏ  ਤੇ ਹਰ ਸਮਾਜਿਕ ਬੁਰਾਈ ਦਾ ਸਾਹਮਣਾ ਕਰਦੇ ਹੋਏ ਇੱਕ ਸੱਭਿਅਕ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾਈਏ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin