Articles

ਸਿੱਖਿਆ ਦੇ ਸੁਧਾਰ ਲਈ ਸਿੱਖਿਆ ਸਿਸਟਮ ਦੀ ਇੱਕਸਾਰਤਾ ਜ਼ਰੂਰੀ

ਲੇਖਕ: ਹਰਬੰਸ ਸਿੰਘ ਸੰਧੂ, ਰਿਟਾ. ਡੀ. ਪੀ. ਆਈ ਪੰਜਾਬ, ਮੈਲਬੌਰਨ

ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਵਿਚ ਪੰਜਾਬ ਦੀ ਸਿੱਖਿਆ ਦੀ ਗਿਰਾਵਟ, ਅਧਿਆਪਕ ਜਥੇਬੰਦੀਆਂ ਵੱਲੋਂ ਧਰਨੇ ਮੁਜ਼ਾਹਰੇ, ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੀ ਲੁੱਟ, ਸਰਕਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਿੱਖਿਆ ਪ੍ਰਤੀ ਲਾਪਰਵਾਹੀ, ਸਰਕਾਰ ਵੱਲੋਂ ਸਿੱਖਿਆ ਸੁਧਾਰ ਦੇ ਫੋਕੇ ਬਿਆਨ ਅਤੇ ਇਹਨਾਂ ਸਭ ਪ੍ਰਤੀ ਲੋਕਾਂ ਦੇ ਪ੍ਰਤੀਕਰਮ ਆਦਿ ਨੂੰ ਸਭ ਤੋਂ ਵੱਧ ਅਖਬਾਰਾਂ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਤੇ ਥਾਂ ਮਿਲਦੀ ਹੈ। ਸਿੱਖਿਆ ਸਭ ਦੀ ਦਿਲਚਸਪੀ ਦਾ ਵਿਸ਼ਾ ਹੋਣ ਕਰਕੇ, ਇਸ ਨਾਲ ਸਭ ਦਾ ਨੇੜਲਾ ਰਿਸ਼ਤਾ ਹੋਣ ਕਰਕੇ ਇਸ ਪ੍ਰਤੀ ਸਭ ਦਾ ਸੰਜੀਦਾ ਹੋਣਾ ਬਹੁਤ ਜ਼ਰੂਰੀ ਹੈ। ਵੈਸੇ ਤਾਂ ਸਿੱਖਿਆ ਪ੍ਰਤੀ ਹਰ ਇਕ ਟਿੱਪਣੀ ਕਰਦਾ ਹੈ ਪਰ ਸਾਰਥਕ ਪਹੁੰਚ ਲਈ ਡੂੰਘੇ ਅਧਿਅੇਨ ਦੀ ਜ਼ਰੂਰਤ ਹੈ। ਜਦੋਂ ਲੋਕ ਸਿੱਖਿਆ ਪ੍ਰਤੀ ਸੰਜੀਦਾ ਹੋ ਕੇ ਇਸ ਪ੍ਰਤੀ ਸਾਰਥਕ ਪਹੁੰਚ ਅਪਣਾਉਣਗੇ, ਸਿਰਫ ਤਾਂ ਹੀ ਇਹ ਸਰਾਰਕ ਦੀ ਅਹਿਮੀਅਤ ਦਾ ਵਿਸ਼ਾ ਬਣੇਗੀ। ਮਨੁੱਖੀ ਚੇਤਨਾ ਦਾ ਵਿਕਾਸ ਅਸਲ ਵਿਕਾਸ ਹੈ ਪਰ ਸਰਕਾਰਾਂ ਨੇ ਗਲੀਆਂ-ਨਾਲੀਆਂ ਪੱਕੀਆਂ ਕਰਨ, ਸੜਕਾਂ ਅਤੇ ਪੁਲ ਬਣਾਉਣ ਨੂੰ ਹੀ ਵਿਕਾਸ ਦਾ ਨਾਮ ਦੇ ਰੱਖਿਆ ਹੈ।

ਸਿੱਖਿਆ ਸੁਧਾਰਾਂ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਸਾਡੇ ਪ੍ਰਾਂਤ ਵਿਚ ਸਿੱਖਿਆ ਦੇ ਪਿਛੋਕੜ ਬਾਰੇ ਜਾਨਣਾ ਜ਼ਰੂਰੀ ਹੋਵੇਗਾ। ਸਾਡੇ ਦੇਸੀਆਂ ਦੀਆਂ ਗਦਾਰੀਆਂ ਕਾਰਨ ਪੰਜਾਬ ਤੇ ਪ੍ਰਦੇਸੀਆਂ ਦਾ ਕਬਜ਼ਾ ਹੋਇਆ। ਸਿੱਖ ਫੌਜ ਵੱਲੋਂ ਅੰਗਰੇਜ਼ੀ ਫੌਜਾਂ ਨੂੰ ਬਾਕੀ ਭਾਰਤ ਦੇ ਮੁਕਾਬਲੇ ਬਹੁਤ ਸਖਤ ਟੱਕਰ ਦਿੱਤੀ ਗਈ। ਅੰਗਰੇਜ਼ਾਂ ਨੇ ਆਪਣਾ ਰਾਜ ਬਣਾਈ ਰੱਖਣ ਲਈ, ਲੋਕਾਂ ਵਿਚ ਆਪਣੇ ਦੇਸ਼ ਪ੍ਰਤੀ ਸੇਵਾ ਦਾ ਜਜ਼ਬਾ ਖਤਮ ਕਰਨਾ ਸੀ।ਇਸ ਕੰਮ ਲਈ ਸਭ ਤੋਂ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਮਾਤ-ਭਾਸ਼ਾ ਵਿਚ ਸਿੱਖਿਆ ਨੂੰ ਖਤਮ ਕਰਨ ਬਾਰੇ ਕਾਰਵਾਈ ਕੀਤੀ। 1880 ਈ: ਵਿਚ ਅੰਗਰੇਜ਼ ਸ਼ਾਸਕ ਨੇ ਆਪਣੀ ਲੰਡਨ ਭੇਜੀ ਰਿਪੋਰਟ ਵਿਚ ਅਤੇ ਉਸ ਵੱਲੋਂ (ਡਬਲਿਊ ਦੀ ਲਾਈਟਨਰ) ਵੱਲੋਂ ਲਿਖੀ ਕਿਤਾਬ ‘History of indigneous education in Punjab’ ਵਿਚ ਲਿਖਿਆ ਕਿ ਪੰਜਾਬ ਦੀ ਸਿੱਖਿਆ ਨੀਤੀ ਬਾਕੀ ਭਾਰਤੀਆਂ ਨਾਲੋਂ ਬਹੁਤ ਅੱਛੀ ਹੈ। ਉਸ ਨੇ ਪੰਜਾਬ ਦੀ ਸਿੱਖਿਆ ਨੀਤੀ ਨੂੰ ਯੂਰਪ ਦੀ ਪੱਧਰ ਦਾ ਲਿਖਿਆ ਹੈ। ਉਸ ਨੇ ਅੱਗੇ ਲਿਖਿਆ, “One we kill the mother tongue of people, we will really conquer the people then.”

ਮਹਾਰਾਜਾ ਰਣਜੀਤ ਦੇ ਸ਼ਾਸਨ ਸਮੇਂ ਮਾਤ ਭਾਸ਼ਾ ਅਤੇ ਗੁਰਮੁਖੀ ਵਿਚ ਲਿਖੇ ਹੱਥਲਿਖਤ ਕਾਇਦੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੂੰ ਤਹਿਸੀਲਦਾਰਾਂ, ਪਟਵਾਰੀਆਂ ਅਤੇ ਨੰਬਰਦਾਰਾਂ ਰਾਹੀਂ ਵੰਡੇ ਜਾਂਦੇ ਸਨ। ਹਦਾਇਤਾਂ ਪੜ੍ਹਨ ਤੋਂ ਬਾਅਦ ਅੱਗੇ ਹੋਰ ਪੰਜ ਹੱਥ ਲਿਖਤ ਕਾਇਦੇ ਅੱਗੇ ਹੋਰ ਲੋਕਾਂ ਨੂੰ ਵੰਡੀਆਂ ਜਾਣ। ਇਸ ਸਬੰਧੀ ਖਾਲਸਾ ਸਰਕਾਰ ਵੱਲੋਂ ਰਿਪੋਰਟ ਮਾਲ ਵਿਭਾਗ ਰਾਹੀਂ ਪ੍ਰਾਪਤ ਕੀਤੀ ਜਾਂਦੀ ਸੀ। ਮੁਢਲੀ ਪੜ੍ਹਾਈ ਡੇਰਿਆਂ, ਗੁਰਦੁਆਰਿਆਂ, ਮੰਦਰਾਂ ਅਤੇ ਮਦਰੱਸਿਆਂ ਵਿਚ ਕਰਵਾਈ ਜਾਂਦੀ ਸੀ। ਮੁੱਢਲੀ ਸਿੱਖਿਆ ਬੱਚਿਆਂ ਨੂੰ ਮਾਤ ਭਾਸ਼ਾ ਵਿਚ ਦਿੱਤੀ ਜਾਂਦੀ ਸੀ। ਹਾਈ ਸਕੂਲ ਦੀ ਪੜ੍ਹਾਈ ਦਾ ਮਾਧਿਅਮ ਉਰਦੂ, ਫਾਰਸੀ ਜਾਂ ਸੰਸਕ੍ਰਿਤ ਹੁੰਦਾ ਸੀ। ਅੰਗਰੇਜ਼ੀ ਇਕ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਸੀ। 1880 ਤੱਕ ਪੰਜਾਬ ਦੀ ਸਾਖਰਤਾ ਦਰ 65 ਫੀਸਦੀ ਸੀ। ਮੁਢਲੀ ਸਿੱਖਿਆ ਲਈ ਮਾਤ ਭਾਸ਼ਾ ਵਿਚ ਸਿੱਖਿਆ ਨੂੰ ਖਤਮ ਕਰਨ ਲਈ ਅੰਗਰੇਜਾਂ ਨੇ ਕਿਰਪਾਨ ਅਤੇ ਕਾਇਦੇ ਸਰਕਾਰ ਪਾਸ ਜਮ੍ਹਾ ਕਰਾਉਣ ਦਾ ਫਰਮਾਨ ਜਾਰੀ ਕੀਤਾ ਗਿਆ। ਕਿਰਪਾਨ ਜਮ੍ਹਾ ਕਰਾਉਣ ਵਾਲੇ ਨੂੰ ਤਿੰਨ ਆਨੇ ਅਤੇ ਕਾਇਦਾ ਜਮ੍ਹਾ ਕਰਾਉਣ ਵਾਲੇ ਨੂੰ ਛੇ ਆਨੇ ਇਨਾਮ ਵਜੋਂ ਦਿੱਤੇ ਜਾਂਦੇ ਸਨ। ਬਾਅਦ ਵਿਚ ਸਰਕਾਰ ਵੱਲੋਂ ਇਹਨਾਂ ਕਾਇਦਿਆਂ ਨੂੰ ਇਕੱਠੇ ਕਰਕੇ ਸਾੜਿਆ ਗਿਆ। ਇਸ ਤਰ੍ਹਾਂ ਲੋਕਾਂ ਨੂੰ ਅੰਗਰੇਜ਼ਾਂ ਨੇ ਮਾਤ ਭਾਸ਼ਾ ਨਾਲੋਂ ਤੋੜ ਕੇ ਆਪਣੇ ਗੁਲਾਮ ਬਣਾਇਆ।

ਭਾਵੇਂ ਅੰਗਰੇਜ਼ਾਂ ਲੇ ਭਾਰਤੀਆਂ ਨੂੰ ਗੁਲਾਮ ਬਣਾ ਕੇ ਕਾਫੀ ਹੱਦ ਤੱਕ ਲੁੱਟਿਆ, ਪਰ ਫਿਰ ਵੀ ਉਹਨਾਂ ਵੱਲੋਂ ਆਪਣੇ ਦੇਸ਼ ਵਿਚ ਅਪਣਾਈ ਗਈ ਆਧੁਨਿਕ ਤਕਨੀਕ ਦੀ ਨਕਲ ਵਜੋਂ ਇਸ ਨੂੰ ਭਾਰਤ ਵਿਚ ਲਾਗੂ ਕੀਤਾ। ਭਾਵੇਂ ਇਸ ਪਿੱਛੇ ਉਹਨਾਂ ਦਾ ਆਪਣਾ ਮੰਤਵ ਭਾਵ ਕੱਚਾ ਮਾਲ ਅਤੇ ਮੁਨਾਫਾ ਸੀ ਪਰ ਫਿਰ ਵੀ ਉਹਨਾਂ ਵੱਲੋਂ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਰੇਲਵੇ ਸਿਸਟਮ, ਨਹਿਰ ਸਿਸਟਮ, ਐਜੂਕੇਸ਼ਨ ਸਿਸਟਮ ਅਤੇ ਹੋਰ ਸਾਰੇ ਵਿਭਾਗਾਂ ਦੀ ਵਧੀਆ ਕਾਰਗੁਜਾਰੀ ਵਾਲਾ ਸਿਸਟਮ ਲਾਗੂ ਕੀਤਾ ਗਿਆ। ਇਸ ਤਰ੍ਹਾਂ ਦੇ ਕੁਰਪਸ਼ਨ ਫਰੀ ਸਿਸਟਮ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਉਹਨਾਂ ਦੇ ਦੇਸ਼ ਵਿਚ ਲਾਗੂ ਵਧੀਆ ਐਜੂਕੇਸ਼ਨ ਪਾਲਸੀ ਰਾਹੀਂ ਉਹ ਹਰ ਬੱਚੇ ਨੂੰ ਸਕੂਲ ਵਿਚ ਹੀ ਦੇਸ਼ ਦਾ ਜ਼ਿੰਮੇਵਾਰ ਅਤੇ ਇਮਾਨਦਾਰ ਨਾਗਰਿਕ ਬਣਾਉਂਦੇ ਸਨ। ਇਸ ਤਰ੍ਹਾਂ ਅੰਗਰੇਜ਼ਾਂ ਦੇ ਇਮਾਨਦਾਰ ਨਾਗਰਿਕ ਜਿੱਥੇ ਵੀ ਗਏ, ਉਥੇ ਉਹਨਾਂ ਨੇ ਆਪਣੇ ਰਾਜ ਦੀਆਂ ਜੜ੍ਹਾਂ ਡੂੰੰਘੀਆਂ ਕੀਤੀਆਂ ਅਤੇ ਲੋਕਾਂ ਨੂੰ ਆਪਣੇ ਕੰਮ ਤੋਂ ਪ੍ਰਭਾਵਿਤ ਕੀਤਾ। ਅਸੀਂ ਆਜ਼ਾਦ ਭਾਰਤ ਵਿਚ ਆਪਣੀ ਸਿੱਖਿਆ ਪ੍ਰਣਾਲੀ ਰਾਹੀਂ ਉਹ ਕੁਝ ਕਾਇਮ ਨਹੀਂ ਰੱਖ ਸਕੇ। ਇਸੇ ਕਰਕੇ ਹੋਰ ਵਿਕਸਤ ਹੋਣ ਦੀ ਬਜਾਏ ਅਸੀਂ ਸਾਰੇ ਖੇਤਰਾਂ ਵਿਚ ਪੱਛੜਦੇ ਗਏ।

ਮੌਜੂਦਾ ਪੰਜਾਬ ਦੇ ਸਿੱਖਿਆ ਸਿਸਟਮ ਨੂੰ ਸਧਾਰਨ ਲਈ ਸਭ ਤੋਂ ਪਹਿਲਾ ਕੰਮ ਪ੍ਰਾਇਮਰੀ ਪੱਧਰ ‘ਤੇ ਮਾਤਭਾਸ਼ਾ ਰਾਹੀਂ ਸਿੱਖਿਆ ਸੁਨਿਸਚਿਤ ਕਰਨਾ ਹੋਣਾ ਚਾਹੀਦਾ ਹੈ। ਇਸ ਕੰਮ ਲਈ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸਿਸਟਮ ਵਿਚ ਇੱਕਸਾਰਤਾ ਲਿਆਉਣੀ ਅਤਿ ਜ਼ਰੂਰੀ ਹੈ। ਇਸ ਵੱਡੇ ਕੰਮ ਲਈ ਪਹਿਲਾਂ ਲੋਕਾਂ ਨੂੰ ਆਪਣੀ ਸੋਚ ਬਦਲਣੀ ਹੋਵੇਗੀ। ਜਿੰਨਾ ਚਿਰ ਲੋਕ ਅੰਗਰੇਜ਼ੀ ਮਾਧਿਅਮ ਵਿਚ ਵਧੀਆ ਸਿੱਖਿਆ ਦੀ ਗੱਲ ਨੂੰ ਆਪਣੇ ਦਿਮਾਗ ਵਿਚੋਂ ਨਹੀਂ ਕੱਢਦੇ ਉਤਨਾ ਚਿਰ ਇਹ ਸੰਭਵ ਨਹੀਂ। ਦੁਨੀਆਂ ਭਰ ਕੇ ਮਨੋਵਿਗਿਆਨਕ ਅਤੇ ਸਿੱਖਿਆ ਸ਼ਾਸਤਰੀ ਬੱਚੇ ਨੂੰ ਮਾਤ ਭਾਸ਼ਾ ਵਿਚ ਸਿੱਖਿਆ ਦੀ ਵਕਾਲਤ ਕਰਦੇ ਹਨ। ਰੂਸ, ਚੀਨ ਅਤੇ ਹੋਰ ਕਈ ਦੇਸ਼ਾਂ ਨੇ ਉੱਚ ਸਿੱਖਿਆ ਤੱਕ ਮਾਤਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਰੱਖਿਆ ਅਤੇ ਉਹਨਾਂ ਦੇਸ਼ਾਂ ਦੇ ਬੱਚਿਆਂ ਨੇ ਵਿਗਿਆਨ, ਤਕਨੀਕ ਅਤੇ ਹੋਰ ਖੇਤਰਾਂ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ। ਸਾਡੇ ਦੇਸ਼ ਵਿਚ ਵੀ ਸਰਕਾਰੀ ਸਿਸਟਮ ਰਾਹੀਂ ਪੜ੍ਹੇ ਹੋਏ ਬੱਚੇ ਵੱਡੇ ਵਿਗਿਆਨੀ, ਇੰਜੀਨੀਅਰ ਅਤੇ ਸਾਹਿਤਕਾਰ ਬਣੇ। ਪ੍ਰਾਈਵੇਟ ਸਿਸਟਮ ਨੇ ਤਾਂ 1981-82 ਤੋਂ ਆਪਣੀਆਂ ਜੜ੍ਹਾਂ ਪਸਾਰੀਆਂ ਹਨ। ਦਾਸ ਸਰਕਾਰੀ ਸਿਸਟਮ ਵਿਚ ਸਕੂਲਿੰਗ ਕੀਤੀ। ਕਾਲਿਜ ਵਿਚ ਸਾਇੰਸ ਵਿਸ਼ਿਆਂ ਦਾ ਅੰਗਰੇਜ਼ੀ ਮਾਧਿਅਮ ਸੀ ਪਰ ਮਾਧਿਅਮ ਪੱਖੋਂ ਕਦੇ ਸਮੱਸਿਆ ਨਹੀਂ ਆਈ। ਇਸ ਲਈ ਪਹਿਲੀ ਜਮਾਤ ਤੋਂ ਅੰਗਰੇਜ਼ੀ ਮਾਧਿਅਮ ਸਾਡੇ ਲੋਕਾਂ ਵਿਚ ਵੱਡੀ ਗਲਤਫਹਿਮੀ ਹੈ। ਲੋੜ ਸਿੱਖਿਆ ਸਿਸਟਮ ਵਿਚ ਇਕਸਾਰਤਾ ਅਤੇ ਸੁਧਾਰ ਦੀ ਹੈ। ਇਕ ਸਟੇਟ ਵਿਚ ਬੱਚਿਆਂ ਦੀ ਸਕੂਲ ਦੀ ਪੜ੍ਹਾਈ ਵਿਚ ਸਰਕਾਰੀ ਅਤੇ ਪ੍ਰਾਈਵੇਟ ਦਾ ਵੱਡਾ ਖੱਪਾ, ਕਿਸੇ ਵੀ ਤਰ੍ਹਾਂ ਲੋਕਾਂ ਨਾਲ ਇਨਸਾਫ ਨਹੀਂ। ਸਰਕਾਰੀ ਅਤੇ ਪ੍ਰਾਈਵੇਟ ਸਿਸਟਮ ਵਿਚ ਇਕਸਾਰਤਾ ਲਿਆਉਣ ਲਈ ਦੋਹਾਂ ਵਿਚ ਇਕ ਸਿਲੇਬਸ, ਇਕ ਬੋਰਡ, ਇਕ ਸਮਾਂ ਸਾਰਣੀ, ਇਕ ਕਰੀਕੁਲਮ, ਇਕ ਫੀਸ, ਅਧਿਆਪਕ ਲਈ ਇਕ ਤਨਖਾਹ, ਇਕ ਸੇਵਾ ਨਿਯਮ, ਇਕ ਨਿਰੀਖਣ ਅਧਿਕਾਰੀ, ਬੱਚਿਆਂ ਲਈ ਇਕ ਫੀਸ ਸ਼ਡਿਊਲ, ਇਕ ਤਰ੍ਹਾਂ ਦੀ ਸਹੂਲਤਾਂ ਜਿਵੇਂ ਕਿਤਾਬਾਂ, ਮਿਡ ਡੇਅ ਮੀਲ ਅਤੇ ਇਕੋ ਜਿਹੇ ਵਜੀਫੇ ਜ਼ਰੂਰੀ ਪ੍ਰਾਈਵੇਟ ਸੰਸਥਾਵਾਂ ਨੂੰ ਸਕੂਲ ਲਈ ਸਿਰਫ ਜ਼ਮੀਨ, ਬਿਲਡਿੰਗ ਅਤੇ ਸਕੂਲ ਪ੍ਰਬੰਧ ਦੇਣਾ ਹੋਵੇ। ਹਰ ਸਕੂਲ ਨੂੰ ਘੱਟੋ6ਘੱਟ ਪੰਜ ਬੇਰੁਜ਼ਗਾਰਾਂ ਨੂੰ ਸਕੂਲ ਸੁਸਾਇਟੀ ਅਤੇ ਟਰੱਸਟਾਂ ਵਿਚ ਸ਼ਾਮਲ ਕਰਨ ਲਈ ਪਾਬੰਦ ਕੀਤਾ ਜਾਵੇ। ਇਸ ਨਾਲ ਜਿੱਥੇ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਹੋਵੇਗਾ, ਨਾਲ ਹੀ ਸਕੂਲ ਇਕ ਪਰਿਵਾਰ ਦੀ ਮਲਕੀਅਤ ਦੀ ਬਜਾਏ ਜਨਤਕ ਅਕਸ ਵਾਲੀ ਸੰਸਥਾ ਬਣੇਗੀ। ਪ੍ਰਾਈਵੇਟ ਸਕੂਲ ਦਾ ਸਟਾਫ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮਨੇਜਮੈਂਟ ਨੂੰ ਜਵਾਬਦੇਹ ਹੋਣੇ ਚਾਹੀਦੇ ਹਨ। ਪ੍ਰਾਈਵੇਟ ਸਕੂਲ ਦੇ ਸਟਾਫ ਦੀ ਭਰਤੀ ਵੀ ਇਕ ਸਰਕਾਰੀ ਬੋਰਡ ਵੱਲੋਂ ਕੀਤੀ ਜਾਵੇ ਅਤੇ ਤਨਖਾਹ ਵੀ ਸਰਕਾਰ ਵੱਲੋਂ ਸਰਕਾਰੀ ਨਿਯਮਾਂ ਅਨੁਸਾਰ ਦਿੱਤੀ ਜਾਵੇ। ਮੌਜੂਦਾ ਪ੍ਰਣਾਲੀ ਵਿਚ ਪ੍ਰਾਈਵੇਟ ਸਕੂਲ ਸਟਾਫ ਕਿਸੇ ਸਿੱਖਿਆ ਅਧਿਕਾਰੀ ਦੀ ਜਵਾਬਦੇਹੀ ਨਾ ਹੋਣ ਕਾਰਨ ਪਰਵਾਹ ਨਹੀਂ ਕਰਦਾ। ਵੱਖ-ਵੱਖ ਬੋਰਡ ਸਕੂਲਾਂ ਨੂੰ ਸਿਰਫ ਮਾਨਤਾ ਦਿੰਦੇ ਹਨ। ਨਿਰੀਖਣ ਦਾ ਕੰਮ ਜੀਰੋ ਹੁੰਦਾ ਹੈ। ਇਸ ਤਰ੍ਹਾਂ ਪ੍ਰਾਈਵੇਟ ਸਕੂਲ ਇਕ ਪਰਿਵਾਰ ਦੀ ਸਲਤਨਤ ਬਣੇ ਹੋਏ ਹਨ। ਦੂਸਰੇ ਪਾਸੇ ਸਰਕਾਰੀ ਸਿਸਟਮ ਵਿਚ ਜਦੋਂ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੀ ਅਗਵਾਈ ਵਿਚ ਕੰਮ ਚੱਲ ਰਿਹਾ ਹੈ, ਹਰ ਸਕੂਲ ਦੀ ਮਹੀਨੇ ਵਿਚ ਇਕ ਵਾਰ ਨਿਰੀਖਣ ਜ਼ਰੂਰ ਕੀਤਾ ਜਾਂਦਾ ਹੈ। ਸਮਾਜ ਦੇ ਗਰੀਬ ਅਤੇ ਪੱਛੜੇ ਵਰਗ ਦੇ ਬੱਚਿਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਵਿਚ ਬਰਾਬਰ ਦਾਖਲੇ ਦੇਣੇ ਚਾਹੀਦੇ ਹਨ। ਮੌਜੂਦਾ ਸਿਸਟਮ ਵਿਚ ਸਰਕਾਰੀ ਸਕੂਲ ਪਾਸ 80 ਫੀਸਦੀ ਗਰੀਬ ਅਤੇ ਪੱਛੜੇ ਵਰਗ ਦੇ ਵਿਦਿਆਰਥੀ ਹਨ, ਜਦੋਂ ਕਿ ਪ੍ਰਾਈਵੇਟ ਸਕੂਲਾਂ ਵਿਚ 80 ਫੀਸਦੀ ਸਮਰੱਥ ਘਰਾਣਿਆਂ ਦੇ ਬੱਚੇ ਹੋਣ ਕਾਰਨ ਉਹ ਘੱਟ ਮਿਹਨਤ ਨਾਲ ਵੀ ਵਧੀਆ ਨਤੀਜੇ ਦਿੰਦੇ ਹਨ। ਪਰ ਸਰਕਾਰੀ ਸਕੂਲਾਂ ਦੇ ਬੱਚੇ ਕਦੀ ਵੀ ਉਸ ਪੱਧਰ ਤੱਕ ਨਹੀਂ ਪਹੁੰਚ ਸਕਦੇ। ਉਕਤ ਅਨੁਸਾਰ ਸਰਕਾਰ ਕਦੀ ਲਾਗੂ ਨਹੀਂ ਕਰੇਗੀ ਕਿਉਂਕਿ ਸਿੱਖਿਆ ਨਾ ਤਾਂ ਸਰਕਾਰ ਦਾ ਅਹਿਮ ਮੁੱਦਾ ਹੈ, ਨਾ ਹੀ ਲੋਕਾਂ ਵੱਲੋਂ ਇਸ ਕੰਮ ਲਈ ਵਾਜਬ ਦਬਾ ਹੈ ਅਤੇ ਨਾ ਹੀ ਸਰਕਾਰ ਪਾਸ ਵਿੱਤੀ ਸਾਧਨ ਹਨ। ਫਿਰ ਵੀ ਸਿੱਖਿਆ ਨੂੰ ਪੈਰਾਂ ਸਿਰ ਕਰਨ ਲਈ ਇਹ ਸਭ ਬਹੁਤ ਜ਼ਰੂਰੀ ਹੈ। ਇਹ ਮੁਢਲਾ ਕੰਮ ਹੈ। ਸੁਧਾਰਾਂ ਦੀ ਅੱਗੇ ਲੰਬੀ ਲਿਸਟ ਹੋ ਸਕਦੀ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin