Punjab

ਸਾਬਕਾ ਮੁੱਖ ਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਤੇ ਕੁਦਰਤਦੀਪ ਖ਼ਿਲਾਫ਼ ਹੁਣ ਇਸ ਮਾਮਲੇ ’ਚ ਐੱਫਆਈਆਰ ਦਰਜ

ਨਵਾਂਸ਼ਹਿਰ – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਨਾ-ਕਾਬਿਲ-ਏ-ਬਰਦਾਸ਼ਤ ਨੀਤੀ ਅਪਣਾਉਣ ਦੇ ਮੱਦੇਨਜ਼ਰ, ਪੰਜਾਬ ਪੁਲਿਸ ਨੇ ਅੱਜ ਕੁਦਰਤਦੀਪ ਸਿੰਘ ਉਰਫ ਲਵੀ ਅਤੇ ਉਸ ਦੇ ਸਹਿਯੋਗੀ ਭੁਪਿੰਦਰ ਸਿੰਘ ਉਰਫ ਹਨੀ ਵਿਰੁੱਧ ਸਾਲ 2017 ਦੌਰਾਨ ਮਲਿਕਪੁਰ ਮਾਈਨਿੰਗ ਸਾਈਟ ਖੇਤਰ ’ਚ ਕਥਿਤ ਤੌਰ ‘ਤੇ ਗ਼ੈਰ-ਕਾਨੂੰਨੀ ਮਾਈਨਿੰਗ ਕਰਨ ’ਤੇ ਐੱਫਆਈਆਰ ਦਰਜ ਕੀਤੀ ਹੈ। ਪੁਲਿਸ ਵੱਲੋਂ ਭੁਪਿੰਦਰ ਉਰਫ ਹਨੀ ਨੂੰ ਇਸ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਵੀ ਭੇਜਿਆ ਗਿਆ ਹੈ। ਜਦਕਿ ਕਪੂਰਥਲਾ ਜੇਲ੍ਹ ਵਿਚ ਬੰਦ ਕੁਦਰਤਦੀਪ ਨੂੰ ਮੰਗਲਵਾਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਨਵਾਂਸ਼ਹਿਰ ਲਿਆਂਦਾ ਜਾਵੇਗਾ। ਇਹ ਕਾਰਵਾਈ ਦੋ ਮਹੀਨੇ ਬਾਅਦ ਅਮਲ ਵਿਚ ਆਈ, ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਪੱਤਰ (ਮਿਤੀ 9 ਮਈ, 2022) ਰਾਹੀਂ ਐੱਸਐੱਸਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ 73 ਵੇਟਮੈਂਟ ਸਲਿੱਪਾਂ (ਮਿਤੀ 10/11/2017) ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਇਸ ਤੋਂ ਇਲਾਵਾ ਮਾਈਨਿੰਗ ਵਿਭਾਗ ਨੂੰ ਮਲਿਕਪੁਰ ਰੇਤ ਮਾਈਨਿੰਗ ਸਾਈਟ ਤੋਂ ਨਾਜਾਇਜ਼ ਮਾਈਨਿੰਗ ਰਾਹੀਂ ਅਧਿਕਾਰਤ ਮਿਕਦਾਰ ਤੋਂ ਵਧ ਰੇਤ ਬਰਾਮਦ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।ਜ਼ਿਕਰਯੋਗ ਹੈ ਕਿ ਸਾਲ 2021 ਦੇ ਅੰਤ ’ਚ ਡਾਇਰੈਕਟੋਰੇਟ ਆਫ ਇਨਫੋਰਸਮੈਂਟ ਜਲੰਧਰ ਨੇ ਭੁਪਿੰਦਰ ਸਿੰਘ ਉਰਫ ਹਨੀ ਅਤੇ ਕੁਦਰਤਦੀਪ ਸਿੰਘ ਉਰਫ ਲਵੀ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਈਡੀ ਨੇ ਫਿਰ ਵੱਖ-ਵੱਖ ਫ਼ਰਜ਼ੀ ਦਸਤਾਵੇਜ਼, ਡਿਜੀਟਲ ਉਪਕਰਣ ਅਤੇ ਮਲਿਕਪੁਰ ਰੇਤ ਮਾਈਨਿੰਗ ਸਾਈਟ ’ਤੇ ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਗਤੀਵਿਧੀਆਂ ਜ਼ਰੀਏ ਕਮਾਏ 9.97 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਸੀ। ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਈਡੀ ਦੇ ਪੱਤਰ ਤੋਂ ਬਾਅਦ, ਐੱਸਐੱਸਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਇਸ ਮਾਮਲੇ ਵਿਚ ਅਗਲੇਰੀ ਜਾਂਚ ਲਈ ਐਸਪੀ ਜਾਂਚ ਦੀ ਨਿਗਰਾਨੀ ਹੇਠ ਤੁਰੰਤ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਬੁਲਾਰੇ ਨੇ ਦੱਸਿਆ ਕਿ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ, ਐੱਸਆਈਟੀ ਨੇ ਪਾਇਆ ਕਿ ਦੋਵੇਂ ਮੁਲਜ਼ਮਾਂ ਨੇ ਰਾਜ ਪੱਧਰੀ ਵਾਤਾਵਰਨ ਅਥਾਰਟੀ ਪੰਜਾਬ ਦੁਆਰਾ ਜਾਰੀ ਵਾਤਾਵਰਨ ਕਲੀਅਰੈਂਸ ਦੇ ਪ੍ਰਬੰਧਾਂ ਦੀ ਉਲੰਘਣਾ ਕਰਦਿਆਂ ਉਸ ਖੇਤਰ ਵਿਚ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਗ਼ੈਰ-ਕਾਨੂੰਨੀ ਮਾਈਨਿੰਗ ਕੀਤੀ ਸੀ। ਬੁਲਾਰੇ ਨੇ ਕਿਹਾ ਕਿ ਮੁਲਜ਼ਮਾਂ ਨੇ 73 ਜਾਅਲੀ ਵੇਟਮੈਂਟ ਸਲਿੱਪਾਂ (ਮਿਤੀ 10.11.2017) ਦੀ ਵੀ ਵਰਤੋਂ ਕੀਤੀ ਵੀ ਪਾਈ ਗਈ, ਜੋ ਈਡੀ ਦੁਆਰਾ ਛਾਪੇਮਾਰੀ ਦੌਰਾਨ ਬਰਾਮਦ ਕੀਤੀਆਂ ਗਈਆਂ। ਪੁਲਿਸ ਨੂੰ ਮਾਈਨਿੰਗ ਵਿਭਾਗ ਨੂੰ ਰਿਪੋਰਟ ਕੀਤੇ ਗਏ ਰੇਤ ਤੋਂ ਵੱਧ ਉਤਪਾਦਨ ਦੇ ਵੇਰਵੇ ਵੀ ਮਿਲੇ ਹਨ ਜਿਸ ਦੀ ਪੁਸ਼ਟੀ ਮਾਈਨਿੰਗ ਵਿਭਾਗ ਨੇ ਆਪਣੇ ਪੱਤਰ ਮਿਤੀ 29.06.2022 ਰਾਹੀਂ ਕੀਤੀ ਸੀ, ਜਿਸ ਵਿਚ ਮਾਈਨਿੰਗ ਵਿਭਾਗ ਨੂੰ ਰੇਤ ਦੀ ਘੱਟ ਖੁਦਾਈ ਦਾ ਹਵਾਲਾ ਦਿੱਤਾ ਗਿਆ ਸੀ, ਜੋ ਕਿ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਦਾ ਕਾਰਨ ਹੈ। ਬੁਲਾਰੇ ਨੇ ਦੱਸਿਆ ਕਿ ਸਾਰੀ ਜਾਂਚ ਤੋਂ ਬਾਅਦ ਐੱਸਆਈਟੀ ਨੇ ਭੁਪਿੰਦਰ ਸਿੰਘ ਉਰਫ ਹਨੀ ਅਤੇ ਕੁਦਰਤਦੀਪ ਸਿੰਘ ਉਰਫ ਲਵੀ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਸਿਫਾਰਸ਼ ਕੀਤੀ। ਜ਼ਿਕਰਯੋਗ ਹੈ ਕਿ 18 ਜੁਲਾਈ, 2022 ਨੂੰ ਐੱਫਆਈਆਰ ਨੰਬਰ 73, ਮਾਈਨਜ ਐਂਡ ਮਿਨਰਲਜ਼ (ਵਿਕਾਸ ਅਤੇ ਨਿਯਮ) ਐਕਟ ਦੀਆਂ ਧਾਰਾਵਾਂ 21(1) ਅਤੇ 4(1), ਆਈਪੀਸੀ ਦੀ ਧਾਰਾ 379, 406, 420, 465, 468, 471 ਅਤੇ 120 ਬੀ ਅਤੇ ਵਾਤਾਵਰਣ ਸੁਰੱਖਿਆ ਐਕਟ ਦੀ ਧਾਰਾ 15 ਤਹਿਤ ਥਾਣਾ ਰਾਹੋਂ ਵਿਖੇ ਦਰਜ ਕੀਤੀ ਗਈ ਹੈ। ਮਾਮਲੇ ਦੀ ਅਗਲੇਰੀ ਜਾਂਚ ਲਈ ਐੱਸਪੀ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਨਵੀਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।

Related posts

ਅਮਿਤ ਸ਼ਾਹ ਅਤੇ ਭਗਵੰਤ ਮਾਨ ‘ਇਕੱਠੇ’ ; ਚੋਣਾਂ ਤੋਂ ਬਾਅਦ ਭਾਜਪਾ ਦੀ ਮਦਦ ਨਾਲ ਭਗਵੰਤ ਮਾਨ ਬਣਾਉਣਗੇ ‘ਆਪ’ ਪੰਜਾਬ ਪਾਰਟੀ  *ਰਾਮਪੁਰਾ ਫੂਲ ਦੀ ਚੋਣ ਰੈਲੀ ਚੋਂ ਮਲੂਕਾ ਨਦਾਰਦ

editor

ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ

editor

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

editor