Breaking News Latest News News Punjab

ਜਾਖੜ ਪਾਰਟੀ ’ਚ ਹੀ ਹੋਣਗੇ ਸਰਗਰਮ, ਨਹੀਂ ਬਣਨਗੇ ਸਰਕਾਰ ਦਾ ਹਿੱਸਾ

ਚੰਡੀਗੜ੍ਹ – ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਪੰਜਾਬ ਸਰਕਾਰ ਦਾ ਹਿੱਸਾ ਨਹੀਂ ਬਣਨਗੇ। ਉਹ ਪਾਰਟੀ ਵਿਚ ਹੀ ਸਰਗਰਮ ਹੋਣਗੇ। ਜਾਖੜ ਨੇ ਇਕ ਵਾਰ ਫਿਰ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਉਸ ਤਜਵੀਜ਼ ਨੂੰ ਨਾ-ਮਨਜ਼ੂਰ ਕਰ ਦਿੱਤਾ, ਜਿਸ ਵਿਚ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਅਤੇ ਇੱਛਾ ਮੁਤਾਬਕ ਵਿਭਾਗ ਲੈਣ ਦਾ ਬਦਲ ਦਿੱਤਾ ਸੀ।ਸਿੱਖ ਨਾ ਹੋਣ ਕਾਰਨ ਮੁੱਖ ਮੰਤਰੀ ਦੇ ਅਹੁਦੇ ਤੋਂ ਵਾਂਝੇ ਰਹਿਣ ਵਾਲੇ ਸੁਨੀਲ ਜਾਖੜ ਨੇ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਦੇ ਨਾਲ ਲਗਪਗ ਇਕ ਘੰਟੇ ਤਕ ਉਨ੍ਹਾਂ ਦੇ ਘਰ ਮੀਟਿੰਗ ਕੀਤੀ। ਇਸ ਦੌਰਾਨ ਰਾਹੁਲ ਨੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਤਜਵੀਜ਼ ਰੱਖੀ, ਜਿਸ ਨੂੰ ਉਨ੍ਹਾਂ ਨੇ ਇਹ ਕਹਿੰਦੇ ਹੋਏ ਨਾਮਨਜ਼ੂਰ ਕਰ ਦਿੱਤਾ ਕਿ ਅਹੁਦੇ ਦੀ ਉਨ੍ਹਾਂ ਨੂੰ ਲਾਲਸਾ ਨਹੀਂ ਹੈ। ਉਪ ਮੁੱਖ ਮੰਤਰੀ ਬਣ ਕੇ ਉਹ ਆਪਣੀ ਅੰਤਰ-ਆਤਮਾ ਨੂੰ ਨਹੀਂ ਮਾਰ ਸਕਦੇ ਹਨ।ਜਾਖੜ ਨੇ ਇਸ ਮੁਲਾਕਾਤ ਦੌਰਾਨ ਪੰਜਾਬ ਦੇ ਹਰੇਕ ਬਿੰਦੂ ਨੂੰ ਛੂਹਿਆ ਅਤੇ ਖੁੱਲ੍ਹ ਕੇ ਆਪਣੇ ਵਿਚਾਰ ਰਾਹੁਲ ਗਾਂਧੀ ਦੇ ਸਾਹਮਣੇ ਰੱਖੇ। ਜਾਖੜ ਵੱਲੋਂ ਚੁੱਕੇ ਗਏ ਮੁੱਦਿਆਂ ਤੋਂ ਬਾਅਦ ਰਾਹੁਲ ਨੇ ਇਸੇ ਮੀਟਿੰਗ ਵਿਚਾਲੇ ਹੀ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੂੰ ਵੀ ਬੁਲਾ ਲਿਆ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਵੀ ਵੇਣੂਗੋਪਾਲ ਜਾਖੜ ਨੂੰ ਸਰਕਾਰ ਦਾ ਹਿੱਸਾ ਬਣਨ ਲਈ ਮਨਾਉਂਦੇ ਹੋਏ ਨਜ਼ਰ ਆਏ। ਪਾਰਟੀ ਸੂਤਰ ਦੱਸਦੇ ਹਨ ਕਿ ਜਾਖੜ ਜਦੋਂ ਆਪਣੀ ਗੱਡੀ ਵਿਚ ਬੈਠ ਰਹੇ ਸਨ ਉਦੋਂ ਵੀ ਵੇਣੂਗੋਪਾਲ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਪਰ ਜਾਖੜ ਨੇ ਉਨ੍ਹਾਂ ਨੂੰ ਕਹਿ ਦਿੱਤਾ ਉਨ੍ਹਾਂ ਜੋ ਕੁਝ ਵੀ ਕਹਿਣਾ ਸੀ, ਉਹ ਰਾਹੁਲ ਗਾਂਧੀ ਨੂੰ ਕਹਿ ਆਏ ਹਨ।

ਜਾਖੜ ਨੇ ਦੱਸਿਆ ਕਿ ਉਨ੍ਹਾਂ ਦੀ ਮੀਟਿੰਗ ਬੇਹੱਦ ਸ਼ਾਨਦਾਰ ਮਾਹੌਲ ਵਿਚ ਹੋਈ। ਉਨ੍ਹਾਂ ਰਾਹੁਲ ਗਾਂਧੀ ਦੇ ਸਾਹਮਣੇ ਆਪਣੀਆਂ ਸਾਰੀਆਂ ਗੱਲਾਂ ਰੱਖੀਆਂ ਅਤੇ ਉਨ੍ਹਾਂ ਨੇ ਵੀ ਪੂਰੇ ਧੀਰਜ ਨਾਲ ਸਾਰੀਆਂ ਗੱਲਾਂ ਨੂੰ ਸੁਣਿਆ। ਅਹਿਮ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਹੀ ਆਗੂਆਂ ਵਿਚਾਲੇ ਲਗਪਗ ਇਕ ਘੰਟੇ ਤਕ ਵਨ ਟੂ ਵਨ ਮੀਟਿੰਗ ਚੱਲਦੀ ਰਹੀ। ਮੀਟਿੰਗ ਦੇ ਅਖੀਰ ਵਿਚ ਵੇਣੂਗੋਪਾਲ ਪੁੱਜੇ ਸਨ।

ਜਾਖੜ ਨੇ ਰਾਹੁਲ ਨੂੰ ਇੱਥੋਂ ਤਕ ਕਹਿ ਦਿੱਤਾ ਉਹ ਕਾਂਗਰਸ ਛੱਡ ਕੇ ਕਿਤੇ ਨਹੀਂ ਜਾਣ ਵਾਲੇ ਹਨ। ਜੇਕਰ ਪਾਰਟੀ ਉਨ੍ਹਾਂ ਨੂੰ ਕੱਢਣਾ ਵੀ ਚਾਹੇ ਤਾਂ ਵੀ ਉਹ ਪਾਰਟੀ ਨੂੰ ਨਹੀਂ ਛੱਡਣਗੇ। ਜਾਖੜ ਨੇ ਪਾਰਟੀ ਵਿਚ ਹੀ ਕੰਮ ਕਰਨ ਦਾ ਮਨ ਬਣਾ ਲਿਆ ਹੈ। ਇਹੀ ਕਾਰਨ ਹੈ ਕਿ 2022 ਦੀਆਂ ਚੋਣਾਂ ਵਿਚ ਕਾਂਗਰਸ ਉਨ੍ਹਾਂ ਨੂੰ ਨਾ ਸਿਰਫ਼ ਕੰਪੇਨ ਕਮੇਟੀ ਦਾ ਚੇਅਰਮੈਨ ਬਲਕਿ ਟਿਕਟਾਂ ਲਈ ਬਣਨ ਵਾਲੀ ਸਕ੍ਰੀਨਿੰਗ ਕਮੇਟੀ ਦਾ ਵੀ ਮੈਂਬਰ ਬਣਾ ਸਕਦੀ ਹੈ ਜਦਕਿ ਜਾਖੜ ਕੋਲ ਰਾਜ ਸਭਾ ਵਿਚ ਜਾਣ ਦੀਆਂ ਵੀ ਸੰਭਾਵਨਾਵਾਂ ਹਨ।

Related posts

ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ

editor

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ

editor

ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ ‘ਚ ‘ਆਪ’ ਨੂੰ ਮਿਲਿਆ ਹੁਲਾਰਾ, ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਥਾਪਰ ‘ਆਪ’ ‘ਚ ਸ਼ਾਮਲ

editor