Articles

ਅਧਿਆਪਕ ਦਾ ਕੱਦ !

ਲੇਖਕ: ਹਰਬੰਸ ਸਿੰਘ ਸੰਧੂ, ਰਿਟਾ. ਡੀ. ਪੀ. ਆਈ ਪੰਜਾਬ, ਮੈਲਬੌਰਨ

ਸਿਰਜਣਾਤਮਕ ਸਿਖਿਆ ਸੰਸਾਰ ਦੇ ਸੰਚਾਲਕ ਡਾ. ਕੁਲਦੀਪ ਵੱਲੋ ਨਵੇ ਸਾਲ ਤੇ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਚੰਗਾ ਲੱਗਾ ਜਦੋ ਉਹਨਾ ਦੱਸਿਆ ਕਿ ਅਧਿਆਪਕ ਦਾ ਕੱਦ ਬੱਚੇ ਦੇ ਮਿਆਰ ਦਾ ਹੋਣਾ ਚਾਹੀਦਾ ਹੈ। ਜਦੋ ਵੀ ਬੱਚਾ ਫੇਲ ਹੁੰਦਾ ਹੈ,ਅਸਲ ਵਿਚ ਅਧਿਆਪਕ ਫੇਲ ਹੁੰਦਾ ਹੈ।ਆਮ ਸੋਚਿਆ ਸਾਇਦ ਇਹ ਗੱਲ ਸਾਰਥਿਕ ਨਾ ਲੱਗੇ ਪਰ ਹੈ ਇਹ ਅਸਲ ਸਚਾਈ। ਵੇਖਿਆ ਹੈ ਕਿ ਕਈ ਉਚੀਆਂ ਡਿਗਰੀਆਂ ਚੁੱਕੀ ਫਿਰਦੇ ਅਧਿਆਪਕ ਬੱਚਿਆਂ ਦੀ ਚਾਹਤ ਦੇ ਮਿਆਰ ਤੇ ਨੀਵੇ ਰਹਿ ਜਾਂਦੇ ਹਨ। ਇਹ ਵੀ ਦੇਖਿਆ ਹੈ ਕਿ ਸਕੂਲ ਸਟਾਫ ਵਿਚ ਕਈ ਵਾਰ ਝਗੜੇ ਕੁਝ ਅਧਿਆਪਕਾਂ ਦੀ ਸੋਚ ਬੱਚਿਆ  ਦੇ ਮਿਆਰ ਦੀ ਨਾ ਹੋਣ ਕਾਰਨ ਹੋ ਜਾਂਦੇ ਹਨ।ਕਈ ਵਾਰ ਬੱਚਿਆ ਨੂੰ ਉਹਨਾ ਦੀਆਂ ਛੋਟੀਆਂ ਗਲਤੀਆਂ ਕਰਕੇ ਸਕੂਲ ਵਿੱਚੋ ਕੱਢ ਦਿੱਤਾ ਜਾਂਦਾ ਹੈ ਜਾਂ ਸਕੂਲ ਬਦਲਣ ਲਈ ਮਜਬੂਰ ਕੀਤਾ ਜਾਂਦਾ ਹੈ।ਬਹੁਤੀ ਵਾਰ ਇਹਨਾ ਮਸਲਿਆ ਵਿੱਚ ਅਧਿਆਪਕ ਦੀ ਪਰੈਸਟੀਜ ਨੂੰ ਬਹੁਤ ਉੱਚਾ ਅਤੇ ਬੱਚੇ ਦੀ ਪਰੈਸਟੀਜ ਦਾ ਖਿਆਲ ਨਹੀ ਰਖਿਆ ਜਾਂਦਾ। ਬੱਚਿਆ ਦੇ ਮਨੋਵਿਗਿਆਨ ਅਨੁਸਾਰ ਉਹਨਾ ਨੂੰ ਸਮਝਣ ਅਤੇ ਸਧਾਰਨ ਦੀ ਲੋੜ ਹੈ ਨਾਕਿ ਉਹਨਾ ਨੂੰ ਸਜਾ ਦੇਣ ਦੀ ।ਕਈ ਵਾਰ ਇਹ ਗੱਲਾ ਬੱਚਿਆ ਦੀ ਜਿੰਦਗੀ ਨਾਲ ਖਿਲਵਾੜ ਸਾਬਤ ਹੁੰਦੀਆਂ ਹਨ।

ਆਪਣੇ ਅਧਿਆਪਨ ਅਤੇ ਪ੍ਰਬੰਧਨ ਦੇ ਲੰਬੇ ਤਜਰਬੇ ਵਿੱਚੋ ਇਕ ਘਟਨਾ ਮੈਨੂੰ ਸਦਾ ਟੁਬਦੀ ਰਹਿੰਦੀ ਹੈ।ਮੈ ਮਾਨਸਾ ਜਿਲੇ ਦੇ ਇਕ ਸੁਲਝੇ ਹੋਏ ਪਿੰਡ ਵਿਚ ਬਤੌਰ ਪ੍ਰਿਸੀਪਲ ਕੰਮ ਕਰਦਾ ਸੀ। ਪਿੰਡ ਦੇ ਸਰਪੰਚ ਸ. ਗੁਰਮੇਲ ਸਿੰਘ ਨੇ ਦੱਸਿਆ ਉਸ ਨੇ ਇਸ ਸਕੂਲ ਵਿੱਚੋ 1964ਵਿਚ ਦਸਵੀ  ਦੀ ਪ੍ਰੀਖਿਆ ਪਾਸ ਕੀਤੀ ਸੀ। ਉਹਨਾ ਦੱਸਿਆ ਕਿ ਉਸ ਸਮੇ ਅਧਿਆਪਕ ਬਹੁਤ ਸਖਤ ਹੁੰਦੇ ਸਨ। ਬੱਚਿਆ ਦੀ ਸਕੂਲ ਦਾ ਕੰਮ ਨਾ ਕਰਨ ਅਤੇ ਹੋਰ ਕੰਮਾਂ ਕਰਕੇ ਅਕਸਰ ਡੰਡਾ ਪਰੇਡ ਹੁੰਦੀ ਰਹਿੰਦੀ ਸੀ।ਬਹੁਤੇ ਅਧਿਆਪਕ ਸਮੇਤ ਪ੍ਰਿਸੀਪਲ ਮਾਨਸਾ ਸ਼ਹਿਰ ਤੌ ਆਉਦੇ ਸਨ।ਉਹਨਾ ਦਿਨੀ ਅਧਿਆਪਕਾ ਨੂੰ ਚਾਹ ਪਾਣੀ ਅਤੇ ਖਾਣਾ ਭੇਜਣਾ ਲੋਕ ਮਾਣ ਵਾਲਾ ਕੰਮ ਸਮਝਦੇ ਸਨ। ਵਾਰੀ ਨਾਲ ਬੱਚੇ ਅਧਿਆਪਕਾ ਲਈ ਦੁਪਹਿਰ ਦਾ ਖਾਣਾ ਲਿਆਂਦੇ ਸਨ।ਸ਼ਹਿਰੀ ਅਧਿਆਪਕ ਸਿਆਲ ਵਿੱਚ ਸਰੌ ਦਾ ਸਾਗ ਬੜੇ ਸ਼ੌਕ ਨਾਲ ਖਾਦੇ ਸਨ।ਕੁਟਮਾਰ ਤੌ ਤੰਗ ਕੁਝ ਸ਼ਰਾਰਤੀ ਬੱਚਿਆ ਨੇ ਸਾਗ ਵਿਚ ਚੂਹੇ ਮਾਰਨ ਵਾਲੀ ਦਵਾਈ ਮਨਾਉਣ ਦੀ ਮਾੜੀ ਸਕੀਮ ਬਣਾ ਲਈ। ਉਹਨੀ ਦਿਨੀ ਅਧਿਆਪਕ ਉਵਰ ਟਾਈਮ ਲਗਾਉਂਦੇ ਸਨ ਅਤੇ ਆਪਣੇ ਪੀਰੀਅਡ ਦਾ ਇਕ ਮਿੰਟ ਵੀ ਵੇਸਟ ਨਹੀ ਕਰਦੇ ਸਨ।ਰੀਸੈਸ ਸਮੇ ਜਲਦੀ ਜਲਦੀ ਖਾਣਾ ਖਾ ਕੇ ਅਧਿਆਪਕ ਨੂੰ ਆਪਣੇ ਪੀਰੀਅਡ ਲੈਣ ਦੀ ਕਾਹਲ ਹੁੰਦੀ ਸੀ।ਅਧਿਆਪਕਾਂ ਨੂੰ ਜਲਦੀ ਜਲਦੀ ਖਾਣਾ ਮੁਕਾਉਦਿਆਂ ਹੀ ਚੱਕਰ ਆਉਣ ਲੱਗੇ।ਤੰਗ ਹੁੰਦੇ ਬਾਹਰ ਨਿਕਲੇ ਅਤੇ ਗਰਾਉਡ ਵਿੱਚ ਡਿੱਗਦੇ ਗਏ। ਰੌਲਾ ਪੈ ਗਿਆ, ਭਗਦੜ ਮੱਚ ਗਈ। ਪਿੰਡ ਦੇ ਲੋਕਾਂ ਨੇ ਭੱਜਨੱਸ ਕਰਕੇ ਅਧਿਆਪਕਾਂ ਦੀ ਦਵਾਦਾਰੂ ਦਾ ਪਰਬੰਧ ਕੀਤਾ।ਖੁਸ਼ਕਿਸਮਤੀ ਸਾਰੇ ਅਧਿਆਪਕ ਬਚ ਗਏ।ਪੂਰੇ ਨਗਰ ਨੇ ਬਹੁਤ ਨਾਮੋਸ਼ੀ ਮਹਿਸੂਸ ਕੀਤੀ।ਅਧਿਆਪਕ ਵਾਪਸ ਡਿਉਟੀ ਤੇ ਪਰਤਨ ਲੱਗੇ।ਇਕ ਦਿਨ ਪਿੰਡ ਦੇ ਪਤਵੰਤੇ  ਸੱਜਣ ਖਿਮਾਜਾਚਨਾ ਲਈ ਸਕੂਲ ਗਏ। ਬੈਠਕ ਸਮੇ ਕਿਸੇ ਨੇ ਸੁਝਾਅ ਦਿੱਤਾ ਕਿ ਸ਼ਰਾਰਤੀ ਵਿਦਿਆਰਥੀਆ ਨੂੰ ਸਕੂਲ ਵਿੱਚੋ ਕੱਢ ਦਿੱਤਾ ਜਾਏ। ਯੋਗ ਪ੍ਰਿਸੀਪਲ ਨੇ ਗੱਲ ਹੱਸ ਕੇ ਟਾਲ ਦਿੱਤੀ। ਕਹਿਣ ਲੱਗੇ,ਬੱਚਿਆ ਨੇ ਗਲਤੀ ਕਰ ਲਈ, ਅਸੀ ਗਲਤੀ ਨਹੀ ਕਰਨੀ।
ਭਾਵਪੂਰਤ ਘਟਨਾ ਦੱਸਦੀ ਹੈ ਕਿ ਜੇਕਰ ਅਧਿਆਪਕਾਂ ਦੀ ਸੋਚ ਦਾ ਕੱਦ ਬੱਚਿਆ ਦੇ ਪੱਧਰ ਦਾ ਹੁੰਦਾ ਤਾਂ ਘਟਨਾ ਵਾਪਰੀ ਹੀ ਨਾ।ਜੇਕਰ ਘਟਨਾ ਵਾਪਰ ਗਈ ਤਾਂ ਬੱਚਾ ਪੱਖੀ ਸੋਚ ਨੇ ਸਭ ਮੁਆਫ ਕਰ ਦਿੱਤਾ। ਏਨੀ ਉਚੀ ਸੋਚ ਹੀ ਸਿਖਿਆ ਦਾ ਸੁਧਾਰ ਕਰ ਸਕਦੀ ਹੈ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin