Punjab

ਭਗਵੰਤ ਮਾਨ ਵੱਲੋਂ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਲਿਆਉਣ ਲਈ ਸਰਕਾਰੀ ਅਧਿਆਪਕਾਂ ਤੋਂ ਸੁਝਾਅ ਲੈਣ ਵਾਸਤੇ ਆਨਲਾਈਨ ਪੋਰਟਲ ਲਾਂਚ

ਲੁਧਿਆਣਾ – ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਇੱਕ ਨਿੱਜੀ ਰਿਜੋਰਟ ਵਿੱਚ ਸਰਕਾਰੀ ਸਕੂਲਾਂ ਦੇ ਪਿ੍ਰੰਸੀਪਲਾਂ ਨਾਲ ਵਿਸੇਸ ਮੀਟਿੰਗ ਕਰਕੇ ਉਨਾਂ ਤੋਂ ਸਕੂਲੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸੁਝਾਅ ਮੰਗੇ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਮੌਜੂਦਾ ਸਰਕਾਰੀ ਸਿੱਖਿਆ ਪ੍ਰਣਾਲੀ ਤੋਂ ਵਿਸ਼ਵਾਸ ਉੱਠ ਗਿਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਅਧਿਆਪਕਾਂ ਦੀ ਬੇਮਿਸਾਲ ਕਾਬਲੀਅਤ ਅਤੇ ਸਮਰੱਥਾਵਾਂ ‘ਤੇ ਕੋਈ ਸੱਕ ਨਹੀਂ ਹੈ, ਪਰ ਸਰਕਾਰੀ ਸਿੱਖਿਆ ਪ੍ਰਣਾਲੀ ‘ਤੇ ਲੋਕਾਂ ਦਾ ਭਰੋਸਾ ਮੁੜ ਕਾਇਮ ਕਰਨਾ ਸਮੇਂ ਦੀ ਲੋੜ ਹੈ, ਜੋ ਕਿ ਲੋਕਾਂ ਦੀ ਪੂਰਨ ਸਮੂਲੀਅਤ ਅਤੇ ਸਹਿਯੋਗ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਾਨੂੰ ਵਿਦਿਆਰਥੀਆਂ ਦੇ ਆਤਮ ਵਿਸਵਾਸ ਨੂੰ ਵਧਾਉਣ ਦੀ ਵੀ ਲੋੜ ਹੈ ਤਾਂ ਜੋ ਉਨਾਂ ਨੂੰ ਨੌਕਰੀ ਲੱਭਣ ਵਾਲਿਆਂ ਤੋਂ ਨੌਕਰੀ ਪ੍ਰਦਾਨ ਕਰਨ ਵਾਲਾ ਬਣਾਇਆ ਜਾ ਸਕੇ।
ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਉਨਾਂ ਦੀ ਸਰਕਾਰ ਮੌਜੂਦਾ ਸਿੱਖਿਆ ਪ੍ਰਣਾਲੀ ਨੂੰ ਵਿਵਹਾਰਕ ਬਣਾਉਣ ਦੇ ਨਾਲ-ਨਾਲ ਰੋਜਮਰਾ ਦੀ ਜ਼ਿੰਦਗੀ ਵਿਚ ਵਧੇਰੇ ਢੁਕਵੀਂ ਅਤੇ ਲਾਹੇਵੰਦ ਬਣਾਉਣ ਲਈ ਅਧਿਆਪਕਾਂ ਨੂੰ ਪੂਰਾ ਸਹਿਯੋਗ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਸੂਬੇ ਵਿੱਚ ਉਦਯੋਗ ਨੂੰ ਵਾਪਸ ਲਿਆ ਕੇ ਹੁਨਰ ਦੀ ਹਿਜਰਤ ਨੂੰ ਰੋਕਣ ਲਈ ਵਚਨਬੱਧ ਹੈ ਜਿੱਥੇ ਸਾਡੇ ਨੌਜਵਾਨਾਂ ਨੂੰ ਵੱਡੀਆਂ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਲਈ ਉੱਚ ਪ੍ਰਤੀਸਤਤਾ ਪ੍ਰਾਪਤ ਕਰਨ ‘ਤੇ ਧਿਆਨ ਦੇਣ ਦੀ ਬਜਾਏ ਮਿਆਰੀ ਤਕਨੀਕੀ ਸਿੱਖਿਆ ਪ੍ਰਦਾਨ ਕਰਨ ‘ਤੇ ਵਿਸੇਸ ਜੋਰ ਦਿੱਤਾ ਜਾਵੇਗਾ।
ਦਿੱਲੀ ਵਿੱਚ ਸਿੱਖਿਆ ਦੇ ਖੇਤਰ ‘ਚ ਕੇਜਰੀਵਾਲ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਚਾਰ ਲੱਖ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਚਲੇ ਗਏ ਹਨ। ਉਨਾਂ ਕਿਹਾ ਕਿ ਦਿੱਲੀ ਤੋਂ ਹਰ ਸਾਲ 450 ਵਿਦਿਆਰਥੀ ਆਈਆਈਟੀ ਵਰਗੇ ਵੱਕਾਰੀ ਅਦਾਰਿਆਂ ਵਿੱਚ ਦਾਖਲਾ ਲੈਂਦੇ ਹਨ ਅਤੇ ਦਿੱਲੀ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ 10,000 ਕਮਰੇ ਬਣਾਏ ਹਨ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸਾਡੀ ਸਿੱਖਿਆ ਨੂੰ ਅਗਲੇ ਪੱਧਰ ਤੱਕ ਲਿਜਾਣ ਲਈ ਸਾਡੇ ਅਧਿਆਪਕਾਂ ਨੂੰ ਦਿੱਲੀ ਦੇ ਸਕੂਲਾਂ ਅਤੇ ਵਿਦੇਸਾਂ ਵਿੱਚ ਵੀ ਵਿਦਿਅਕ ਟੂਰਾਂ ‘ਤੇ ਸਿੰਗਾਪੁਰ, ਸਵਿਟਜਰਲੈਂਡ, ਫਿਨਲੈਂਡ ਵਰਗੇ ਦੇਸਾਂ ਅਤੇ ਹਾਰਵਰਡ ਤੇ ਆਕਸਫੋਰਡ ਵਰਗੀਆਂ ਸੰਸਥਾਵਾਂ ਵਿੱਚ ਸਿੱਖਿਆ ਸਿਖਲਾਈ ਲਈ ਸਰਕਾਰੀ ਖਰਚੇ ‘ਤੇ ਭੇਜਿਆ ਜਾਵੇਗਾ। ਉਨਾਂ ਕਿਹਾ ਕਿ ਸੂਬੇ ਵਿੱਚ ਸਿੱਖਿਆ ਪ੍ਰਣਾਲੀ ਨੂੰ ਮਜਬੂਤ ਕਰਨ ਲਈ ਸਾਡੇ ਅਧਿਆਪਕਾਂ ਦੇ ਵਿਚਾਰਾਂ ਤੋਂ ਇਲਾਵਾ ਸਿੱਖਿਆ ਦਾ ਦਿੱਲੀ ਮਾਡਲ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਸਰਕਾਰੀ ਸਕੂਲਾਂ ਨੂੰ ਅਪਣਾਉਣ ਲਈ ਤਿਆਰ ਹਨ ਪਰ ਉਨਾਂ ਦੇ ਪੈਸੇ ਦੀ ਵਰਤੋਂ ਵਿਦਿਆਰਥੀਆਂ ਨੂੰ ਆਧੁਨਿਕ ਵਿੱਦਿਅਕ ਤਕਨੀਕਾਂ ਮੁਹੱਈਆ ਕਰਵਾਉਣ ਲਈ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਸਿਰਫ ਕਮਰੇ ਬਣਾਉਣ ਲਈ।
ਭਗਵੰਤ ਮਾਨ ਨੇ ਸਰਵੋਤਮ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਪਿ੍ਰੰਸੀਪਲਾਂ ਲਈ ਸਾਲਾਨਾ ਇਨਾਮਾਂ ਦਾ ਐਲਾਨ ਵੀ ਕੀਤਾ। ਉਨਾਂ ਕਿਹਾ ਕਿ ਹਰ ਸਾਲ ਵਧੀਆ ਕਾਰਗੁਜਾਰੀ ਵਾਲੇ 10 ਅਧਿਆਪਕਾਂ ਅਤੇ ਪਿ੍ਰੰਸੀਪਲਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਵਿਦਿਅਕ ਸੁਧਾਰਾਂ ਲਈ ਅਧਿਆਪਕਾਂ ਤੋਂ ਵਿਚਾਰ ਅਤੇ ਸੁਝਾਅ ਲੈਣ ਲਈ ਇੱਕ ਆਨਲਾਈਨ ਪੋਰਟਲ ਲਾਂਚ ਕੀਤਾ। ਉਨਾਂ ਕਿਹਾ ਕਿ ਅਧਿਆਪਕਾਂ ਨੂੰ ਇਸ ਪੋਰਟਲ ਰਾਹੀਂ ਆਨਲਾਈਨ ਵਿਚਾਰ ਭੇਜਣੇ ਚਾਹੀਦੇ ਹਨ ਤਾਂ ਜੋ ਸਿੱਖਿਆ ਦੀ ਰਵਾਇਤੀ ਪ੍ਰਣਾਲੀ ਨੂੰ ਬਦਲ ਕੇ ਸਿੱਖਿਆ ਪ੍ਰਣਾਲੀ ਨੂੰ ਪੇਪਰ ਰਹਿਤ, ਡਿਜੀਟਲ ਤੌਰ ‘ਤੇ ਸਮਰੱਥ ਬਣਾਇਆ ਜਾ ਸਕੇ ਅਤੇ ਮਾਪੇ-ਅਧਿਆਪਕ ਮਿਲਣੀ (ਪੀ.ਟੀ.ਐਮ.) ਦੀ ਸੁਰੂਆਤ ਕੀਤੀ ਜਾ ਸਕੇ।
ਭਗਵੰਤ ਮਾਨ ਨੇ ਅਧਿਆਪਕਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਦਿੱਲੀ ਸਰਕਾਰ ਦੀ ਤਰਜ ‘ਤੇ ਪੰਜਾਬ ਸਰਕਾਰ ਅਧਿਆਪਕਾਂ ਤੋਂ ਪੜਾਉਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਲਵੇਗੀ। ਉਨਾਂ ਕਿਹਾ ਕਿ ਅਧਿਆਪਕਾਂ ਨੂੰ ਹੋਰ ਡਿਊਟੀਆਂ ਲਗਾ ਕੇ ਕਾਫੀ ਸਮਾਂ ਬਰਬਾਦ ਕੀਤਾ ਜਾਂਦਾ ਹੈ ਜਿਸ ਕਾਰਨ ਉਹ ਪੜਾਉਣ ਦੇ ਕੰਮ ‘ਤੇ ਧਿਆਨ ਨਹੀਂ ਦੇ ਪਾ ਰਹੇ ਹਨ।
ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਨੂੰ ਪੁਸਤਕ ਭੇਟ ਕਰਕੇ ਉਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਭਰੋਸਾ ਦਿਵਾਇਆ ਕਿ ਸਾਰੇ ਅਧਿਆਪਕਾਂ ਦੇ ਵਿਚਾਰਾਂ ਅਤੇ ਸੁਝਾਵਾਂ ਦਾ ਸੁਆਗਤ ਕੀਤਾ ਜਾਵੇਗਾ ਅਤੇ ਹਰੇਕ ਸੁਝਾਅ ਨੂੰ ਧਿਆਨ ਨਾਲ ਵਿਚਾਰਿਆ ਜਾਵੇਗਾ। ਸਕੂਲ ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਨੰਬਰ ਇੱਕ ਬਣਾਉਣ ਲਈ ਸਾਰਥਕ ਵਿਚਾਰਾਂ ਨੂੰ ਸਾਰੇ ਸਕੂਲਾਂ ਵਿੱਚ ਲਾਗੂ ਕੀਤਾ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਇਮਾਨਦਾਰੀ, ਲਗਨ ਅਤੇ ਸਖਤ ਮਿਹਨਤ ਵਾਲੀ ਕਾਰਗੁਜ਼ਾਰੀ ਦਾ ਸਨਮਾਨ ਕੀਤਾ ਜਾਵੇਗਾ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਬੇਈਮਾਨੀ ਲਈ ਕੋਈ ਥਾਂ ਨਹੀਂ ਹੈ।
ਇਸ ਮੌਕੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਰਜਿੰਦਰਪਾਲ ਕੌਰ ਛੀਨਾ, ਗੁਰਪ੍ਰੀਤ ਬੱਸੀ ਗੋਗੀ, ਜੀਵਨ ਸਿੰਘ ਸੰਗੋਵਾਲ, ਕੁਲਵੰਤ ਸਿੰਘ ਸਿੱਧੂ, ਹਾਕਮ ਸਿੰਘ ਠੇਕੇਦਾਰ, ਮਦਨ ਲਾਲ ਬੱਗਾ, ਦਲਜੀਤ ਸਿੰਘ ਗਰੇਵਾਲ, ਅਸੋਕ ਪਰਾਸਰ ਪੱਪੀ, ਹਰਦੀਪ ਸਿੰਘ ਮੁੰਡੀਆਂ, ਜਗਤਾਰ ਸਿੰਘ ਦਿਆਲਪੁਰਾ, ਮਨਵਿੰਦਰ ਸਿੰਘ ਗਿਆਸਪੁਰਾ, ਸਿੱਖਿਆ ਸਾਸਤਰੀ ਡਾ.ਕੇ.ਐਨ.ਐਸ. ਕੰਗ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਵੇਨੂੰ ਪ੍ਰਸਾਦ, ਸਕੂਲ ਸਿੱਖਿਆ ਦੇ ਪ੍ਰਮੁੱਖ ਸਕੱਤਰ ਆਲੋਕ ਸੇਖਰ, ਡੀ.ਜੀ.ਐਸ.ਈ. ਪ੍ਰਦੀਪ ਅਗਰਵਾਲ, ਡਿਪਟੀ ਕਮਿਸਨਰ ਸੁਰਭੀ ਮਲਿਕ ਅਤੇ ਆਈ.ਜੀ. ਐਸ.ਪੀ.ਐਸ. ਪਰਮਾਰ ਸਾਮਲ ਸਨ।

Related posts

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗੀ ਮੁਆਫੀ

editor

ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਲੋਕ ਸਭਾ ਵਿੱਚ ਆਪਣਾ ਪਲੇਠਾ ਭਾਸ਼ਣ ਦਿੰਦਿਆਂ ਪੰਜਾਬ ਦੇ ਹੱਕਾਂ ਦੀ ਆਵਾਜ਼ ਕੀਤੀ ਬੁਲੰਦ

editor

ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਚ ਪੂਰਨ ਭਰੋਸਾ ਪ੍ਰਗਟਾਇਆ

editor