Punjab

ਤਕਨੀਕੀ ਸਿੱਖਿਆ ਵਿਭਾਗ ਨੇ ਉਦਯੋਗ ਜਗਤ ਦੀ ਪਹਿਲੀ ਅਕਾਦਮਿਕ ਇਕੱਤਰਤਾ ਕਰਵਾਈ

ਚੰਡੀਗੜ – ਉਦਯੋਗ ਅਤੇ ਅਕਾਦਮੀਆਂ ਦਰਮਿਆਨ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ ਦੇ ਮੱਦੇਨਜ਼ਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਉਦਯੋਗ ਜਗਤ ਦੀ ਪਹਿਲੀ ਅਕਾਦਮਿਕ ਇਕੱਤਰਤਾ-2022 ਕਰਵਾਈ ਗਈ।
ਬੀਤੀ ਸ਼ਾਮ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਤਕਨੀਕੀ ਸਿੱਖਿਆ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਇਹ ਨਿਵੇਕਲੀ ਪਹਿਲਕਦਮੀ ਉਦਯੋਗਾਂ ਅਤੇ ਅਕਾਦਮੀਆਂ ਦਰਮਿਆਨ ਤਾਲਮੇਲ ਪੈਦਾ ਕਰਨ ਲਈ ਬਹੁਤ ਸਹਾਈ ਸਿੱਧ ਹੋਵੇਗੀ, ਜਿਸ ਨਾਲ ਸਾਡੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਤਕਨੀਕੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇਗੀ ਅਤੇ ਉਨਾਂ ਨੂੰ ਵਿਸ਼ਵ ਭਰ ਵਿੱਚ ਬਿਹਤਰ ਰੋਜਗਾਰ ਮੁਹੱਈਆ ਕਰਵਾਇਆ ਜਾ ਸਕੇਗਾ। ਇਸ ਤੋਂ ਇਲਾਵਾ ਇਹ ਪਹਿਲਕਦਮੀ ਹੁਨਰ ਦੇ ਪਾੜੇ ਨੂੰ ਪੂਰਨ ਵਿੱਚ ਵੀ ਮਦਦ ਕਰੇਗੀ।
ਇਸ ਪਹਿਲੀ ਮੀਟਿੰਗ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਸੂਬੇ ਵਿੱਚ ਨੌਜਵਾਨਾਂ ਨੂੰ ਰੋਜਗਾਰ ਯੋਗ ਬਣਾਉਣ ਲਈ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਉਦਯੋਗਾਂ ਅਤੇ ਅਕਾਦਮੀਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਜੋ ਪੁਰਾਣੇ ਕੋਰਸਾਂ ਅਤੇ ਪਾਠਕ੍ਰਮਾਂ ਨੂੰ ਉਦਯੋਗਾਂ ਦੀਆਂ ਜਰੂਰਤਾਂ ਖਾਸ ਕਰਕੇ ਸਥਾਨਕ ਲੋੜਾਂ ਅਨੁਸਾਰ ਤਬਦੀਲ ਕੀਤਾ ਜਾ ਸਕੇ।

 

          ਮੀਟਿੰਗ ਵਿੱਚ 50 ਤੋਂ ਵੱਧ ਪ੍ਰਮੁੱਖ ਉਦਯੋਗਿਕ ਐਸੋਸੀਏਸ਼ਨਾਂ/ਉਦਯੋਗਪਤੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੀ.ਆਈ.ਸੀ.ਯੂ ਦੇ ਚੇਅਰਮੈਨ ਉਪਕਾਰ ਸਿੰਘ ਆਹੂਜਾ, ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਚੇਅਰਮੈਨ ਅਨੁਰਾਗ ਅਗਰਵਾਲ, ਵਿਸ਼ਵਕਰਮਾ ਇੰਡਸਟਰੀਜ ਦੇ ਐਮ.ਡੀ. ਸੀ.ਐਸ. ਵਿਸ਼ਵਕਰਮਾ, ਚੀਮਾ ਬੋਇਲਰਜ ਦੇ ਚੇਅਰਮੈਨ ਐਚ.ਐਸ. ਚੀਮਾ, ਜਲੰਧਰ ਆਟੋ ਪਾਰਟਸ ਮੈਨੂਫੈਕਚਰਿੰਗ ਐਸੋਸੀਏਸਨ ਦੇ ਸਕੱਤਰ ਤੁਸਾਰ ਜੈਨ, ਯੂਸੀਪੀਐਮਏ ਦੇ ਪ੍ਰਧਾਨ ਡੀ.ਐਸ. ਚਾਵਲਾ, ਨਿਟਵੀਅਰ ਕਲੱਬ ਲੁਧਿਆਣਾ ਤੋਂ ਵਿਨੋਦ ਥਾਪਰ, ਸਿਲਾਈ ਮਸ਼ੀਨ ਕਲੱਬ ਲੁਧਿਆਣਾ ਤੋਂ ਜਗਬੀਰ ਸਿੰਘ ਸੋਖ ਤੋਂ ਇਲਾਵਾ ਸਵਰਾਜ ਇੰਜਣ, ਗੋਏਜਟ ਇੰਡੀਆ ਫਿੱਕੀ, ਸੀਆਈਆਈ, ਐਸੋਚੈਮ ਆਦਿ ਦੇ ਨੁਮਾਇੰਦੇ ਵੀ ਹਾਜਰ ਸਨ।

 

ਇਹਨਾਂ ਤੋਂ ਇਲਾਵਾ, ਪੌਲੀਟੈਕਨਿਕ ਅਤੇ ਆਈ.ਟੀ.ਆਈਜ ਦੇ ਪਿ੍ਰੰਸੀਪਲਾਂ ਨੇ ਵੀ ਪਾਸ ਹੋ ਚੁੱਕੇ ਕੁਝ ਵਿਦਿਆਰਥੀਆਂ ਨਾਲ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ  ਉਹਨਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਅਤੇ ਉਦਯੋਗ ਤੋਂ ਉਨਾਂ ਦੀਆਂ ਉਮੀਦਾਂ ਨੂੰ ਉਜਾਗਰ ਕੀਤਾ। ਮੀਟਿੰਗ ਦਾ ਉਦੇਸ਼ ਉਦਯੋਗ ਜ਼ਰੀਏ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਵਿੱਚ ਮਦਦ ਕਰਨਾ ਹੈ ਤਾਂ ਜੋ ਉਨਾਂ ਨੂੰ ਆਸਾਨੀ ਨਾਲ ਰੋਜਗਾਰ ਮੁਹੱਈਆ ਕਰਵਾਇਆ ਜਾ ਸਕੇ। ਇਸ ਤੋਂ ਪਹਿਲਾਂ ਕਰਮਚਾਰੀਆਂ ਦੀ ਸਿਖਲਾਈ ‘ਤੇ ਲਗਾਤਾਰ ਕਾਫੀ ਖਰਚੇ ਆਉਂਦੇ ਸਨ, ਇਸ ਲਈ ਮੀਟਿੰਗ ਦਾ ਉਦੇਸ਼ ਉਦਯੋਗਾਂ ਵਿੱਚ ਸਿਖਲਾਈ ਨੂੰ ਕਿਫ਼ਾਇਤੀ ਬਣਾਉਂਦਾ ਹੈ। ਇਹ ਸਾਂਝੇ ਤੌਰ ‘ਤੇ ਫੈਸਲਾ ਕੀਤਾ ਗਿਆ ਕਿ ਪੁਰਾਣੇ ਤਕਨੀਕੀ ਕੋਰਸਾਂ ਨੂੰ ਪੜਾਅਵਾਰ ਖਤਮ ਕੀਤਾ ਜਾਵੇਗਾ ਅਤੇ ਉਦਯੋਗ ਦੀ ਮੰਗ ਅਨੁਸਾਰ ਨਵੇਂ ਕੋਰਸ/ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ।

 

ਜ਼ਿਕਰਯੋਗ ਹੈ ਕਿ ਤਕਨੀਕੀ ਸਿੱਖਿਆ ਵਿਭਾਗ ਉਦਯੋਗਾਂ ਨੂੰ ਪ੍ਰਤੀ ਸਾਲ 70,000 ਤੋਂ ਵੱਧ ਹੁਨਰਮੰਦ ਸਟਾਫ਼ ਪ੍ਰਦਾਨ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਨਵੀਂ ਮੋਬਾਈਲ ਐਪ ਲਾਂਚ ਕੀਤੀ ਜਾ ਰਹੀ ਹੈ ਜਿਸ ਨਾਲ ਯੋਗ ਉਮੀਦਵਾਰਾਂ ਦੀ ਭਾਲ ਲਈ ਰੋਜਗਾਰਦਾਤਾਵਾਂ ਨੂੰ ਵਿਦਿਆਰਥੀਆਂ ਦਾ ਡਾਟਾ ਉਪਲਬਧ ਕਰਵਾਇਆ ਜਾਵੇਗਾ। ਇੱਕ ਕਲਿੱਕ ਨਾਲ ਉਦਯੋਗ ਨੂੰ ਇੰਸਟੀਚਿਊਟ ਵਿੱਚ ਹੁਨਰਮੰਦ ਨੌਜਵਾਨਾਂ ਦੀ ਮੁਹਾਰਤ ਦੇ ਨਾਲ-ਨਾਲ ਉਨਾਂ ਦੀ ਗਿਣਤੀ ਪਤਾ ਲੱਗ ਜਾਵੇਗੀ। ਉਦਯੋਗਾਂ ਨੇ ਵਿਦਿਆਰਥੀ ਸਿਖਲਾਈ ਪ੍ਰਕਿਰਿਆ ਅਤੇ ਮੋਬਾਈਲ ਐਪ ਵਿੱਚ ਉਦਯੋਗਾਂ ਨੂੰ ਸ਼ਾਮਲ ਕਰਨ ਦੀ ਇਸ ਨਵੀਂ ਪਹਿਲਕਦਮੀ ਲਈ ਵਿਭਾਗ ਦਾ ਧੰਨਵਾਦ ਕੀਤਾ ਜੋ ਸੂਬੇ ਭਰ ਵਿੱਚ ਬੇਰੁਜਗਾਰੀ ਅਤੇ ਉਦਯੋਗਾਂ ਵਿੱਚ ਸਟਾਫ਼ ਦੀ ਘਾਟ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਸਹਾਈ ਸਿੱਧ ਹੋਵੇਗਾ।

Related posts

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗੀ ਮੁਆਫੀ

editor

ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਲੋਕ ਸਭਾ ਵਿੱਚ ਆਪਣਾ ਪਲੇਠਾ ਭਾਸ਼ਣ ਦਿੰਦਿਆਂ ਪੰਜਾਬ ਦੇ ਹੱਕਾਂ ਦੀ ਆਵਾਜ਼ ਕੀਤੀ ਬੁਲੰਦ

editor

ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਚ ਪੂਰਨ ਭਰੋਸਾ ਪ੍ਰਗਟਾਇਆ

editor