Story

ਕਰੋਨਾ ਤੇ ਚੋਰ

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਕਿਸੇ ਅਮੀਰ ਘਰ ਰਾਤ ਨੂੰ ਚੋਰ ਵੜ ਗਏ ਪਰ ਬਿਨਾਂ ਕੋਈ ਲੁੱਟ ਮਾਰ ਕੀਤੇ ਭੱਜ ਗਏ। ਅਗਲੇ ਦਿਨ ਥਾਣੇ ਰਿਪੋਰਟ ਪਹੁੰਚੀ ਤਾਂ ਥਾਣੇਦਾਰ ਵੀ ਸੂਹੀਏ ਕੁੱਤੇ ਲੈ ਕੇ ਮੌਕੇ ‘ਤੇ ਪਹੁੰਚ ਗਿਆ। ਜਾ ਕੇ ਪਤਾ ਲੱਗਾ ਕਿ ਘਰ ਦੀ 80 ਸਾਲਾ ਬਜ਼ੁਰਗ ਦਾਦੀ ਨੇ ਚੋਰਾਂ ਨੂੰ ਭਜਾਇਆ ਹੈ। ਥਾਣੇਦਾਰ ਨੇ ਹੈਰਾਨ ਹੋ ਕੇ ਬੇਬੇ ਨੂੰ ਪੁੱਛਿਆ, “ਮਾਤਾ ਤੂੰ ਤਾਂ ਐਨੀ ਉਮਰ ਦੀ ਆਂ, ਫਿਰ ਚੋਰਾਂ ਨੂੰ ਕਿਵੇਂ ਭਜਾ ਦਿੱਤਾ? ਮੰਨਣ ‘ਚ ਗੱਲ ਨਹੀਂ ਆਉਂਦੀ।”

ਮਾਤਾ ਨੇ ਹੱਸਦੇ ਹੋਏ ਦੱਸਿਆ, “ਪੁੱਤ ਹੋਇਆ ਇਸ ਤਰਾਂ ਕਿ ਮੈਂ ‘ਕੱਲੀ ਥੱਲੇ ਹਾਲ ਵਿੱਚ ਸੁੱਤੀ ਪਈ ਸੀ। ਚੋਰ ਖਿੜਕੀ ਤੋੜ ਕੇ ਅੰਦਰ ਵੜ ਗਏ ਤੇ ਲੱਤ ਮਾਰ ਕੇ ਮੈਨੂੰ ਉਠਾਇਆ। ਕਹਿਣ ਲੱਗੇ ਦੱਸ ਬੁੱਢੀਏ ਮਾਲ ਕਿੱਥੇ ਰੱਖਿਆ ਆ, ਤਿਜ਼ੋਰੀ ਕਿੱਥੇ ਆ ਅਤੇ ਤੇ ਘਰ ਦੇ ਬਾਕੀ ਮੈਂਬਰ ਕਿੱਥੇ ਸੁੱਤੇ ਨੇ? ਮੈਂ ਸਮਝ ਗਈ ਕਿ ਜੇ ਹੁਣ ਘਬਰਾ ਗਈ ਤਾਂ ਸਾਰਾ ਘਰ ਲੁੱਟਿਆ ਜਾਵੇਗਾ। ਮੈਂ ਬਿਨਾਂ ਡਰੇ ਕਿਹਾ ਕਿ ਬੇਟਾ ਮੈਂ ਘਰ ਵਿੱਚ ‘ਕੱਲੀ ਆਂ। ਸਾਰਾ ਪਰਿਵਾਰ ਪੈਸਾ ਟਕਾ ਤੇ ਗਹਿਣੇ ਨਾਲ ਲੈ ਕੇ ਕਈ ਦਿਨਾਂ ਤੋਂ ਖੇਤਾਂ ਵਿੱਚ ਬਣੇ ਮਕਾਨ ‘ਚ ਰਹਿ ਰਿਹਾ ਆ। ਹਾਂ ਜਾਣ ਲੱਗੇ ਆਪਣੇ ਹੱਥ ਚੰਗੀ ਤਰਾਂ ਸਾਬਣ ਨਾਲ ਧੋ ਲਿਉ ਕਿਉਂਕਿ ਮੈਨੂੰ ਕਰੋਨਾ ਹੋਣ ਕਾਰਨ ਡਾਕਟਰਾਂ ਨੇ ਇਸ ਘਰ ਵਿੱਚ ਕਵਾਰਨਟੀਨ ਕੀਤਾ ਹੋਇਆ ਹੈ। ਬੱਸ ਫਿਰ ਕੀ ਸੀ? ਚੋਰਾਂ ਨੂੰ ਭੱਜਣ ਵਾਸਤੇ ਰਾਹ ਨਾ ਲੱਭੇ, ਇੱਕ ਦੂਸਰੇ ‘ਚ ਵੱਜਦੇ ਫਿਰਨ।”

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin