Punjab

ਮੁੱਖ ਮੰਤਰੀ ਵੱਲੋਂ ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਡਰੱਗ ਮਾਫੀਆ ਨਾਲ ਮਿਲੀਭੁਗਤ ਸਾਹਮਣੇ ਆਉਣ ’ਤੇ ਕਿਸੇ ਸਿਆਸੀ ਵਿਅਕਤੀ ਨੂੰ ਵੀ ਨਾ ਬਖਸ਼ਿਆ ਜਾਵੇ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਿਆਂ ਦੀ ਲਾਹਨਤ ਪ੍ਰਤੀ ਕੋਈ ਲਿਹਾਜ਼ ਨਾ ਵਰਤਦਿਆਂ ਅੱਜ ਪੁਲਿਸ ਫੋਰਸ ਨੂੰ ਨਸ਼ਾ ਵੇਚਣ ਵਾਲੇ ਅਨਸਰਾਂ ਵਿਰੁੱਧ ਵੱਡੀ ਪੱਧਰ ਉਤੇ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਨਸ਼ਾ ਵਿਰੋਧੀ ਮੁਹਿੰਮ ਵਿਚ ਦਖਲਅੰਦਾਜ਼ੀ ਕਰਨ ਵਾਲੇ ਕਿਸੇ ਵੀ ਸਿਆਸੀ ਵਿਅਕਤੀ ਵਿਰੁੱਧ ਸ਼ਿਕੰਜਾ ਕੱਸਣ ਦੇ ਹੁਕਮ ਦਿੱਤੇ ਹਨ।
ਇੱਥੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਨਸ਼ਾ ਵਿਰੋਧੀ ਟਾਸਕ ਫੋਰਸ (ਐਸਟੀਐਫ) ਦੇ ਮੁਖੀ ਹਰਪ੍ਰੀਤ ਸਿੱਧੂ ਦੀ ਅਗਵਾਈ ’ਚ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਗਵੰਤ ਮਾਨ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਡਰੱਗ ਮਾਫੀਆ ਨਾਲ ਮਿਲੀਭੁਗਤ ਸਾਹਮਣੇ ਆਉਣ ‘ਤੇ ਕਿਸੇ ਵੀ ਸਿਆਸੀ ਵਿਅਕਤੀ ਜਾਂ ਅਧਿਕਾਰੀ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ। ਹਾਲਾਂਕਿ, ਉਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਸਿਆਸੀ ਦਬਾਅ ਦੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਇਕ ਨੁਕਾਤੀ ਏਜੰਡੇ ਉਤੇ ਕੰਮ ਕਰਨ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, “ਮੇਰਾ ਮੰਨਣਾ ਹੈ ਕਿ ਕੁਝ ਪੁਲਿਸ ਅਧਿਕਾਰੀ ਪਹਿਲਾਂ ਕੁਝ ਮਜਬੂਰੀਆਂ ਵਿੱਚ ਕੰਮ ਕਰ ਰਹੇ ਸਨ ਪਰ ਸਾਰੇ ਅਧਿਕਾਰੀ ਇੱਕੋ ਜਿਹੇ ਨਹੀਂ ਹਨ। ਇਹ ਹੋ ਸਕਦਾ ਹੈ ਕਿ ਪਹਿਲਾਂ ਕੁਝ ਨਸ਼ਾ ਤਸਕਰਾਂ ਨੂੰ ਸਿਆਸੀ ਸਰਪ੍ਰਸਤੀ ਮਿਲਦੀ ਰਹੀ ਹੋਵੇ ਪਰ ਹੁਣ ਅਜਿਹਾ ਨਹੀਂ ਹੋਵੇਗਾ ਅਤੇ ਸੂਬੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਜੜੋਂ ਪੁੱਟਣ ਲਈ ਤੁਹਾਨੂੰ ਸਾਰਿਆਂ ਨੂੰ ਨਿਡਰ ਹੋ ਕੇ ਕੰਮ ਕਰਨਾ ਚਾਹੀਦਾ ਹੈ।“
ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੀ ਲੋੜ ‘ਤੇ ਜੋਰ ਦਿੰਦਿਆਂ ਭਗਵੰਤ ਮਾਨ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਸ਼ੇ ਵੇਚਣ ਵਾਲਿਆਂ ਨੂੰ ਗਿ੍ਰਫਤਾਰ ਕਰਨ ਨਾ ਕਿ ਨਸ਼ੇ ਦੀ ਗਿ੍ਰਫਤ ਵਿਚ ਫਸੇ ਲੋਕਾਂ ਨੂੰ ਕਿਉਂਕਿ ਇਹ ਲੋਕ ਤਾਂ ਪਹਿਲਾਂ ਹੀ ਡਰੱਗ ਮਾਫੀਆ ਦਾ ਸ਼ਿਕਾਰ ਹੋ ਚੁੱਕੇ ਹਨ। ਉਨਾਂ ਕਿਹਾ ਕਿ ਇਸ ਉਪਰਾਲੇ ਨਾਲ ਆਖਰ ਵਿਚ ਸਪਲਾਈ ਲਾਈਨ ਟੁੱਟ ਜਾਵੇਗੀ ਅਤੇ ਪੰਜਾਬ, ਛੇਤੀ ਹੀ ਨਸ਼ਾ ਮੁਕਤ ਸੂਬਾ ਬਣ ਜਾਵੇਗਾ। ਉਨਾਂ ਕਿਹਾ ਕਿ ਇਹ ਕਾਰਜ ਪੁਲਿਸ ਫੋਰਸ ਦੇ ਪੂਰਨ ਸਹਿਯੋਗ ਤੋਂ ਬਿਨਾਂ ਪੂਰਾ ਨਹੀਂ ਕੀਤਾ ਜਾ ਸਕਦਾ।
ਨਸ਼ਾ ਤਸਕਰਾਂ ‘ਤੇ ਨਕੇਲ ਕੱਸਣ ਤੋਂ ਬਾਅਦ ਨਸ਼ਿਆਂ ਦੇ ਆਦੀ ਲੋਕਾਂ ਦੇ ਮੁੜ ਵਸੇਬੇ ‘ਤੇ ਆਪਣੀ ਸਰਕਾਰ ਦੀ ਤਰਜੀਹ ਦਰਸਾਉਂਦੇ ਹੋਏ ਭਗਵੰਤ ਮਾਨ ਨੇ ਇਨਾਂ ਸਾਰੇ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ, ਜੋ ਬੀਤੇ ਸਮੇਂ ਵਿੱਚ ਭਟਕ ਗਏ ਸਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨਾਂ ਦੀ ਸਰਕਾਰ ਸੂਬਾ ਭਰ ਵਿੱਚ ਨਸ਼ਾ ਛੁਡਾਊ ਕੇਂਦਰਾਂ ਨੂੰ ਪ੍ਰਭਾਵੀ ਢੰਗ ਨਾਲ ਚਲਾਉਣ ਲਈ ਪੂਰੀ ਵਾਹ ਲਾਵੇਗੀ ਅਤੇ ਕਾਊਂਸਲਿੰਗ ਪ੍ਰੋਗਰਾਮ ਚਲਾਉਣ ਤੋਂ ਇਲਾਵਾ ਦਵਾਈਆਂ ਦੀ ਕੋਈ ਕਮੀ ਨਾ ਹੋਣ ਦੇਣ ਨੂੰ ਯਕੀਨੀ ਬਣਾਏਗੀ ਤਾਂ ਜੋ ਇਲਾਜ ਤੋਂ ਬਾਅਦ ਨੌਜਵਾਨ ਮੁੜ ਨਸ਼ਿਆਂ ਦਾ ਸ਼ਿਕਾਰ ਨਾ ਹੋਣ।
ਸੂਬੇ ਵਿੱਚ ਅੱਤਵਾਦ ਦੇ ਕਾਲੇ ਦੌਰ ਦਾ ਦਲੇਰੀ ਨਾਲ ਮੁਕਾਬਲਾ ਕਰਨ ਲਈ ਪੰਜਾਬ ਪੁਲਿਸ ਦੀ ਸ਼ਲਾਘਾ ਕਰਦਿਆਂ ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਪੁਲਿਸ ਫੋਰਸ ਹੁਣ ਨਸ਼ਿਆਂ ਦੇ ਅੱਤਵਾਦ ਨੂੰ ਜੜੋਂ ਖਤਮ ਕਰਕੇ ਮਿਸਾਲ ਕਾਇਮ ਕਰੇਗੀ ਕਿਉਂ ਜੋ ਇਸ ਲਾਹਨਤ ਨੇ ਸਾਡੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ। ਉਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਸ਼ਿਆਂ ਵਿਰੁੱਧ ਸਖ਼ਤੀ ਨਾਲ ਨਜਿੱਠਣ ਲਈ ਚੌਕਸ ਰਹਿਣ ਅਤੇ ਇਸ ਗੱਲ ਤੋਂ ਸੁਚੇਤ ਰਹਿਣ ਕਿ ਉਨਾਂ ਦੇ ਅਧਿਕਾਰ ਖੇਤਰ ਵਿੱਚ ਕੌਣ, ਕਿੱਥੇ ਅਤੇ ਕਿਸ ਕਿਸਮ ਦੇ ਨਸ਼ੇ ਵੇਚੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਏ.ਡੀ.ਜੀ.ਪੀ ਇੰਟੈਲੀਜੈਂਸ ਐਸ.ਐਸ ਸ੍ਰੀਵਾਸਤਵਾ ਅਤੇ ਹੋਰ ਹਾਜ਼ਰ ਸਨ।

Related posts

ਮਾਨ ਸਰਕਾਰ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਸਿੰਜਿਆ: ‘ਸੁੱਕੀਆਂ’ ਜ਼ਮੀਨਾਂ ਤਕ ਪਹੁੰਚਾਇਆ ਨਹਿਰੀ ਪਾਣੀ

editor

ਪੰਜਾਬ ਪੁਲਿਸ ਵੱਲੋਂ ਦਹਾਕੇ ਦੀ ਸਭ ਤੋਂ ਵੱਡੀ ਅਫ਼ੀਮ ਬਰਾਮਦਗੀ; ਫਾਜ਼ਿਲਕਾ ਤੋਂ 66 ਕਿਲੋ ਅਫ਼ੀਮ ਸਮੇਤ ਦੋ ਕਾਬੂ

editor

ਪੰਜਾਬ ਸਰਕਾਰ ਨੇ 16 ਟੋਲ ਪਲਾਜ਼ਿਆਂ ਨੂੰ ਹਟਾ ਕੇ ਲੋਕਾਂ ਨੂੰ 59 ਲੱਖ ਦੀ ਰੋਜ਼ਾਨਾ ਰਾਹਤ ਦਿੱਤੀ: ਈ.ਟੀ.ਓ.

editor