Breaking News Latest News Punjab

ਚੰਨੀ ਨਾਲ ਰੰਧਾਵਾ ਤੇ ਸੋਨੀ ਨੇ ਸਹੁੰ ਚੁੱਕੀ: ‘ਜ਼ਖਮੀ ਸ਼ੇਰ’ ਦਾ ਡਰ ਸਤਾ ਰਿਹਾ ਕਾਂਗਰਸ ਹਾਈਕਮਾਂਡ ਨੂੰ !

ਫੋਟੋ: ਏ ਐੱਨ ਆਈ।

ਚੰਡੀਗੜ੍ਹ – ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ | ਉਨ੍ਹਾ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ ਪੀ ਸੋਨੀ ਨੇ ਵੀ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ । ਰਾਜ ਭਵਨ ਵਿਚ ਹੋਏ ਸਹੁੰ ਚੁੱਕ ਸਮਾਗਮ ‘ਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਣੇ ਕਈ ਵਿਧਾਇਕ ਵੀ ਹਾਜ਼ਰ ਸਨ | ਪੰਜਾਬ ਦੇ ਸਿਆਸੀ ਇਤਿਹਾਸ ‘ਚ ਪਹਿਲੀ ਵਾਰ ਕੋਈ ਦਲਿਤ ਆਗੂ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਿਆ ਹੈ | ਇਸ ਤੋਂ ਪਹਿਲਾਂ ਰਾਮਗੜ੍ਹੀਆ ਭਾਈਚਾਰੇ ਵਿੱਚੋਂ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਬਣੇ ਸਨ | ਚੰਨੀ ਕੈਪਟਨ ਸਰਕਾਰ ‘ਚ ਤਕਨੀਕੀ ਸਿੱਖਿਆ ਮੰਤਰੀ ਸਨ | ਸਹੁੰ ਚੁੱਕ ਸਮਾਗਮ ਖਤਮ ਹੋਣ ਤੋਂ ਕੁਝ ਹੀ ਮਿੰਟਾਂ ਬਾਅਦ ਰਾਹੁਲ ਗਾਂਧੀ ਵੀ ਰਾਜ ਭਵਨ ਪਹੁੰਚ ਗਏ ਤੇ ਉਨ੍ਹਾ ਚੰਨੀ ਸਣੇ ਸਹੁੰ ਚੁੱਕਣ ਵਾਲੇ ਤਿੰਨੋਂ ਆਗੂਆਂ ਨੂੰ ਵਧਾਈ ਦਿੱਤੀ | ਸਹੁੰ ਚੁੱਕਣ ਤੋਂ ਬਾਅਦ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਤਿੰਨੋਂ ਕੇਂਦਰੀ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ | ਉਨ੍ਹਾ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਤੈਅ 18 ਸੂਤਰੀ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਸਾਰੇ ਮਸਲਿਆਂ ਦਾ ਹੱਲ ਹੋਵੇਗਾ | ਉਨ੍ਹਾਂ ਛੋਟੇ ਘਰਾਂ (ਸ਼ਹਿਰੀ ਇਲਾਕਿਆਂ ਵਿਚ 150 ਜਾਂ 200 ਗਜ) ਲਈ ਮੁਫਤ ਪਾਣੀ ਦੀ ਸਪਲਾਈ, ਬਿਜਲੀ ਦਰਾਂ ਘਟਾਉਣ ਅਤੇ ਆਮ ਆਦਮੀ ਲਈ ਇਕ ਪਾਰਦਰਸ਼ੀ ਸਰਕਾਰ ਦੇਣ ਦਾ ਵਾਅਦਾ ਕੀਤਾ | ਉਨ੍ਹਾ ਕਿਹਾ ਕਿ ਇਹ ਵਾਅਦੇ ਪੂਰੇ ਕਰਨ ਲਈ ਫੈਸਲਾ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆ ਜਾਵੇਗਾ | ਉਨ੍ਹਾ ਸੂਬੇ ਵਿਚ ਮਾਫੀਆਂ ਨਾਲ ਸਖਤੀ ਨਾਲ ਨਿਪਟਣ ਦੀ ਗੱਲ ਵੀ ਕਹੀ | ਉਨ੍ਹਾ ਉਹ ਦਿਨ ਵੀ ਚੇਤੇ ਕੀਤੇ ਜਦੋਂ ਉਹ ਰਿਕਸ਼ਾ ਚਲਾਇਆ ਕਰਦੇ ਸਨ ਅਤੇ ਉਨ੍ਹਾ ਦੇ ਪਿਤਾ ਇਕ ਟੈਂਟ ਹਾਊਸ ਚਲਾਇਆ ਕਰਦੇ ਸਨ | ਚੰਨੀ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਨੇ ਇਕ ਗਰੀਬ ਨੂੰ ਮੁੱਖ ਮੰਤਰੀ ਬਣਾ ਕੇ ਵੱਡਾ ਮਾਣ ਦਿੱਤਾ ਹੈ | ਉਨ੍ਹਾ ਸਮੁੱਚੀ ਲੀਡਰਸ਼ਿਪ ਦੇ ਨਾਲ-ਨਾਲ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ | ਉਨ੍ਹਾ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਰਹਿੰਦੇ ਸਾਰੇ ਕੰਮ ਪੂਰੇ ਕਰਨਗੇ | ਉਨ੍ਹਾ ਇਹ ਵੀ ਕਿਹਾ—ਮੈਂ ਗਰੀਬਾਂ ਦਾ ਨੁਮਾਇੰਦਾ ਹਾਂ, ਚਾਹੇ ਉਹ ਕਿਸਾਨ ਹਨ, ਦੁਕਾਨਦਾਰ ਜਾਂ ਮਜ਼ਦੂਰ ਹਨ | ਮੈਂ ਆਪ ਰਿਕਸ਼ਾ ਚਲਾਇਆ ਹੈ | ਪੰਜਾਬ ਨੂੰ ਖੁਸ਼ਹਾਲ ਕਰਨਾ ਸਾਡਾ ਟੀਚਾ ਹੈ | ਪੰਜਾਬ ਖੇਤੀ ਪ੍ਰਧਾਨ ਸੂਬਾ ਹੈ | ਜੇ ਪੰਜਾਬ ਦੀ ਕਿਸਾਨੀ ‘ਤੇ ਆਂਚ ਆਈ ਤਾਂ ਆਪਣਾ ਗਲ ਵੱਢ ਕੇ ਦੇ ਦੇਵਾਂਗਾ | ਪੰਜਾਬ ਸਰਕਾਰ ਕਿਸਾਨ ਦੇ ਨਾਲ ਹੈ ਅਤੇ ਮੈਂ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦਾ ਹਾਂ | ਮੈਂ ਬਿਨਾਂ ਕਿਸੇ ਵੀ ਲਾਲਚ ਤੋਂ ਕਿਸਾਨਾਂ ਦੇ ਨਾਲ ਹਾਂ | ਉਨ੍ਹਾ ਇਹ ਵੀ ਕਿਹਾ ਕਿ ਰੇਤ ਦਾ ਬਿਜ਼ਨਸ ਕਰਨ ਵਾਲੇ ਉਨ੍ਹਾ ਨੂੰ ਨਾ ਮਿਲਣ | ਬਰਗਾੜੀ ਬਾਰੇ ਬੋਲਦਿਆਂ ਉਨ੍ਹਾ ਕਿਹਾ ਕਿ ਮੁੱਦੇ ਅੱਗੇ ਨਹੀਂ ਪਾਏ ਜਾਣਗੇ, ਜਲਦ ਹੱਲ ਕੀਤੇ ਜਾਣਗੇ ਤੇ ਜੋ ਸੰਵਿਧਾਨ ਦੇ ਅਨੁਸਾਰ ਹੋਵੇਗਾ, ਉਹੀ ਕੀਤਾ ਜਾਵੇਗਾ | ਚੰਨੀ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਵਿੱਤ ਵਿਭਾਗ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ 15% ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ | ਨੋਟੀਫਿਕੇਸ਼ਨ ਅਨੁਸਾਰ ਇਹ ਵਾਧਾ 31 ਦਸੰਬਰ 2015 ਤੋਂ ਬੇਸਿਕ ਪੇ ਜਮ੍ਹਾਂ 113% ਡੀ ਏ ਉੱਤੇ ਹੋਵੇਗਾ |

ਚੰਨੀ ਦੀ ਨਵੀਂ ਕੈਬਨਿਟ ‘ਚ ਕੈਪਟਨ ਸਰਕਾਰ ਦੇ ਚਾਰ ਮੰਤਰੀਆਂ ਦੀ ਨਹੀਂ ਹੋਵੇਗੀ ਵਾਪਸੀ,

ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ ’ਚ ਕਈ ਨੌਜਵਾਨ ਚਿਹਰੇ ਸ਼ਾਮਲ ਹੋ ਸਕਦੇ ਹਨ। ਉੱਥੇ, ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ’ਚ ਸ਼ਾਮਲ ਰਹੇ ਚਾਰ ਮੰਤਰੀਆਂ ਦੀ ਛੁੱਟੀ ਹੋਣੀ ਤੈਅ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ’ਚ ਸ਼ਾਮਲ ਰਹੇ ਸਾਧੂ ਸਿੰਘ ਧਰਮਸੋਤ, ਇੰਡਸਟਰੀਅਲ ਪਲਾਟ ਨੂੰ ਨਿੱਜੀ ਹੱਥਾਂ ’ਚ ਸਸਤੇ ਭਾਅ ਵੇਚਣ ਦੇ ਘੁਟਾਲੇ ’ਚ ਫਸੇ ਸੁੰਦਰ ਸ਼ਾਮ ਅਰੋੜਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਕਰੀਬੀ ਰਹੇ ਰਾਣਾ ਗੁਰਮੀਤ ਸਿੰਘ ਦੀ ਛੁੱਟੀ ਤੈਅ ਮੰਨੀ ਜਾ ਰਹੀ ਹੈ। ਉੱਥੇ, ਕਾਂਗਰਸ ਵਿਧਾਇਕ ਦਲ ਦੇ ਸਭ ਤੋਂ ਸੀਨੀਅਰ ਤੇ ਸੱਤ ਵਾਰ ਵਿਧਾਇਕ ਰਹੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਡਿਪਟੀ ਉਪ ਮੁੱਖ ਮੰਤਰੀ ਨਾ ਬਣਾਏ ਜਾਣ ਤੋਂ ਨਾਰਾਜ਼ ਹੋ ਗਏ ਹਨ। ਉਨ੍ਹਾਂ ਦੇ ਵੀ ਨਵੀਂ ਕੈਬਨਿਟ ’ਚ ਆਉਣ ਦੀ ਸੰਭਾਵਨਾ ਨਹੀਂ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ ’ਚ ਨੌਜਵਾਨ ਚਿਹਰਿਆਂ ਦੇ ਰੂਪ ’ਚ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਕੀਰਤ ਸਿੰਘ ਕੋਟਲੀ ਦੀ ਐਂਟਰੀ ਤੈਅ ਮੰਨੀ ਜਾ ਰਹੀ ਹੈ। ਦੋਵੇਂ ਹੀ ਵਿਧਾਇਕ ਸ਼ੁਰੂ ਤੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਚੱਲ ਰਹੇ ਸਨ। ਅੰਮ੍ਰਿਤਸਰ ਤੋਂ ਦਲਿਤ ਚਿਹਰਾ ਰਾਜ ਕੁਮਾਰ ਵੇਰਕਾ ਦਾ ਵੀ ਮੰਤਰੀ ਬਣਨਾ ਤੈਅ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਤੋਂ ਆਉਣ ਵਾਲੇ ਮਦਨ ਲਾਲ ਜਲਾਲਪੁਰ ਦੀ ਵੀ ਕੈਬਨਿਟ ’ਚ ਐਂਟਰੀ ਹੋ ਸਕਦੀ ਹੈ। ਜਲਾਲਪੁਰ ਉਹ ਵਿਧਾਇਕ ਹਨ, ਜੋ ਲੰਮੇ ਸਮੇਂ ਤੋਂ ਕੈਪਟਨ ਦਾ ਵਿਰੋਧ ਕਰ ਰਹੇ ਸਨ ਅਤੇ ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਬਣਨ ’ਤੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਵਧਾਈ ਦੇਣ ਲਈ ਸਿੱਧੂ ਦੇ ਘਰ ਪਹੁੰਚੇ ਸਨ। ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਵਿਜੈ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ ਨੂੰ ਨਵੀਂ ਕੈਬਨਿਟ ’ਚ ਮੌਕਾ ਮਿਲਣਾ ਤੈਅ ਹੈ। ਇਥੇ ਅਹਿਮ ਪਹਿਲੂ ਇਹ ਵੀ ਹੈ ਕਿ ਐਤਵਾਰ ਦੇਰ ਸ਼ਾਮ ਤਕ ਬ੍ਰਹਮ ਮਹਿੰਦਰਾ ਦਾ ਹਿੰਦੂ ਕੋਟੇ ਤੋਂ ਡਿਪਟੀ ਸੀਐੱਮ ਬਣਨਾ ਤੈਅ ਮੰਨਿਆ ਜਾ ਰਿਹਾ ਸੀ। ਪਰ ਆਖ਼ਰੀ ਸਮੇਂ ’ਚ ਨਵਜੋਤ ਸਿੰਘ ਸਿੱਧੂ ਦੇ ਦਖਲ ਤੋਂ ਬਾਅਦ ਉਨ੍ਹਾਂ ਦਾ ਪੱਤਾ ਕੱਟਿਆ ਗਿਆ। ਬ੍ਰਹਮ ਮਹਿੰਦਰਾ ਨੇ ਕਿਹਾ ਸੀ ਕਿ ਜਦੋਂ ਤਕ ਸਿੱਧੂ ਕੈਪਟਨ ਤੋਂ ਮਾਫ਼ੀ ਨਹੀਂ ਮੰਗਦੇ ਉਦੋਂ ਤਕ ਉਨ੍ਹਾਂ ਨੂੰ ਨਹੀਂ ਮਿਲਣਗੇ। ਡਿਪਟੀ ਸੀਐੱਮ ਨਾ ਬਣਾਏ ਜਾਣ ਤੋਂ ਮਹਿੰਦਰਾ ਨਾਰਾਜ਼ ਹੋ ਗਏ ਹਨ। ਕਿਉਂਕਿ ਉਹ ਪਾਰਟੀ ’ਚ ਸਭ ਤੋਂ ਸੀਨੀਅਰ ਵਿਧਾਇਕ ਹਨ ਅਤੇ ਹੁਣ ਉਹ ਆਪਣੇ ਜੂਨੀਅਰ ਵਿਧਾਇਕਾਂ ਨਾਲ ਐਡਜਸਟ ਨਹੀਂ ਹੋਣਾ ਚਾਹੁੰਦੇ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਉਹ ਚੰਨੀ ਦੀ ਨਵੀਂ ਕੈਬਨਿਟ ’ਚ ਸ਼ਾਮਲ ਨਹੀਂ ਹੋਣਗੇ। ਬ੍ਰਹਮਮਹਿੰਦਰਾ ਨੂੰ ਡਿਪਟੀ ਸੀ ਐੱਮ ਨਾ ਬਣਾਉਣ ਲਈ ਕੈਪਟਨ ਦੇ ਨਾਲ ਨਜ਼ਦੀਕੀਆਂ ਦਾ ਕਾਰਨ ਦੱਸਿਆ ਜਾ ਰਿਹਾ ਹੈ ਪਰ ਓ ਪੀ ਸੋਨੀ ਵੀ ਇਸੇ ਕੈਟਾਗਰੀ ‘ਚ ਆਉਂਦੇ ਹਨ, ਜਿਨ੍ਹਾਂ ਨੂੰ ਬਣਾ ਦਿੱਤਾ ਗਿਆ। ਇਸ ਨੂੰ ਅੰਮ੍ਰਿਤਸਰ ਵਿਚ ਪਾਵਰ ਬੈਲੰਸ ਕਰਨ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ ਕਿਉਂਕਿ ਸਿੱਧੂ ਵੀ ਅੰਮ੍ਰਿਤਸਰ ਨਾਲ ਸਬੰਧਤ ਹਨ ਅਤੇ ਸੋਨੀ ਦੇ ਰਿਸ਼ਤੇ ਉਨ੍ਹਾਂ ਨਾਲ ਜ਼ਿਆਦਾ ਬਿਹਤਰ ਨਹੀਂ ਰਹੇ, ਜਿਨ੍ਹਾਂ ਦਾ ਨਾਂ ਕਾਂਗਰਸ ‘ਚ ਮੌਜੂਦ ਸਿੱਧੂ ਵਿਰੋਧੀ ਕੈਂਪ ਵੱਲੋਂ ਅੱਗੇ ਕੀਤਾ ਗਿਆ ਹੈ। ਉੱਥੇ, ਨਵੀਂ ਕੈਬਨਿਟ ’ਚ ਅਰੁਣਾ ਚੌਧਰੀ ਅਤੇ ਰਜ਼ੀਆ ਸੁਲਤਾਨਾ ਦਾ ਕੱਦ ਵਧਣਾ ਵੀ ਤੈਅ ਮੰਨਿਆ ਜਾ ਰਿਹਾ ਹੈ। ਅਰੁਣਾ ਚੌਧਰੀ ਨਾ ਸਿਰਫ਼ ਚੰਨੀ ਦੀ ਰਿਸ਼ਤੇਦਾਰ ਹੈ, ਸਗੋਂ ਉਹ ਦਲਿਤ ਕੋਟੇ ਤੋਂ ਡਿਪਟੀ ਸੀਐੱਮ ਅਹੁਦੇ ਦੀ ਵੀ ਦਾਅਵੇਦਾਰ ਰਹੀ ਹੈ। ਅਹਿਮ ਪਹਿਲੂ ਇਹ ਹੈ ਕਿ ਜੇਕਰ ਸੁੰਦਰ ਸ਼ਾਮ ਅਰੋੜਾ ਨੂੰ ਨਵੀਂ ਕੈਬਨਿਟ ’ਚ ਸਥਾਨ ਨਹੀਂ ਦਿੱਤਾ ਜਾਂਦਾ ਤਾਂ ਦੁਆਬਾ ਨੂੰ ਕਿਵੇਂ ਨੁਮਾਇੰਦਗੀ ਦਿੱਤੀ ਜਾਵੇ, ਇਸ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਸੰਗਤ ਸਿੰਘ ਗਿਲਜ਼ੀਆਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵੀ ਹਨ। ਜੇਕਰ ਉਨ੍ਹਾਂ ਨੂੰ ਕੈਬਨਿਟ ’ਚ ਸਥਾਨ ਦਿੱਤਾ ਜਾਂਦਾ ਹੈ ਤਾਂ ਪਾਰਟੀ ਦੀਆਂ ਗਤੀਵਿਧੀਆਂ ’ਤੇ ਅਸਰ ਪੈ ਸਕਦਾ ਹੈ, ਕਿਉਂਕਿ ਗਿਲਜ਼ੀਆਂ ਕੋਲ ਦੁਆਬਾ ਦਾ ਚਾਰਜ ਹੈ।

ਚੰਨੀ ਸਾਹਮਣੇ 5 ਸੂਤਰੀ ਏਜੰਡੇ ਨੂੰ ਪੂਰਾ ਕਰਨ ਦੀ ਚੁਣੌਤੀ

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਮਸਲਿਆਂ ਨੂੰ ਹੱਲ ਕਰਨ ‘ਤੇ ਹਨ, ਜਿਨ੍ਹਾਂ ਨੂੰ ਲੈ ਕੇ ਚੰਨੀ ਖੁਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦੇ ਰਹੇ ਹਨ। ਉਂਝ ਤਾਂ ਕਾਂਗਰਸ ਹਾਈਕਮਾਨ ਦੇ 18 ਸੂਤਰੀ ਏਜੰਡੇ ਨੂੰ ਪੂਰਾ ਕਰਨਾ ਚੰਨੀ ਲਈ ਚੁਣੌਤੀ ਭਰਪੂਰ ਰਹੇਗਾ ਪਰ ਸਭ ਤੋਂ ਵੱਡੀ ਚੁਣੌਤੀ ਸਿੱਧੂ ਦੇ 5 ਸੂਤਰੀ ਏਜੰਡੇ ਨੂੰ ਪਹਿਲ ਦੇਣ ਦੀ ਰਹੇਗੀ। ਨਵਜੋਤ ਸਿੰਘ ਸਿੱਧੂ ਨੇ ਪੁਰਾਣੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ 27 ਜੁਲਾਈ 2021 ਨੂੰ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕਰ ਕੇ 5 ਸੂਤਰੀ ਏਜੰਡੇ ਦੀ ਕਾਪੀ ਸੌਂਪੀ ਸੀ। ਸਿੱਧੂ ਨੇ ਕਿਹਾ ਸੀ ਕਿ ਪੰਜਾਬ ਭਰ ਦੇ ਕਾਂਗਰਸ ਪਾਰਟੀ ਵਰਕਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਪੰਜਾਬ ਕਾਂਗਰਸ ਦੀ ਨਵੀਂ ਟੀਮ ਹਾਈਕਮਾਨ ਦੇ 18 ਸੂਤਰੀ ਏਜੰਡੇ ਵਿਚੋਂ 5 ਨੁਕਤੇ ਲਿਖਕੇ ਦੇ ਰਹੀ ਹੈ, ਜਿਨ੍ਹਾਂ ‘ਤੇ ਸਰਕਾਰ ਨੂੰ ਤੁਰੰਤ ਪਹਿਲ ਦੇ ਆਧਾਰ ‘ਤੇ ਕਾਰਵਾਈ ਕਰਨੀ ਚਾਹੀਦੀ ਹੈ। ਅਜਿਹੇ ਵਿਚ ਹੁਣ ਚੰਨੀ ਸਾਹਮਣੇ ਪਹਿਲ ਦੇ ਆਧਾਰ ‘ਤੇ ਇਨ੍ਹਾਂ ਨੁਕਤਿਆਂ ‘ਤੇ ਕਾਰਵਾਈ ਕਰਨ ਅਤੇ ਇਨ੍ਹਾਂ ਨੂੰ ਅਮਲ ਵਿਚ ਲਿਆਉਣ ਦੀ ਚੁਣੌਤੀ ਰਹੇਗੀ। ਖਾਸ ਗੱਲ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਹਨ ਜਾਂ ਇਸ ਤਰ੍ਹਾਂ ਕਹੀਏ ਸਿੱਧੂ ਖੇਮੇ ਦੇ ਮੰਨੇ ਜਾਂਦੇ ਹਨ। ਅਜਿਹੇ ਵਿਚ ਉਨ੍ਹਾਂ ‘ਤੇ ਇਨ੍ਹਾਂ ਨੁਕਤਿਆਂ ਨੂੰ ਪੂਰਾ ਕਰਨ ਦਾ ਜ਼ਿਆਦਾ ਦਬਾਅ ਰਹੇਗਾ।

ਇਹ 5 ਮੁੱਦੇ ਜੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਬਣਨਗੇ ਚੁਣੌਤੀ

1. ਪੰਜਾਬ ਦੇ ਲੋਕ ਪੰਜਾਬ ਦੀ ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੁਰਾ, ਬਹਿਬਲਕਲਾਂ ਵਿਚ ਹੋਈ ਪੁਲਸ ਗੋਲੀਬਾਰੀ ਦੇ ਮੁੱਖ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਦੇ ਰੂਪ ਵਿਚ ਇਨਸਾਫ ਮੰਗ ਰਹੇ ਹਨ।

2. ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਵਿਚ ਦਰਜ ਨਸ਼ਾ ਸਮੱਗਲਿੰਗ ਦੇ ਵੱਡੇ ਮਗਰਮੱਛਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਸਜ਼ਾ ਦਿੱਤੀ ਜਾਵੇ।

3. ਖੇਤੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਅਤੇ ਸਾਰੇ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸ ਲਈ ਪੰਜਾਬ ਸਰਕਾਰ ਤਿੰਨੇ ਖੇਤੀ ਕਾਨੂੰਨਾਂ ਦੀਆਂ ਕੁਝ ਧਾਰਾਵਾਂ ਵਿਚ ਸਿਰਫ ਸੋਧ ਦੀ ਸਿਫਾਰਿਸ਼ ਨਾ ਕਰੇ ਸਗੋਂ ਇਸ ਗੱਲ ਦਾ ਐਲਾਨ ਕਰੇ ਕਿ ਇਹ ਕਿਸੇ ਵੀ ਕੀਮਤ ‘ਤੇ ਪੰਜਾਬ ਵਿਚ ਲਾਗੂ ਨਹੀਂ ਹੋਣਗੇ।

4. 2017 ਦੀਆਂ ਚੋਣਾਂ ਮੌਕੇ ਨੁਕਸਦਾਰ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਲਈ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ਨੂੰ ਵੀ ਤੁਰੰਤ ਪੂਰਾ ਕਰਨਾ ਹੋਵੇਗਾ ਤਾਂ ਕਿ ਪੰਜਾਬ ਦੇ ਖਜ਼ਾਨੇ ਵਿਚ ਸੰਨ੍ਹ ਨਾ ਲੱਗੇ।

5. ਮੌਜੂਦਾ ਸਮੇਂ ਵਿਚ 20 ਤੋਂ ਜਿਆਦਾ ਅਧਿਆਪਕ, ਡਾਕਟਰ, ਨਰਸ, ਲਾਈਨਮੈਨ ਸਫਾਈ ਕਰਮਚਾਰੀ ਵਰਗੇ ਸੰਗਠਨ ਸੂਬੇ ਭਰ ਵਿਚ ਧਰਨੇ ਦੇ ਰਹੇ ਹਨ। ਇਸ ਲਈ ਸਭ ਦੀ ਸੁਣਨ ਲਈ ਤਿਆਰ ਅਤੇ ਸਰਬੱਤ ਦੇ ਭਲੇ ਦੀ ਖਾਤਰ ਕਦਮ ਚੁੱਕਣ ਵਾਲੀ ਲੀਡਰਸ਼ਿਪ ਦੀ ਜ਼ਰੂਰਤ ਹੈ। ਲਾਜ਼ਮੀ ਹੈ ਕਿ ਸਰਕਾਰ ਗੱਲਬਾਤ ਅਤੇ ਸਲਾਹ-ਮਸ਼ਵਰੇ ਦੇ ਦਰਵਾਜ਼ੇ ਖੋਲ੍ਹੇ ਅਤੇ ਆਪਣੇ ਵਿੱਤੀ ਸਾਧਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੁਰੰਤ ਕੁਝ ਕਰੇ।

ਕਾਂਗਰਸ ਹਾਈਕਮਾਂਡ ਨੂੰ ‘ਜ਼ਖਮੀ ਸ਼ੇਰ’ ਦਾ ਡਰ

ਪੰਜਾਬ ਵਿਚ ਸੰਗਠਨ ਦੇ ਨਾਲ-ਨਾਲ ਸਰਕਾਰ ਦਾ ਚਿਹਰਾ ਬਦਲਣ ਦੇ ਬਾਅਦ ਵੀ ਕਾਂਗਰਸ ਦੀ ਸਿਆਸੀ ਸਰਦਰਦੀ ਫਿਲਹਾਲ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ਨੂੰ ਚੋਣ ਚਿਹਰਾ ਦੱਸੇ ਜਾਣ ਨੂੰ ਲੈ ਕੇ ਪਾਰਟੀ ਦੇ ਇੰਚਾਰਜ ਜਨਰਲ ਸਕੱਤਰ ਹਰੀਸ਼ ਰਾਵਤ ’ਤੇ ਸੋਮਵਾਰ ਨੂੰ ਜਿਸ ਤਰ੍ਹਾਂ ਨਿਸ਼ਾਨਾ ਵਿੰਨਿ੍ਹਆ ਉਸ ਤੋਂ ਸਾਫ ਹੈ ਕਿ ਗੁਟਾਂ ਵਿਚ ਵੰਡੀ ਪੰਜਾਬ ਕਾਂਗਰਸ ਵਿਚ ਸਭ ਕੁਝ ਠੀਕ ਨਹੀਂ ਹੈ। ਜਾਖੜ ਦੇ ਇਨ੍ਹਾਂ ਤੇਵਰਾਂ ਦਾ ਸਹੀ ਅਸਰ ਰਿਹਾ ਕਿ ਕਾਂਗਰਸ ਲੀਡਰਸ਼ਿਪ ਨੂੰ ਸਫਾਈ ਦੇਣੀ ਪਈ ਕਿ ਅਗਲੀ ਚੋਣ ਵਿਚ ਪਾਰਟੀ ਦਾ ਚਿਹਰਾ ਸਿੱਧੂ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਹੋਣਗੇ। ਕਾਂਗਰਸ ਦੀ ਚਿੰਤਾ ਇੰਨੀ ਹੀ ਨਹੀਂ ਹੈ ਸਗੋਂ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਗਏ ਕੈਪਟਨ ਅਮਰਿੰਦਰ ਸਿੰਘ ਦੇ ਅਗਲੇ ਰਾਜਨੀਤਕ ਕਦਮ ਨੂੰ ਲੈ ਕੇ ਵੀ ਕਾਂਗਰਸ ਹਾਈਕਮਾਂਡ ਅਗਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਦੋਫ਼ਾੜ ਹੋਣ ਤੋਂ ਚਿੰੰਤਤ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਪ੍ਰੋਗਰਾਮ ਦੇ ਦਿਨ ਰਾਹੁਲ ਗਾਂਧੀ ਦੀ ਚੰਡੀਗੜ੍ਹ ਵਿਚ ਮੌਜੂਦਗੀ ਦੌਰਾਨ ਸੁਨੀਲ ਜਾਖੜ ਨੇ ਹਰੀਸ਼ ਰਾਵਤ ਦੇ ਬਿਆਨ ਨੂੰ ਜਿਸ ਅੰਦਾਜ਼ ਨਾਲ ਖਾਰਜ ਕਰ ਦਿੱਤਾ ਉਸ ਤੋਂ ਸਾਫ ਹੈ ਕਿ ਅਗਲੀ ਚੋਣ ਦੀ ਲੀਡਰਸ਼ਿਪ ਨੂੰ ਲੈ ਕੇ ਸੂਬਾ ਕਾਂਗਰਸ ਦਾ ਝਗੜਾ ਸਿਰਫ ਕੈਪਟਨ ਤਕ ਹੀ ਸੀਮਤ ਨਹੀਂ ਰਿਹਾ। ਮੁੱਖ ਮੰਤਰੀ ਅਹੁਦੇ ਦੀ ਦੌੜ ਵਿਚ ਪਿਛੜ ਗਏ ਜਾਖੜ ਦੇ ਤੇਵਰਾਂ ਦਾ ਸਿਆਸੀ ਸੁਨੇਹਾ ਇਹ ਵੀ ਹੈ ਕਿ ਭਾਵੇਂ ਕਾਂਗਰਸ ਹਾਈਕਮਾਨ ਸਿੱਧੂ ਨੂੰ ਅਗਲੇ ਮੁੱਖ ਮੰਤਰੀ ਵਜੋਂ ਦੇਖ ਰਹੀ ਹੋਵੇ ਪਰ ਸੂਬਾ ਕਾਂਗਰਸ ਦੇ ਪੁਰਾਣੇ ਦਿਗਜ ਇੰਨੀ ਸਹਿਜਤਾ ਨਾਲ ਸਾਬਕਾ ਕ੍ਰਿਕਟਰ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਹਨ। ਜਾਖੜ ਦੇ ਇਸ ਬਿਆਨ ਦੇ ਸਿਆਸੀ ਸੁਨੇਹੇ ਵਿਚ ਭਵਿੱਖ ਦੀ ਚਿੰਤਾ ਭਾਂਪਦੇ ਹੋਏ ਹੀ ਕਾਂਗਰਸ ਹਾਈਕਮਾਨ ਨੇ ਰਾਵਤ ਦੇ ਬਿਆਨ ’ਤੇ ਸਫਾਈ ਜਾਰੀ ਕੀਤੀ। ਕਾਂਗਰਸ ਮੀਡੀਆ ਵਿਭਾਗ ਦੇ ਪ੍ਰਮੁੱਖ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਰਾਵਤ ਦੇ ਬਿਆਨ ਨੂੰ ਸਹੀ ਤਰੀਕੇ ਨਾਲ ਨਹੀਂ ਲਿਆ ਗਿਆ। ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਪਾਰਟੀ ਸਿੱਧੂ ਨਾਲ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਚੋਣ ਲੜੇਗੀ। ਪੰਜਾਬ ਸਰਕਾਰ ਤੇ ਸੰਗਠਨ ਦੇ ਨਵੇਂ ਚਿਹਰੇ ਨੂੰ ਸੰਭਾਲਣ ਦੀ ਕਵਾਇਦ ਵਿਚ ਜੁੜੀ ਪਾਰਟੀ ਹਾਈਕਮਾਂਡ ਇਸ ਡਰ ਨਾਲ ਵੀ ਚਿੰਤਤ ਹੈ ਕਿ ਜਿਸ ਤਰ੍ਹਾਂ ਸਿਆਸੀ ਆਪ੍ਰੇਸ਼ਨ ’ਤੇ ਅਮਰਿੰਦਰ ਦੀ ਵਿਦਾਈ ਦੀ ਰਾਹ ਕੱਢੀ ਗਈ ਉਸ ਤੋਂ ਦੁਖੀ ਕੈਪਟਨ ਪਲਟਵਾਰ ਵੀ ਕਰ ਸਕਦੇ ਹਨ। ਇਸ ਲਈ ਕਾਂਗਰਸ ਲੀਡਰਸ਼ਿਪ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਹੈ ਕਿ ਅਜਿਹੇ ਰਾਜਨੀਤਕ ਫੈਸਲਿਆਂ ਤੋਂ ਬਚਿਆ ਜਾਵੇ ਜਿਸ ਨਾਲ ਕੈਪਟਨ ਨੂੰ ਜ਼ਖ਼ਮੀ ਸ਼ੇਰ ਵਜੋਂ ਮੈਦਾਨ ਵਿਚ ਆਉਣ ਦਾ ਮੌਕਾ ਮਿਲੇ। ਇਹੀ ਵਜ੍ਹਾ ਹੈ ਕਿ ਸਿੱਧੂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ। ਕੈਪਟਨ ਨੇ ਅਸਤੀਫਾ ਦੇਣ ਤੋਂ ਬਾਅਦ ਸਾਫ ਐਲਾਨ ਕਰ ਦਿੱਤਾ ਸੀ ਕਿ ਸਿੱਧੂ ਨੂੰ ਜੇਕਰ ਕਮਾਨ ਦਿੱਤੀ ਗਈ ਤਾਂ ਉਹ ਇਸਦਾ ਖੁੱਲ੍ਹ ਕੇ ਵਿਰੋਧ ਕਰਨਗੇ। ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਕੈਪਟਨ ਨੂੰ ਇਹ ਮੌਕਾ ਤਾਂ ਨਹੀਂ ਦਿੱਤਾ, ਪਰ ਇਸਦੇ ਬਾਵਜੂਦ ਪਾਰਟੀ ਦੇ ਮੁੱਢਲੇ ਸਿਆਸੀ ਗਲਿਆਰਿਆਂ ਵਿਚ ਇਸ ਡਰ ਤੋਂ ਨਾਂਹ ਨਹੀਂ ਕੀਤੀ ਜਾ ਰਹੀ ਕਿ ਅਮਰਿੰਦਰ ਨੇ ਪਾਰਟੀ ਤੋਂ ਵੱਖਰੇ ਹੋਣ ਦੀ ਰਾਹ ਫੜੀ ਤਾਂ ਚੋਣ ਨੇੜੇ ਆਉਣ ’ਤੇ ਕਾਂਗਰਸ ਲਈ ਚੁਣੌਤੀਆਂ ਹੋਰ ਵਧਣਗੀਆਂ।

57 ਸਾਲਾਂ ਬਾਅਦ ‘ਮਾਝੇ’ ਦੀ ਹੋਈ ਸੁਣਵਾਈ, 2 ਉਪ-ਮੁੱਖ ਮੰਤਰੀਆਂ ਦੇ ਰੂਪ ‘ਚ ਮਿਲੀ ਨੁਮਾਇੰਦਗੀ

ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਅੰਦਰ ਹੁਣ ਤੱਕ ਮੁੱਖ ਮੰਤਰੀ ਦੀ ਕੁਰਸੀ ‘ਤੇ ਹਮੇਸ਼ਾ ਮਾਲਵਾ ਖੇਤਰ ਦੇ ਆਗੂਆਂ ਦਾ ਪ੍ਰਭਾਵ ਰਿਹਾ ਹੈ। ਮਾਝੇ ਨਾਲ ਸਬੰਧਿਤ ਪ੍ਰਤਾਪ ਸਿੰਘ ਕੈਰੋਂ ਹੀ ਮਾਝੇ ਨਾਲ ਸਬੰਧਿਤ ਅਜਿਹੇ ਆਗੂ ਸਨ, ਜਿਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ, ਜਦਕਿ ਬਾਅਦ ‘ਚ ਇਕ ਵਾਰ ਵੀ ਇਸ ਖੇਤਰ ਦੇ ਕਿਸੇ ਆਗੂ ਦੇ ਸਿਰ ‘ਤੇ ਮੁੱਖ ਮੰਤਰੀ ਦਾ ਤਾਜ ਨਹੀਂ ਸਜਿਆ ਪਰ ਹੁਣ ਮਾਝੇ ਨਾਲ ਸਬੰਧਿਤ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ। ਪੀ। ਸੋਨੀ ਦੇ ਰੂਪ ਵਿਚ ਮਾਝੇ ਨੂੰ ਦੋ ਉਪ-ਮੁੱਖ ਮੰਤਰੀ ਮਿਲਣ ਕਾਰਨ ਕਰੀਬ 57 ਸਾਲਾਂ ਬਾਅਦ ਮਾਝਾ ਖੇਤਰ ਨੂੰ ਸਰਕਾਰ ‘ਚ ਅਹਿਮ ਨੁਮਾਇੰਦਗੀ ਮਿਲੀ ਹੈ।
ਮਾਝੇ ਨਾਲ ਸਬੰਧਿਤ ਹਨ 25 ਸੀਟਾਂ
ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਕੁਲ 117 ਵਿਧਾਨ ਸਭਾ ਸੀਟਾਂ ‘ਚੋਂ ਕਰੀਬ 69 ਸੀਟਾਂ ਇਕੱਲੇ ਮਾਲਵਾ ਖੇਤਰ ਨਾਲ ਸਬੰਧਿਤ ਹਨ, ਜਦਕਿ 23 ਸੀਟਾਂ ਦੋਆਬਾ ‘ਚ ਹਨ ਅਤੇ ਮਾਝੇ ਖੇਤਰ ‘ਚ 25 ਸੀਟਾਂ ਹਨ। 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ‘ਤੇ ਪੰਜਾਬ ਦੇ ਪੁਨਰਗਠਨ ਉਪਰੰਤ ਹੁਣ ਤੱਕ ਬਣੇ 15 ਮੁੱਖ ਮੰਤਰੀ ਮਾਲਵੇ ਨਾਲ ਹੀ ਸਬੰਧਿਤ ਰਹੇ ਹਨ ਪਰ ਬੀਤੇ ਕੱਲ੍ਹ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਬਣਾਏ ਜਾਣ ਦੀਆਂ ਖ਼ਬਰਾਂ ਵਾਇਰਲ ਹੋਣ ਤੋਂ ਬਾਅਦ ਇਕ ਵਾਰ ਸਮੁੱਚੇ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਅੰਦਰ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਪਰ ਹਾਈਕਮਾਨ ਵੱਲੋਂ ਬਦਲੇ ਫ਼ੈਸਲੇ ਨੇ ਮਾਝੇ ਦੇ ਲੋਕਾਂ ਨੂੰ ਦਿਸੀ ਉਮੀਦ ਦੀ ਕਿਰਨ ਮੁੜ ਫਿੱਕੀ ਪਾ ਦਿੱਤੀ।
1956 ਤੋਂ 1964 ਦੌਰਾਨ ਮਾਝੇ ਦੇ ਪ੍ਰਤਾਪ ਸਿੰਘ ਕੈਰੋਂ ਸਿਰ ਸਜਿਆ ਸੀ ਮੁੱਖ ਮੰਤਰੀ ਦਾ ਤਾਜ
ਪੰਜਾਬ ਦੇ ਪੁਨਰਗਠਨ ਤੋਂ ਪਹਿਲਾਂ ਮਾਝੇ ਨਾਲ ਸਬੰਧਿਤ ਉੱਘੇ ਸਿਆਸਤਦਾਨ ਪ੍ਰਤਾਪ ਸਿੰਘ ਕੈਰੋਂ 23 ਜਨਵਰੀ 1956 ਤੋਂ 21 ਜੂਨ 1964 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ। ਉਸ ਮੌਕੇ ਉਨ੍ਹਾਂ ਵੱਲੋਂ ਲਏ ਗਏ ਫੈਸਲੇ ਅਤੇ ਇਸ ਖੇਤਰ ਲਈ ਕੀਤੇ ਕੰਮਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਉਨ੍ਹਾਂ ਤੋਂ ਬਾਅਦ ਪੰਜਾਬ ਦੇ ਸਿਆਸੀ ਹਾਲਾਤ ‘ਚ ਕਈ ਤਰ੍ਹਾਂ ਦੇ ਬਦਲਾਅ ਆਏ ਪਰ ਇਸ ਖੇਤਰ ਦੇ ਕਿਸੇ ਆਗੂ ਨੂੰ ਮੁੜ ਮੁਖ ਮੰਤਰੀ ਦੀ ਕੁਰਸੀ ਨਸੀਬ ਨਹੀਂ ਹੋਈ। ਪੰਜਾਬ ਦੇ ਪੁਨਰਗਠਨ ਤੋਂ ਬਾਅਦ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਪਹਿਲੇ ਮੁੱਖ ਮੰਤਰੀ ਬਣੇ ਸਨ। ਉਹ ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ ਸਨ। 1967 ‘ਚ ਹੋਈਆਂ ਚੋਣਾਂ ਤੋਂ ਬਾਅਦ ਅਕਾਲੀ ਦਲ ਦੇ ਪਹਿਲੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਮਾਲਵਾ ਖੇਤਰ ਦੇ ਕਿਲ੍ਹਾ ਰਾਏਪੁਰ ਤੋਂ ਨਾਮਜ਼ਦ ਹੋਏ ਸਨ। ਸੂਬੇ ਦੇ ਦੂਸਰੇ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਵੀ ਮਾਲਵਾ ਖੇਤਰ ਦੇ ਧਰਮਕੋਟ ਹਲਕੇ ਤੋਂ ਚੁਣੇ ਗਏ ਸਨ। ਇਨ੍ਹਾਂ ਤੋਂ ਇਲਾਵਾ ਗਿਆਨੀ ਜ਼ੈਲ ਸਿੰਘ, ਪ੍ਰਕਾਸ਼ ਸਿੰਘ ਬਾਦਲ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਹੁਣ ਤੱਕ ਦੇ ਸਾਰੇ ਮੁੱਖ ਮੰਤਰੀ ਮਾਲਵਾ ਖੇਤਰ ਨਾਲ ਹੀ ਸਬੰਧਿਤ ਰਹੇ ਹਨ। ਹੁਣ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਵੀ ਖਰੜ ਦੇ ਰਹਿਣ ਵਾਲੇ ਹਨ, ਜੋ ਹਲਕਾ ਚਮਕੌਰ ਸਾਹਿਬ ਤੋਂ ਵਿਧਾਇਕ ਹਨ।

ਜੇ 2022 ‘ਚ ਚੰਨੀ ਹੋਣਗੇ ਮੁੱਖ ਮੰਤਰੀ ਦਾ ਚਿਹਰਾ ਤਾਂ ਸਿੱਧੂ ਕੀ ਕਰਨਗੇ

ਪੰਜਾਬ ‘ਚ ਮੁੱਖ ਮੰਤਰੀ ਬਦਲਣ ਦੇ ਨਾਲ ਹੀ ਇਸ ਗੱਲ ਨੂੰ ਲੈ ਕੇ ਘਮਸਾਣ ਸ਼ੁਰੂ ਹੋ ਗਿਆ ਹੈ ਕਿ 2022 ‘ਚ ਕਾਂਗਰਸ ਵੱਲੋਂ ਸੀ ਐੱਮ ਦਾ ਚਿਹਰਾ ਕੌਣ ਹੋਵੇਗਾ। ਇਹ ਗੱਲ ਹੁਣ ਕਿਸੇ ਤੋਂ ਲੁਕੀ ਨਹੀਂ ਹੈ ਕਿ ਨਵਜੋਤ ਸਿੱਧੂ ਦੀ ਲੜਾਈ ਸਿੱਧੇ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਸੀ, ਜਿਸ ਵਿਚ ਉਹ ਕਾਮਯਾਬ ਹੋ ਗਏ ਹਨ। ਹਾਲਾਂਕਿ ਖੁਦ ਸਿੱਧੂ ਵੀ ਸੀ ਐੱਮ ਲਈ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ ਪਰ ਕੈਪਟਨ ਖੇਮੇ ਵੱਲੋਂ ਬਗਾਵਤ ਕਰਨ ਦੇ ਡਰੋਂ ਹਾਲ ਦੀ ਘੜੀ ਉਨ੍ਹਾਂ ਨੂੰ ਪਿੱਛੇ ਰੱਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਛਿੜੀ ਚਰਚਾ ਦੇ ਮੱਦੇਨਜ਼ਰ ਕਾਂਗਰਸ ਹਾਈਕਮਾਨ ਡੈਮੇਜ਼ ਕੰਟਰੋਲ ‘ਚ ਜੁਟ ਗਈ ਹੈ, ਜਿਸ ਦੇ ਤਹਿਤ ਖੁਦ ਰਣਦੀਪ ਸੂਰਜੇਵਾਲਾ ਨੇ ਸਾਫ ਕੀਤਾ ਹੈ ਕਿ 2022 ਦੇ ਵਿਧਾਨ ਸਭਾ ਚੋਣ ਵਿਚ ਚੰਨੀ ਹੀ ਕਾਂਗਰਸ ਵੱਲੋਂ ਸੀ। ਐੱਮ। ਦਾ ਚਿਹਰਾ ਹੋਣਗੇ। ਇਸ ਨੂੰ ਉਨ੍ਹਾਂ ਨੇ ਦਲਿਤਾਂ ਦੀ ਨਾਰਾਜ਼ਗੀ ਤੋਂ ਬਚਣ ਦੀ ਕਵਾਇਦ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਖੁਸ਼ ਕਰਨ ਲਈ ਚੰਨੀ ਨੂੰ ਬਣਾਇਆ ਗਿਆ ਹੈ ਪਰ ਇਸ ਤੋਂ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਜੇਕਰ ਚੰਨੀ ਹੀ ਕਾਂਗਰਸ ਦੀ ਅਗਵਾਈ ਕਰਨਗੇ ਤਾਂ ਫਿਰ ਸਿੱਧੂ ਦੇ ਸੀ ਐੱਮ ਬਣਨ ਦੇ ਸੁਪਨੇ ਦਾ ਕੀ ਹੋਵੇਗਾ? ਕਾਂਗਰਸ ਵੱਲੋਂ ਜਿਸ ਤਰ੍ਹਾਂ ਮੁੱਖ ਮੰਤਰੀ ਬਣਾਉਣ ਲਈ ਸੁਖਜਿੰਦਰ ਰੰਧਾਵਾ ਦੀ ਜਗ੍ਹਾ ਚਰਨਜੀਤ ਚੰਨੀ ਦਾ ਨਾਂ ਫਾਈਨਲ ਕੀਤਾ ਗਿਆ ਹੈ। ਉਸ ਦੇ ਪਿੱਛੇ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਦੱਸੀ ਜਾ ਰਹੀ ਹੈ ਕਿਉਂਕਿ ਸਿੱਧੂ ਖੁਦ ਸੀ ਐੱਮ ਨਹੀਂ ਬਣ ਸਕੇ ਅਤੇ ਜੇਕਰ ਰੰਧਾਵਾ ਨੂੰ ਕੁਰਸੀਂ ਮਿਲ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਚੰਗਾ ਕੰਮ ਕਰਨ ਜਾਂ ਕਾਂਗਰਸ ‘ਚ ਮਜ਼ਬੂਤ ਪਕੜ ਬਣਾਉਣ ਕਾਰਨ 2022 ‘ਚ ਉਨ੍ਹਾਂ ਦਾ ਨਾਂ ਪਿੱਛੇ ਕਰਨਾ ਮੁਸ਼ਕਿਲ ਹੋ ਸਕਦਾ ਸੀ, ਜਿਸ ਦੇ ਮੱਦੇਨਜ਼ਰ ਚੰਨੀ ਨੂੰ ਆਉਣ ਵਾਲੇ ਸਮੇਂ ਦੌਰਾਨ ਆਸਾਨੀ ਨਾਲ ਸਾਈਡ ਲਾਈਨ ਕਰਨ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ

ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿੱਚ ਦਲਿਤ ਚਿਹਰਾ ਮੁੱਖ ਮੰਤਰੀ ਬਣਿਆ ਹੈ ਪਰ ਇਸ ਵਿਚਾਲੇ ਵਿਰੋਧੀਆਂ ਨੇ ਕਾਂਗਰਸ ਤੇ ਇਲਜ਼ਾਮ ਲਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਇਸ ਵਿਚਕਾਰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਕਾਂਗਰਸੀ ਨੇਤਾ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਵਿਰੋਧ ਕੀਤਾ ਹੈ। ਰੇਖਾ ਸ਼ਰਮਾ ਨੇ ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਉਨ੍ਹਾਂ ‘ਤੇ ਲੱਗੇ ‘ਮੀ-ਟੂ’ ਦੇ ਦੋਸ਼ਾਂ ਕਾਰਨ ਅਸਤੀਫਾ ਮੰਗਿਆ ਹੈ। ਰੇਖਾ ਸ਼ਰਮਾ ਨੇ ਕਿਹਾ ਕਿ ਪਾਰਟੀ (ਕਾਂਗਰਸ) ਜਿਸ ਦੀ ਅਗਵਾਈ ਅੱਜ ਇੱਕ ਔਰਤ ਕਰ ਰਹੀ ਹੈ, ਨੇ ਚਰਨਜੀਤ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਇਹ ਬਹੁਤ ਹੀ ਖਤਰਨਾਕ ਚੀਜ਼ ਹੈ ਅਤੇ ਉਸ ਵਿਰੁੱਧ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਉਹ ਮੁੱਖ ਮੰਤਰੀ ਬਣਨ ਦੇ ਯੋਗ ਨਹੀਂ ਹੈ। ਰੇਖਾ ਸ਼ਰਮਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਚਰਨਜੀਤ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਰੇਖਾ ਸ਼ਰਮਾ ਨੇ ਕਿਹਾ, 2018 ਵਿੱਚ ਮੀ ਟੂ ਦੌਰਾਨ ਉਨ੍ਹਾਂ (ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ) ਦੇ ਖਿਲਾਫ ਦੋਸ਼ ਲਗਾਏ ਗਏ ਸਨ। ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਸੀ ਅਤੇ ਸਪੀਕਰ ਉਸ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠ ਗਏ ਪਰ ਅਜਿਹਾ ਕੁਝ ਨਹੀਂ ਹੋਇਆ। ਕੱਲ੍ਹ, ਭਾਜਪਾ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਕਾਂਗਰਸ’ ਤੇ ਚੁਟਕੀ ਲੈਂਦਿਆਂ ਦੋਸ਼ ਲਾਇਆ ਸੀ ਕਿ ਇੱਕ ਆਈਏਐਸ ਅਧਿਕਾਰੀ ਨੂੰ 2018 ਵਿੱਚ ਅਣਉਚਿਤ ਟੈਕਸਟ ਮੈਸੇਜ਼ ਭੇਜਿਆ ਸੀ। ਇਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸੂਬਾ ਸਰਕਾਰ ਨੂੰ ਰਿਪੋਰਟ ਮੰਗਦੇ ਹੋਏ ਕਾਰਵਾਈ ਕਰਨ ਲਈ ਕਿਹਾ ਸੀ। ਚੰਨੀ ਉਸ ਸਮੇਂ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸਨ। ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ, ਇੱਕ ਵਾਰ ਫਿਰ ਬਹੁਤ ਸਾਰੇ ਲੋਕ ਇਸ ਮੁੱਦੇ ਨੂੰ ਉਠਾ ਰਹੇ ਹਨ।

ਮਹਿਲਾਵਾਂ ਨੂੰ ਛੇੜਨ ਵਾਲਾ ਛੰ ਚੰਨੀ ਬਸਪਾ ਨੂੰ ਸਵੀਕਾਰ ਨਹੀਂ: ਜਸਵੀਰ ਗੜ੍ਹੀ

ਕਾਂਗਰਸ ਵੱਲੋਂ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਲਗਉਣ ‘ਤੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਗੜ੍ਹੀ ਨੇ ਸਵਾਲ ਖੜ੍ਹੇ ਕੀਤੇ ਹਨ। ਜਸਵੀਰ ਸਿੰਘ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਗਾਉਣਾ ਕਾਂਗਰਸ ਦਾ ਮਹਿਜ਼ ਇੱਕ ਸਿਆਸੀ ਸਟੰਟ ਹੈ। ਗੜ੍ਹੀ ਨੇ ਕਿਹਾ ਕਿ ਦਲਿਤ ਲੋਕਾਂ ਦੀਆਂ ਵੋਟਾਂ ਦੀ ਭਾਲ ਵਿੱਚ ਕਾਂਗਰਸ ਵੱਡੀ ਭੁੱਲ ਕਰ ਗਈ ਹੈ। ਜੇਕਰ ਸੱਚ ਵਿੱਚ ਕਾਂਗਰਸ ਦਲਿਤਾਂ ਦੀ ਆਵਾਜ਼ ਉਠਾਉਣਾ ਚਾਹੁੰਦੀ ਤਾਂ ਮੁੱਖ ਮੰਤਰੀ 5 ਸਾਲ ਲਈ ਲਾਉਣਾ ਸੀ। ਹੁਣ ਜਦੋਂ ਵਿਧਾਨ ਸਭਾ ਚੋਣਾਂ ਨੂੰ ਚਾਰ ਮਹੀਨੇ ਦਾ ਸਮਾਂ ਬਚਿਆ ਹੈ ਅਜਿਹੇ ਵਿੱਚ ਦਲਿਤ ਸੀ। ਐੱਮ ਲਗਾਉਣ ਦਾ ਕੋਈ ਤੱਥ ਨਹੀਂ ਰਹਿੰਦਾ। ਜਸਵੀਰ ਗੜ੍ਹੀ ਨੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਗੁਜਾਰੀ ‘ਤੇ ਸਵਾਲ ਵੀ ਖੜ੍ਹੇ ਕੀਤੇ। ਗੜ੍ਹੀ ਨੇ ਕਿਹਾ ਕਿ ਅੱਜ ਪੰਜਾਬ ਅਜਿਹੇ ਮਾੜੇ ਦਿੰਨਾਂ ਵਿੱਚੋਂ ਗੁਜ਼ਰ ਰਿਹਾ ਹੈ ਕਿ ਜਿਸ ਵਿਅਕਤੀ ‘ਤੇ ਬਤੌਰ ਕੈਬਿਨੇਟ ਦਾ ਮੰਤਰੀ ਰਹਿੰਦੇ ਮਹਿਲਾ ਅਫ਼ਸਰ ਨੂੰ ਅਸ਼ਲੀਲ ਮੈਸਜ ਭੇਜਣ ਦੇ ਇਲਜ਼ਾਮ ਲੱਗੇ ਹੋਣ ਉਸ ਨੂੰ ਮੁੱਖ ਮੰਤਰੀ ਬਣਾਉਨਾ ਕਾਂਗਰਸ ਲਈ ਬਹੁਤ ਮੰਦਭਾਗਾ ਹੈ। ਜਸਵੀਰ ਗੜ੍ਹੀ ਨੇ ਸੋਸ਼ਲ ਮੀਡੀਆ ‘ਤੇ ਚਰਨਜੀਤ ਸਿੰਘ ਚੰਨੀ ਦੀ ਵਾਇਰਲ ਹੋ ਰਹੀ ਇੱਕ ਫੋਟੋ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਅਤੇ ਕਾਂਗਰਸ ਨੂੰ ਘੇਰਣ ਦੀ ਕੋਸ਼ਿਸ਼ ਕੀਤੀ।

Related posts

ਸੂਬੇ ’ਚ  344472 ਦਿਵਿਆਂਗਜਨਾਂ ਨੂੰ ਯੂਡੀਆਈਡੀ ਕਾਰਡ ਜਾਰੀ: ਡਾ. ਬਲਜੀਤ ਕੌਰ

editor

ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਜੇਲ੍ਹਾਂ ਦਾ ਦੌਰਾ ਮਹਿਲਾ ਕੈਦੀਆਂ ਦੇ ਜੀਵਨ ਵਿੱਚ ਵੱਡਾ ਬਦਲਾਅ ਲਿਆਵੇਗਾ: ਰਾਜ ਲਾਲੀ ਗਿੱਲ

editor

ਖਤਰਨਾਕ ਕੀਟਨਾਸ਼ਕਾਂ ਅਤੇ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਦਾ ਸਮਾਂ ਆਇਆ: ਕੁਲਤਾਰ ਸਿੰਘ ਸੰਧਵਾਂ

editor