Punjab

ਔਰਤਾਂ ਨੂੰ ਟਿਕਟਾਂ ਦੇਣ ‘ਚ ਸਿਆਸੀ ਪਾਰਟੀਆਂ ਨੇ ਦਿਖਾਈ ਕੰਜੂਸੀ !

ਚੰਡੀਗਡ਼੍ਹ – ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਅਤੇ ਵੋਟਾਂ ਵਿਚ ਔਰਤਾਂ ਲਈ ਢੇਰ ਸਾਰੀਆਂ ਸਹੂਲਤਾਂ ਦੇਣ ਦਾ ਢਿੰਡੋਰਾ ਪਿੱਟਣ ਵਾਲੀਆਂ ਸਿਆਸੀ ਪਾਰਟੀਆਂ ਨੇ ਔਰਤਾਂ ਨੂੰ ਟਿਕਟਾਂ ਦੇਣ ਦੇ ਮਾਮਲੇ ਵਿਚ ਕੰਜੂਸੀ ਦਿਖਾਈ ਹੈ। ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਲਈ ਕੋਈ ਵੀ ਪਾਰਟੀ ਔਰਤਾਂ ਨੂੰ ਟਿਕਟਾਂ ਦੇਣ ਦੇ ਮਾਮਲੇ ਵਿਚ ਇਕ ਦਰਜਨ ਦਾ ਅੰਕਡ਼ਾ ਵੀ ਛੂਹ ਨਹੀਂ ਸਕੀ।

ਹਾਲਾਂਕਿ ਚੋਣ ਕਮਿਸ਼ਨ ਦੇ ਅੰਕਡ਼ਿਆਂ ਮੁਤਾਬਕ ਪੰਜਾਬ ਵਿਚ ਔਰਤ ਵੋਟਰਾਂ ਦੀ ਗਿਣਤੀ ਕਰੀਬ ਇਕ ਕਰੋਡ਼ (10086514) ਹੈ ਜਦਕਿ ਸੂਬੇ ਦੇ ਕੁੱਲ ਵੋਟਰ 21275066 ਹਨ। ਦਿਲਚਸਪ ਗੱਲ ਹੈ ਕਿ ਅਕਾਲੀ ਦਲ ਨੂੰ ਛੱਡ ਕੇ ਕਿਸੀ ਵੀ ਸਿਆਸੀ ਪਾਰਟੀ ਨੇ ਆਪਣੀ ਪਾਰਟੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਨੂੰ ਵੀ ਟਿਕਟ ਨਹੀਂ ਦਿੱਤੀ। ਇਹ ਗੱਲ ਵੱਖਰੀ ਹੈ ਕਿ ਅਕਾਲੀ ਦਲ ਔਰਤਾਂ ਨੂੰ ਉਮੀਦਵਾਰ ਬਣਾਉਣ ਦੇ ਮਾਮਲੇ ਵਿਚ ਬਾਕੀ ਪਾਰਟੀਆਂ ਦੇ ਮੁਕਾਬਲੇ ਚੌਥੇ ਨੰਬਰ ’ਤੇ ਹੈ।

ਸਭ ਤੋਂ ਵੱਡੀ ਗੱਲ ਹੈ ਕਿ ਕਾਂਗਰਸ ਵੱਲੋਂ ਸਥਾਨਕ ਚੋਣਾਂ ਵਿਚ ਔਰਤਾਂ ਨੂੰ 50 ਫ਼ੀਸਦੀ ਅਤੇ ਨੌਕਰੀਆਂ ਵਿਚ 33 ਫ਼ੀਸਦੀ ਰਾਖਵਾਂਕਰਨ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਜਿਸ ਸਦਨ ਵਿਚ ਔਰਤਾਂ ਦੇ ਹੱਕਾਂ ਦੀ ਤਕਦੀਰ ਲਿਖੀ ਜਾਣੀ ਹੁੰਦੀ ਹੈ, ਉਸ ਵਿਧਾਨ ਸਭਾ ਲਈ ਕਾਂਗਰਸ ਨੇ ਵੀ ਹੱਥ ਘੁੱਟ ਕੇ ਰੱਖਿਆ ਹੈ।

ਜੇਕਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਔਰਤਾਂ ਨੂੰ ਦਿੱਤੀਆਂ ਟਿਕਟਾਂ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਦਸ ਔਰਤਾਂ ਨੂੰ ਉਮੀਦਵਾਰ ਬਣਾ ਕੇ ਬਾਜ਼ੀ ਮਾਰੀ ਹੈ। ਦੂਜੇ ਨੰਬਰ ’ਤੇ ‘ਆਪ’ ਨੇ ਅੱਠ, ਭਾਜਪਾ ਨੇ ਪੰਜ, ਸ਼੍ਰੋਮਣੀ ਅਕਾਲੀ ਦਲ ਨੇ ਚਾਰ ਅਤੇ ਅਕਾਲੀ ਦਲ ਸੰਯੁਕਤ ਤੇ ਬਹੁਜਨ ਸਮਾਜ ਪਾਰਟੀ ਨੇ ਕੇਵਲ ਇਕ-ਇਕ ਔਰਤ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਕਾਂਗਰਸ ਨੇ ਪੰਜ ਰਾਖਵੇਂ ਹਲਕਿਆਂ ਸਮੇਤ ਦਸ ਮਹਿਲਾ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ’ਤੇ ਮੁੜ ਭਰੋਸਾ ਕਰਦੇ ਹੋਏ ਲਹਿਰਾ ਤੋਂ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੂੰ ਦੀਨਾਨਗਰ, ਰਜ਼ੀਆ ਸੁਲਤਾਨਾ ਨੂੰ ਮਲੇਰਕੋਟਲਾ, ‘ਆਪ’ ਨੂੰ ਅਲਵਿਦਾ ਕਹਿ ਕੇ ਕਾਂਗਰਸ ’ਚ ਸ਼ਾਮਲ ਹੋਈ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੂੰ ਮਲੋਟ, ਵਿਧਾਇਕਾ ਇੰਦੂ ਬਾਲਾ ਨੂੰ ਮੁਕੇਰੀਆਂ, ਸਾਬਕਾ ਵਿਧਾਇਕ ਕਰਣ ਕੌਰ ਬਰਾਡ਼ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਹਰਚੰਦ ਕੌਰ ਨੂੰ ਮਹਿਲ ਕਲਾਂ ਅਤੇ ਅਦਾਕਾਰ ਸੋਨੂ ਦੀ ਭੈਣ ਮਾਲਵਿਕਾ ਸੂਦ ਨੂੰ ਮੋਗਾ, ਰਾਜਿੰਦਰ ਕੌਰ ਨੂੰ ਬਲੂਆਣਾ, ਰਣਬੀਰ ਕੌਰ ਨੂੰ ਬੁਢਲਾਡਾ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਆਮ ਆਦਮੀ ਪਾਰਟੀ ਨੇ ਸਿਰਫ਼ ਅੱਠ ਔਰਤਾਂ ਨੂੰ ਟਿਕਟ ਦਿੱਤੀ ਹੈ। ਮੌਜੂਦਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਤੇ ਪੋ.੍ਰ ਬਲਜਿੰਦਰ ਕੌਰ ਸਮੇਤ ਖਰਡ਼ ਤੋਂ ਅਨਮੋਲ ਗਗਨ ਮਾਨ, ਰਾਜਪੁਰਾ ਤੋਂ ਨੀਨਾ ਮਿੱਤਲ, ਸੰਗਰੂਰ ਤੋਂ ਨਰਿੰਦਰ ਕੌਰ ਭਾਰਜ, ਲਧਿਆਣਾ ਦੱਖਣੀ ਤੋਂ ਰਾਜਿੰਦਰ ਪਾਲ ਕੌਰ ਛੀਨਾ, ਅੰਮ੍ਰਿਤਸਰ ਪੂਰਬੀ ਤੋਂ ਜੀਵਨਜੋਤ ਕੌਰ ਅਤੇ ਮਲੋਟ ਤੋਂ ਡਾ. ਬਲਜੀਤ ਕੌਰ ਨੂੰ ਟਿਕਟ ਦਿੱਤੀ ਹੈ।

ਭਾਜਪਾ ਨੇ ਪੰਜ ਔਰਤਾਂ ’ਤੇ ਹੀ ਭਰੋਸਾ ਪ੍ਰਗਟ ਕੀਤਾ ਹੈ। ਭਾਜਪਾ ਨੇ ਭੋਆ ਵਿਧਾਨ ਸਭਾ ਹਲਕੇ ਤੋਂ ਸੀਮਾ ਕੁਮਾਰੀ, ਅਟਾਰੀ ਤੋਂ ਬਲਵਿੰਦਰ ਕੌਰ, ਬਲੂਆਣਾ ਤੋਂ ਬੰਦਨਾ ਸਾਗਵਾਨ, ਦੀਨਾਨਗਰ ਤੋਂ ਰੇਣੂ ਕਸ਼ਿਅਪ, ਗਡ਼੍ਹਸ਼ੰਕਰ ਤੋਂ ਨਮੀਸ਼ਾ ਮਹਿਤਾ ਨੂੰ ਉਮੀਦਵਾਰ ਬਣਾਇਆ ਹੈ। ਦਿਲਚਸਪ ਗੱਲ ਹੈ ਕਿ ਗਡ਼੍ਹਸ਼ੰਕਰ ਨੂੰ ਛੱਡ ਕੇ ਬਾਕੀ ਚਾਰੋਂ ਸੀਟਾਂ ਰਾਖਵੀਆਂ ਹਨ। ਬਹੁਜਨ ਸਮਾਜ ਪਾਰਟੀ ਨੇ ਕੇਵਲ ਇਕ ਅੰਮ੍ਰਿਤਸਰ ਕੇਂਦਰੀ ਤੋਂ ਬੀਬੀ ਦਲਬੀਰ ਕੌਰ ਨੂੰ ਉਮੀਦਵਾਰ ਬਣਾਇਆ ਹੈ।

ਅਕਾਲੀ ਦਲ ਨੇ ਭੁਲੱਥ ਤੋਂ ਬੀਬੀ ਜਗੀਰ ਕੌਰ, ਖੰਨਾ ਤੋਂ ਬੀਬੀ ਜਸਪ੍ਰੀਤ ਕੌਰ, ਸ਼ੁਤਰਾਣਾ ਤੋਂ ਬੀਬੀ ਵਨਿੰਦਰ ਕੌਰ ਲੂੰਬਾ ਤੇ ਬਲਾਚੌਰ ਤੋਂ ਬੀਬਾ ਸੁਨੀਤਾ ਚੌਧਰੀ ਨੂੰ ਉਮੀਦਵਾਰ ਬਣਾਇਆ ਹੈ। ਅਕਾਲੀ ਦਲ ਸੰਯੁਕਤ ਨੇ ਕੇਵਲ ਸਾਬਕਾ ਐੱਮਪੀ ਬੀਬੀ ਪਰਮਜੀਤ ਕੌਰ ਗੁਲਸ਼ਨ ਨੂੰ ਹੀ ਜੈਤੋ ਤੋਂ ਉਮੀਦਵਾਰ ਬਣਾਇਆ ਹੈ।

ਔਰਤਾਂ ਆਪਣੇ ਅਧਿਕਾਰ ਮੰਗਣ – ਚਾਵਲਾ

ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਦਾ ਕਹਿਣਾ ਹੈ ਕਿ ਔਰਤਾਂ ਨੂੰ ਆਪਣਾ ਅਧਿਕਾਰ ਮੰਗਣਾ ਚਾਹੀਦਾ ਹੈ। ਉਨ੍ਹਾਂ ਮਹਿਲਾ ਕਾਂਗਰਸ ਵੱਲੋਂ ਟਿਕਟਾਂ ਦੇਣ ਦੇ ਮਾਮਲੇ ਵਿਚ ਵਿਰੋਧ ਕੀਤੇ ਜਾਣ ’ਤੇ ਖੁਸ਼ੀ ਪ੍ਰ੍ਰਗਟ ਕਰਦਿਆਂ ਕਿਹਾ ਕਿ ਮਹਿਲਾ ਸਰਪੰਚਾਂ ਤੇ ਕੌਂਸਲਰਾਂ ਨੂੰ ਆਪਣੀ ਤਾਕਤ ਪਛਾਣਦੇ ਹੋਏ ਖ਼ੁਦ ਅੱਗੇ ਆਉਣਾ ਚਾਹੀਦਾ ਹੈ।

Related posts

ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ

editor

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖੀ ਪ੍ਰਚਾਰ ਲਈ ਸਿੱਖ ਮਿਸ਼ਨ ਕੀਤਾ ਗਿਆ ਕਾਰਜਸ਼ੀਲ

editor

ਆਪ ਸਰਕਾਰ ਨੇ ਪੰਜਾਬ ਨੂੰ ਕਰਜ਼ਾਈ ਕਰਕੇ ਵਿੱਤੀ ਵੈਂਟੀਲੇਟਰ ‘ਤੇ ਸੁੱਟਿਆ- ਮਜੀਠੀਆ

editor